Biblica® Open Punjabi Contemporary Version 2025
ਲੇਵਿਆਂ 23
ਇਸਰਾਏਲ ਲਈ ਨਿਯੁਕਤ ਕੀਤੇ ਗਏ ਤਿਉਹਾਰ
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਇਹ ਮੇਰੇ ਠਹਿਰਾਏ ਹੋਏ ਤਿਉਹਾਰ ਹਨ, ਯਾਹਵੇਹ ਦੇ ਠਹਿਰਾਏ ਹੋਏ ਤਿਉਹਾਰ, ਜਿਨ੍ਹਾਂ ਦਾ ਤੁਸੀਂ ਪਵਿੱਤਰ ਸਭਾ ਵਿੱਚ ਐਲਾਨ ਕਰਨਾ ਹੈ।
ਸਬਤ
“ ‘ਛੇ ਦਿਨ ਹਨ ਜਦੋਂ ਤੁਸੀਂ ਕੰਮ ਕਰ ਸਕਦੇ ਹੋ, ਪਰ ਸੱਤਵਾਂ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਪਵਿੱਤਰ ਸਭਾ ਦਾ ਦਿਨ ਹੈ। ਤੁਸੀਂ ਉਸ ਦਿਨ ਕੋਈ ਕੰਮ ਨਹੀਂ ਕਰਨਾ; ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਯਾਹਵੇਹ ਲਈ ਇੱਕ ਸਬਤ1 ਹੈ।
ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ
“ ‘ਇਹ ਯਾਹਵੇਹ ਦੇ ਨਿਯੁਕਤ ਤਿਉਹਾਰ ਹਨ, ਪਵਿੱਤਰ ਸਭਾ ਜਿਨ੍ਹਾਂ ਦਾ ਤੁਸੀਂ ਉਹਨਾਂ ਦੇ ਨਿਯਮਤ ਸਮਿਆਂ ਤੇ ਐਲਾਨ ਕਰਨਾ ਹੈ, ਯਾਹਵੇਹ ਦਾ ਪਸਾਹ ਪਹਿਲੇ ਮਹੀਨੇ ਦੇ ਚੌਦਵੇਂ ਦਿਨ ਸ਼ਾਮ ਵੇਲੇ ਸ਼ੁਰੂ ਹੁੰਦਾ ਹੈ। ਉਸ ਮਹੀਨੇ ਦੀ ਪੰਦਰਵੀਂ ਤਰੀਖ਼ ਨੂੰ ਯਾਹਵੇਹ ਦੀ ਪਤੀਰੀ ਰੋਟੀ ਦਾ ਪਰਬ ਹੈ, ਉਸ ਵਿੱਚ ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ। ਪਹਿਲੇ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰਨਾ। ਸੱਤ ਦਿਨਾਂ ਲਈ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ ਅਤੇ ਸੱਤਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਉਸ ਦਿਨ ਕੋਈ ਕੰਮ-ਧੰਦਾ ਨਾ ਕਰਨਾ।’ ”
ਪਹਿਲੇ ਫਲ ਦੀ ਪੇਸ਼ਕਸ਼
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਅਤੇ ਜਦ ਤੁਸੀਂ ਉਸਦੀ ਫਸਲ ਵੱਢੋਗੇ, ਤਾਂ ਜਾਜਕ ਕੋਲ ਪਹਿਲੇ ਅਨਾਜ ਦਾ ਇੱਕ ਪੂਲਾ ਲਿਆਓ। ਉਹ ਯਾਹਵੇਹ ਦੇ ਅੱਗੇ ਉਸ ਪੂਲੇ ਨੂੰ ਹਿਲਾਵੇ ਤਾਂ ਇਹ ਤੁਹਾਡੀ ਤਰਫ਼ੋਂ ਸਵੀਕਾਰ ਕੀਤਾ ਜਾਵੇਗਾ, ਜਾਜਕ ਸਬਤ ਦੇ ਅਗਲੇ ਦਿਨ ਇਸਨੂੰ ਹਿਲਾਵੇ। ਜਿਸ ਦਿਨ ਤੁਸੀਂ ਪੂਲੇ ਨੂੰ ਹਿਲਾਓਗੇ, ਤੁਸੀਂ ਹੋਮ ਦੀ ਭੇਟ ਵਜੋਂ ਇੱਕ ਸਾਲ ਦਾ ਇੱਕ ਨੁਕਸ ਰਹਿਤ ਲੇਲਾ ਯਾਹਵੇਹ ਨੂੰ ਚੜ੍ਹਾਉਣਾ, ਜ਼ੈਤੂਨ ਦਾ ਤੇਲ ਮਿਲੇ ਹੋਏ ਵੱਧੀਆ ਆਟੇ ਦੇ ਦੋ-ਦੱਸਵੇਂ ਹਿੱਸੇ ਦੀ ਅਨਾਜ ਦੀ ਭੇਟ ਦੇ ਨਾਲ, ਉਹ ਯਾਹਵੇਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਉਸ ਦੇ ਨਾਲ ਪੀਣ ਦੀ ਭੇਟ ਲਈ ਕੁੱਪੇ ਦੀ ਚੁਥਾਈ ਦਾਖ਼ਰਸ ਹੋਵੇ। ਤੁਹਾਨੂੰ ਉਸ ਦਿਨ ਤੱਕ ਕੋਈ ਰੋਟੀ, ਭੁੰਨਿਆ ਜਾਂ ਨਵਾਂ ਅਨਾਜ ਨਹੀਂ ਖਾਣਾ, ਜਦੋਂ ਤੱਕ ਤੁਸੀਂ ਇਹ ਭੇਟ ਆਪਣੇ ਪਰਮੇਸ਼ਵਰ ਲਈ ਨਹੀਂ ਲਿਆਉਂਦੇ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ।
ਹਫ਼ਤਿਆਂ ਦਾ ਤਿਉਹਾਰ
“ ‘ਸਬਤ ਦੇ ਅਗਲੇ ਦਿਨ ਤੋਂ, ਜਿਸ ਦਿਨ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ, ਪੂਰੇ ਸੱਤ ਹਫ਼ਤੇ ਗਿਣੋ। ਸੱਤਵੇਂ ਸਬਤ ਤੋਂ ਅਗਲੇ ਦਿਨ ਤੱਕ ਪੰਜਾਹ ਦਿਨ ਗਿਣ ਲੈਣਾ ਅਤੇ ਫਿਰ ਯਾਹਵੇਹ ਨੂੰ ਨਵੇਂ ਅਨਾਜ ਦੀ ਭੇਟ ਚੜ੍ਹਾਉਣਾ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਉੱਥੋਂ ਤੁਸੀਂ ਸਭ ਤੋਂ ਵੱਧੀਆ ਦੋ ਕਿੱਲੋ ਆਟੇ ਦੀਆਂ ਰੋਟੀਆਂ ਜੋ ਖਮੀਰ ਨਾਲ ਪਕਾਈਆਂ, ਯਾਹਵੇਹ ਲਈ ਪਹਿਲੇ ਫਲ ਦੀ ਭੇਟ ਵਜੋਂ ਲਿਆਓ। ਰੋਟੀ ਦੇ ਨਾਲ ਸੱਤ ਇੱਕ ਸਾਲ ਦੇ ਨਿਰਦੋਸ਼ ਲੇਲੇ, ਇੱਕ ਵੱਛਾ ਅਤੇ ਦੋ ਭੇਡੂ ਵੀ ਚੜ੍ਹਾਓ। ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਹਨ, ਜਿਹੜੀਆਂ ਉਨ੍ਹਾਂ ਦੀਆਂ ਹੋਮ ਦੀਆਂ ਭੇਟਾਂ, ਉਨ੍ਹਾਂ ਦੀਆਂ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਸਮੇਤ ਯਹੋਵਾਹ ਲਈ ਇੱਕ ਸੁਗੰਧਤ ਸੁਗੰਧ ਹੋਣਗੀਆਂ। ਫਿਰ ਪਾਪ ਦੀ ਭੇਟ2 ਲਈ ਇੱਕ ਬੱਕਰਾ ਅਤੇ ਸੁੱਖ-ਸਾਂਦ ਦੀ ਭੇਟ ਲਈ ਇੱਕ ਸਾਲ ਦੇ ਦੋ ਲੇਲੇ ਚੜ੍ਹਾਓ। ਜਾਜਕ ਉਨ੍ਹਾਂ ਲੇਲਿਆਂ ਨੂੰ ਪਹਿਲੇ ਫਲ ਦੀ ਰੋਟੀ ਦੇ ਨਾਲ, ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ। ਉਹ ਜਾਜਕ ਦੇ ਲਈ ਯਾਹਵੇਹ ਦੇ ਪਵਿੱਤਰ ਹੋਣ। ਉਸੇ ਦਿਨ ਤੁਸੀਂ ਇੱਕ ਪਵਿੱਤਰ ਸਭਾ ਦਾ ਐਲਾਨ ਕਰਨਾ ਹੈ ਅਤੇ ਕੋਈ ਕੰਮ-ਧੰਦਾ ਨਾ ਕਰਨਾ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ।
“ ‘ਜਦੋਂ ਤੁਸੀਂ ਆਪਣੀ ਜ਼ਮੀਨ ਦੀ ਵਾਢੀ ਕਰਦੇ ਹੋ, ਤਾਂ ਆਪਣੇ ਖੇਤ ਦੇ ਬਿਲਕੁਲ ਕਿਨਾਰਿਆਂ ਤੱਕ ਨਾ ਵੱਢੋ ਅਤੇ ਨਾ ਹੀ ਆਪਣੀ ਵਾਢੀ ਦੀ ਫ਼ਸਲ ਇਕੱਠੀ ਕਰੋ। ਉਹਨਾਂ ਨੂੰ ਗਰੀਬਾਂ ਲਈ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਲਈ ਛੱਡ ਦਿਓ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”
ਤੁਰ੍ਹੀਆਂ ਦਾ ਤਿਉਹਾਰ
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲੀਆਂ ਨੂੰ ਆਖ, ‘ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੇ ਲਈ ਸਬਤ ਦਾ ਅਰਾਮ ਕਰਨ ਦਾ ਦਿਨ, ਇੱਕ ਪਵਿੱਤਰ ਸਭਾ ਹੋਵੇ, ਜੋ ਤੁਰ੍ਹੀ ਵਜਾਉਣ ਨਾਲ ਮਨਾਈ ਜਾਂਦੀ ਹੈ। ਉਸ ਦਿਨ ਕੋਈ ਕੰਮ-ਧੰਦਾ ਨਾ ਕਰੋ, ਪਰ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ।’ ”
ਪ੍ਰਾਸਚਿਤ ਦਾ ਦਿਨ
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸ ਸੱਤਵੇਂ ਮਹੀਨੇ ਦਾ ਦਸਵਾਂ ਦਿਨ ਪ੍ਰਾਸਚਿਤ ਦਾ ਦਿਨ ਹੈ। ਇੱਕ ਪਵਿੱਤਰ ਸਭਾ ਰੱਖੋ ਅਤੇ ਆਪਣੇ ਆਪ ਤੋਂ ਇਨਕਾਰ ਕਰੋ, ਅਤੇ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ। ਉਸ ਦਿਨ ਕੋਈ ਵੀ ਕੰਮ ਨਾ ਕਰੋ, ਕਿਉਂਕਿ ਇਹ ਬਖਸ਼ੀਸ਼ ਦਾ ਦਿਨ ਹੈ, ਜਦੋਂ ਤੁਹਾਡੇ ਲਈ ਤੁਹਾਡੇ ਪਰਮੇਸ਼ਵਰ ਦੇ ਅੱਗੇ ਪ੍ਰਾਸਚਿਤ ਕੀਤਾ ਜਾਂਦਾ ਹੈ। ਜਿਹੜੇ ਲੋਕ ਉਸ ਦਿਨ ਆਪਣੇ ਆਪ ਤੋਂ ਇਨਕਾਰ ਨਹੀਂ ਕਰਦੇ, ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਪੂਰੀ ਤਰ੍ਹਾਂ ਨਾਸ਼ ਕੀਤਾ ਜਾਵੇਗਾ। ਮੈਂ ਉਹਨਾਂ ਦੇ ਲੋਕਾਂ ਵਿੱਚੋਂ ਹਰ ਉਸ ਵਿਅਕਤੀ ਨੂੰ ਤਬਾਹ ਕਰ ਦਿਆਂਗਾ ਜੋ ਉਸ ਦਿਨ ਕੋਈ ਕੰਮ ਕਰੇਗਾ। ਤੁਹਾਨੂੰ ਕੋਈ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ। ਇਹ ਤੁਹਾਡੇ ਲਈ ਸਬਤ ਦੇ ਅਰਾਮ ਦਾ ਦਿਨ ਹੈ, ਅਤੇ ਤੁਹਾਨੂੰ ਆਪਣੇ ਆਪ ਤੋਂ ਇਨਕਾਰ ਕਰਨਾ ਚਾਹੀਦਾ ਹੈ। ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਤੋਂ ਅਗਲੀ ਸ਼ਾਮ ਤੱਕ ਤੁਸੀਂ ਆਪਣਾ ਸਬਤ ਮਨਾਉਣਾ ਹੈ।”
ਡੇਰਿਆਂ ਦਾ ਤਿਉਹਾਰ
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲੀਆਂ ਨੂੰ ਆਖੋ: ‘ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਯਾਹਵੇਹ ਦੇ ਅੱਗੇ ਸੱਤ ਦਿਨ ਤੱਕ ਡੇਰਿਆਂ ਦਾ ਪਰਬ ਹੋਵੇ। ਪਹਿਲਾ ਦਿਨ ਇੱਕ ਪਵਿੱਤਰ ਸਭਾ ਹੋਵੇ; ਇਸ ਦਿਨ ਕੋਈ ਕੰਮ-ਧੰਦਾ ਨਾ ਕਰੋ। ਸੱਤ ਦਿਨਾਂ ਤੱਕ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ, ਅਤੇ ਅੱਠਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ। ਇਹ ਸਮਾਪਤੀ ਵਿਸ਼ੇਸ਼ ਸਭਾ ਹੈ; ਕੋਈ ਕੰਮ-ਧੰਦਾ ਨਾ ਕਰਨਾ।
“ ‘ਇਹ ਯਾਹਵੇਹ ਦੇ ਨਿਯੁਕਤ ਤਿਉਹਾਰ ਹਨ, ਜਿਨ੍ਹਾਂ ਨੂੰ ਤੁਸੀਂ ਯਾਹਵੇਹ ਲਈ ਭੋਜਨ ਦੀਆਂ ਭੇਟਾਂ ਲਿਆਉਣ ਲਈ ਪਵਿੱਤਰ ਸਭਾ ਵਜੋਂ ਘੋਸ਼ਿਤ ਕਰਨਾ ਹੈ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ, ਬਲੀਆਂ ਅਤੇ ਪੀਣ ਦੀਆਂ ਭੇਟਾਂ ਹਰੇਕ ਦਿਨ ਲਈ ਹੋਣਗੀਆਂ। ਆਪਣੀਆਂ ਭੇਟਾਂ, ਸਾਰੀਆਂ ਸੁੱਖਣਾ ਅਤੇ ਆਪਣੀਆਂ ਖੁਸ਼ੀ ਦੀਆਂ ਭੇਟਾਂ ਜੋ ਤੁਸੀਂ ਯਾਹਵੇਹ ਦੇ ਅੱਗੇ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਵੱਧ ਤੁਸੀਂ ਯਾਹਵੇਹ ਦੇ ਸਬਤ ਨੂੰ ਮੰਨਣਾ।
“ ‘ਇਸ ਲਈ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੋਂ ਸ਼ੁਰੂ ਕਰਕੇ, ਜਦੋਂ ਤੁਸੀਂ ਜ਼ਮੀਨ ਦੀ ਫ਼ਸਲ ਇਕੱਠੀ ਕਰ ਲਵੋ, ਤਾਂ ਯਾਹਵੇਹ ਲਈ ਸੱਤ ਦਿਨਾਂ ਲਈ ਤਿਉਹਾਰ ਮਨਾਓ; ਪਹਿਲਾ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਅਤੇ ਅੱਠਵਾਂ ਦਿਨ ਵੀ ਸਬਤ ਦੇ ਆਰਾਮ ਦਾ ਦਿਨ ਹੈ। ਪਹਿਲੇ ਦਿਨ ਤੁਸੀਂ ਆਲੀਸ਼ਾਨ ਰੁੱਖਾਂ ਦੀਆਂ ਟਾਹਣੀਆਂ, ਖਜ਼ੂਰ ਦੀਆਂ ਟਾਹਣੀਆਂ, ਸੰਘਣੇ ਰੁੱਖਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ-ਮਜਨੂੰ ਲੈਣਾ ਅਤੇ ਤੁਸੀਂ ਆਪਣੇ ਯਾਹਵੇਹ ਦੇ ਅੱਗੇ ਸੱਤ ਦਿਨਾਂ ਲਈ ਅਨੰਦ ਮਨਾਉਣਾ। ਇਸ ਨੂੰ ਹਰ ਸਾਲ ਸੱਤ ਦਿਨਾਂ ਲਈ ਯਾਹਵੇਹ ਦੇ ਤਿਉਹਾਰ ਵਜੋਂ ਮਨਾਓ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਬਿਧੀ ਹੋਵੇਗੀ; ਇਸ ਨੂੰ ਸੱਤਵੇਂ ਮਹੀਨੇ ਮਨਾਓ। ਸੱਤ ਦਿਨ ਤੁਸੀਂ ਝੌਂਪੜੀਆਂ ਵਿੱਚ ਰਹਿਣਾ, ਸਾਰੇ ਜੋ ਇਸਰਾਏਲ ਵਿੱਚ ਜੰਮੇ ਹਨ, ਉਹ ਝੌਂਪੜੀਆਂ ਵਿੱਚ ਰਹਿਣ, ਇਸ ਲਈ ਤੁਹਾਡੇ ਉੱਤਰਾਧਿਕਾਰੀਆਂ ਨੂੰ ਪਤਾ ਲੱਗ ਜਾਵੇਗਾ ਕਿ ਜਦੋਂ ਮੈਂ ਇਸਰਾਏਲੀਆਂ ਨੂੰ ਮਿਸਰ ਤੋਂ ਬਾਹਰ ਲਿਆਇਆ ਸੀ ਤਾਂ ਮੈਂ ਉਹਨਾਂ ਨੂੰ ਝੌਂਪੜੀਆਂ ਵਿੱਚ ਰੱਖਿਆ ਸੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”
ਇਸ ਲਈ ਮੋਸ਼ੇਹ ਨੇ ਇਸਰਾਏਲੀਆਂ ਨੂੰ ਯਾਹਵੇਹ ਦੇ ਤਿਉਹਾਰਾਂ ਦੀ ਘੋਸ਼ਣਾ ਕੀਤੀ।
Source notes (2)
- Footnote ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ
- Footnote ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.