Biblica® Open Punjabi Contemporary Version 2025
ਮਾਰਕਸ 4
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
ਇੱਕ ਵਾਰ ਫਿਰ ਯਿਸ਼ੂ ਗਲੀਲ ਝੀਲ ਦੇ ਕੰਢੇ ਉੱਤੇ ਉਪਦੇਸ਼ ਦੇਣ ਲੱਗੇ। ਅਤੇ ਬਹੁਤ ਵੱਡੀ ਭੀੜ ਉਸਦੇ ਆਲੇ-ਦੁਆਲੇ ਇਕੱਠੀ ਹੋ ਗਈ ਅਤੇ ਉਹ ਕਿਸ਼ਤੀ ਉੱਤੇ ਚੜ੍ਹ ਕੇ ਬੈਠ ਗਏ ਅਤੇ ਲੋਕ ਕੰਢੇ ਉੱਤੇ ਹੀ ਖੜ੍ਹੇ ਰਹੇ। ਉਹਨਾਂ ਨੇ ਦ੍ਰਿਸ਼ਟਾਂਤਾਂ ਰਾਹੀਂ ਬਹੁਤ ਸਾਰੇ ਵਿਸ਼ਿਆਂ ਤੇ ਸਿੱਖਿਆ ਦਿੰਦੇ ਹੋਏ ਕਿਹਾ: “ਸੁਣੋ! ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ। ਅਤੇ ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਅਤੇ ਪੰਛੀਆਂ ਨੇ ਆ ਕੇ ਉਸਨੂੰ ਚੁਗ ਲਿਆ। ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਜਿੱਥੇ ਉਸ ਨੂੰ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਾਰਨ ਉਹ ਛੇਤੀ ਹੀ ਉੱਗ ਪਿਆ। ਪਰ ਜਦੋਂ ਸੂਰਜ ਚੜਿਆ ਤਾਂ ਉਹ ਪੌਦਾ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ। ਅਤੇ ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਸ ਨੂੰ ਦਬਾ ਲਿਆ। ਜਿਸ ਕਾਰਨ ਉਹ ਕੁਝ ਫ਼ਲ ਨਾ ਲਿਆ ਸਕਿਆ। ਅਤੇ ਕੁਝ ਬੀਜ ਚੰਗੀ ਜ਼ਮੀਨ ਤੇ ਡਿੱਗਿਆ, ਉਹਨਾਂ ਚੌਂ ਸਿਟੇ ਨਿੱਕਲੇ ਤੇ ਉੱਗਣ ਮਗਰੋਂ ਬਹੁਤ ਸਾਰਾ ਫ਼ਲ ਲਿਆਏ ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਤੇ ਕੋਈ ਸੌ ਗੁਣਾ।”
ਫਿਰ ਯਿਸ਼ੂ ਨੇ ਕਿਹਾ, “ਜੇ ਕਿਸੇ ਦੇ ਸੁਣਨ ਦੇ ਕੰਨ ਹਨ, ਤਾਂ ਉਹ ਸੁਣ ਲਵੇ।”
ਜਦੋਂ ਉਹ ਇਕੱਲਾ ਸੀ, ਤਾਂ ਬਾਰ੍ਹਾਂ ਚੇਲਿਆਂ ਅਤੇ ਉਸਦੇ ਆਲੇ-ਦੁਆਲੇ ਦੇ ਹੋਰਾਂ ਨੇ ਉਸਨੂੰ ਦ੍ਰਿਸ਼ਟਾਂਤਾਂ ਦਾ ਅਰਥ ਪੁੱਛਿਆ। ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਰਮੇਸ਼ਵਰ ਦੇ ਰਾਜ ਦੇ ਭੇਤਾਂ ਨੂੰ ਜਾਣਨ ਦਾ ਗਿਆਨ ਤੁਹਾਨੂੰ ਦਿੱਤਾ ਗਿਆ ਹੈ, ਪਰ ਜਿਹੜੇ ਬਾਹਰਲੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂਂ ਹਨ। ਤਾਂ ਜੋ,
“ਉਹ ਦੇਖਦਿਆਂ ਹੋਇਆ ਵੀ ਨਾ ਦੇਖਣ;
ਅਤੇ ਸੁਣਦਿਆਂ ਹੋਇਆ ਵੀ ਨਾ ਸਮਝਣ।
ਇਸ ਤਰ੍ਹਾਂ ਨਾ ਹੋਵੇ ਕਿਤੇ ਉਹ ਮੇਰੇ ਕੋਲ ਵਾਪਸ ਮੁੜ ਆਉਣ ਅਤੇ ਮਾਫ਼ੀ ਪਾ ਲੈਣ!”1
ਤਦ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕਿ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਨਹੀਂ ਸਮਝੇ? ਫਿਰ ਤੁਸੀਂ ਹੋਰ ਦ੍ਰਿਸ਼ਟਾਂਤਾਂ ਦੇ ਅਰਥ ਕਿਵੇਂ ਸਮਝੋਗੇ? ਬੀਜ ਬੀਜਣ ਵਾਲਾ ਪਰਮੇਸ਼ਵਰ ਦਾ ਵਚਨ ਬੀਜਦਾ ਹੈ। ਬੀਜ ਜੋ ਸੜਕ ਦੇ ਕੰਢੇ ਤੇ ਜਾ ਡਿੱਗਿਆ, ਉਹ ਅਜਿਹੇ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੇ ਵਚਨ ਸੁਣਦੇ ਹੀ ਸ਼ੈਤਾਨ ਆ ਕੇ ਉਹ ਵਚਨਾਂ ਨੂੰ ਚੁਰਾ ਕੇ ਲੈ ਗਿਆ। ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਇਹ ਦਰਸਾਉਂਦਾ ਹੈ, ਜੋ ਵਚਨ ਸੁਣ ਕੇ ਝੱਟ ਖੁਸ਼ੀ ਨਾਲ ਮੰਨ ਲੈਂਦੇ ਹਨ। ਪਰ ਜੜ੍ਹਾਂ ਡੂੰਘੀਆਂ ਨਾ ਹੋਣ ਕਾਰਨ, ਉਹ ਥੋੜ੍ਹੇ ਸਮੇਂ ਲਈ ਵਿਸ਼ਵਾਸ ਕਰਦੇ ਹਨ। ਪਰ ਜਦੋਂ ਵਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ ਤਾਂ ਉਹ ਝੱਟ ਠੋਕਰ ਖਾਂਦੇ ਹਨ। ਜੋ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ, ਇਹ ਉਹ ਸਨ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨਾਂ ਨੂੰ ਸੁਣਿਆ, ਪਰ ਸੰਸਾਰ ਦੀਆਂਂ ਚਿੰਤਾਵਾਂ, ਧਨ ਦੇ ਛਲਾਵੇ ਅਤੇ ਕਈ ਹੋਰ ਚੀਜ਼ਾਂ ਦੇ ਲਾਲਚ ਨੇ ਆ ਕੇ ਉਸ ਵਚਨ ਨੂੰ ਦਬਾ ਦਿੱਤਾ, ਜਿਸ ਕਾਰਨ ਉਹ ਕੁੱਝ ਫ਼ਲ ਨਾ ਲਿਆ ਸਕੇ। ਕੁਝ ਹੋਰ ਲੋਕ ਉਸ ਬੀਜ ਦੇ ਸਮਾਨ ਹਨ, ਜੋ ਚੰਗੀ ਮਿੱਟੀ ਵਿੱਚ ਬੀਜਿਆ ਗਿਆ, ਵਚਨਾਂ ਨੂੰ ਸੁਣਿਆ, ਸਵੀਕਾਰ ਕੀਤਾ ਅਤੇ ਬੀਜੇ ਗਏ ਬੀਜ ਦਾ ਫ਼ਲ ਲਿਆਏ ਕੋਈ ਤੀਹ ਗੁਣਾ, ਕੋਈ ਸੱਠ ਗੁਣਾ, ਕੋਈ ਸੌ ਗੁਣਾ।”
ਦੀਵੇ ਦਾ ਦ੍ਰਿਸ਼ਟਾਂਤ
ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕੀ ਤੁਸੀਂ ਦੀਵਾ ਬਾਲ ਕੇ ਉਸ ਨੂੰ ਇੱਕ ਕਟੋਰੇ ਜਾਂ ਬਿਸਤਰੇ ਦੇ ਹੇਠਾਂ ਰੱਖਦੇ ਹੋ? ਜਾਂ ਤੁਸੀਂ ਉਸ ਨੂੰ ਕਿਸੇ ਉੱਚੇ ਥਾਂ ਉੱਤੇ ਰੱਖਦੇ ਹੋ? ਕਿਉਂਕਿ ਜੋ ਕੁਝ ਲੁਕਿਆ ਹੋਇਆ ਹੈ ਉਸ ਦਾ ਖੁਲਾਸਾ ਕੀਤਾ ਜਾਵੇਗਾ ਅਤੇ ਜੋ ਕੁਝ ਗੁਪਤ ਹੈ ਉਹ ਸਭ ਦੇ ਪ੍ਰਗਟ ਕੀਤਾ ਜਾਵੇਗਾ। ਜੇ ਕਿਸੇ ਦੇ ਸੁਣਨ ਦੇ ਕੰਨ ਹਨ, ਤਾਂ ਉਹ ਸੁਣ ਲਵੇ।”
ਯਿਸ਼ੂ ਨੇ ਅੱਗੇ ਕਿਹਾ, “ਤੁਸੀਂ ਜੋ ਸੁਣਦੇ ਹੋ ਉਸ ਉੱਤੇ ਧਿਆਨ ਨਾਲ ਵਿਚਾਰ ਕਰੋ, ਜਿਸ ਮਾਪ ਨਾਲ ਤੁਸੀਂ ਮਾਪਦੇ ਹੋ, ਉਸੇ ਮਾਪ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ ਅਤੇ ਤੁਹਾਨੂੰ ਵਧੀਕ ਦਿੱਤਾ ਜਾਵੇਗਾ। ਜਿਸ ਕੋਲ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ; ਜਿਸ ਕੋਲ ਨਹੀਂ ਹੈ, ਉਸ ਕੋਲ ਜੋ ਕੁਝ ਹੈ ਉਹ ਵੀ ਲੈ ਲਿਆ ਜਾਵੇਗਾ।”
ਵਧ ਰਹੇ ਬੀਜ ਦੀ ਕਹਾਣੀ
ਯਿਸ਼ੂ ਨੇ ਇਹ ਵੀ ਕਿਹਾ, “ਪਰਮੇਸ਼ਵਰ ਦਾ ਰਾਜ ਇਸ ਤਰ੍ਹਾਂ ਦਾ ਹੈ। ਇੱਕ ਆਦਮੀ ਬੀਜ ਜ਼ਮੀਨ ਤੇ ਖਿਲਾਰਦਾ ਹੈ। ਰਾਤ ਅਤੇ ਦਿਨ, ਚਾਹੇ ਉਹ ਸੌਂਦਾ ਹੈ ਜਾਂ ਉੱਠਦਾ ਹੈ, ਬੀਜ ਪੁੰਗਰਦਾ ਹੈ ਅਤੇ ਉੱਗਦਾ ਹੈ, ਪਰ ਉਹ ਨਹੀਂ ਜਾਣਦਾ ਕਿ ਕਿਵੇਂ। ਆਪਣੇ ਆਪ ਹੀ ਮਿੱਟੀ ਫ਼ਸਲ ਪੈਦਾ ਕਰਦੀ ਹੈ ਪਹਿਲਾਂ ਅੰਗੂਰ, ਫਿਰ ਸਿੱਟੇ, ਫਿਰ ਸਿੱਟੇ ਵਿੱਚ ਪੂਰੇ ਦਾਣੇ। ਜਿਵੇਂ ਹੀ ਅਨਾਜ ਪੱਕ ਜਾਂਦਾ ਹੈ, ਉਹ ਛੇਤੀ ਨਾਲ ਹੀ ਉਸ ਨੂੰ ਦਾਤਰੀ ਨਾਲ ਵੱਢ ਦਿੰਦਾ ਹੈ, ਕਿਉਂਕਿ ਫਸਲ ਹੁਣ ਪੂਰੀ ਤਰ੍ਹਾਂ ਤਿਆਰ ਹੈ।”
ਸਰ੍ਹੋਂ ਦੇ ਬੀਜ ਦੀ ਕਹਾਣੀ
ਫਿਰ ਯਿਸ਼ੂ ਨੇ ਕਿਹਾ, “ਅਸੀਂ ਕੀ ਕਹਾਂਗੇ ਕਿ ਪਰਮੇਸ਼ਵਰ ਦਾ ਰਾਜ ਕਿਸ ਤਰ੍ਹਾਂ ਦਾ ਹੈ, ਜਾਂ ਇਸ ਦੀ ਵਿਆਖਿਆ ਕਰਨ ਲਈ ਅਸੀਂ ਕਿਹੜਾ ਦ੍ਰਿਸ਼ਟਾਂਤ ਵਰਤਾਂਗੇ? ਇਹ ਇੱਕ ਰਾਈ ਦੇ ਬੀਜ ਵਰਗਾ ਹੈ, ਜੋ ਧਰਤੀ ਦੇ ਸਾਰੇ ਬੀਜਾਂ ਵਿੱਚੋਂ ਸਭ ਤੋਂ ਛੋਟਾ ਹੈ। ਫਿਰ ਵੀ ਜਦੋਂ ਬੀਜਿਆ ਜਾਂਦਾ ਹੈ, ਤਦ ਉੱਗਦਾ ਹੈ ਅਤੇ ਫਿਰ ਬਾਗ਼ ਦੇ ਸਾਰੇ ਪੌਦਿਆਂ ਨਾਲੋਂ ਸਭ ਤੋਂ ਵੱਡਾ ਬਣ ਜਾਂਦਾ ਹੈ, ਇਸ ਦੀਆਂਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਕਿ ਅਕਾਸ਼ ਦੇ ਪੰਛੀ ਇਸ ਦੀ ਛਾਂ ਵਿੱਚ ਵੱਸ ਸਕਦੇ ਹਨ।”
ਉਹ ਇਹੋ ਜਿਹਿਆਂ ਬਹੁਤ ਦ੍ਰਿਸ਼ਟਾਂਤਾਂ ਨਾਲ ਯਿਸ਼ੂ ਨੇ ਉਹਨਾਂ ਨਾਲ ਗੱਲਾਂ ਕੀਤੀਆਂ, ਜਿੰਨਾ ਉਹ ਸਮਝ ਸਕਦੇ ਸਨ। ਯਿਸ਼ੂ ਨੇ ਦ੍ਰਿਸ਼ਟਾਂਤ ਦੀ ਵਰਤੋਂ ਕੀਤੇ ਬਗੈਰ ਉਹਨਾਂ ਨੂੰ ਕੁਝ ਨਹੀਂ ਕਿਹਾ। ਪਰ ਜਦੋਂ ਉਹ ਆਪਣੇ ਚੇਲਿਆਂ ਨਾਲ ਇਕੱਲੇ ਸੀ, ਉਹਨਾਂ ਨੂੰ ਸਭ ਕੁਝ ਸਮਝਾਇਆ।
ਯਿਸ਼ੂ ਨੇ ਤੂਫਾਨ ਨੂੰ ਸ਼ਾਂਤ ਕੀਤਾ
ਉਸ ਦਿਨ ਜਦੋਂ ਸ਼ਾਮ ਹੋਈ ਤਾਂ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਆਪਾਂ ਝੀਲ ਦੇ ਦੂਸਰੇ ਪਾਸੇ ਚੱਲੀਏ।” ਭੀੜ ਨੂੰ ਪਿੱਛੇ ਛੱਡ ਕੇ ਉਹ ਯਿਸ਼ੂ ਨੂੰ ਜਿਵੇਂ ਉਹ ਸੀ ਆਪਣੇ ਨਾਲ ਕਿਸ਼ਤੀ ਵਿੱਚ ਲੈ ਗਏ। ਉਹਨਾਂ ਮਗਰ ਹੋਰ ਕਿਸ਼ਤੀਆਂ ਵੀ ਸਨ। ਤਾਂ ਅਚਾਨਕ ਝੀਲ ਵਿੱਚ ਇੱਕ ਵੱਡਾ ਤੂਫਾਨ ਆਇਆ ਅਤੇ ਲਹਿਰਾਂ ਕਿਸ਼ਤੀ ਉੱਪਰ ਆਣ ਲੱਗੀਆਂ ਇੱਥੋਂ ਤੱਕ ਕਿ ਕਿਸ਼ਤੀ ਲਗਭਗ ਪਾਣੀ ਨਾਲ ਭਰਨ ਲੱਗ ਗਈ। ਯਿਸ਼ੂ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ ਸਿਰਹਾਣਾ ਲੈ ਕੇ ਸੌ ਰਹੇ ਸਨ। ਚੇਲਿਆਂ ਨੇ ਉਹਨਾਂ ਨੂੰ ਜਗਾਇਆ ਅਤੇ ਕਿਹਾ, “ਗੁਰੂ ਜੀ, ਕੀ ਤੁਹਾਨੂੰ ਕੋਈ ਫ਼ਿਕਰ ਨਹੀਂ ਜੇ ਅਸੀਂ ਡੁੱਬ ਜਾਵਾਂਗੇ!”
ਯਿਸ਼ੂ ਨੇ ਉੱਠ ਕੇ, ਤੂਫਾਨ ਨੂੰ ਝਿੜਕਿਆ ਅਤੇ ਲਹਿਰਾਂ ਨੂੰ ਆਗਿਆ ਦਿੱਤੀ, “ਚੁੱਪ ਹੋ ਜਾਓ! ਸ਼ਾਂਤ ਰਹੋ!” ਤਦ ਤੂਫਾਨ ਰੁਕ ਗਿਆ ਅਤੇ ਉੱਥੇ ਵੱਡੀ ਸ਼ਾਂਤੀ ਹੋ ਗਈ।
ਯਿਸ਼ੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਤੁਸੀਂ ਇੰਨ੍ਹਾ ਡਰੇ ਹੋਏ ਕਿਉਂ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ ਹੈ?”
ਉਹ ਬਹੁਤ ਡਰ ਗਏ ਅਤੇ ਇੱਕ ਦੂਸਰੇ ਨੂੰ ਪੁੱਛਣ ਲੱਗੇ, “ਇਹ ਕੌਣ ਹੈ? ਜੋ ਤੂਫਾਨ ਅਤੇ ਲਹਿਰਾਂ ਵੀ ਇਸ ਦਾ ਹੁਕਮ ਮੰਨਦੀਆਂ ਹਨ!”
Source notes (1)
- Footnote ਯਸ਼ਾ 6:9-10
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.