Biblica® Open Punjabi Contemporary Version 2025
ਲੂਕਸ 15
ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ
ਇੱਕ ਦਿਨ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ, ਯਿਸ਼ੂ ਦੀਆਂ ਗੱਲਾਂ ਸੁਣਨ ਲਈ ਉਸ ਦੇ ਆਲੇ-ਦੁਆਲੇ ਇਕੱਠੇ ਹੋ ਰਹੇ ਸਨ। ਪਰ ਫ਼ਰੀਸੀ ਅਤੇ ਸ਼ਾਸਤਰੀ ਕੁੜ੍ਹਨ ਲੱਗੇ ਅਤੇ ਆਪਸ ਵਿੱਚ ਕਹਿਣ ਲੱਗੇ, “ਇਹ ਆਦਮੀ ਪਾਪੀਆਂ ਦਾ ਸਵੀਕਾਰ ਕਰਦਾ ਹੈ ਅਤੇ ਉਹਨਾਂ ਨਾਲ ਭੋਜਨ ਕਰਦਾ ਹੈ।”
ਇਸ ਲਈ ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ: “ਮੰਨ ਲਓ ਤੁਹਾਡੇ ਵਿੱਚੋਂ ਇੱਕ ਕੋਲ ਸੌ ਭੇਡਾਂ ਹੋਣ ਅਤੇ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਕੀ ਉਹ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਭੇਡ ਦੀ ਭਾਲ ਵਿੱਚ ਨਹੀਂ ਜਾਵੇਗਾ ਜਦ ਤੱਕ ਉਹ ਉਸ ਨੂੰ ਲੱਭ ਨਾ ਜਾਵੇਂ? ਅਤੇ ਜਦੋਂ ਉਸ ਨੂੰ ਉਹ ਲੱਭ ਜਾਂਦੀ ਹੈ ਤਾਂ ਉਹ ਖੁਸ਼ੀ ਨਾਲ ਉਸ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲੈਂਦਾ ਹੈ। ਅਤੇ ਘਰ ਜਾ ਕੇ ਉਹ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਇਕੱਠਾ ਕਰਦਾ ਹੈ ਅਤੇ ਕਹਿੰਦਾ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਮੇਰੀ ਗੁਆਚੀ ਹੋਈ ਭੇਡ ਲੱਭ ਗਈ ਹੈ।’ ਮੈਂ ਤੁਹਾਨੂੰ ਆਖਦਾ ਹਾਂ ਉਹਨਾਂ ਨੜਿੰਨਵਿਆਂ ਧਰਮੀ ਲੋਕਾਂ ਨਾਲੋਂ ਜਿਨ੍ਹਾਂ ਨੂੰ ਆਪਣੇ ਪਾਪਾਂ ਦਾ ਪਛਤਾਵਾ ਕਰਨ ਦੀ ਲੋੜ ਨਹੀਂ ਹੈ, ਇੱਕ ਪਾਪੀ ਮਨੁੱਖ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਉਸ ਲਈ ਸਵਰਗ ਵਿੱਚ ਜ਼ਿਆਦਾ ਖੁਸ਼ੀ ਮਨਾਈ ਜਾਵੇਗੀ।
ਗੁਆਚੇ ਹੋਏ ਸਿੱਕੇ ਦਾ ਦ੍ਰਿਸ਼ਟਾਂਤ
“ਜਾਂ ਮੰਨ ਲਓ ਕਿ ਇੱਕ ਔਰਤ ਕੋਲ ਚਾਂਦੀ ਦੇ ਦਸ ਸਿੱਕੇ1 ਹਨ ਅਤੇ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਕੀ ਉਹ ਦੀਵਾ ਜਗਾ ਕੇ ਅਤੇ ਘਰ ਦੀ ਸਾਫ਼ ਸਫ਼ਾਈ ਕਰ ਕੇ ਉਹ ਨੂੰ ਯਤਨ ਨਾਲ ਲੱਭਦੀ ਹੈ, ਜਦ ਤੱਕ ਉਸ ਨੂੰ ਉਹ ਲੱਭ ਨਾ ਜਾਵੇ? ਅਤੇ ਜਦੋਂ ਉਸ ਨੂੰ ਉਹ ਸਿੱਕਾ ਲੱਭ ਜਾਂਦਾ ਹੈ ਤਾਂ ਉਹ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਇਕੱਠਾ ਕਰਦੀ ਹੈ ਅਤੇ ਕਹਿੰਦੀ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਮੇਰਾ ਗੁਆਚਿਆ ਹੋਇਆ ਸਿੱਕਾ ਲੱਭ ਗਿਆ ਹੈ।’ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਵਰ ਦੇ ਦੂਤਾਂ ਦੀ ਹਜ਼ੂਰੀ ਵਿੱਚ ਇੱਕ ਪਾਪੀ ਮਨੁੱਖ ਲਈ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਖੁਸ਼ੀ ਮਨਾਈ ਜਾਂਦੀ ਹੈ।”
ਗੁਆਚੇ ਪੁੱਤਰ ਦਾ ਦ੍ਰਿਸ਼ਟਾਂਤ
ਯਿਸ਼ੂ ਨੇ ਅੱਗੇ ਆਖਿਆ: “ਇੱਕ ਆਦਮੀ ਸੀ ਜਿਸ ਦੇ ਦੋ ਪੁੱਤਰ ਸਨ। ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਵਿੱਚੋਂ ਮੈਨੂੰ ਮੇਰਾ ਹਿੱਸਾ ਦੇ ਦਿਓ।’ ਇਸ ਲਈ ਉਸ ਨੇ ਆਪਣੀ ਜਾਇਦਾਦ ਨੂੰ ਦੋਵੇਂ ਪੁੱਤਰਾਂ ਦੇ ਵਿੱਚ ਵੰਡ ਦਿੱਤਾ।
“ਇਸ ਤੋਂ ਥੋੜ੍ਹੀ ਦੇਰ ਬਾਅਦ ਛੋਟੇ ਪੁੱਤਰ ਨੇ ਆਪਣੇ ਹਿੱਸੇ ਆਈ ਸਾਰੀ ਜਾਇਦਾਦ ਲੈ ਲਈ ਅਤੇ ਇੱਕ ਦੂਰ ਦੇਸ਼ ਲਈ ਰਵਾਨਾ ਹੋ ਗਿਆ। ਉੱਥੇ ਉਸ ਨੇ ਆਪਣੀ ਮ਼ਰਜੀ ਦਾ ਜੀਵਨ ਜਿਓਣ ਲਈ ਆਪਣਾ ਸਾਰਾ ਪੈਸਾ ਬਰਬਾਦ ਕਰ ਦਿੱਤਾ। ਜਦੋਂ ਉਸ ਨੇ ਸਭ ਕੁਝ ਖਰਚ ਲਿਆ, ਉਸ ਦੇ ਬਾਅਦ ਸਾਰੇ ਦੇਸ਼ ਵਿੱਚ ਇੱਕ ਭਿਆਨਕ ਕਾਲ ਪੈ ਗਿਆ ਪਰ ਉਸ ਕੋਲ ਹੁਣ ਕੁਝ ਵੀ ਬਾਕੀ ਨਹੀਂ ਬਚਿਆ ਸੀ। ਇਸ ਲਈ ਉਹ ਉਸ ਦੇਸ਼ ਦੇ ਇੱਕ ਨਾਗਰਿਕ ਕੋਲ ਗਿਆ ਤਾਂ ਅਤੇ ਉਸ ਨੇ ਉਹ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ। ਉਹ ਸੂਰਾਂ ਦੇ ਚਾਰੇ ਨਾਲ ਹੀ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਸੇ ਨੇ ਉਸ ਨੂੰ ਖਾਣ ਨੂੰ ਕੁਝ ਨਹੀਂ ਦਿੱਤਾ।
“ਜਦੋਂ ਉਸ ਨੂੰ ਸੁਰਤ ਆਈ ਤਾਂ ਉਸ ਨੇ ਆਪਣੇ ਆਪ ਨੂੰ ਕਿਹਾ, ‘ਮੇਰੇ ਪਿਤਾ ਦੇ ਭਾੜੇ ਦੇ ਕਿੰਨੇ ਨੌਕਰਾਂ ਕੋਲ ਕਿੰਨਾ ਜ਼ਿਆਦਾ ਭੋਜਨ ਹੈ ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ! ਮੈਂ ਆਪਣੇ ਪਿਤਾ ਕੋਲ ਵਾਪਸ ਜਾਵਾਂਗਾ ਅਤੇ ਉਹਨਾਂ ਨੂੰ ਆਖਾਂਗਾ, ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਮੈਂ ਹੁਣ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ। ਮੈਨੂੰ ਆਪਣੇ ਭਾੜੇ ਦੇ ਨੌਕਰਾਂ ਵਾਂਗ ਹੀ ਰੱਖ ਲਓ।’ ਤਾਂ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ।
“ਪਰ ਜਦੋਂ ਉਹ ਅਜੇ ਬਹੁਤ ਦੂਰ ਹੀ ਸੀ ਉਸ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਉਹ ਤਰਸ ਨਾਲ ਭਰ ਗਿਆ। ਉਹ ਭੱਜ ਕੇ ਆਪਣੇ ਪੁੱਤਰ ਕੋਲ ਗਿਆ ਅਤੇ ਉਸੇ ਨੂੰ ਆਪਣੇ ਗਲੇ ਨਾਲ ਲਾ ਕੇ ਚੁੰਮਿਆ।
“ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ।’
“ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਛੇਤੀ ਨਾਲ ਸਭ ਤੋਂ ਵਧੀਆ ਬਸਤਰ ਲਿਆਓ ਅਤੇ ਇਸ ਨੂੰ ਪਹਿਨਾਓ ਅਤੇ ਇਸ ਦੀ ਉਂਗਲ ਵਿੱਚ ਅੰਗੂਠੀ ਅਤੇ ਇਸ ਦੇ ਪੈਰੀਂ ਜੁੱਤੀ ਪਾਓ। ਅਤੇ ਪਲਿਆ ਹੋਇਆ ਵੱਛਾ ਲਿਆ ਕੇ ਦਾਵਤ ਤਿਆਰ ਕਰੋ ਤਾਂ ਜੋ ਅਸੀਂ ਖੁਸ਼ੀ ਮਨਾਈਏ। ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਪਰ ਉਹ ਫੇਰ ਜਿਉਂਦਾ ਹੋ ਗਿਆ ਹੈ; ਉਹ ਗੁੰਮ ਗਿਆ ਸੀ ਅਤੇ ਉਹ ਲੱਭ ਗਿਆ ਹੈ।’ ਇਸ ਲਈ ਉਹਨਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
“ਇਸ ਦੌਰਾਨ ਵੱਡਾ ਪੁੱਤਰ ਖੇਤ ਵਿੱਚ ਸੀ। ਜਦੋਂ ਉਹ ਘਰ ਦੇ ਨੇੜੇ ਆਇਆ ਤਾਂ ਉਸ ਨੇ ਸੰਗੀਤ ਅਤੇ ਨੱਚਣ ਦੀ ਆਵਾਜ਼ ਸੁਣੀ। ਇਸ ਲਈ ਉਸ ਨੇ ਇੱਕ ਨੌਕਰ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ ਇਹ ਸਭ ਕੀ ਹੋ ਰਿਹਾ ਹੈ। ਨੌਕਰ ਨੇ ਜਵਾਬ ਦਿੱਤਾ, ‘ਤੁਹਾਡਾ ਭਰਾ ਵਾਪਸ ਆ ਗਿਆ ਹੈ ਅਤੇ ਤੁਹਾਡੇ ਪਿਤਾ ਜੀ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ, ਕਿਉਂਕਿ ਉਹਨਾਂ ਦਾ ਪੁੱਤਰ ਉਹਨਾਂ ਕੋਲ ਭਲਾ ਅਤੇ ਚੰਗਾ ਵਾਪਸ ਆ ਗਿਆ ਹੈ।’
“ਵੱਡਾ ਭਰਾ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਅੰਦਰ ਜਾਣ ਤੋਂ ਮਨ੍ਹਾਂ ਕਰ ਦਿੱਤਾ। ਇਸ ਲਈ ਉਸ ਦੇ ਪਿਤਾ ਨੇ ਬਾਹਰ ਜਾ ਕੇ ਉਸ ਨੂੰ ਬੇਨਤੀ ਕੀਤੀ। ਪਰ ਉਸ ਨੇ ਆਪਣੇ ਪਿਤਾ ਨੂੰ ਉੱਤਰ ਦਿੱਤਾ, ‘ਦੇਖੋ! ਇਹ ਸਾਰੇ ਸਾਲ ਮੈਂ ਇੱਕ ਗੁਲਾਮ ਦੀ ਤਰ੍ਹਾਂ ਤੁਹਾਡੀ ਸੇਵਾ ਕਰਦਾ ਰਿਹਾ ਹਾਂ ਅਤੇ ਕਦੇ ਵੀ ਤੁਹਾਡੇ ਹੁਕਮਾਂਂ ਨੂੰ ਨਹੀਂ ਮੋੜਿਆ। ਫਿਰ ਵੀ ਤੁਸੀਂ ਮੈਨੂੰ ਕਦੇ ਇੱਕ ਮੇਮਣਾ ਵੀ ਨਹੀਂ ਦਿੱਤਾ ਤਾਂ ਜੋ ਮੈਂ ਆਪਣੇ ਦੋਸਤਾਂ ਨਾਲ ਮਿਲ ਕੇ ਖੁਸ਼ੀ ਮਨਾਵਾਂ। ਪਰ ਜਦੋਂ ਤੁਹਾਡਾ ਇਹ ਪੁੱਤਰ ਜਿਸ ਨੇ ਵੇਸਵਾਵਾਂ ਉੱਤੇ ਤੁਹਾਡੀ ਜਾਇਦਾਦ ਉੱਡਾ ਦਿੱਤੀ ਹੈ, ਘਰ ਵਾਪਸ ਆ ਗਿਆ, ਤਾਂ ਤੁਸੀਂ ਉਸ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ!’
“ਪਿਤਾ ਨੇ ਕਿਹਾ, ‘ਮੇਰੇ ਪੁੱਤਰ, ਤੂੰ ਹਮੇਸ਼ਾ ਮੇਰੇ ਨਾਲ ਹੈ ਅਤੇ ਜੋ ਕੁਝ ਮੇਰੇ ਕੋਲ ਹੈ ਉਹ ਤੇਰਾ ਹੈ। ਪਰ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਅਤੇ ਜਸ਼ਨ ਮਨਾਓਣਾ ਚਾਹੀਦਾ ਹੈ ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ ਅਤੇ ਹੁਣ ਜਿਉਂਦਾ ਹੋ ਗਿਆ ਹੈ; ਉਹ ਗੁਆਚ ਗਿਆ ਸੀ ਅਤੇ ਹੁਣ ਉਹ ਲੱਭ ਗਿਆ ਹੈ।’ ”
Source notes (1)
- Footnote ਯੁਨਾਨੀ ਦਸ ਚਾਂਦੀ ਦੇ ਸਿੱਕੇ ਇੱਕ ਸਿੱਕੇ ਦੀ ਕੀਮਤ ਇੱਕ ਦਿਨ ਦੀ ਦਿਹਾੜੀ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.