Biblica® Open Punjabi Contemporary Version 2025
ਲੇਵਿਆਂ 4
ਪਾਪ ਦੀ ਭੇਟ
ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਇਸਰਾਏਲੀਆਂ ਨੂੰ ਆਖ ਕਿ ਜਦੋਂ ਕੋਈ ਅਣਜਾਣੇ ਵਿੱਚ ਕੋਈ ਅਜਿਹਾ ਪਾਪ ਕਰਦਾ ਹੈ ਜਿਨ੍ਹਾਂ ਨੂੰ ਨਾ ਕਰਨ ਦਾ ਹੁਕਮ ਯਾਹਵੇਹ ਦਿੱਤਾ ਹੈ।
“ ‘ਜੇ ਮਸਹ ਕੀਤਾ ਹੋਇਆ ਪ੍ਰਧਾਨ ਜਾਜਕ ਪਾਪ ਕਰਦਾ ਹੈ, ਤਾਂ ਉਹ ਲੋਕਾਂ ਉੱਤੇ ਦੋਸ਼ ਲਿਆਉਂਦਾ ਹੈ, ਤਾਂ ਉਹ ਆਪਣੇ ਕੀਤੇ ਹੋਏ ਪਾਪ ਲਈ ਇੱਕ ਦੋਸ਼ ਰਹਿਤ ਜੁਆਨ ਬਲਦ ਯਾਹਵੇਹ ਦੇ ਅੱਗੇ ਪਾਪ ਬਲੀ1 ਦੀ ਭੇਟ ਕਰਕੇ ਚੜ੍ਹਾਵੇ। ਉਹ ਬਲਦ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਯਾਹਵੇਹ ਦੇ ਅੱਗੇ ਪੇਸ਼ ਕਰੇ ਅਤੇ ਆਪਣਾ ਹੱਥ ਸਿਰ ਉੱਤੇ ਰੱਖੇ, ਅਤੇ ਉਸਨੂੰ ਯਾਹਵੇਹ ਅੱਗੇ ਵੱਢੇ। ਫਿਰ ਮਸਹ ਕੀਤੇ ਹੋਏ ਪ੍ਰਧਾਨ ਜਾਜਕ ਨੂੰ ਬਲਦ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਵਿੱਚ ਲੈ ਜਾਣਾ ਚਾਹੀਦਾ ਹੈ। ਜਾਜਕ ਆਪਣੀ ਉਂਗਲੀ ਨੂੰ ਲਹੂ ਵਿੱਚ ਡੁਬੋ ਕੇ ਅਤੇ ਇਸ ਵਿੱਚੋਂ ਕੁਝ ਨੂੰ ਪਵਿੱਤਰ ਅਸਥਾਨ ਦੇ ਪਰਦੇ ਦੇ ਸਾਹਮਣੇ ਯਾਹਵੇਹ ਦੇ ਅੱਗੇ ਸੱਤ ਵਾਰ ਛਿੜਕੇ। ਫਿਰ ਜਾਜਕ ਨੂੰ ਕੁਝ ਲਹੂ ਸੁਗੰਧਿਤ ਧੂਪ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਜੋ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਅੱਗੇ ਹੈ। ਬਲਦ ਦਾ ਬਾਕੀ ਲਹੂ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਹੋਮ ਦੀ ਬਲੀ ਦੀ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ। ਫਿਰ ਉਹ ਉਸ ਬਲਦ ਦੀ ਸਾਰੀ ਚਰਬੀ ਪਾਪ ਬਲੀ ਦੀ ਭੇਟ ਕਰਕੇ ਵੱਖਰੀ ਕਰੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਨਾਲ ਜੁੜੀ ਹੋਈ ਹੈ, ਦੋਨੋਂ ਗੁਰਦੇ ਲੱਕ ਉੱਤੇ ਜਿਹੜੀ ਚਰਬੀ ਹੈ, ਅਤੇ ਉਹ ਝਿੱਲੀ ਜਿਹੜੀ ਕਲੇਜੇ ਉੱਤੇ ਹੈ, ਉਸਨੂੰ ਗੁਰਦਿਆਂ ਸਮੇਤ ਵੱਖਰੀ ਕਰੇ। ਜਿਵੇਂ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਦੇ ਬਲਦ2 ਵੱਖਰੀ ਕੀਤੀ ਜਾਂਦੀ ਹੈ। ਫਿਰ ਪ੍ਰਧਾਨ ਜਾਜਕ ਨੂੰ ਉਹਨਾਂ ਨੂੰ ਹੋਮ ਦੀ ਭੇਟ ਦੀ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ। ਪਰ ਬਲਦ ਦੀ ਖੱਲ ਅਤੇ ਉਸਦਾ ਸਾਰਾ ਮਾਸ, ਨਾਲ ਹੀ ਸਿਰ ਅਤੇ ਲੱਤਾਂ, ਅੰਦਰੂਨੀ ਅੰਗ ਅਤੇ ਅੰਤੜੀਆਂ, ਯਾਨੀ ਬਾਕੀ ਦੇ ਸਾਰੇ ਬਲਦ ਨੂੰ ਡੇਰੇ ਤੋਂ ਬਾਹਰ ਰਸਮੀ ਤੌਰ ਤੇ ਸਾਫ਼-ਸੁਥਰੀ ਥਾਂ ਤੇ ਲੈ ਜਾਣਾ ਚਾਹੀਦਾ ਹੈ, ਜਿੱਥੇ ਰਾਖ ਸੁੱਟੀ ਜਾਂਦੀ ਹੈ ਅਤੇ ਉੱਥੇ ਰਾਖ ਦੇ ਢੇਰ ਉੱਤੇ ਲੱਕੜ ਦੀ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
“ ‘ਜੇ ਇਸਰਾਏਲੀ ਦੀ ਸਾਰੀ ਮੰਡਲੀ ਅਣਜਾਣੇ ਵਿੱਚ ਪਾਪ ਕਰੇ ਅਤੇ ਉਹ ਕਰਦੇ ਹਨ ਜੋ ਯਾਹਵੇਹ ਦੇ ਹੁਕਮਾਂ ਵਿੱਚ ਮਨ੍ਹਾ ਕੀਤਾ ਗਿਆ ਹੈ, ਭਾਵੇਂ ਕਿ ਸਾਰੀ ਮੰਡਲੀ ਇਸ ਮਾਮਲੇ ਤੋਂ ਅਣਜਾਣ ਹੈ, ਜਦੋਂ ਉਹਨਾਂ ਨੂੰ ਆਪਣੇ ਦੋਸ਼ ਦਾ ਅਹਿਸਾਸ ਹੁੰਦਾ ਹੈ, ਅਤੇ ਉਹਨਾਂ ਦਾ ਕੀਤਾ ਹੋਇਆ ਪਾਪ ਪਰਗਟ ਹੋ ਜਾਵੇ, ਮੰਡਲੀ ਇੱਕ ਬਲਦ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇ ਅਤੇ ਇਸਨੂੰ ਮੰਡਲੀ ਦੇ ਤੰਬੂ ਦੇ ਅੱਗੇ ਪੇਸ਼ ਕਰੇ। ਮੰਡਲੀ ਦੇ ਬਜ਼ੁਰਗਾਂ ਨੂੰ ਆਪਣੇ ਹੱਥਾਂ ਨੂੰ ਬਲਦ ਦੇ ਸਿਰ ਤੇ ਯਾਹਵੇਹ ਦੇ ਅੱਗੇ ਰੱਖਣ ਅਤੇ ਬਲਦ ਨੂੰ ਯਾਹਵੇਹ ਦੇ ਅੱਗੇ ਵੱਢਿਆ ਜਾਵੇ। ਫਿਰ ਮਸਹ ਕੀਤੇ ਹੋਏ ਜਾਜਕ ਬਲਦ ਦਾ ਕੁਝ ਲਹੂ ਮੰਡਲੀ ਵਾਲੇ ਤੰਬੂ ਵਿੱਚ ਲੈ ਜਾਣ। ਜਾਜਕ ਆਪਣੀ ਉਂਗਲੀ ਨੂੰ ਲਹੂ ਵਿੱਚ ਡੋਬ ਕੇ ਅਤੇ ਇਸਨੂੰ ਪਰਦੇ ਦੇ ਸਾਹਮਣੇ ਯਾਹਵੇਹ ਦੇ ਅੱਗੇ ਸੱਤ ਵਾਰ ਛਿੜਕੇ। ਉਹ ਕੁਝ ਲਹੂ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ, ਜੋ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਸਾਹਮਣੇ ਹੈ। ਬਾਕੀ ਦੇ ਲਹੂ ਨੂੰ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਹੋਮ ਦੀ ਬਲੀ ਦੀ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ। ਉਹ ਉਸ ਵਿੱਚੋਂ ਸਾਰੀ ਚਰਬੀ ਕੱਢ ਕੇ ਜਗਵੇਦੀ ਉੱਤੇ ਸਾੜ ਦੇਵੇ, ਅਤੇ ਜਿਸ ਤਰ੍ਹਾਂ ਉਸ ਨੇ ਪਾਪ ਬਲੀ ਦੀ ਭੇਟ ਦੇ ਬਲਦ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਉਹ ਇਸ ਬਲਦ ਨਾਲ ਕਰੇ, ਅਤੇ ਜਾਜਕ ਇਸਰਾਏਲੀਆਂ ਦੇ ਲਈ ਪ੍ਰਾਸਚਿਤ ਕਰੇ ਅਤੇ ਉਹਨਾਂ ਦਾ ਪਾਪ ਮਾਫ਼ ਕੀਤਾ ਜਾਵੇਗਾ। ਫਿਰ ਉਸ ਬਲਦ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਸਨੂੰ ਸਾੜ ਦੇਵੇ ਜਿਵੇਂ ਉਸਨੇ ਪਹਿਲੇ ਬਲਦ ਨੂੰ ਸਾੜਿਆ ਸੀ। ਇਹ ਮੰਡਲੀ ਲਈ ਪਾਪ ਦੀ ਭੇਟ ਹੈ।
“ ‘ਜਦੋਂ ਕੋਈ ਆਗੂ ਅਣਜਾਣੇ ਵਿੱਚ ਪਾਪ ਕਰਦਾ ਹੈ ਅਤੇ ਉਹ ਕੰਮ ਕਰਦਾ ਹੈ ਜੋ ਯਾਹਵੇਹ ਉਸ ਦੇ ਪਰਮੇਸ਼ਵਰ ਦੇ ਹੁਕਮਾਂ ਵਿੱਚ ਮਨਾ ਕੀਤਾ ਗਿਆ ਹੈ, ਜਦੋਂ ਉਸਨੂੰ ਆਪਣੇ ਪਾਪ ਦਾ ਅਹਿਸਾਸ ਹੁੰਦਾ ਹੈ ਅਤੇ ਉਸਦਾ ਕੀਤਾ ਹੋਇਆ ਪਾਪ ਉਸ ਉੱਤੇ ਪ੍ਰਗਟ ਹੋ ਜਾਵੇ, ਤਾਂ ਉਹ ਦੋਸ਼ ਰਹਿਤ ਬੱਕਰਾ ਆਪਣੀ ਭੇਟ ਵਿੱਚ ਲਿਆਵੇ। ਉਹ ਆਪਣਾ ਹੱਥ ਬੱਕਰੇ ਦੇ ਸਿਰ ਤੇ ਰੱਖੇ ਅਤੇ ਉਸਨੂੰ ਉਸੇ ਥਾਂ ਤੇ ਵੱਢੇ ਜਿੱਥੇ ਹੋਮ ਦੀ ਭੇਟ ਨੂੰ ਯਾਹਵੇਹ ਦੇ ਅੱਗੇ ਵੱਢਿਆ ਜਾਂਦਾ ਹੈ। ਇਹ ਇੱਕ ਪਾਪ ਦੀ ਭੇਟ ਹੈ। ਫਿਰ ਜਾਜਕ ਨੂੰ ਆਪਣੀ ਉਂਗਲੀ ਨਾਲ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲੈ ਕੇ ਅਤੇ ਇਸਨੂੰ ਹੋਮ ਦੀ ਬਲੀ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ, ਅਤੇ ਬਾਕੀ ਦੇ ਲਹੂ ਨੂੰ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ। ਉਹ ਸਾਰੀ ਚਰਬੀ ਨੂੰ ਜਗਵੇਦੀ ਉੱਤੇ ਸਾੜ ਦੇਵੇ ਜਿਵੇਂ ਉਸ ਨੇ ਸੁੱਖ-ਸਾਂਦ ਦੀ ਭੇਟ ਦੀ ਚਰਬੀ ਨੂੰ ਸਾੜਿਆ ਸੀ। ਇਸ ਤਰ੍ਹਾਂ ਜਾਜਕ ਆਗੂ ਦੇ ਪਾਪ ਲਈ ਪ੍ਰਾਸਚਿਤ ਕਰੇਗਾ ਅਤੇ ਉਸਨੂੰ ਮਾਫ਼ ਕੀਤਾ ਜਾਵੇਗਾ।
“ ‘ਜੇ ਆਮ ਜਨ ਅਣਜਾਣੇ ਵਿੱਚ ਪਾਪ ਕਰਦਾ ਹੈ ਅਤੇ ਉਹ ਕਰਦਾ ਹੈ ਜੋ ਯਾਹਵੇਹ ਦੇ ਹੁਕਮਾਂ ਤੋਂ ਬਾਹਰ ਹੈ, ਜਦੋਂ ਉਸਨੂੰ ਆਪਣੇ ਪਾਪ ਦਾ ਅਹਿਸਾਸ ਹੁੰਦਾ ਹੈ ਅਤੇ ਉਸਦਾ ਪਾਪ ਉਸ ਉੱਤੇ ਪਰਗਟ ਹੋ ਜਾਵੇ, ਉਹ ਆਪਣੇ ਪਾਪ ਦੇ ਲਈ ਇੱਕ ਦੋਸ਼ ਰਹਿਤ ਬੱਕਰੀ ਭੇਟ ਵਜੋਂ ਲਿਆਵੇ। ਉਹ ਆਪਣਾ ਹੱਥ ਪਾਪ ਦੀ ਭੇਟ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਹੋਮ ਦੀ ਭੇਟ ਦੀ ਥਾਂ ਉੱਤੇ ਵੱਢ ਦੇਵੇ। ਫਿਰ ਜਾਜਕ ਆਪਣੀ ਉਂਗਲੀ ਨਾਲ ਕੁਝ ਲਹੂ ਲਵੇ ਅਤੇ ਇਸਨੂੰ ਹੋਮ ਦੀ ਬਲੀ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ, ਅਤੇ ਬਾਕੀ ਦਾ ਖੂਨ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ। ਫਿਰ ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਉਹ ਉਸ ਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਯਾਹਵੇਹ ਦੇ ਅੱਗੇ ਉਸਨੂੰ ਸੁਗੰਧਤਾ ਕਰਕੇ ਜਗਵੇਦੀ ਸਾੜੇ। ਇਸ ਤਰ੍ਹਾਂ ਜਾਜਕ ਉਹਨਾਂ ਲਈ ਪ੍ਰਾਸਚਿਤ ਕਰੇਗਾ ਅਤੇ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ।
“ ‘ਜੇ ਕੋਈ ਆਪਣੇ ਪਾਪ ਬਲੀ ਦੀ ਭੇਟ ਵਜੋਂ ਇੱਕ ਲੇਲਾ ਲਿਆਉਂਦਾ ਹੈ, ਤਾਂ ਉਹ ਦੋਸ਼ ਰਹਿਤ ਇੱਕ ਲੇਲਾ ਲਿਆਵੇ। ਉਸਨੂੰ ਆਪਣਾ ਹੱਥ ਜਾਨਵਰ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਅਤੇ ਇਸਨੂੰ ਉਸ ਥਾਂ ਤੇ ਪਾਪ ਦੀ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ ਜਿੱਥੇ ਹੋਮ ਦੀ ਭੇਟ ਚੜ੍ਹਾਈ ਜਾਂਦੀ ਹੈ। ਫਿਰ ਜਾਜਕ ਆਪਣੀ ਉਂਗਲੀ ਨਾਲ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲਵੇ, ਅਤੇ ਇਸਨੂੰ ਹੋਮ ਦੀ ਬਲੀ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਅਤੇ ਬਾਕੀ ਦੇ ਲਹੂ ਨੂੰ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ। ਫਿਰ ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲੀਆਂ ਵਿੱਚੋਂ ਲੇਲੇ ਦੀ ਚਰਬੀ ਵੱਖਰੀ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਉਹ ਉਸਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਇਸ ਨੂੰ ਜਗਵੇਦੀ ਉੱਤੇ ਯਾਹਵੇਹ ਨੂੰ ਚੜ੍ਹਾਏ ਗਏ ਭੋਜਨ ਦੀਆਂ ਭੇਟਾਂ ਦੇ ਉੱਪਰ ਸਾੜ ਦੇਵੇਗਾ। ਇਸ ਤਰ੍ਹਾਂ ਜਾਜਕ ਉਹਨਾਂ ਲਈ ਉਹਨਾਂ ਦੇ ਪਾਪ ਲਈ ਪ੍ਰਾਸਚਿਤ ਕਰੇਗਾ ਅਤੇ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ।
Source notes (2)
- Footnote ਪਾਪ ਬਲੀ ਅਰਥਾਤ ਸ਼ੁੱਧੀਕਰਨ ਦੀ ਭੇਟ
- Footnote ਇਬਰਾਨੀ ਭਾਸ਼ਾ ਵਿੱਚ ਨਰ ਅਤੇ ਮਾਦਾਂ ਦੋਵਾਂ ਨੂੰ ਦਰਸਾਉਂਦਾ ਹੈ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.