Skip to content
BibleKenya

Biblica® Open Punjabi Contemporary Version 2025

ਲੂਕਸ 8

ਬੀਜਣ ਵਾਲੇ ਕਿਸਾਨ ਬਾਰੇ ਦ੍ਰਿਸ਼ਟਾਂਤ

ਇਸ ਤੋਂ ਥੋੜ੍ਹੀ ਦੇਰ ਬਾਅਦ ਯਿਸ਼ੂ ਪਰਮੇਸ਼ਵਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਵੱਖ-ਵੱਖ ਨਗਰਾਂ ਅਤੇ ਪਿੰਡਾਂ ਵਿੱਚ ਜਾਣ ਲੱਗਾ ਅਤੇ ਉਸ ਦੇ ਬਾਰ੍ਹਾਂ ਚੇਲੇ ਉਹ ਦੇ ਨਾਲ ਸਨ। ਅਤੇ ਕੁਝ ਔਰਤਾਂ ਵੀ ਉਹ ਦੇ ਨਾਲ ਸਨ, ਜਿਹੜੀਆਂ ਦੁਸ਼ਟ ਆਤਮਾ ਅਤੇ ਬਿਮਾਰੀਆਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ: ਮਰਿਯਮ (ਜਿਸ ਨੂੰ ਮਗਦਲਾ ਵਾਸੀ ਕਿਹਾ ਜਾਂਦਾ ਸੀ) ਜਿਸ ਵਿੱਚੋਂ ਸੱਤ ਦੁਸ਼ਟ ਆਤਮਾ ਬਾਹਰ ਕੱਢੇ ਸਨ। ਹੇਰੋਦੇਸ ਦੇ ਭੰਡਾਰੀ ਕੁਜ਼ਾ ਦੀ ਪਤਨੀ ਯੋਆਨਾ, ਸੁਸੰਨਾ ਅਤੇ ਹੋਰ ਕਈ ਔਰਤਾਂ। ਇਹ ਉਹ ਔਰਤਾਂ ਸਨ ਜੋ ਆਪਣੀ ਦੌਲਤ ਨਾਲ ਯਿਸ਼ੂ ਅਤੇ ਉਸ ਦੇ ਚੇਲਿਆਂ ਦੀ ਸੇਵਾ ਕਰ ਰਹੀਆਂ ਸਨ।

ਜਦੋਂ ਵੱਖ-ਵੱਖ ਨਗਰਾਂ ਵਿੱਚੋਂ ਇੱਕ ਵੱਡੀ ਭੀੜ ਵਿੱਚ ਲੋਕ ਇਕੱਠੇ ਹੋ ਕੇ ਯਿਸ਼ੂ ਦੇ ਕੋਲ ਆ ਰਹੇ ਸਨ, ਤਾਂ ਯਿਸ਼ੂ ਨੇ ਇਸ ਦ੍ਰਿਸ਼ਟਾਂਤ ਰਾਹੀਂ ਉਹਨਾਂ ਨੂੰ ਸਿੱਖਿਆ ਦਿੱਤੀ: “ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ। ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ, ਉਹ ਪੈਰਾਂ ਹੇਠ ਮਿੱਧਿਆ ਗਿਆ, ਅਤੇ ਅਕਾਸ਼ ਦੇ ਪੰਛੀਆਂ ਨੇ ਆ ਕੇ ਉਸ ਨੂੰ ਚੁਗ ਲਿਆ। ਕੁਝ ਪਥਰੀਲੀ ਜ਼ਮੀਨ ਤੇ ਡਿੱਗ ਪਿਆ, ਅਤੇ ਜਦੋਂ ਉਹ ਉੱਗਿਆ ਤਾਂ ਨਮੀ ਨਾ ਹੋਣ ਦੇ ਕਾਰਨ ਸੁੱਕ ਗਿਆ। ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਸ ਨੂੰ ਦਬਾ ਲਿਆ। ਅਤੇ ਕੁਝ ਬੀਜ ਚੰਗੀ ਧਰਤੀ ਉੱਤੇ ਡਿੱਗ ਪਿਆ, ਉਹ ਉੱਗਿਆ ਅਤੇ ਜੋ ਬੀਜਿਆ ਗਿਆ ਸੀ ਉਸ ਨਾਲੋਂ ਸੌ ਗੁਣਾ ਵੱਧ ਫ਼ਲ ਲਿਆਇਆ।”

ਜਦੋਂ ਯਿਸ਼ੂ ਇਹ ਦ੍ਰਿਸ਼ਟਾਂਤ ਸੁਣਾ ਚੁੱਕੇ ਤਾਂ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜਿਸ ਦੇ ਕੰਨ ਹੋਣ ਉਹ ਸੁਣੇ।”

ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ?” ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਰਾਜ ਦੇ ਭੇਤਾਂ ਨੂੰ ਜਾਣਨ ਦਾ ਗਿਆਨ ਤੁਹਾਨੂੰ ਦਿੱਤਾ ਗਿਆ ਹੈ, ਪਰ ਮੈਂ ਹੋਰਾਂ ਲੋਕਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਤਾਂ ਜੋ,

“ ‘ਉਹ ਦੇਖਦਿਆਂ ਹੋਇਆ ਵੀ ਨਾ ਦੇਖਣ;

ਅਤੇ ਸੁਣਦਿਆਂ ਹੋਇਆ ਵੀ ਨਾ ਸਮਝਣ।’1

“ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ: ਬੀਜ ਪਰਮੇਸ਼ਵਰ ਦਾ ਵਚਨ ਹੈ। ਸੜਕ ਦੇ ਕਿਨਾਰੇ ਦੀ ਜ਼ਮੀਨ ਉਹ ਲੋਕ ਹਨ, ਜੋ ਵਚਨ ਨੂੰ ਸੁਣਦੇ ਤਾਂ ਹਨ ਪਰ ਦੁਸ਼ਟ ਆਉਂਦਾ ਹੈ ਅਤੇ ਉਹਨਾਂ ਦੇ ਦਿਲ ਵਿੱਚੋਂ ਵਚਨ ਨੂੰ ਕੱਢ ਕੇ ਲੈ ਜਾਂਦਾ ਹੈ ਤਾਂ ਕਿ ਉਹ ਵਿਸ਼ਵਾਸ ਨਾ ਕਰਨ ਅਤੇ ਬਚਾਏ ਨਾ ਜਾਣ। ਪਥਰੀਲੀ ਜ਼ਮੀਨ ਦਾ ਬੀਜ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਵਚਨ ਨੂੰ ਸੁਣਦੇ ਹਨ ਅਤੇ ਖੁਸ਼ੀ ਨਾਲ ਵਚਨ ਨੂੰ ਮੰਨਦੇ ਹਨ ਪਰ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਾ ਹੋਣ ਕਰਕੇ ਉਹ ਥੋੜ੍ਹੇ ਸਮੇਂ ਲਈ ਵਿਸ਼ਵਾਸ ਕਰਦੇ ਹਨ। ਪਰ ਜਦੋਂ ਉਹ ਪਰਖੇ ਜਾਂਦੇ ਹਨ ਤਾਂ ਉਹ ਉਸ ਵਿਸ਼ਵਾਸ ਤੋਂ ਦੂਰ ਹੋ ਜਾਂਦੇ ਹਨ। ਉਹ ਬੀਜ ਜਿਹੜਾ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਉਹ ਲੋਕ ਹਨ, ਜੋ ਵਚਨ ਸੁਣਦੇ ਹਨ ਪਰ ਸੰਸਾਰ ਦੀਆਂ ਚਿੰਤਾਵਾਂ, ਧਨ-ਦੌਲਤ ਅਤੇ ਭੋਗ ਬਿਲਾਸ ਵਚਨ ਨੂੰ ਦੱਬ ਲੈਦੀਆਂ ਹਨ ਅਤੇ ਉਹਨਾਂ ਦਾ ਫ਼ਲ ਕਦੇ ਨਹੀਂ ਪੱਕਦਾ ਹੈ। ਪਰ ਜਿਹੜਾ ਬੀਜ ਚੰਗੀ ਜ਼ਮੀਨ ਉੱਤੇ ਡਿੱਗਿਆ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਚੰਗੇ ਅਤੇ ਨੇਕ ਦਿਲ ਨਾਲ ਵਚਨ ਨੂੰ ਸੁਣਦੇ ਹਨ ਅਤੇ ਉਸ ਵਿੱਚ ਬਣੇ ਰਹਿੰਦੇ ਹਨ ਅਤੇ ਲਗਾਤਾਰ ਫ਼ਲ ਲੈ ਕੇ ਆਉਂਦੇ ਹਨ।

ਦੀਵੇ ਦਾ ਦ੍ਰਿਸ਼ਟਾਂਤ

“ਕੋਈ ਵੀ ਦੀਵੇ ਨੂੰ ਜਗਾ ਕੇ ਉਸ ਨੂੰ ਮਿੱਟੀ ਦੇ ਘੜੇ ਵਿੱਚ ਨਹੀਂ ਲੁਕਾਉਂਦਾ ਅਤੇ ਨਾ ਹੀ ਮੰਜੇ ਹੇਠ ਰੱਖਦਾ ਹੈ ਪਰ ਉਸ ਨੂੰ ਉੱਚੇ ਥਾਂ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲੇ ਵਿਅਕਤੀ ਚਾਨਣ ਵੇਖ ਸਕਣ। ਕਿਉਂਕਿ ਇੱਥੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਪ੍ਰਗਟ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕੋਈ ਭੇਤ ਨਹੀਂ ਜੋ ਖੋਲ੍ਹਿਆ ਨਾ ਜਾਵੇਗਾ ਅਤੇ ਸਭ ਦੇ ਸਾਹਮਣੇ ਨਹੀਂ ਲਿਆਂਦਾ ਜਾਵੇਗਾ। ਇਸ ਲਈ ਧਿਆਨ ਨਾਲ ਸੋਚੋ ਕਿ ਤੁਸੀਂ ਕਿਵੇਂ ਸੁਣਦੇ ਹੋ। ਜਿਸ ਕੋਲ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ ਜਿਸ ਕੋਲ ਨਹੀਂ ਹੈ ਉਸ ਕੋਲੋ ਉਹ ਜੋ ਉਸ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।”

ਯਿਸ਼ੂ ਦਾ ਸੱਚਾ ਪਰਿਵਾਰ

ਤਦ ਯਿਸ਼ੂ ਦੀ ਮਾਤਾ ਅਤੇ ਭਰਾ ਉਹ ਨੂੰ ਮਿਲਣ ਲਈ ਉੱਥੇ ਆਏ ਪਰ ਲੋਕਾਂ ਦੀ ਭੀੜ ਕਾਰਨ ਉਹ ਦੇ ਤੱਕ ਪਹੁੰਚ ਨਾ ਸਕੇ। ਕਿਸੇ ਨੇ ਯਿਸ਼ੂ ਨੂੰ ਕਿਹਾ, “ਤੁਹਾਡੀ ਮਾਂ ਅਤੇ ਭਰਾ ਬਾਹਰ ਖੜ੍ਹੇ ਹਨ ਅਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ।”

ਯਿਸ਼ੂ ਨੇ ਕਿਹਾ, “ਮੇਰੀ ਮਾਂ ਅਤੇ ਭਰਾ ਉਹ ਹਨ ਜੋ ਪਰਮੇਸ਼ਵਰ ਦਾ ਵਚਨ ਸੁਣਦੇ ਅਤੇ ਉਸ ਦੇ ਅਨੁਸਾਰ ਚੱਲਦੇ ਹਨ।”

ਯਿਸ਼ੂ ਦਾ ਤੂਫਾਨ ਨੂੰ ਸ਼ਾਂਤ ਕਰਨਾ

ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਅਸੀਂ ਝੀਲ ਦੇ ਦੂਸਰੇ ਪਾਸੇ ਚੱਲੀਏ।” ਤਾਂ ਉਹ ਕਿਸ਼ਤੀ ਵਿੱਚ ਬੈਠ ਕੇ ਚਲੇ ਗਏ। ਜਦੋਂ ਉਹ ਕਿਸ਼ਤੀ ਤੇ ਜਾ ਰਹੇ ਸਨ ਤਾਂ ਯਿਸ਼ੂ ਸੌ ਗਏ। ਉਸੇ ਵੇਲੇ ਝੀਲ ਵਿੱਚ ਇੱਕ ਤੂਫਾਨ ਆਇਆ, ਇੱਥੋਂ ਤੱਕ ਕਿ ਕਿਸ਼ਤੀ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਅਤੇ ਉਹਨਾਂ ਦੀ ਜਾਨ ਨੂੰ ਖ਼ਤਰਾ ਸੀ।

ਚੇਲਿਆਂ ਨੇ ਜਾ ਕੇ ਯਿਸ਼ੂ ਨੂੰ ਜਗਾਇਆ ਅਤੇ ਕਿਹਾ, “ਸਵਾਮੀ ਜੀ! ਸਵਾਮੀ ਜੀ! ਅਸੀਂ ਡੁੱਬ ਚੱਲੇ ਹਾਂ!”

ਯਿਸ਼ੂ ਨੇ ਉੱਠ ਕੇ ਤੂਫਾਨ ਅਤੇ ਜ਼ੋਰਦਾਰ ਲਹਿਰਾਂ ਨੂੰ ਝਿੜਕਿਆ; ਤੂਫਾਨ ਰੁਕ ਗਿਆ ਅਤੇ ਤੇਜ਼ ਲਹਿਰਾਂ ਸ਼ਾਂਤ ਹੋ ਗਈਆਂ। ਯਿਸ਼ੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਤੁਹਾਡਾ ਵਿਸ਼ਵਾਸ ਕਿੱਥੇ ਹੈ?”

ਚੇਲੇ ਡਰ ਗਏ ਅਤੇ ਹੈਰਾਨ ਹੋ ਕੇ, ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹੈ, ਇਸ ਨੇ ਤੂਫਾਨ ਅਤੇ ਪਾਣੀ ਨੂੰ ਹੁਕਮ ਦਿੱਤਾ ਅਤੇ ਉਹ ਵੀ ਉਸ ਦੇ ਹੁਕਮ ਨੂੰ ਮੰਨਦੇ ਹਨ!”

ਦੁਸ਼ਟ ਆਤਮਾ ਨੂੰ ਸੂਰਾਂ ਦੇ ਝੁੰਡ ਵਿੱਚ ਭੇਜਣਾ

ਇਸ ਤੋਂ ਬਾਅਦ ਉਹ ਗਿਰਾਸੇਨ ਦੇ ਖੇਤਰ ਵਿੱਚ ਆਏ, ਜੋ ਗਲੀਲ ਝੀਲ ਦੇ ਪਾਰ ਦੂਜੇ ਪਾਸੇ ਹੈ। ਜਦੋਂ ਯਿਸ਼ੂ ਕੰਢੇ ਤੇ ਉੱਤਰੇ, ਤਾਂ ਉਹਨਾਂ ਨੂੰ ਇੱਕ ਆਦਮੀ ਮਿਲਿਆ ਜਿਸ ਨੂੰ ਦੁਸ਼ਟ ਆਤਮਾਵਾਂ ਚਿੰਬੜੀਆਂ ਹੋਈਆਂ ਸਨ। ਲੰਬੇ ਸਮੇਂ ਤੋਂ ਇਹ ਆਦਮੀ ਬਿਨ੍ਹਾਂ ਕੱਪੜੇ ਤੋਂ ਰਹਿੰਦਾ ਸੀ। ਅਤੇ ਉਹ ਘਰ ਵਿੱਚ ਨਹੀਂ ਪਰ ਕਬਰਸਤਾਨ ਵਿੱਚ ਰਹਿੰਦਾ ਸੀ। ਜਦੋਂ ਉਸ ਨੇ ਯਿਸ਼ੂ ਨੂੰ ਵੇਖਿਆ ਤਾਂ ਉਹ ਰੋਂਦਾ ਹੋਇਆ ਯਿਸ਼ੂ ਦੇ ਪੈਰਾਂ ਤੇ ਡਿੱਗ ਪਿਆ ਅਤੇ ਉੱਚੇ ਸ਼ਬਦਾਂ ਵਿੱਚ ਚੀਕ ਕੇ ਕਹਿਣ ਲੱਗਾ, “ਹੇ ਯਿਸ਼ੂ, ਅੱਤ ਮਹਾਨ ਪਰਮੇਸ਼ਵਰ ਦੇ ਪੁੱਤਰ, ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮੈਨੂੰ ਦੁੱਖ ਨਾ ਦਿਓ।” ਕਿਉਂਕਿ ਯਿਸ਼ੂ ਨੇ ਅਸ਼ੁੱਧ ਆਤਮਾਵਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਆਦਮੀ ਨੂੰ ਛੱਡ ਦੇਵੇ। ਵਾਰ-ਵਾਰ ਦੁਸ਼ਟ ਆਤਮਾਵਾਂ ਉਸ ਆਦਮੀ ਉੱਤੇ ਕਾਬੂ ਪਾਉਂਦੀਆਂ ਸੀ ਅਤੇ ਲੋਕਾਂ ਨੇ ਉਸ ਤੇ ਪਹਿਰਾ ਰੱਖਿਆ ਅਤੇ ਉਸ ਨੂੰ ਸੰਗਲਾਂ ਨਾਲ ਬੰਨ੍ਹਿਆ, ਫਿਰ ਵੀ ਉਹ ਦੁਸ਼ਟ ਆਤਮਾਵਾਂ ਸੰਗਲਾਂ ਨੂੰ ਤੋੜ ਕੇ ਉਸ ਨੂੰ ਸੁੰਨਸਾਨ ਥਾਂ ਤੇ ਲੈ ਜਾਂਦੀਆਂ ਸਨ।

ਯਿਸ਼ੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?”

ਉਸ ਨੇ ਜਵਾਬ ਦਿੱਤਾ, “ਲਸ਼ਕਰ,” ਕਿਉਂਕਿ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਨੂੰ ਚਿੰਬੜੀਆਂ ਹੋਈਆਂ ਸਨ। ਦੁਸ਼ਟ ਆਤਮਾਵਾਂ ਦਾ ਝੁੰਡ ਯਿਸ਼ੂ ਨੂੰ ਲਗਾਤਾਰ ਬੇਨਤੀ ਕਰ ਰਿਹਾ ਸੀ ਕਿ ਉਹ ਉਹਨਾਂ ਨੂੰ ਪਤਾਲ ਵਿੱਚ ਨਾ ਭੇਜੇ।

ਉੱਥੇ ਸੂਰਾਂ ਦਾ ਇੱਕ ਵੱਡਾ ਝੁੰਡ ਪਹਾੜੀ ਤੇ ਚੁਗਦਾ ਸੀ। ਦੁਸ਼ਟ ਆਤਮਾਵਾਂ ਨੇ ਯਿਸ਼ੂ ਅੱਗੇ ਮਿੰਨਤਾਂ ਕੀਤੀਆਂ ਕਿ ਉਹ ਉਹਨਾਂ ਨੂੰ ਸੂਰਾਂ ਵਿੱਚ ਜਾਣ ਦੇਵੇ। ਯਿਸ਼ੂ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ। ਜਦੋਂ ਦੁਸ਼ਟ ਆਤਮਾਵਾਂ ਵਿਅਕਤੀ ਤੋਂ ਬਾਹਰ ਆਈਆਂ, ਤਾਂ ਉਹ ਨਿਕਲ ਕੇ ਸੂਰਾਂ ਵਿੱਚ ਵੜ ਗਈਆ, ਉਹ ਤੁਰੰਤ ਸੂਰਾਂ ਦਾ ਝੁੰਡ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ।

ਜਦੋਂ ਸੂਰ ਚਰਾਉਣ ਵਾਲਿਆਂ ਨੇ ਇਹ ਵੇਖਿਆ ਤਾਂ ਉਹ ਭੱਜ ਗਏ ਅਤੇ ਸ਼ਹਿਰ ਅਤੇ ਉਸ ਖੇਤਰ ਵਿੱਚ ਹਰ ਜਗ੍ਹਾ ਵਾਪਰੀ ਘਟਨਾ ਬਾਰੇ ਦੱਸਿਆ। ਲੋਕ ਉੱਥੇ ਇਹ ਵੇਖਣ ਲਈ ਆਉਣ ਲੱਗੇ ਕਿ ਕੀ ਹੋਇਆ ਹੈ। ਜਦੋਂ ਉਹ ਯਿਸ਼ੂ ਕੋਲ ਆਏ। ਉੱਥੇ ਉਹਨਾਂ ਨੇ ਵੇਖਿਆ ਕਿ ਉਹ ਵਿਅਕਤੀ, ਜੋ ਪਹਿਲਾਂ ਦੁਸ਼ਟ ਆਤਮਾਵਾਂ ਤੋਂ ਦੁੱਖੀ ਸੀ, ਉਹ ਵਧੀਆ ਕੱਪੜੇ ਪਾ ਕੇ ਅਤੇ ਪੂਰੀ ਤਰ੍ਹਾਂ ਤੰਦਰੁਸਤ ਯਿਸ਼ੂ ਦੇ ਚਰਨਾਂ ਤੇ ਬੈਠਾ ਹੋਇਆ ਹੈ, ਇਹ ਵੇਖ ਕੇ ਉਹ ਡਰ ਗਏ। ਜਿਨ੍ਹਾਂ ਲੋਕਾਂ ਨੇ ਇਹ ਵੇਖਿਆ ਸੀ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਦੁਸ਼ਟ ਆਤਮਾ ਚਿੰਬੜੇ ਹੋਏ ਆਦਮੀ ਨੂੰ ਕਿਵੇਂ ਮੁਕਤ ਕੀਤਾ ਗਿਆ ਸੀ। ਤਦ ਗਿਰਾਸੇਨ ਦੇ ਖੇਤਰ ਦੇ ਸਾਰੇ ਲੋਕਾਂ ਨੇ ਯਿਸ਼ੂ ਨੂੰ ਕਿਹਾ ਕਿ ਉਹ ਉਹਨਾਂ ਨੂੰ ਛੱਡ ਜਾਵੇ ਕਿਉਂਕਿ ਉਹ ਡਰ ਨਾਲ ਭਰ ਗਏ ਸਨ। ਤਦ ਯਿਸ਼ੂ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਚਲੇ ਗਏ।

ਉਹ ਆਦਮੀ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਬਾਹਰ ਨਿੱਕਲੀਆਂ ਸਨ ਉਸ ਨੇ ਯਿਸ਼ੂ ਦੇ ਨਾਲ ਚੱਲਣ ਲਈ ਬੇਨਤੀ ਕੀਤੀ ਪਰ ਯਿਸ਼ੂ ਨੇ ਉਸ ਨੂੰ ਇਹ ਕਹਿ ਕੇ ਭੇਜ ਦਿੱਤਾ, “ਘਰ ਵਾਪਸ ਜਾ ਅਤੇ ਦੱਸ ਕਿ ਪਰਮੇਸ਼ਵਰ ਨੇ ਤੇਰੇ ਲਈ ਕੀ ਕੀਤਾ ਹੈ।” ਤਾਂ ਉਹ ਆਦਮੀ ਚਲਾ ਗਿਆ ਅਤੇ ਸਾਰੇ ਸ਼ਹਿਰ ਵਿੱਚ ਦੱਸਿਆ ਕਿ ਯਿਸ਼ੂ ਨੇ ਉਸ ਲਈ ਕੀ ਕੀਤਾ ਸੀ।

ਇੱਕ ਬਿਮਾਰ ਔਰਤ ਨੂੰ ਠੀਕ ਕਰਨਾ ਅਤੇ ਇੱਕ ਮਰੀ ਹੋਈ ਲੜਕੀ ਨੂੰ ਜੀਵਨ ਦੇਣਾ

ਜਦੋਂ ਯਿਸ਼ੂ ਵਾਪਸ ਆਇਆ ਤਾਂ ਲੋਕਾਂ ਨੇ ਉਸ ਦਾ ਸਵਾਗਤ ਕੀਤਾ ਕਿਉਂਕਿ ਉਹ ਸਭ ਉਸ ਦੀ ਉਡੀਕ ਵਿੱਚ ਸਨ। ਤਦ ਜਾਇਰੂਸ ਨਾਮਕ ਦਾ ਇੱਕ ਪ੍ਰਾਰਥਨਾ ਸਥਾਨ ਦਾ ਆਗੂ ਆਇਆ ਅਤੇ ਉਹ ਯਿਸ਼ੂ ਦੇ ਪੈਰੀ ਡਿੱਗ ਗਿਆ। ਅਤੇ ਉਸ ਨੇ ਯਿਸ਼ੂ ਨੂੰ ਘਰ ਆਉਣ ਦੀ ਬੇਨਤੀ ਕੀਤੀ। ਕਿਉਂਕਿ ਉਸ ਦੀ ਇੱਕਲੌਤੀ ਧੀ ਜੋ ਲਗਭਗ ਬਾਰਾਂ ਸਾਲਾਂ ਦੀ ਸੀ ਉਹ ਮਰਨ ਵਾਲੀ ਸੀ।

ਜਦੋਂ ਯਿਸ਼ੂ ਜਾ ਰਿਹਾ ਸੀ ਤਾਂ ਭੀੜ ਨੇ ਉਸ ਨੂੰ ਘੇਰ ਲਿਆ। ਉਹਨਾਂ ਵਿੱਚ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ। ਉਸ ਨੇ ਆਪਣੀ ਜੀਵਨ ਦੀ ਸਾਰੀ ਕਮਾਈ ਡਾਕਟਰਾਂ ਤੇ ਖਰਚ ਕਰ ਦਿੱਤੀ ਪਰ ਕੋਈ ਵੀ ਉਸ ਦਾ ਇਲਾਜ਼ ਨਾ ਕਰ ਸਕਿਆ। ਉਹ ਭੀੜ ਦੇ ਵਿੱਚੋਂ ਦੀ ਹੋ ਕੇ ਯਿਸ਼ੂ ਦੇ ਪਿੱਛੇ ਆਈ ਅਤੇ ਉਸ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ ਅਤੇ ਉਸੇ ਵੇਲੇ ਉਸ ਦੇ ਲਹੂ ਵਗਣਾ ਬੰਦ ਹੋ ਗਿਆ।

ਯਿਸ਼ੂ ਨੇ ਪੁੱਛਿਆ, “ਮੈਨੂੰ ਕਿਸ ਨੇ ਛੂਹਿਆ?”

ਸਾਰਿਆਂ ਨੇ ਇਸ ਗੱਲ ਦਾ ਇਨਕਾਰ ਕੀਤਾ ਅਤੇ ਪਤਰਸ ਨੇ ਕਿਹਾ, “ਸਵਾਮੀ ਜੀ, ਲੋਕ ਤੁਹਾਡੇ ਆਲੇ-ਦੁਆਲੇ ਹਨ ਅਤੇ ਤੁਹਾਡੇ ਉੱਤੇ ਡਿੱਗ ਰਹੇ ਹਨ।”

ਪਰ ਯਿਸ਼ੂ ਨੇ ਕਿਹਾ, “ਕਿਸੇ ਨੇ ਮੈਨੂੰ ਛੂਹਿਆ ਹੈ ਕਿਉਂਕਿ ਮੈਂ ਮਹਿਸੂਸ ਕੀਤਾ ਹੈ ਕਿ ਚੰਗਾ ਕਰਨ ਦੀ ਸ਼ਕਤੀ ਮੇਰੇ ਵਿੱਚੋਂ ਨਿੱਕਲੀ ਹੈ।”

ਤਦ ਉਸ ਔਰਤ ਨੂੰ ਅਹਿਸਾਸ ਹੋਇਆ ਕਿ ਉਹ ਲੁਕੀ ਨਹੀਂ ਰਹਿ ਸਕਦੀ, ਤਾਂ ਉਹ ਕੰਬਣ ਲੱਗੀ ਅਤੇ ਯਿਸ਼ੂ ਦੇ ਪੈਰਾਂ ਤੇ ਡਿੱਗ ਪਈ ਉਸ ਔਰਤ ਨੇ ਭੀੜ ਦੇ ਸਾਹਮਣੇ ਮੰਨਿਆ ਕਿ ਉਸ ਨੇ ਯਿਸ਼ੂ ਨੂੰ ਕਿਉਂ ਛੂਹਿਆ ਅਤੇ ਉਹ ਤੁਰੰਤ ਚੰਗੀ ਹੋ ਗਈ। ਤਦ ਯਿਸ਼ੂ ਨੇ ਉਸ ਨੂੰ ਕਿਹਾ, “ਬੇਟੀ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਸ਼ਾਂਤੀ ਨਾਲ ਵਾਪਸ ਚਲੀ ਜਾ।”

ਜਦੋਂ ਯਿਸ਼ੂ ਅਜੇ ਬੋਲ ਹੀ ਰਿਹਾ ਸੀ, ਤਾਂ ਪ੍ਰਾਰਥਨਾ ਸਥਾਨ ਦੇ ਆਗੂ ਜਾਇਰੂਸ ਦੇ ਘਰੋਂ ਇੱਕ ਵਿਅਕਤੀ ਸੰਦੇਸ਼ ਲੈ ਕੇ ਆਇਆ ਕੀ, “ਤੁਹਾਡੀ ਧੀ ਮਰ ਗਈ ਹੈ, ਗੁਰੂ ਜੀ ਨੂੰ ਹੁਣ ਪਰੇਸ਼ਾਨ ਕਰਨ ਦੀ ਕੀ ਲੋੜ ਹੈ।”

ਇਹ ਗੱਲ ਸੁਣ ਕੇ ਯਿਸ਼ੂ ਨੇ ਜਾਇਰੂਸ ਨੂੰ ਕਿਹਾ, “ਡਰ ਨਾ! ਕੇਵਲ ਵਿਸ਼ਵਾਸ ਕਰ ਅਤੇ ਉਹ ਚੰਗੀ ਹੋ ਜਾਵੇਗੀ।”

ਜਦੋਂ ਉਹ ਜਾਇਰੂਸ ਦੇ ਘਰ ਪਹੁੰਚੇ, ਯਿਸ਼ੂ ਨੇ ਪਤਰਸ, ਯੋਹਨ ਅਤੇ ਯਾਕੋਬ ਅਤੇ ਕੁੜੀ ਦੇ ਪਿਤਾ ਅਤੇ ਮਾਤਾ ਨੂੰ ਛੱਡ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਆਉਣ ਨਾ ਦਿੱਤਾ। ਉੱਥੇ ਮੌਜੂਦ ਹਰ ਕੋਈ ਉਸ ਕੁੜੀ ਲਈ ਰੋ ਰਿਹਾ ਸੀ ਅਤੇ ਸੋਗ ਕਰ ਰਿਹਾ ਸੀ। ਯਿਸ਼ੂ ਨੇ ਕਿਹਾ, “ਰੋਵੋ ਨਾ ਜੋ ਉਹ ਕੁੜੀ ਮਰੀ ਨਹੀਂ, ਪਰ ਸੁੱਤੀ ਪਈ ਹੈ!”

ਉਹ ਸਾਰੇ ਯਿਸ਼ੂ ਉੱਤੇ ਹੱਸਣ ਲੱਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਲੜਕੀ ਦੀ ਮੌਤ ਹੋ ਗਈ ਹੈ। ਯਿਸ਼ੂ ਨੇ ਉਸ ਦਾ ਹੱਥ ਫੜਿਆ ਅਤੇ ਕਿਹਾ, “ਬੇਟੀ! ਉੱਠ ਜਾ!” ਉਸ ਦੇ ਪ੍ਰਾਣ ਉਸ ਵਿੱਚ ਵਾਪਸ ਆ ਗਏ ਅਤੇ ਉਹ ਤੁਰੰਤ ਖੜ੍ਹੀ ਹੋ ਗਈ। ਯਿਸ਼ੂ ਨੇ ਉਹਨਾਂ ਨੂੰ ਕਿਹਾ ਕੁੜੀ ਨੂੰ ਕੁਝ ਖਾਣ ਲਈ ਦੇਵੋ। ਉਸ ਦੇ ਮਾਤਾ-ਪਿਤਾ ਹੈਰਾਨ ਹੋ ਗਏ ਪਰ ਯਿਸ਼ੂ ਨੇ ਉਹਨਾਂ ਨੂੰ ਹਿਦਾਇਤ ਦਿੱਤੀ ਕਿ ਜੋਂ ਕੁਝ ਹੋਇਆ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਨਾ।

Source notes (1)
  1. Footnote ਯਸ਼ਾ 6:9

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.