Biblica® Open Punjabi Contemporary Version 2025
ਮਾਰਕਸ 6
ਇੱਕ ਨਬੀ ਸਤਿਕਾਰ ਤੋਂ ਬਿਨਾਂ
ਪ੍ਰਭੂ ਯਿਸ਼ੂ ਉੱਥੋਂ ਤੁਰ ਕੇ ਆਪਣੇ ਸ਼ਹਿਰ ਨਾਜ਼ਰੇਥ ਵਿੱਚ ਆਏ ਅਤੇ ਉਹ ਦੇ ਚੇਲੇ ਉਹ ਦੇ ਪਿੱਛੇ ਹੋ ਤੁਰੇ। ਜਦੋਂ ਸਬਤ ਦਾ ਦਿਨ1 ਆਇਆ, ਯਿਸ਼ੂ ਨੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈਰਾਨ ਹੋਏ।
ਉਹਨਾਂ ਨੇ ਪੁੱਛਿਆ, “ਇਸ ਆਦਮੀ ਨੂੰ ਇਹ ਗੱਲਾਂ ਕਿੱਥੋਂ ਮਿਲੀਆਂ ਹਨ? ਇਹ ਕਿਹੜੀ ਬੁੱਧ ਹੈ ਜੋ ਉਸ ਨੂੰ ਦਿੱਤੀ ਗਈ ਹੈ? ਇਹ ਕਿਸ ਤਰ੍ਹਾਂ ਦੇ ਚਮਤਕਾਰ ਹਨ ਜੋ ਉਹ ਕਰ ਰਿਹਾ ਹੈ? ਕੀ ਇਹ ਤਰਖਾਣ ਨਹੀਂ ਹੈ? ਕੀ ਇਹ ਮਰਿਯਮ ਦਾ ਪੁੱਤਰ ਅਤੇ ਯਾਕੋਬ, ਯੋਸੇਸ, ਯਹੂਦਾਹ ਅਤੇ ਸ਼ਿਮਓਨ ਦਾ ਭਰਾ ਨਹੀਂ ਹੈ? ਕੀ ਉਸ ਦੀਆਂਂ ਭੈਣਾਂ ਇੱਥੇ ਸਾਡੇ ਨਾਲ ਨਹੀਂ ਹਨ?” ਇਸ ਉੱਤੇ ਉਨ੍ਹਾਂ ਨੇ ਮਸੀਹ ਯਿਸ਼ੂ ਨੂੰ ਸਵੀਕਾਰ ਨਾ ਕੀਤਾ।
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇੱਕ ਨਬੀ ਦਾ ਆਪਣੇ ਸ਼ਹਿਰ, ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਘਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ।” ਉਹ ਉੱਥੇ ਕੋਈ ਚਮਤਕਾਰ ਨਹੀਂ ਕਰ ਸਕੇ ਅਤੇ ਉਸ ਨੇ ਕੁਝ ਬਿਮਾਰ ਲੋਕਾਂ ਉੱਤੇ ਹੱਥ ਰੱਖ ਕੇ ਅਤੇ ਉਹਨਾਂ ਨੂੰ ਚੰਗਾ ਕੀਤਾ। ਮਸੀਹ ਯਿਸ਼ੂ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਬਹੁਤ ਹੈਰਾਨ ਹੋਇਆ।
ਯਿਸ਼ੂ ਦਾ ਬਾਰ੍ਹਾਂ ਚੇਲਿਆਂ ਨੂੰ ਭੇਜਣਾ
ਤਦ ਯਿਸ਼ੂ ਨੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਉਪਦੇਸ਼ ਦਿੱਤੇ। ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਦੋ-ਦੋ ਕਰ ਕੇ ਭੇਜਿਆ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ।
ਇਹ ਉਸ ਦੀਆਂ ਹਦਾਇਤਾਂ ਸਨ: “ਯਾਤਰਾ ਲਈ ਕੁਝ ਨਾ ਲਓ ਸਿਵਾਏ ਸੋਟੇ ਦੇ, ਨਾ ਰੋਟੀ, ਨਾ ਝੋਲਾ, ਨਾ ਆਪਣੇ ਕਮਰਬੰਧ ਵਿੱਚ ਪੈਸਾ। ਜੁੱਤੀ ਪਾਓ ਪਰ ਦੋ ਕੁੜਤੇ ਨਾ ਲਵੋ। ਜਦੋਂ ਵੀ ਤੁਸੀਂ ਕਿਸੇ ਘਰ ਵਿੱਚ ਦਾਖਲ ਹੋਵੋ, ਉੱਥੇ ਹੀ ਠਹਿਰੋ ਜਦੋਂ ਤੱਕ ਤੁਸੀਂ ਉਸ ਸ਼ਹਿਰ ਨੂੰ ਨਹੀਂ ਛੱਡ ਦਿੰਦੇ। ਜਿਸ ਜਗ੍ਹਾ ਤੇ ਤੁਹਾਡਾ ਸਵਾਗਤ ਨਾ ਕੀਤਾ ਜਾਵੇ ਜਾਂ ਤੁਹਾਡੇ ਪ੍ਰਚਾਰ ਨੂੰ ਨਾ ਸੁਣਿਆ ਜਾਵੇ, ਤਾਂ ਉਸ ਜਗ੍ਹਾ ਨੂੰ ਛੱਡ ਦਿਓ ਅਤੇ ਉੱਥੇ ਹੀ ਧੂੜ ਝਾੜ ਦੇਵੋ ਤਾਂ ਜੋ ਉਹ ਉਹਨਾਂ ਦੇ ਵਿਰੁੱਧ ਗਵਾਹੀ ਰਹੇ।”
ਉਹ ਬਾਰ੍ਹਾ ਚੇਲੇ ਬਾਹਰ ਗਏ ਅਤੇ ਪ੍ਰਚਾਰ ਕਰਨ ਲੱਗੇ ਤਾਂ ਜੋ ਲੋਕ ਆਪਣਿਆਂ ਪਾਪਾਂ ਤੋਂ ਤੋਬਾ ਕਰਨ। ਉਹਨਾਂ ਨੇ ਬਹੁਤ ਸਾਰਿਆਂ ਭੂਤਾਂ ਨੂੰ ਬਾਹਰ ਕੱਢਿਆ ਅਤੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਤੇਲ ਨਾਲ ਮਸਹ ਕੀਤਾ ਅਤੇ ਉਹਨਾਂ ਨੂੰ ਚੰਗਾ ਕੀਤਾ।
ਯੋਹਨ ਬਪਤਿਸਮਾ ਦੇਣ ਵਾਲੇ ਦੀ ਮੌਤ
ਰਾਜਾ ਹੇਰੋਦੇਸ ਨੇ ਇਸ ਬਾਰੇ ਸੁਣਿਆ, ਕਿਉਂਕਿ ਯਿਸ਼ੂ ਦਾ ਨਾਮ ਬਹੁਤ ਮਸ਼ਹੂਰ ਹੋ ਗਿਆ ਸੀ। ਕੁਝ ਲੋਕ ਕਹਿ ਰਹੇ ਸਨ, “ਯੋਹਨ ਬਪਤਿਸਮਾ ਦੇਣ ਵਾਲੇ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਸੀ ਅਤੇ ਇਸੇ ਕਾਰਨ ਉਸਦੇ ਵਿੱਚ ਚਮਤਕਾਰੀ ਸ਼ਕਤੀਆਂ ਕੰਮ ਕਰ ਰਹੀਆਂ ਹਨ।”
ਹੋਰਾਂ ਨੇ ਕਿਹਾ, “ਉਹ ਏਲੀਯਾਹ ਹੈ।”
ਅਤੇ ਹੋਰਾਂ ਨੇ ਵੀ ਦਾਅਵਾ ਕੀਤਾ, “ਉਹ ਇੱਕ ਨਬੀ ਹੈ, ਪੁਰਾਣੇ ਸਮੇਂ ਦੇ ਨਬੀਆਂ ਵਾਂਗ।”
ਪਰ ਜਦੋਂ ਹੇਰੋਦੇਸ ਨੇ ਇਹ ਸੁਣਿਆ ਤਾਂ ਉਸਨੇ ਕਿਹਾ, “ਯੋਹਨ, ਜਿਸਦਾ ਸਿਰ ਮੈਂ ਵੱਢਿਆ ਸੀ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ!”
ਕਿਉਂਕਿ ਹੇਰੋਦੇਸ ਨੇ ਖ਼ੁਦ ਯੋਹਨ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ ਸੀ ਅਤੇ ਉਸ ਨੇ ਉਸਨੂੰ ਬੰਨ੍ਹ ਕੇ ਕੈਦ ਵਿੱਚ ਪਾ ਦਿੱਤਾ ਸੀ। ਉਸਨੇ ਅਜਿਹਾ ਉਸਦੇ ਵੱਡੇ ਭਰਾ ਫਿਲਿੱਪਾਸ ਦੀ ਪਤਨੀ ਹੇਰੋਦਿਅਸ ਕਰਕੇ ਕੀਤਾ ਜਿਸ ਨਾਲ ਉਸਨੇ ਵਿਆਹ ਕਰਵਾ ਲਿਆ ਸੀ। ਕਿਉਂਕਿ ਯੋਹਨ ਹੇਰੋਦੇਸ ਨੂੰ ਕਹਿੰਦਾ ਹੁੰਦਾ ਸੀ, “ਕਿ ਬਿਵਸਥਾ ਦੇ ਅਨੁਸਾਰ ਤੇਰੇ ਲਈ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਨਾ ਠੀਕ ਨਹੀਂ ਹੈ।” ਇਸ ਲਈ ਹੇਰੋਦਿਅਸ ਨੇ ਯੋਹਨ ਤੋਂ ਦੁਖੀ ਹੋ ਕੇ ਉਸ ਨੂੰ ਮਾਰਨਾ ਚਾਹਿਆ। ਪਰ ਉਹ ਆਪ ਇਸ ਦੇ ਯੋਗ ਨਹੀਂ ਸੀ, ਕਿਉਂਕਿ ਹੇਰੋਦੇਸ ਯੋਹਨ ਤੋਂ ਡਰਦਾ ਸੀ ਅਤੇ ਉਸ ਦੀ ਰੱਖਿਆ ਕਰਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਹ ਇੱਕ ਧਰਮੀ ਅਤੇ ਪਵਿੱਤਰ ਆਦਮੀ ਹੈ। ਜਦੋਂ ਹੇਰੋਦੇਸ ਨੇ ਯੋਹਨ ਨੂੰ ਸੁਣਿਆ ਤਾਂ ਉਹ ਬੜਾ ਹੈਰਾਨ ਹੋਇਆ। ਫਿਰ ਵੀ ਉਹ ਉਸਨੂੰ ਸੁਣਨਾ ਪਸੰਦ ਕਰਦਾ ਸੀ।
ਅੰਤ ਵਿੱਚ ਜਦੋਂ ਸਮਾਂ ਆ ਗਿਆ। ਉਸਦੇ ਜਨਮ-ਦਿਨ ਤੇ ਹੇਰੋਦੇਸ ਨੇ ਆਪਣੇ ਉੱਚ ਅਧਿਕਾਰੀਆਂ ਅਤੇ ਫ਼ੌਜ ਦੇ ਸਰਦਾਰਾਂ ਅਤੇ ਗਲੀਲ ਦੇ ਪ੍ਰਮੁੱਖ ਆਦਮੀਆਂ ਲਈ ਇੱਕ ਦਾਅਵਤ ਦਿੱਤੀ। ਜਦੋਂ ਹੇਰੋਦਿਅਸ ਦੀ ਧੀ ਆਈ ਅਤੇ ਨੱਚੀ, ਉਸਨੇ ਹੇਰੋਦੇਸ ਅਤੇ ਉਸਦੇ ਖਾਣ ਵਾਲੇ ਮਹਿਮਾਨਾਂ ਨੂੰ ਖੁਸ਼ ਕੀਤਾ।
ਰਾਜੇ ਨੇ ਲੜਕੀ ਨੂੰ ਕਿਹਾ, “ਜੋ ਕੁਝ ਤੂੰ ਚਾਹੁੰਦੀ ਹੈ ਉਹ ਮੰਗ ਅਤੇ ਮੈਂ ਤੁਹਾਨੂੰ ਦੇ ਦੇਵਾਂਗਾ।” ਅਤੇ ਉਸਨੇ ਉਸ ਨਾਲ ਸਹੁੰ ਖਾ ਕੇ ਵਾਅਦਾ ਕੀਤਾ, “ਜੋ ਕੁਝ ਤੁਸੀਂ ਮੰਗੋਂਗੇ ਉਹ ਦੇ ਦੇਵਾਂਗਾ, ਮੇਰੇ ਅੱਧੇ ਰਾਜ ਤੱਕ।”
ਉਹ ਬਾਹਰ ਗਈ ਅਤੇ ਆਪਣੀ ਮਾਂ ਨੂੰ ਕਿਹਾ, “ਮੈਂ ਕੀ ਮੰਗਾਂ?”
ਉਸਨੇ ਜਵਾਬ ਦਿੱਤਾ, “ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ।”
ਉਸੇ ਵੇਲੇ ਕੁੜੀ ਨੇ ਬੇਨਤੀ ਕਰਦਿਆਂ ਜਲਦੀ ਰਾਜੇ ਕੋਲ ਜਾ ਕੇ ਕਿਹਾ: “ਮੈਂ ਚਾਹੁੰਦੀ ਹਾਂ ਕਿ ਹੁਣੇ ਮੈਨੂੰ ਇੱਕ ਥਾਲੀ ਵਿੱਚ ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।”
ਰਾਜਾ ਬਹੁਤ ਦੁਖੀ ਹੋਇਆ, ਪਰ ਆਪਣੀ ਸਹੁੰ ਖਾਣ ਅਤੇ ਆਪਣੇ ਭੋਜ ਤੇ ਆਏ ਮਹਿਮਾਨਾਂ ਦੇ ਕਾਰਨ, ਉਹ ਉਸ ਤੋਂ ਇਨਕਾਰ ਨਾ ਕਰ ਸੱਕਿਆ। ਇਸ ਲਈ ਰਾਜੇ ਨੇ ਤੁਰੰਤ ਇੱਕ ਜਲਾਦ ਨੂੰ ਯੋਹਨ ਦਾ ਸਿਰ ਲਿਆਉਣ ਦੇ ਆਦੇਸ਼ਾਂ ਨਾਲ ਭੇਜਿਆ। ਉਹ ਆਦਮੀ ਗਿਆ ਅਤੇ ਜੇਲ੍ਹ ਵਿੱਚ ਯੋਹਨ ਦਾ ਸਿਰ ਕੱਟ ਦਿੱਤਾ, ਅਤੇ ਇੱਕ ਥਾਲ ਵਿੱਚ ਉਸਦਾ ਸਿਰ ਲੈ ਕੇ ਆਇਆ। ਉਸਨੇ ਇਹ ਕੁੜੀ ਨੂੰ ਪੇਸ਼ ਕੀਤਾ ਅਤੇ ਉਸਨੇ ਇਹ ਆਪਣੀ ਮਾਂ ਨੂੰ ਦੇ ਦਿੱਤਾ ਜਦੋਂ ਇਹ ਸੁਣਿਆ, ਤਾਂ ਯੋਹਨ ਦੇ ਚੇਲੇ ਆਏ ਅਤੇ ਉਸਦੀ ਲਾਸ਼ ਨੂੰ ਲੈ ਗਏ ਅਤੇ ਉਸ ਨੂੰ ਕਬਰ ਵਿੱਚ ਰੱਖਿਆ।
ਪੰਜ ਹਜ਼ਾਰ ਲੋਕਾਂ ਨੂੰ ਭੋਜਨ
ਰਸੂਲ ਯਿਸ਼ੂ ਦੇ ਕੋਲ ਵਾਪਸ ਆਏ ਅਤੇ ਉਹਨਾਂ ਨੇ ਯਿਸ਼ੂ ਨੂੰ ਆਪਣੇ ਦੁਆਰਾ ਕੀਤੇ ਗਏ ਕੰਮਾਂ ਅਤੇ ਦਿੱਤੀ ਗਈ ਸਿੱਖਿਆ ਬਾਰੇ ਦੱਸਿਆ। ਤਦ, ਕਿਉਂਕਿ ਬਹੁਤ ਸਾਰੇ ਲੋਕ ਆ ਰਹੇ ਸਨ ਅਤੇ ਜਾ ਰਹੇ ਸਨ ਕਿ ਉਹਨਾਂ ਕੋਲ ਖਾਣ ਦਾ ਮੌਕਾ ਵੀ ਨਹੀਂ ਸੀ, ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰੇ ਨਾਲ ਇੱਕ ਸ਼ਾਂਤ ਜਗ੍ਹਾ ਤੇ ਆਓ ਅਤੇ ਆਰਾਮ ਕਰੋ।”
ਇਸ ਲਈ ਉਹ ਇਕੱਲੇ ਕਿਸ਼ਤੀ ਵਿੱਚ ਇਕਾਂਤ ਜਗ੍ਹਾ ਤੇ ਚਲੇ ਗਏ। ਪਰ ਬਹੁਤ ਸਾਰੇ ਜਿਨ੍ਹਾਂ ਨੇ ਉਹਨਾਂ ਨੂੰ ਜਾਂਦੇ ਵੇਖਿਆ ਉਹਨਾਂ ਨੂੰ ਪਛਾਣ ਲਿਆ ਅਤੇ ਸਾਰੇ ਕਸਬਿਆਂ ਤੋਂ ਪੈਦਲ ਭੱਜੇ ਅਤੇ ਉਹਨਾਂ ਦੇ ਅੱਗੇ ਉੱਥੇ ਪਹੁੰਚ ਗਏ। ਜਦੋਂ ਯਿਸ਼ੂ ਉੱਥੇ ਪਹੁੰਚੇ ਤਾਂ ਉਸਨੇ ਇੱਕ ਵੱਡੀ ਭੀੜ ਨੂੰ ਵੇਖਿਆ, ਤਾਂ ਯਿਸ਼ੂ ਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂਕਿ ਉਹ ਲੋਕ ਉਹਨਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ। ਇਸ ਲਈ ਯਿਸ਼ੂ ਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਵਕਤ ਉਸ ਦਿਨ ਦੇਰ ਹੋ ਚੁੱਕੀ ਸੀ, ਇਸ ਲਈ ਉਸਦੇ ਚੇਲਿਆਂ ਨੇ ਕੋਲ ਆ ਕੇ ਕਿਹਾ, “ਇਹ ਇੱਕ ਉਜਾੜ ਜਗ੍ਹਾ ਹੈ ਅਤੇ ਹੁਣ ਬਹੁਤ ਦੇਰ ਹੋ ਚੁੱਕੀ ਹੈ। ਲੋਕਾਂ ਨੂੰ ਭੇਜ ਦਿਓ ਤਾਂ ਜੋ ਉਹ ਆਸ-ਪਾਸ ਦੇ ਇਲਾਕਿਆਂ ਅਤੇ ਪਿੰਡਾਂ ਵਿੱਚ ਜਾ ਸਕਣ ਅਤੇ ਆਪਣੇ ਲਈ ਖਾਣ ਨੂੰ ਕੁਝ ਖਰੀਦ ਸਕਣ।”
ਪਰ ਉਸਨੇ ਜਵਾਬ ਦਿੱਤਾ, “ਤੁਸੀਂ ਉਹਨਾਂ ਨੂੰ ਕੁਝ ਖਾਣ ਲਈ ਦਿਓ।”
ਉਹਨਾਂ ਨੇ ਉਸ ਨੂੰ ਕਿਹਾ, “ਇੰਨੇ ਲੋਕਾਂ ਦੇ ਭੋਜਨ ਲਈ ਘੱਟੋ-ਘੱਟ ਦੋ ਸੌ ਦੀਨਾਰ2 ਖਰਚ ਹੋਣਗੇ। ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਉਨ੍ਹਾਂ ਲਈ ਇੰਨਾ ਭੋਜਨ ਲਿਆਈਏ?”
ਯਿਸ਼ੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਅਤੇ ਵੇਖੋ।”
ਜਦੋਂ ਉਹਨਾਂ ਨੇ ਪਤਾ ਕੀਤਾ, ਤਾਂ ਉਹਨਾਂ ਨੇ ਕਿਹਾ, “ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।”
ਤਦ ਯਿਸ਼ੂ ਨੇ ਲੋਕਾਂ ਨੂੰ ਹਰੀ ਘਾਹ ਉੱਤੇ ਸਮੂਹ ਵਿੱਚ ਬੈਠਣ ਲਈ ਕਿਹਾ। ਇਸ ਲਈ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਦੇ ਸਮੂਹਾਂ ਵਿੱਚ ਬੈਠ ਗਏ। ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਤੇ ਸਵਰਗ ਵੱਲ ਵੇਖ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਰੋਟੀਆਂ ਤੋੜੀਆਂ। ਤਦ ਉਸਨੇ ਉਹਨਾਂ ਨੂੰ ਲੋਕਾਂ ਵਿੱਚ ਵੰਡਣ ਲਈ ਆਪਣੇ ਚੇਲਿਆਂ ਨੂੰ ਦੇ ਦਿੱਤਾ। ਉਸਨੇ ਉਹਨਾਂ ਦੋਵਾਂ ਮੱਛੀਆਂ ਨੂੰ ਉਹਨਾਂ ਸਾਰਿਆਂ ਵਿੱਚ ਵੰਡ ਦਿੱਤਾ। ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ, ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਮੱਛੀਆਂ ਅਤੇ ਰੋਟੀਆਂ ਦੀਆਂ ਟੁੱਕੜਿਆਂ ਨਾਲ ਬਾਰ੍ਹਾਂ ਟੋਕਰੇ ਭਰੇ ਹੋਏ ਉਠਾਏ। ਉਹਨਾਂ ਵਿੱਚ ਖਾਣ ਵਾਲੇ ਆਦਮੀਆਂ ਦੀ ਗਿਣਤੀ ਪੰਜ ਹਜ਼ਾਰ ਸੀ।
ਯਿਸ਼ੂ ਪਾਣੀ ਤੇ ਤੁਰਦਾ ਹੈ
ਤੁਰੰਤ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਸ਼ਤੀ ਉੱਤੇ ਚੜ੍ਹਨ ਲਈ ਅਤੇ ਆਪਣੇ ਨਾਲੋਂ ਪਹਿਲਾਂ ਬੈਥਸੈਦਾ ਜਾਣ ਲਈ ਕਿਹਾ, ਜਦ ਤੱਕ ਉਹ ਭੀੜ ਨੂੰ ਵਿਦਾ ਕਰੇ। ਉਹਨਾਂ ਨੂੰ ਛੱਡਣ ਤੋਂ ਬਾਅਦ, ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ।
ਬਾਅਦ ਵਿੱਚ ਉਸ ਰਾਤ, ਕਿਸ਼ਤੀ ਝੀਲ ਦੇ ਵਿੱਚਕਾਰ ਸੀ ਅਤੇ ਉਹ ਜ਼ਮੀਨ ਉੱਤੇ ਇਕੱਲਾ ਸੀ। ਉਹਨਾਂ ਨੇ ਚੇਲਿਆਂ ਨੂੰ ਸਮੁੰਦਰ ਵਿੱਚ ਕਿਸ਼ਤੀ ਸੰਭਾਲਣ ਲਈ ਔਖਿਆ ਹੁੰਦਿਆਂ ਵੇਖਿਆ, ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਸੀ।3 ਸਵੇਰ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ, ਯਿਸ਼ੂ ਝੀਲ ਉੱਤੇ ਤੁਰਦਿਆਂ ਉਹਨਾਂ ਦੇ ਕੋਲ ਗਿਆ। ਉਹ ਉਹਨਾਂ ਦੇ ਕੋਲੋਂ ਲੰਘਣ ਵਾਲਾ ਸੀ, ਪਰ ਜਦੋਂ ਉਹਨਾਂ ਨੇ ਯਿਸ਼ੂ ਨੂੰ ਝੀਲ ਦੇ ਪਾਣੀ ਉੱਤੇ ਤੁਰਦੇ ਵੇਖਿਆ, ਤਾਂ ਉਹਨਾਂ ਨੇ ਸੋਚਿਆ ਕਿ ਉਹ ਇੱਕ ਭੂਤ ਹੈ। ਉਹ ਸਭ ਚੀਕਾਂ ਮਾਰਨ ਲੱਗੇ, ਕਿਉਂਕਿ ਉਹਨਾਂ ਸਾਰਿਆਂ ਨੇ ਉਸਨੂੰ ਵੇਖਿਆ ਅਤੇ ਘਬਰਾ ਗਏ!
ਤੁਰੰਤ ਹੀ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਹੌਸਲਾ ਰੱਖੋ! ਡਰੋ ਨਾ, ਇਹ ਮੈਂ ਹਾਂ।” ਤਦ ਉਹ ਉਹਨਾਂ ਨਾਲ ਕਿਸ਼ਤੀ ਉੱਤੇ ਚੜ੍ਹ ਗਿਆ ਅਤੇ ਹਵਾ ਰੁਕ ਗਈ। ਉਹ ਬਹੁਤ ਹੈਰਾਨ ਹੋਏ। ਕਿਉਂਕਿ ਉਹਨਾਂ ਨੂੰ ਰੋਟੀਆਂ ਬਾਰੇ ਸਮਝ ਨਹੀਂ ਸੀ ਆਇਆ; ਉਹਨਾਂ ਦੇ ਦਿਲ ਕਠੋਰ ਹੋ ਗਏ ਸਨ।
ਜਦੋਂ ਉਹ ਪਾਰ ਲੰਘੇ ਤਾਂ ਗਨੇਸਰੇਤ ਦੀ ਧਰਤੀ ਉੱਤੇ ਪਹੁੰਚੇ ਅਤੇ ਬੇੜੀ ਨੂੰ ਘਾਟ ਤੇ ਬੰਨ੍ਹਿਆ। ਜਿਵੇਂ ਹੀ ਉਹ ਕਿਸ਼ਤੀ ਤੋਂ ਬਾਹਰ ਨਿਕਲੇ, ਲੋਕਾਂ ਨੇ ਯਿਸ਼ੂ ਨੂੰ ਪਛਾਣ ਲਿਆ। ਉਹ ਉਸ ਸਾਰੇ ਖੇਤਰ ਵਿੱਚ ਭੱਜੇ ਅਤੇ ਬਿਮਾਰਾਂ ਨੂੰ ਵਿਛੌਣੇ ਤੇ ਲੈ ਗਏ ਜਿੱਥੇ ਵੀ ਉਹਨਾਂ ਨੇ ਸੁਣਿਆ ਕਿ ਯਿਸ਼ੂ ਸੀ। ਅਤੇ ਯਿਸ਼ੂ ਜਿਸ ਵੀ ਪਿੰਡ, ਕਸਬਿਆਂ ਜਾਂ ਦੇਸ਼ ਦੇ ਇਲਾਕਿਆਂ ਵਿੱਚ ਜਾਂਦੇ ਸਨ, ਲੋਕ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਲਿਆ ਕੇ ਰੱਖ ਦਿੰਦੇ ਸਨ। ਲੋਕਾਂ ਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਆਪਣੇ ਕੱਪੜੇ ਦੇ ਕਿਨਾਰੇ ਨੂੰ ਛੂਹਣ ਦੇਵੇ ਅਤੇ ਜਿਸਨੇ ਵੀ ਉਸਨੂੰ ਛੂਹਿਆ ਉਹ ਸਭ ਚੰਗੇ ਹੋ ਗਏ।
Source notes (3)
- Footnote ਸਬਤ ਦਾ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ
- Footnote ਦੀਨਾਰ ਅਰਥਾਤ ਅੱਧੇ ਸਾਲ ਦੀ ਕਮਾਈ
- Footnote ਕਰੀਬ 3 ਤੋਂ 6 ਵਜੇ ਦੇ ਲਗਭਗ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.