Skip to content
BibleKenya

Biblica® Open Punjabi Contemporary Version 2025

ਲੂਕਸ 20

ਯਿਸ਼ੂ ਦੇ ਅਧਿਕਾਰ ਨੂੰ ਚਣੌਤੀ

ਇੱਕ ਦਿਨ ਜਦੋਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਲੋਕਾਂ ਨੂੰ ਸਿੱਖਿਆ ਦੇ ਰਹੇ ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਕਰ ਰਹੇ ਸੀ, ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਨਾਲ ਮਿਲ ਕੇ ਯਹੂਦੀ ਬਜ਼ੁਰਗ ਉਸ ਦੇ ਕੋਲ ਆਏ। ਉਹਨਾਂ ਨੇ ਕਿਹਾ, ਸਾਨੂੰ ਦੱਸੋ ਕਿ ਤੁਸੀਂ ਕਿਸ ਅਧਿਕਾਰ ਨਾਲ ਇਹ ਕੰਮ ਕਰ ਰਹੇ ਸੀ, “ਕਿ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ?”

ਉਸ ਨੇ ਜਵਾਬ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਪ੍ਰਸ਼ਨ ਪੁੱਛਦਾ ਹਾਂ: ਮੈਨੂੰ ਦੱਸੋ, ਯੋਹਨ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ?”

ਉਹ ਆਪਸ ਵਿੱਚ ਇਸ ਬਾਰੇ ਵਿਚਾਰ ਕਰਕੇ ਕਹਿਣ ਲੱਗੇ, “ਜੇ ਅਸੀਂ ਆਖੀਏ, ‘ਸਵਰਗ ਤੋਂ,’ ਤਾਂ ਉਹ ਪੁੱਛੇਗਾ, ‘ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ ” ਪਰ ਜੇ ਅਸੀਂ ਕਹਿੰਦੇ ਹਾਂ, ਮਨੁੱਖ ਵੱਲੋਂ, ਤਾਂ ਸਾਰੇ ਲੋਕ ਸਾਨੂੰ ਪੱਥਰ ਮਾਰ ਦੇਣਗੇ, ਕਿਉਂਕਿ ਉਹਨਾਂ ਨੂੰ ਪੱਕਾ ਯਕੀਨ ਹੈ ਕਿ ਯੋਹਨ ਇੱਕ ਨਬੀ ਸੀ।

ਤਾਂ ਉਹਨਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਸੀ।”

ਯਿਸ਼ੂ ਨੇ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਕੰਮ ਕਰ ਰਿਹਾ ਹਾਂ।”

ਕਿਰਾਏਦਾਰਾਂ ਦਾ ਦ੍ਰਿਸ਼ਟਾਂਤ

ਉਹ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਉਣ ਲੱਗਾ ਕਿ: “ਇੱਕ ਆਦਮੀ ਨੇ ਅੰਗੂਰੀ ਬਾਗ਼ ਲਾਇਆ ਅਤੇ ਕੁਝ ਕਿਸਾਨਾਂ ਨੂੰ ਕਿਰਾਏ ਤੇ ਦਿੱਤਾ ਅਤੇ ਆਪ ਲੰਬੀ ਯਾਤਰਾ ਤੇ ਚਲਾ ਗਿਆ। ਵਾਢੀ ਵੇਲੇ ਉਸਨੇ ਇੱਕ ਨੌਕਰ ਨੂੰ ਉਸ ਕਿਰਾਏਦਾਰ ਕੋਲ ਭੇਜਿਆ ਤਾਂ ਜੋ ਉਹ ਉਸ ਨੂੰ ਬਾਗ਼ ਦਾ ਕੁਝ ਫ਼ਲ ਦੇਣ। ਪਰ ਕਿਰਾਏਦਾਰਾਂ ਨੇ ਉਸ ਨੂੰ ਕੁੱਟਿਆ ਅਤੇ ਖਾਲੀ ਹੱਥ ਭੇਜ ਦਿੱਤਾ। ਉਸ ਨੇ ਇੱਕ ਹੋਰ ਨੌਕਰ ਨੂੰ ਭੇਜਿਆ, ਪਰ ਉਸ ਨੂੰ ਵੀ ਉਹਨਾਂ ਨੇ ਕੁੱਟਿਆ ਅਤੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਖਾਲੀ ਹੱਥ ਭੇਜ ਦਿੱਤਾ। ਉਸ ਨੇ ਇੱਕ ਹੋਰ ਤੀਜੇ ਦਾਸ ਨੂੰ ਭੇਜਿਆ ਅਤੇ ਉਹਨਾਂ ਨੇ ਉਸ ਨੂੰ ਜ਼ਖਮੀ ਕਰਕੇ ਬਾਹਰ ਸੁੱਟ ਦਿੱਤਾ।

“ਤਾਂ ਬਾਗ਼ ਦੇ ਮਾਲਕ ਨੇ ਆਪਣੇ ਆਪ ਨੂੰ ਕਿਹਾ, ‘ਮੈਂ ਕੀ ਕਰਾਂ? ਮੈਂ ਆਪਣੇ ਪੁੱਤਰ ਨੂੰ ਭੇਜਾਂਗਾ, ਜਿਸ ਨੂੰ ਮੈਂ ਪਿਆਰ ਕਰਦਾ ਹਾਂ; ਸ਼ਾਇਦ ਉਹ ਉਸ ਦਾ ਸਤਿਕਾਰ ਕਰਨਗੇ।’

“ਪਰ ਜਦੋਂ ਕਿਰਾਏਦਾਰਾਂ ਨੇ ਉਸ ਨੂੰ ਵੇਖਿਆ ਤਾਂ ਉਹਨਾਂ ਨੇ ਇਸ ਬਾਰੇ ਗੱਲ ਕੀਤੀ। ਉਹਨਾਂ ਨੇ ਕਿਹਾ, ‘ਇਹ ਵਾਰਸ ਹੈ, ਆਓ ਇਸ ਨੂੰ ਮਾਰ ਦੇਈਏ ਅਤੇ ਵਿਰਾਸਤ ਸਾਡੀ ਹੋ ਜਾਵੇਗੀ।’ ਤਾਂ ਉਹਨਾਂ ਉਸ ਨੂੰ ਫੜ ਲਿਆ ਅਤੇ ਬਾਗ਼ ਵਿੱਚੋਂ ਬਾਹਰ ਕੱਢ ਕੇ ਉਸ ਨੂੰ ਮਾਰ ਸੁੱਟਿਆ।

“ਤਾਂ ਹੁਣ ਬਾਗ਼ ਦਾ ਮਾਲਕ ਉਹਨਾਂ ਨਾਲ ਕੀ ਕਰੇਂਗਾ? ਉਹ ਆਵੇਗਾ ਅਤੇ ਉਹਨਾਂ ਕਿਰਾਏਦਾਰਾਂ ਨੂੰ ਮਾਰ ਦੇਵੇਗਾ ਅਤੇ ਅੰਗੂਰਾਂ ਦਾ ਬਾਗ਼ ਕਿਸੇ ਦੂਸਰੇ ਨੂੰ ਦੇ ਦੇਵੇਗਾ।”

ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਪਰਮੇਸ਼ਵਰ ਇਸ ਤਰ੍ਹਾਂ ਕਦੇ ਨਾ ਕਰੇ!”

ਯਿਸ਼ੂ ਨੇ ਉਹਨਾਂ ਵੱਲ ਸਿੱਧਾ ਵੇਖਿਆ ਅਤੇ ਪੁੱਛਿਆ, “ਫਿਰ ਇਸ ਲਿਖੇ ਹੋਏ ਸ਼ਬਦ ਦਾ ਕੀ ਅਰਥ ਹੈ:

“ ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ

ਉਹੀ ਖੂੰਜੇ ਦਾ ਪੱਥਰ ਬਣ ਗਿਆ’?1

ਹਰ ਕੋਈ ਜਿਹੜਾ ਉਸ ਪੱਥਰ ਤੇ ਡਿੱਗੇਗਾ ਟੁੱਟ ਜਾਵੇਗਾ। ਜਿਸ ਕਿਸੇ ਉੱਤੇ ਇਹ ਪੱਥਰ ਡਿੱਗੇਗਾ ਉਸ ਨੂੰ ਪੀਹ ਦੇਵੇਗਾ।”

ਨੇਮ ਦੇ ਉਪਦੇਸ਼ਕ ਅਤੇ ਮੁੱਖ ਜਾਜਕਾਂ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦਾ ਰਾਹ ਲੱਭ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਯਿਸ਼ੂ ਨੇ ਉਹਨਾਂ ਦੇ ਵਿਰੁੱਧ ਇਹ ਦ੍ਰਿਸ਼ਟਾਂਤ ਦੱਸਿਆ ਸੀ। ਪਰ ਉਹ ਲੋਕਾਂ ਤੋਂ ਡਰਦੇ ਸਨ।

ਕੈਸਰ ਨੂੰ ਟੈਕਸ ਅਦਾ ਕਰਨਾ

ਯਿਸ਼ੂ ਉੱਤੇ ਨਿਗਰਾਨੀ ਰੱਖਦਿਆਂ, ਉਹਨਾਂ ਨੇ ਆਪਣੇ ਜਾਸੂਸਾਂ ਨੂੰ ਪ੍ਰਭੂ ਯਿਸ਼ੂ ਕੋਲ ਭੇਜਿਆ ਤਾਂ ਜੋ ਉਹ ਧਰਮ ਦੇ ਬਹਾਨੇ ਪ੍ਰਭੂ ਯਿਸ਼ੂ ਨੂੰ ਆਪਣੀ ਕਿਸੇ ਗੱਲ ਵਿੱਚ ਫਸਾਉਣ। ਤਾਂ ਜੋ ਉਹ ਉਹਨਾਂ ਨੂੰ ਰਾਜਪਾਲ ਦੇ ਅਧਿਕਾਰ ਦੇ ਹਵਾਲੇ ਕਰ ਦੇਣ। ਤਾਂ ਜਾਸੂਸਾਂ ਨੇ ਉਹਨਾਂ ਨੂੰ ਪੁੱਛਿਆ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸਹੀ ਬੋਲਦੇ ਹੋ ਅਤੇ ਸਿਖਾਉਂਦੇ ਹੋ ਅਤੇ ਤੁਸੀਂ ਪੱਖਪਾਤ ਨਹੀਂ ਕਰਦੇ, ਪਰ ਸੱਚਾਈ ਦੇ ਅਨੁਸਾਰ ਪਰਮੇਸ਼ਵਰ ਦੇ ਰਾਹ ਦੀ ਸਿਖਲਾਈ ਦਿੰਦੇ ਹੋ। ਕੀ ਸਾਡੇ ਲਈ ਕੈਸਰ ਨੂੰ ਟੈਕਸ ਦੇਣਾ ਸਹੀ ਹੈ ਜਾਂ ਨਹੀਂ?”

ਯਿਸ਼ੂ ਨੇ ਉਹਨਾਂ ਦੀ ਚਤਰਾਈ ਵੇਖੀ ਅਤੇ ਉਹਨਾਂ ਨੂੰ ਕਿਹਾ, “ਮੈਨੂੰ ਇੱਕ ਦੀਨਾਰ ਵਿਖਾਓ। ਇਸ ਉੱਤੇ ਕਿਸ ਦੀ ਤਸਵੀਰ ਅਤੇ ਲਿਖਤ ਹੈ?”

ਉਹਨਾਂ ਨੇ ਜਵਾਬ ਦਿੱਤਾ, “ਕੈਸਰ।”

ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਜਿਹੜੀਆਂ ਚੀਜ਼ਾ ਕੈਸਰ ਦੀਆ ਹਨ ਕੈਸਰ ਨੂੰ ਦਿਓ, ਅਤੇ ਜਿਹੜੀਆਂ ਪਰਮੇਸ਼ਵਰ ਦੀਆਂ ਹਨ ਉਹ ਪਰਮੇਸ਼ਵਰ ਨੂੰ ਦਿਓ।”

ਭੀੜ ਦੀ ਮੌਜੂਦਗੀ ਵਿੱਚ ਉਹ ਪ੍ਰਭੂ ਯਿਸ਼ੂ ਨੂੰ ਉਸ ਦੇ ਸ਼ਬਦਾਂ ਦੇ ਕਾਰਨ ਫੜਨ ਵਿੱਚ ਅਸਫ਼ਲ ਰਹੇ। ਪ੍ਰਭੂ ਯਿਸ਼ੂ ਦੇ ਇਸ ਜਵਾਬ ਤੋਂ ਉਹ ਹੈਰਾਨ ਰਹਿ ਗਏ ਅਤੇ ਅੱਗੇ ਕੁਝ ਨਾ ਕਹਿ ਸਕੇ।

ਦੁਬਾਰਾ ਜੀ ਉੱਠਣਾ ਅਤੇ ਵਿਆਹ

ਕੁਝ ਸਦੂਕੀ, ਜਿਹੜੇ ਆਖਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਯਿਸ਼ੂ ਦੇ ਕੋਲ ਆਏ ਅਤੇ ਪ੍ਰਸ਼ਨ ਕਰਨ ਲੱਗੇ। ਉਹਨਾਂ ਨੇ ਕਿਹਾ, “ਗੁਰੂ ਜੀ, ਮੋਸ਼ੇਹ ਨੇ ਸਾਡੇ ਲਈ ਲਿਖਿਆ ਸੀ ਕਿ ਜੇ ਕਿਸੇ ਮਨੁੱਖ ਦਾ ਭਰਾ ਬੇ-ਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਵਾ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ।2 ਹੁਣ ਸੱਤ ਭਰਾ ਸਨ, ਪਹਿਲੇ ਭਰਾ ਨੇ ਇੱਕ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਬੇ-ਔਲਾਦ ਮਰ ਗਿਆ। ਫਿਰ ਦੂਸਰੇ ਭਰਾ ਨੇ ਫਿਰ ਤੀਜੇ ਭਰਾ ਨੇ ਉਸ ਨਾਲ ਵਿਆਹ ਕਰਵਾ ਲਿਆ ਅਤੇ ਉਸੇ ਤਰ੍ਹਾਂ ਉਹ ਸੱਤੇ ਬੇ-ਔਲਾਦ ਹੀ ਮਰ ਗਏ। ਅੰਤ ਵਿੱਚ, ਉਹ ਔਰਤ ਵੀ ਮਰ ਗਈ। ਤਾਂ ਫਿਰ, ਪੁਨਰ-ਉਥਾਨ ਵਾਲੇ ਦਿਨ ਉਹ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾ ਨੇ ਉਸ ਨਾਲ ਵਿਆਹ ਕਰਵਾਇਆ ਸੀ।”

ਯਿਸ਼ੂ ਨੇ ਜਵਾਬ ਦਿੱਤਾ, “ਇਸੇ ਯੁੱਗ ਦੇ ਲੋਕ ਵਿਆਹ ਕਰਾਉਂਦੇ ਹਨ ਅਤੇ ਵਿਆਹ ਲਈ ਦਿੱਤੇ ਜਾਂਦੇ ਹਨ। ਪਰ ਜਿਹੜੇ ਲੋਕ ਆਉਣ ਵਾਲੇ ਯੁੱਗ ਵਿੱਚ ਅਤੇ ਪੁਨਰ-ਉਥਾਨ ਦੇ ਯੋਗ ਮੰਨੇ ਜਾਂਦੇ ਹਨ ਉਹ ਨਾ ਤਾਂ ਵਿਆਹ ਕਰਾਉਣਗੇ ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ। ਅਤੇ ਉਹ ਹੁਣ ਨਹੀਂ ਮਰਨਗੇ ਕਿਉਂਕਿ ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ। ਉਹ ਪਰਮੇਸ਼ਵਰ ਦੇ ਬੱਚੇ ਹਨ, ਕਿਉਂਕਿ ਉਹ ਪੁਨਰ-ਉਥਾਨ ਦੇ ਬੱਚੇ ਹਨ। ਪਰ ਬਲਦੀ ਝਾੜੀ ਦੀ ਘਟਣਾ ਬਾਰੇ, ਮੋਸ਼ੇਹ ਨੇ ਵੀ ਇਹ ਦਰਸਾਇਆ ਕਿ ਮੁਰਦਿਆਂ ਦਾ ਦੁਬਾਰਾ ਜੀ ਉੱਠਣਾ ਸੱਚਾਈ ਹੈ, ਕਿਉਂਕਿ ਉਹ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ, ਅਤੇ ਯਾਕੋਬ ਦਾ ਪਰਮੇਸ਼ਵਰ,’ ਆਖਦੇ ਹਨ।3 ਉਹ ਮੁਰਦਿਆਂ ਦਾ ਨਹੀਂ, ਪਰ ਜਿਉਂਦਿਆਂ ਦਾ ਪਰਮੇਸ਼ਵਰ ਹੈ। ਕਿਉਂ ਜੋ ਉਸ ਲਈ ਸਾਰੇ ਜਿਉਂਦੇ ਹਨ।”

ਕੁਝ ਸ਼ਾਸਤਰੀਆਂ ਨੇ ਉੱਤਰ ਦਿੱਤਾ, “ਸਹੀ ਕਿਹਾ, ਗੁਰੂ ਜੀ!” ਅਤੇ ਕਿਸੇ ਨੇ ਉਹ ਨੂੰ ਹੋਰ ਕੋਈ ਸਵਾਲ ਪੁੱਛਣ ਦੀ ਹਿੰਮਤ ਵੀ ਨਾ ਕੀਤੀ।

ਮਸੀਹ ਕਿਸ ਦੇ ਪੁੱਤਰ ਹਨ?

ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮਸੀਹ ਨੂੰ ਦਾਵੀਦ ਦਾ ਪੁੱਤਰ ਕਿਉਂ ਕਿਹਾ ਗਿਆ ਹੈ? ਦਾਵੀਦ ਨੇ ਖੁਦ, ਜ਼ਬੂਰਾਂ ਦੀ ਪੁਸਤਕ ਵਿੱਚ ਘੋਸ਼ਣਾ ਕੀਤੀ ਹੈ:

“ ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,

“ਮੇਰੇ ਸੱਜੇ ਹੱਥ ਬੈਠ,

ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ

ਤੇਰੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ।4” ’

ਦਾਵੀਦ ਉਸ ਨੂੰ ‘ਪ੍ਰਭੂ,’ ਕਹਿ ਕੇ ਬੁਲਾਉਂਦਾ ਹੈ। ਤਾਂ ਫਿਰ ਉਹ ਦਾਵੀਦ ਦਾ ਪੁੱਤਰ ਕਿਵੇਂ ਹੋ ਸਕਦਾ ਹੈ?”

ਸ਼ਾਸਤਰੀਆਂ ਖਿਲਾਫ ਚੇਤਾਵਨੀ

ਜਦੋਂ ਸਾਰੇ ਲੋਕ ਸੁਣ ਰਹੇ ਸਨ, ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਿਵਸਥਾ ਦੇ ਉਪਦੇਸ਼ਕਾਂ ਤੋਂ ਸਾਵਧਾਨ ਰਹੋ। ਉਹ ਲੰਬੀਆਂ ਅਤੇ ਲਹਿਰੋਦੀਆਂ ਪੁਸ਼ਾਕਾਂ ਵਿੱਚ ਘੁੰਮਣਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਤਿਕਾਰ ਨਾਲ ਨਮਸਕਾਰ ਅਖਵਾਉਂਣਾ ਪਸੰਦ ਕਰਦੇ ਹਨ। ਉਹ ਪ੍ਰਾਰਥਨਾ ਸਥਾਨਾਂ ਵਿੱਚ ਮੁੱਖ ਆਸਨ ਅਤੇ ਦਾਅਵਤਾਂ ਵਿੱਚ ਮੁੱਖ ਸਥਾਨਾਂ ਉੱਤੇ ਬੈਠਣਾ ਚਾਹੁੰਦੇ ਹਨ। ਉਹ ਵਿਧਵਾਵਾਂ ਦੇ ਘਰ ਖੋਹ ਲੈਂਦੇ ਅਤੇ ਇੱਕ ਦਿਖਾਵੇ ਲਈ ਲੰਮੀਆਂ ਪ੍ਰਾਰਥਨਾ ਕਰਦੇ ਹਨ। ਇਨ੍ਹਾਂ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।”

Source notes (4)
  1. Footnote ਜ਼ਬੂ 118:22-23
  2. Footnote ਉਤ 38:8; ਬਿਵ 25:5
  3. Footnote ਕੂਚ 3:2,6
  4. Footnote ਜ਼ਬੂ 110:1

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.