Biblica® Open Punjabi Contemporary Version 2025
ਮੱਤੀਯਾਹ 14
ਯੋਹਨ ਬਪਤਿਸਮਾ ਦੇਣ ਵਾਲੇ ਦੀ ਹੱਤਿਆ
ਉਹਨਾਂ ਦਿਨਾਂ ਵਿੱਚ ਗਲੀਲ ਦੇ ਰਾਜਾ ਹੇਰੋਦੇਸ ਨੇ ਯਿਸ਼ੂ ਦੀ ਖ਼ਬਰ ਸੁਣੀ। ਅਤੇ ਉਸਨੇ ਆਪਣੇ ਅਧਿਕਾਰੀਆਂ ਨੂੰ ਆਖਿਆ, “ਇਹ ਯੋਹਨ ਬਪਤਿਸਮਾ ਦੇਣ ਵਾਲਾ ਹੈ; ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ! ਅਤੇ ਇਸੇ ਕਾਰਨ ਉਸਦੇ ਵਿੱਚ ਇਹ ਸ਼ਕਤੀਆਂ ਕੰਮ ਕਰਦੀਆਂ ਹਨ।”
ਹੇਰੋਦੇਸ ਨੇ ਆਪਣੇ ਵੱਡੇ ਭਰਾ ਫਿਲਿੱਪਾਸ ਦੀ ਪਤਨੀ ਹੇਰੋਦਿਅਸ ਦੇ ਕਾਰਨ ਯੋਹਨ ਨੂੰ ਫੜਿਆ ਅਤੇ ਕੈਦ ਵਿੱਚ ਬੰਦ ਕਰ ਦਿੱਤਾ ਸੀ। ਕਿਉਂਕਿ ਯੋਹਨ ਨੇ ਉਸ ਨੂੰ ਕਿਹਾ ਸੀ, “ਤੁਹਾਡੇ ਲਈ ਉਸ ਨਾਲ ਵਿਆਹ ਕਰਵਾਉਣਾ ਬਿਵਸਥਾ ਅਨੁਸਾਰ ਸਹੀ ਨਹੀਂ।” ਹੇਰੋਦੇਸ ਯੋਹਨ ਨੂੰ ਮਾਰ ਦੇਣਾ ਚਾਹੁੰਦਾ ਸੀ, ਪਰ ਉਹ ਲੋਕਾਂ ਤੋਂ ਡਰਿਆ ਕਿਉਂਕਿ ਉਹ ਯੋਹਨ ਨੂੰ ਨਬੀ ਮੰਨਦੇ ਸਨ।
ਹੇਰੋਦੇਸ ਦੇ ਜਨਮ-ਦਿਨ ਤੇ ਹੇਰੋਦਿਅਸ ਦੀ ਧੀ ਮਹਿਮਾਨਾਂ ਅਤੇ ਹੇਰੋਦੇਸ ਲਈ ਨੱਚੀ ਤੇ ਉਸਦਾ ਮਨ ਬਹੁਤ ਖੁਸ਼ ਹੋਇਆ। ਤਾਂ ਹੇਰੋਦੇਸ ਨੇ ਸਹੁੰ ਖਾ ਕੇ ਉਸ ਨਾਲ ਵਾਅਦਾ ਕੀਤਾ ਕਿ ਜੋ ਕੁਝ ਉਹ ਮੰਗੇ, ਮੈਂ ਉਸ ਨੂੰ ਦੇਵਾਂਗਾ। ਤਾਂ ਉਸਨੇ ਆਪਣੀ ਮਾਂ ਦੇ ਦੁਆਰਾ ਉਕਸਾਏ ਜਾਣ ਕਰਕੇ ਕਿਹਾ, “ਕਿ ਮੈਨੂੰ ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਦਿਓ।” ਤਦ ਰਾਜਾ ਬਹੁਤ ਦੁਖੀ ਹੋਇਆ, ਪਰ ਆਪਣੀ ਸਹੁੰ ਅਤੇ ਉਹਨਾਂ ਮਹਿਮਾਨਾਂ ਦੇ ਕਾਰਨ ਜਿਹੜੇ ਉਸਦੇ ਨਾਲ ਖਾਣ ਲਈ ਬੈਠੇ ਸਨ, ਉਸ ਨੇ ਇਸ ਦਾ ਹੁਕਮ ਕਰ ਦਿੱਤਾ। ਅਤੇ ਜੇਲ੍ਹ ਵਿੱਚ ਸਿਪਾਹੀਆਂ ਨੂੰ ਭੇਜ ਕੇ ਯੋਹਨ ਦਾ ਸਿਰ ਕੱਟਵਾ ਦਿੱਤਾ। ਅਤੇ ਉਸਦਾ ਸਿਰ ਥਾਲ ਵਿੱਚ ਲਿਆਂਦਾ ਅਤੇ ਕੁੜੀ ਨੂੰ ਦਿੱਤਾ ਗਿਆ, ਉਸ ਨੇ ਉਹ ਸਿਰ ਆਪਣੀ ਮਾਂ ਨੂੰ ਦੇ ਦਿੱਤਾ। ਤਾਂ ਯੋਹਨ ਦੇ ਚੇਲੇ ਆਏ ਅਤੇ ਉਸਦੀ ਲਾਸ਼ ਨੂੰ ਲੈ ਗਏ, ਉਸ ਨੂੰ ਦਫ਼ਨਾਇਆ ਅਤੇ ਆਣ ਕੇ ਯਿਸ਼ੂ ਨੂੰ ਖ਼ਬਰ ਦਿੱਤੀ।
ਪੰਜ ਹਜ਼ਾਰ ਨੂੰ ਭੋਜਨ
ਜਦੋਂ ਯਿਸ਼ੂ ਨੇ ਇਹ ਸੁਣਿਆ, ਉਹ ਉੱਥੋਂ ਕਿਸ਼ਤੀ ਉੱਤੇ ਬੈਠ ਕੇ ਇੱਕ ਇਕਾਂਤ ਜਗ੍ਹਾ ਵਿੱਚ ਅਲੱਗ ਚੱਲਿਆ ਗਿਆ। ਅਤੇ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ। ਜਦੋਂ ਯਿਸ਼ੂ ਉੱਥੇ ਪਹੁੰਚੇ ਤਾਂ ਉਸਨੇ ਇੱਕ ਵੱਡੀ ਭੀੜ ਨੂੰ ਵੇਖਿਆ ਅਤੇ ਉਹਨਾਂ ਉੱਤੇ ਤਰਸ ਖਾ ਕੇ ਉਹਨਾਂ ਦੇ ਰੋਗੀਆਂ ਨੂੰ ਚੰਗਾ ਕੀਤਾ।
ਜਦ ਸ਼ਾਮ ਹੋਈ ਤਾਂ ਚੇਲਿਆਂ ਨੇ ਕੋਲ ਆ ਕੇ ਕਿਹਾ, “ਇਹ ਇੱਕ ਉਜਾੜ ਜਗ੍ਹਾਂ ਹੈ ਅਤੇ ਪਹਿਲਾਂ ਹੀ ਦੇਰ ਹੋ ਚੁੱਕੀ ਹੈ। ਭੀੜ ਨੂੰ ਭੇਜ ਦਿਓ ਤਾਂ ਜੋ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ।”
ਯਿਸ਼ੂ ਨੇ ਉੱਤਰ ਦਿੱਤਾ, “ਉਹਨਾਂ ਨੂੰ ਜਾਣ ਦੀ ਲੋੜ ਨਹੀਂ ਹੈ। ਤੁਸੀਂ ਉਹਨਾਂ ਨੂੰ ਕੁਝ ਖਾਣ ਲਈ ਦਿਓ।”
ਉਹਨਾਂ ਨੇ ਕਿਹਾ, “ਇੱਥੇ ਸਾਡੇ ਕੋਲ ਸਿਰਫ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।”
ਤਾਂ ਯਿਸ਼ੂ ਬੋਲੇ, “ਉਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ।” ਅਤੇ ਯਿਸ਼ੂ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤਦ ਉਸਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਸਵਰਗ ਵੱਲ ਵੇਖ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਰੋਟੀਆਂ ਤੋੜੀਆਂ। ਤਦ ਉਸਨੇ ਚੇਲਿਆਂ ਨੂੰ ਦੇ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਦੇ ਦਿੱਤੀਆਂ। ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ, ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨਾਲ ਬਾਰ੍ਹਾਂ ਟੋਕਰੇ ਭਰੇ। ਅਤੇ ਖਾਣ ਵਾਲੇ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਪੰਜ ਹਜ਼ਾਰ ਮਰਦ ਸਨ।
ਯਿਸ਼ੂ ਦਾ ਪਾਣੀ ਉੱਤੇ ਚੱਲਣਾ
ਤੁਰੰਤ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਸ਼ਤੀ ਉੱਤੇ ਚੜ੍ਹਨ ਲਈ ਆਗਿਆ ਦਿੱਤੀ, ਤੁਸੀਂ ਮੇਰੇ ਨਾਲੋਂ ਪਹਿਲਾਂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘ ਜਾਓ, ਕਿ ਜਦ ਤੱਕ ਉਹ ਭੀੜ ਨੂੰ ਵਿਦਾ ਨਾ ਕਰੇ। ਭੀੜ ਨੂੰ ਭੇਜਣ ਤੋਂ ਬਾਅਦ, ਉਹ ਪ੍ਰਾਰਥਨਾ ਕਰਨ ਲਈ ਇਕੱਲੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦੋਂ ਰਾਤ ਹੋਈ ਤਾਂ ਉਹ ਉੱਥੇ ਇਕੱਲੇ ਹੀ ਸੀ। ਅਤੇ ਕਿਸ਼ਤੀ ਪਹਿਲਾਂ ਹੀ ਕੰੰਢੇ ਤੋਂ ਕਾਫ਼ੀ ਦੂਰੀ ਸੀ ਅਤੇ ਝੀਲ ਵਿੱਚ ਲਹਿਰਾਂ ਕਰਕੇ ਕਿਸ਼ਤੀ ਡੋਲ ਰਹੀ ਸੀ, ਕਿਉਂਕਿ ਹਵਾ ਉਲਟੀ ਦਿਸ਼ਾ ਤੋਂ ਸੀ।
ਅਤੇ ਰਾਤ ਦੇ ਚੌਥੇ ਪਹਿਰ1 ਯਿਸ਼ੂ ਝੀਲ ਦੇ ਉੱਤੇ ਤੁਰਦੇ ਹੋਏ, ਉਹਨਾਂ ਵੱਲ ਆਏ। ਅਤੇ ਚੇਲਿਆਂ ਨੇ ਯਿਸ਼ੂ ਨੂੰ ਝੀਲ ਦੇ ਕੰਢੇ ਉੱਤੇ ਤੁਰਦੇ ਵੇਖਿਆ, ਤਾਂ ਉਹ ਘਬਰਾ ਕੇ ਆਖਣ ਲੱਗੇ। “ਇਹ ਭੂਤ ਹੈ,” ਅਤੇ ਡਰ ਨਾਲ ਚੀਕਾਂ ਮਾਰਨ ਲੱਗੇ।
ਪਰ ਯਿਸ਼ੂ ਨੇ ਤੁਰੰਤ ਉਹਨਾਂ ਨੂੰ ਆਖਿਆ, “ਹੌਸਲਾ ਰੱਖੋ! ਇਹ ਮੈਂ ਹਾਂ, ਨਾ ਡਰੋ।”
ਪਤਰਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਜੇ ਤੁਸੀਂ ਹੋ ਤਾਂ ਮੈਨੂੰ ਆਗਿਆ ਦਿਓ ਕਿ ਮੈਂ ਪਾਣੀ ਉੱਤੇ ਚੱਲ ਕੇ ਤੁਹਾਡੇ ਕੋਲ ਆਵਾਂ।”
ਯਿਸ਼ੂ ਨੇ ਕਿਹਾ, “ਆਓ।”
ਪਤਰਸ ਕਿਸ਼ਤੀ ਤੋਂ ਉੱਤਰ ਕੇ ਯਿਸ਼ੂ ਦੇ ਕੋਲ ਜਾਣ ਲਈ ਪਾਣੀ ਉੱਤੇ ਤੁਰਨ ਲੱਗਾ। ਪਰ ਜਦੋਂ ਹਵਾ ਨੂੰ ਵੇਖਿਆ ਤਾਂ ਉਹ ਡਰ ਗਿਆ ਅਤੇ ਡੁੱਬਣ ਲੱਗਾ ਤਾਂ ਚੀਕਾਂ ਮਾਰ ਕੇ ਬੋਲਿਆ, “ਪ੍ਰਭੂ ਜੀ, ਮੈਨੂੰ ਬਚਾ ਲਓ!”
ਅਤੇ ਤੁਰੰਤ ਯਿਸ਼ੂ ਨੇ ਹੱਥ ਵਧਾ ਕੇ ਉਸਨੂੰ ਫੜ ਲਿਆ ਅਤੇ ਕਿਹਾ, “ਹੇ ਥੋੜ੍ਹੇ ਵਿਸ਼ਵਾਸ ਵਾਲਿਆਂ, ਤੂੰ ਕਿਉਂ ਸ਼ੱਕ ਕੀਤਾ?”
ਅਤੇ ਜਦੋਂ ਉਹ ਦੋਵੇਂ ਕਿਸ਼ਤੀ ਉੱਤੇ ਚੜ੍ਹ ਗਏ ਤਾਂ ਹਵਾ ਰੁਕ ਗਈ। ਅਤੇ ਤਦ ਜਿਹੜੇ ਕਿਸ਼ਤੀ ਵਿੱਚ ਸਨ, ਉਹਨਾਂ ਨੇ ਉਸਦੀ ਮਹਿਮਾ ਕੀਤੀ ਅਤੇ ਕਿਹਾ, “ਸੱਚ-ਮੁੱਚ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ।”
ਜਦੋਂ ਉਹ ਪਾਰ ਲੰਘੇ, ਤਾਂ ਗਨੇਸਰੇਤ ਦੀ ਧਰਤੀ ਉੱਤੇ ਪਹੁੰਚੇ। ਅਤੇ ਜਦੋਂ ਉਸ ਜਗ੍ਹਾ ਦੇ ਲੋਕਾਂ ਨੇ ਯਿਸ਼ੂ ਨੂੰ ਪਛਾਣ ਲਿਆ, ਤਾਂ ਉਨ੍ਹਾਂ ਨੇ ਆਸ-ਪਾਸ ਦੇ ਦੇਸ਼ਾ ਨੂੰ ਸੁਨੇਹਾ ਭੇਜਿਆ। ਅਤੇ ਲੋਕ ਆਪਣੇ ਸਾਰੇ ਬੀਮਾਰਾਂ ਨੂੰ ਉਸਦੇ ਕੋਲ ਲੈ ਆਏ। ਅਤੇ ਉਹਨਾਂ ਨੇ ਯਿਸ਼ੂ ਅੱਗੇ ਬੇਨਤੀ ਕੀਤੀ ਕਿ ਉਹ ਬੀਮਾਰਾਂ ਨੂੰ ਆਪਣੇ ਕੱਪੜੇ ਦੇ ਕਿਨਾਰੇ ਨੂੰ ਛੂਹਣ ਦੇਵੇ ਅਤੇ ਜਿਸਨੇ ਵੀ ਉਸਨੂੰ ਛੂਹਿਆ ਉਹ ਸਭ ਚੰਗੇ ਹੋ ਗਏ।
Source notes (1)
- Footnote ਰਾਤ ਦਾ ਚੌਥੇ ਪਹਿਰ ਸਵੇਰ ਦੇ ਚਾਰ ਵਜੇ ਦਾ ਸਮਾਂ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.