Skip to content
BibleKenya

Biblica® Open Punjabi Contemporary Version 2025

ਮਾਰਕਸ 1

ਬਪਤਿਸਮਾ ਦੇਣ ਵਾਲੇ ਯੋਹਨ ਦਾ ਉਪਦੇਸ਼

ਪਰਮੇਸ਼ਵਰ ਦੇ ਪੁੱਤਰ ਯਿਸ਼ੂ1 ਮਸੀਹ ਦੀ ਖੁਸ਼ਖ਼ਬਰੀ ਦੀ ਸ਼ੁਰੂਆਤ। ਜਿਵੇਂ ਕਿ ਇਹ ਯਸ਼ਾਯਾਹ ਨਬੀ ਦੀ ਲਿਖਤ ਵਿੱਚ ਲਿਖਿਆ ਹੋਇਆ ਹੈ:

“ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ,

ਜੋ ਤੇਰੇ ਲਈ ਰਸਤਾ ਤਿਆਰ ਕਰੇਂਗਾ”2

“ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼,

‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ,

ਉਸ ਲਈ ਰਸਤਾ ਸਿੱਧਾ ਬਣਾਓ।’ ”3

ਅਤੇ ਇਸ ਲਈ ਯੋਹਨ ਬਪਤਿਸਮਾ ਦੇਣ ਵਾਲਾ ਉਜਾੜ ਵਿੱਚ ਆਇਆ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ। ਸਾਰੇ ਯਹੂਦਿਯਾ ਪ੍ਰਦੇਸ਼ ਦੇ ਖੇਤਰਾਂ ਵਿਚੋਂ ਅਤੇ ਯੇਰੂਸ਼ਲੇਮ ਨਗਰ ਦੇ ਸਾਰੇ ਲੋਕ ਉਸਦੇ ਕੋਲ ਆਉਂਦੇ ਸਨ। ਅਤੇ ਆਪਣੇ ਪਾਪਾਂ ਨੂੰ ਮੰਨ ਕੇ ਉਹ ਦੇ ਕੋਲੋ ਯਰਦਨ ਨਦੀ ਵਿੱਚ ਬਪਤਿਸਮਾ ਲੈਂਦੇ ਸਨ। ਯੋਹਨ ਊਠ ਦੇ ਵਾਲਾਂ ਤੋਂ ਬਣੇ ਕੱਪੜੇ ਪਾਉਂਦਾ ਸੀ, ਉਸਦੀ ਕਮਰ ਉੱਤੇ ਚਮੜੇ ਦਾ ਕਮਰਬੰਧ ਸੀ ਅਤੇ ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ। ਅਤੇ ਉਸ ਦਾ ਇਹ ਪ੍ਰਚਾਰ ਸੀ: “ਜੋ ਮੇਰੇ ਤੋਂ ਬਾਅਦ ਇੱਕ ਅਜਿਹਾ ਵਿਅਕਤੀ ਆਵੇਗਾ, ਜੋ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ, ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ। ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”

ਯਿਸ਼ੂ ਦਾ ਬਪਤਿਸਮਾ

ਉਸ ਸਮੇਂ ਯਿਸ਼ੂ ਗਲੀਲ ਦੇ ਨਾਜ਼ਰੇਥ ਨਗਰ ਤੋਂ ਆਇਆ ਅਤੇ ਯੋਹਨ ਦੁਆਰਾ ਯਰਦਨ ਨਦੀ ਵਿੱਚ ਬਪਤਿਸਮਾ ਲਿਆ। ਜਿਵੇਂ ਹੀ ਯਿਸ਼ੂ ਪਾਣੀ ਵਿੱਚੋਂ ਬਾਹਰ ਆਇਆ, ਉਸੇ ਵੇਲੇ ਉਹ ਨੇ ਸਵਰਗ ਨੂੰ ਖੁੱਲ੍ਹਦੇ ਅਤੇ ਆਤਮਾ ਨੂੰ, ਜੋ ਕਬੂਤਰ ਦੇ ਸਮਾਨ ਆਪਣੇ ਉੱਤੇ ਉੱਤਰਦਾ ਹੋਇਆ ਵੇਖਿਆ। ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ, “ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”

ਉਸੇ ਸਮੇਂ ਪਵਿੱਤਰ ਆਤਮਾ ਨੇ ਯਿਸ਼ੂ ਨੂੰ ਉਜਾੜ ਵਿੱਚ ਭੇਜਿਆ, ਅਤੇ ਉਹ ਉਜਾੜ ਵਿੱਚ ਚਾਲੀ ਦਿਨਾਂ ਤੱਕ ਰਿਹਾ ਅਤੇ ਸ਼ੈਤਾਨ ਦੇ ਦੁਆਰਾ ਪਰਤਾਇਆ ਗਿਆ। ਉਹ ਜੰਗਲੀ ਜਾਨਵਰਾਂ ਦੇ ਨਾਲ ਰਿਹਾ ਅਤੇ ਸਵਰਗਦੂਤ ਉਸ ਦੀ ਸੇਵਾ ਟਹਿਲ ਕਰਦੇ ਸੀ।

ਗਲੀਲ ਪ੍ਰਦੇਸ਼ ਵਿੱਚ ਪ੍ਰਚਾਰ ਦੀ ਸ਼ੁਰੂਆਤ

ਯੋਹਨ ਨੂੰ ਕੈਦ ਵਿੱਚ ਪਾਏ ਜਾਣ ਤੋਂ ਬਾਅਦ, ਯਿਸ਼ੂ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ, ਗਲੀਲ ਪ੍ਰਦੇਸ਼ ਵੱਲ ਚਲੇ ਗਏ। ਅਤੇ ਉਸ ਨੇ ਆਖਿਆ, “ਸਮਾਂ ਪੂਰਾ ਹੋਇਆ, ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ। ਤੌਬਾ ਕਰੋ ਅਤੇ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰੋ!”

ਪਹਿਲੇ ਚਾਰ ਚੇਲਿਆਂ ਦਾ ਬੁਲਾਇਆ ਜਾਣਾ

ਜਦੋਂ ਯਿਸ਼ੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਚੱਲਦਾ ਸੀ, ਤਾਂ ਉਸ ਨੇ ਸ਼ਿਮਓਨ ਅਤੇ ਉਸ ਦੇ ਭਰਾ ਆਂਦਰੇਯਾਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਵੇਖਿਆ ਕਿਉਂ ਜੋ ਉਹ ਮਛਵਾਰੇ ਸਨ। ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ, ਮੇਰੇ ਪਿੱਛੇ ਹੋ ਤੁਰੋ,” ਅਤੇ “ਮੈਂ ਤੁਹਾਨੂੰ ਮਨੁੱਖਾਂ ਦੇ ਮਛਵਾਰੇ ਬਣਾਵਾਂਗਾ।” ਉਹ ਉਸੇ ਵੇਲੇ ਆਪਣੇ ਜਾਲਾਂ ਨੂੰ ਛੱਡ ਕੇ ਅਤੇ ਉਹ ਦੇ ਪਿੱਛੇ ਤੁਰ ਪਏ।

ਥੋੜ੍ਹੀ ਦੂਰ ਅੱਗੇ ਜਾਣ ਤੋਂ ਬਾਅਦ, ਉਸ ਨੇ ਜ਼ਬਦੀ ਦੇ ਪੁੱਤਰ ਯਾਕੋਬ ਅਤੇ ਉਸਦੇ ਭਰਾ ਯੋਹਨ ਨੂੰ ਕਿਸ਼ਤੀ ਵਿੱਚ ਵੇਖਿਆ। ਜੋ ਆਪਣੇ ਜਾਲਾਂ ਨੂੰ ਸਾਫ਼ ਕਰ ਰਹੇ ਸਨ। ਯਿਸ਼ੂ ਨੇ ਉਹਨਾਂ ਨੂੰ ਉਸੇ ਵੇਲੇ ਬੁਲਾਇਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਮਜ਼ਦੂਰਾਂ ਦੇ ਨਾਲ ਕਿਸ਼ਤੀ ਵਿੱਚ ਹੀ ਛੱਡ ਕੇ ਯਿਸ਼ੂ ਦੇ ਪਿੱਛੇ ਤੁਰ ਪਏ।

ਯਿਸ਼ੂ ਦੀ ਅਧਿਕਾਰ ਭਰੀ ਸਿੱਖਿਆ

ਉਹ ਕਫ਼ਰਨਹੂਮ ਸ਼ਹਿਰ ਨੂੰ ਗਏ ਅਤੇ ਜਦੋਂ ਸਬਤ ਦਾ ਦਿਨ4 ਆਇਆ, ਯਿਸ਼ੂ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਜਾ ਕੇ ਸਿੱਖਿਆ ਦੇਣ ਲੱਗਾ। ਲੋਕ ਉਸਦੀ ਸਿੱਖਿਆ ਤੋਂ ਹੈਰਾਨ ਹੋਏ ਕਿਉਂਕਿ ਯਿਸ਼ੂ ਨੇ ਉਹਨਾਂ ਨੂੰ ਉਪਦੇਸ਼ਕਾਂ ਵਾਂਗੂੰ ਸਿੱਖਿਆ ਨਹੀਂ ਦਿੱਤੀ ਸਗੋਂ ਇੱਕ ਅਧਿਕਾਰ ਰੱਖਣ ਵਾਲੇ ਵਾਂਗ ਉਹਨਾਂ ਨੂੰ ਸਿਖਾਇਆ। ਉਸੇ ਸਮੇਂ ਪ੍ਰਾਰਥਨਾ ਸਥਾਨ ਵਿੱਚ ਇੱਕ ਆਦਮੀ ਸੀ, ਜੋ ਅਸ਼ੁੱਧ ਆਤਮਾ ਨਾਲ ਪੀੜਤ ਸੀ, ਚੀਖਣ ਲੱਗਾ, “ਨਾਜ਼ਰੇਥ ਵਾਸੀ ਯਿਸ਼ੂ! ਤੁਸੀਂ ਸਾਡੇ ਨਾਲ ਕੀ ਚਾਹੁੰਦੇ ਹੋ, ਕੀ ਤੁਸੀਂ ਸਾਨੂੰ ਨਾਸ਼ ਕਰਨ ਆਏ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ; ਤੁਸੀਂ ਪਰਮੇਸ਼ਵਰ ਦੇ ਪਵਿੱਤਰ ਜਨ ਹੋ!”

ਯਿਸ਼ੂ ਨੇ ਸਖ਼ਤੀ ਨਾਲ ਕਿਹਾ, “ਚੁੱਪ ਕਰ, ਇਸ ਵਿੱਚੋਂ ਬਾਹਰ ਨਿਕਲ ਜਾ!” ਉਹ ਦੁਸ਼ਟ ਆਤਮਾ ਉਸ ਆਦਮੀ ਨੂੰ ਮਰੋੜ ਦੇ ਹੋਏ ਉੱਚੇ ਸ਼ਬਦ ਵਿੱਚ ਚੀਕਾਂ ਮਾਰਦਾ ਹੋਇਆ ਉਸ ਵਿੱਚੋਂ ਬਾਹਰ ਨਿੱਕਲ ਗਿਆ।

ਸਾਰੇ ਲੋਕ ਹੈਰਾਨ ਹੋ ਕੇ, ਇੱਕ ਦੂਸਰੇ ਨੂੰ ਪੁੱਛਣ ਲੱਗੇ, “ਇਹ ਸਭ ਕੀ ਹੋ ਰਿਹਾ ਹੈ? ਇਹ ਇੱਕ ਨਵੀਂ ਅਤੇ ਵੱਡੇ ਅਧਿਕਾਰ ਨਾਲ ਸਿੱਖਿਆ ਦੇ ਰਿਹਾ ਹੈ ਅਤੇ ਦੁਸ਼ਟ ਆਤਮਾਵਾਂ ਤੱਕ ਨੂੰ ਆਗਿਆ ਦਿੰਦਾ ਹੈ ਅਤੇ ਉਹ ਉਸ ਦੀ ਪਾਲਣਾ ਵੀ ਕਰਦੀਆਂ ਹਨ!” ਇਸ ਖ਼ਬਰ ਦੀ ਧੁੰਮ ਤੇਜ਼ੀ ਨਾਲ ਗਲੀਲ ਪ੍ਰਦੇਸ਼ ਦੇ ਆਲੇ-ਦੁਆਲੇ ਸਭ ਜਗ੍ਹਾ ਫੈਲ ਗਈ।

ਯਿਸ਼ੂ ਦਾ ਪਤਰਸ ਦੀ ਸੱਸ ਨੂੰ ਚੰਗਾ ਕਰਨਾ

ਪ੍ਰਾਰਥਨਾ ਸਥਾਨ ਤੋਂ ਨਿਕਲ ਕੇ ਉਹ ਸਿੱਧੇ ਯਾਕੋਬ ਅਤੇ ਯੋਹਨ ਦੇ ਨਾਲ ਸ਼ਿਮਓਨ ਅਤੇ ਆਂਦਰੇਯਾਸ ਦੇ ਘਰ ਗਏ। ਉੱਥੇ ਸ਼ਿਮਓਨ ਦੀ ਸੱਸ ਬੁਖ਼ਾਰ ਦੇ ਨਾਲ ਮੰਜੇ ਤੇ ਪਈ ਹੋਈ ਸੀ ਅਤੇ ਉਹਨਾਂ ਨੇ ਝੱਟ ਯਿਸ਼ੂ ਨੂੰ ਇਸ ਦੀ ਖ਼ਬਰ ਕੀਤੀ। ਯਿਸ਼ੂ ਉਸ ਦੇ ਕੋਲ ਆਏ, ਉਸ ਦਾ ਹੱਥ ਫੜ ਕੇ ਉਸ ਨੂੰ ਉੱਠਾਇਆ ਅਤੇ ਉਸ ਦਾ ਬੁਖ਼ਾਰ ਜਾਂਦਾ ਰਿਹਾ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗ ਪਈ।

ਸ਼ਾਮ ਵੇਲੇ ਸੂਰਜ ਡੁੱਬਣ ਤੋਂ ਬਾਅਦ ਲੋਕ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਉਹਨਾਂ ਲੋਕਾਂ ਨੂੰ ਯਿਸ਼ੂ ਦੇ ਕੋਲ ਲਿਆਏ। ਸਾਰਾ ਨਗਰ ਹੀ ਦਰਵਾਜ਼ੇ ਉੱਤੇ ਇਕੱਠਾ ਹੋ ਗਿਆ, ਅਤੇ ਯਿਸ਼ੂ ਨੇ ਬਹੁਤਿਆਂ ਨੂੰ ਅਨੇਕਾਂ ਰੋਗਾਂ ਤੋਂ ਚੰਗਾ ਕੀਤਾ ਅਤੇ ਅਨੇਕ ਦੁਸ਼ਟ ਆਤਮਾਵਾਂ ਨੂੰ ਕੱਢ ਦਿੱਤਾ। ਪਰ ਯਿਸ਼ੂ ਨੇ ਦੁਸ਼ਟ ਆਤਮਾਵਾਂ ਨੂੰ ਬੋਲਣ ਦਾ ਹੁਕਮ ਵੀ ਨਾ ਦਿੱਤਾ ਕਿਉਂਕਿ ਉਹ ਯਿਸ਼ੂ ਨੂੰ ਪਛਾਣਦੀਆਂ ਸਨ ਕਿ ਉਹ ਕੌਣ ਸੀ।

ਯਿਸ਼ੂ ਦਾ ਇਕਾਂਤ ਵਿੱਚ ਪ੍ਰਾਰਥਨਾ ਕਰਨਾ

ਸਵੇਰੇ ਤੜਕੇ ਹੀ, ਜਦੋਂ ਹਨੇਰਾ ਹੀ ਸੀ, ਯਿਸ਼ੂ ਉੱਠੇ ਅਤੇ ਇੱਕ ਇਕਾਂਤ ਜਗ੍ਹਾ ਤੇ ਚਲੇ ਗਏ। ਉੱਥੇ ਉਹ ਪ੍ਰਾਰਥਨਾ ਕਰਨ ਲੱਗੇ। ਸ਼ਿਮਓਨ ਅਤੇ ਉਹ ਦੇ ਸਾਥੀ ਯਿਸ਼ੂ ਨੂੰ ਖੋਜ ਰਹੇ ਸਨ। ਉਹਨਾਂ ਨੂੰ ਲੱਭ ਕੇ ਉਹ ਕਹਿਣ ਲੱਗੇ, “ਸਾਰੇ ਤੁਹਾਨੂੰ ਲੱਭ ਰਹੇ ਹਨ।”

ਪਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ ਆਪਾਂ ਹੋਰ ਕਿਤੇ ਨੇੜੇ ਦੇ ਨਗਰਾਂ ਵਿੱਚ ਚੱਲੀਏ ਤਾਂ ਜੋ ਉੱਥੇ ਵੀ ਮੈਂ ਪ੍ਰਚਾਰ ਕਰ ਸਕਾਂ ਕਿਉਂਕਿ ਇਸ ਕਰਕੇ ਮੈਂ ਆਇਆ ਹਾਂ।” ਇਸ ਲਈ ਉਸਨੇ ਸਾਰੇ ਗਲੀਲ ਵਿੱਚ ਜਾ ਕੇ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਦਾ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਦਾ ਰਿਹਾ।

ਕੋੜ੍ਹ ਦੇ ਰੋਗੀ ਦੀ ਸ਼ੁੱਧੀ

ਇੱਕ ਕੋੜ੍ਹੀ5 ਆਦਮੀ ਯਿਸ਼ੂ ਕੋਲ ਆਇਆ ਅਤੇ ਉਸ ਦੇ ਅੱਗੇ ਗੋਡੇ ਟੇਕ ਕੇ ਯਿਸ਼ੂ ਨੂੰ ਬੇਨਤੀ ਕੀਤੀ, “ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।”

ਯਿਸ਼ੂ ਨੇ ਤਰਸ ਖਾ ਕੇ ਆਪਣਾ ਹੱਥ ਵਧਾਇਆ ਅਤੇ ਉਸ ਨੂੰ ਛੂਹ ਕੇ ਕਿਹਾ, “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ!” ਉਸੇ ਸਮੇਂ ਉਸਦਾ ਕੋੜ੍ਹ ਦਾ ਰੋਗ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ।

ਯਿਸ਼ੂ ਨੇ ਉਸ ਨੂੰ ਉਸੇ ਸਮੇਂ ਇਸ ਚੇਤਾਵਨੀ ਦੇ ਨਾਲ ਵਿਦਾ ਕੀਤਾ, “ਵੇਖ! ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ। ਪਰ ਜਾ, ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਮੋਸ਼ੇਹ ਦੀ ਆਗਿਆ ਅਨੁਸਾਰ ਆਪਣੀ ਸ਼ੁੱਧੀ ਲਈ ਭੇਂਟ ਚੜ੍ਹਾ, ਕੀ ਤੇਰਾ ਕੋੜ੍ਹ ਤੋਂ ਛੁਟਕਾਰਾ ਉਹਨਾਂ ਸਾਹਮਣੇ ਗਵਾਹੀ ਠਹਿਰੇ।” ਪਰ ਉਹ ਵਿਅਕਤੀ ਜਾ ਕੇ ਖੁੱਲ੍ਹੇਆਮ ਇਸ ਦੀ ਚਰਚਾ ਕਰਨ ਲੱਗਾ ਅਤੇ ਇਹ ਖ਼ਬਰ ਸਾਰੇ ਪਾਸੇ ਫੈਲ ਗਈ ਜਿਸ ਦੇ ਕਾਰਨ ਯਿਸ਼ੂ ਇਸਦੇ ਬਾਅਦ ਖੁੱਲ੍ਹੇਆਮ ਕਿਸੇ ਨਗਰ ਵਿੱਚ ਨਹੀਂ ਜਾ ਸਕੇ ਅਤੇ ਉਸ ਨੂੰ ਨਗਰ ਦੇ ਬਾਹਰ ਸੁੰਨਸਾਨ ਸਥਾਨਾਂ ਵਿੱਚ ਰਹਿਣਾ ਪਿਆ। ਫਿਰ ਵੀ ਸਭ ਸਥਾਨਾਂ ਤੋਂ ਲੋਕ ਯਿਸ਼ੂ ਦੇ ਕੋਲ ਆਉਂਦੇ ਰਹੇ।

Source notes (5)
  1. Footnote ਯਿਸ਼ੂ ਇਬਰਾਨੀ ਵਿੱਚ ਯਿਸ਼ੂ ਯੂਨਾਨੀ ਵਿੱਚ ਮਸਹ ਕੀਤਾ ਹੋਇਆ
  2. Footnote ਮਲਾ 3:1
  3. Footnote ਯਸ਼ਾ 40:3
  4. Footnote ਸਬਤ ਦਾ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ
  5. Footnote ਕੋੜ੍ਹੀ ਅਰਥਾਤ ਚਮੜੀ ਦੇ ਰੋਗ ਵਾਲਾ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.