Skip to content
BibleKenya

Biblica® Open Punjabi Contemporary Version 2025

ਨਿਆਈਂ 8

ਜ਼ਬਾਹ ਅਤੇ ਜ਼ਲਮੁੰਨਾ

ਹੁਣ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਨੂੰ ਕਿਹਾ, “ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ ਹੈ? ਜਦੋਂ ਤੂੰ ਮਿਦਯਾਨ ਨਾਲ ਲੜਨ ਗਿਆ ਸੀ ਤਾਂ ਤੂੰ ਸਾਨੂੰ ਕਿਉਂ ਨਹੀਂ ਬੁਲਾਇਆ?” ਅਤੇ ਉਨ੍ਹਾਂ ਨੇ ਉਸ ਨਾਲ ਵਿਵਾਦ ਕੀਤਾ।

ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੂੰ ਜੋ ਕੀਤਾ ਹੈ, ਉਸ ਦੇ ਮੁਕਾਬਲੇ ਮੈਂ ਕੁਝ ਵੀ ਨਹੀਂ ਕੀਤਾ ਹੈ। ਕੀ ਇਫ਼ਰਾਈਮ ਦੇ ਅੰਗੂਰਾਂ ਦੀ ਫ਼ਸਲ ਅਬੀਅਜ਼ਰ ਦੀ ਪੂਰੀ ਫ਼ਸਲ ਨਾਲੋਂ ਚੰਗੀ ਨਹੀਂ ਹੈ? ਪਰਮੇਸ਼ਵਰ ਨੇ ਓਰੇਬ ਅਤੇ ਜ਼ਏਬ ਜੋ ਮਿਦਯਾਨੀ ਆਗੂਆਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ, ਤੁਹਾਡੇ ਮੁਕਾਬਲੇ ਮੈਂ ਕੀ ਕਰ ਸਕਦਾ ਸੀ?” ਇਸ ਉੱਤੇ ਉਨ੍ਹਾਂ ਦੀ ਉਸ ਪ੍ਰਤੀ ਨਰਾਜ਼ਗੀ ਘੱਟ ਗਈ।

ਤਦ ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਆਪਣੇ ਤਿੰਨ ਸੌ ਸਾਥੀਆਂ ਨਾ ਪਾਰ ਲੰਘਿਆ, ਉਹ ਸਾਰੇ ਥੱਕੇ ਹੋਏ ਤਾਂ ਸਨ ਪਰ ਫਿਰ ਵੀ ਮਿਦਯਾਨੀਆਂ ਦੇ ਪਿੱਛੇ ਲੱਗੇ ਰਹੇ। ਉਸ ਨੇ ਸੁੱਕੋਥ ਦੇ ਲੋਕਾਂ ਨੂੰ ਆਖਿਆ, “ਮੇਰੀਆਂ ਫ਼ੌਜਾਂ ਨੂੰ ਰੋਟੀ ਦਿਓ ਕਿਉਂ ਜੋ ਇਹ ਥੱਕ ਗਏ ਹਨ ਅਤੇ ਮੈਂ ਅਜੇ ਵੀ ਮਿਦਯਾਨ ਦੇ ਰਾਜਿਆਂ ਜ਼ਬਾਹ ਅਤੇ ਜ਼ਲਮੁੰਨਾ ਦਾ ਪਿੱਛਾ ਕਰ ਰਿਹਾ ਹਾਂ।”

ਪਰ ਸੁੱਕੋਥ ਦੇ ਅਧਿਕਾਰੀਆਂ ਨੇ ਆਖਿਆ, “ਕੀ ਜ਼ਬਾਹ ਅਤੇ ਜ਼ਲਮੁੰਨਾ ਤੇਰੇ ਹੱਥਾਂ ਵਿੱਚ ਆ ਗਏ ਹਨ? ਅਸੀਂ ਤੇਰੀਆਂ ਫ਼ੌਜਾਂ ਨੂੰ ਰੋਟੀ ਕਿਉਂ ਦੇਈਏ?”

ਗਿਦਾਊਨ ਨੇ ਉਨ੍ਹਾਂ ਨੂੰ ਆਖਿਆ, “ਜਦੋਂ ਯਾਹਵੇਹ ਜ਼ਬਾਹ ਅਤੇ ਜ਼ਲਮੁੰਨਾ ਨੂੰ ਮੇਰੇ ਅਧੀਨ ਕਰ ਦੇਵੇਗਾ, ਤਦ ਮੈਂ ਤੁਹਾਡੀਆਂ ਲੋਥਾਂ ਨੂੰ ਜੰਗਲੀ ਕੰਡਿਆਲੀਆਂ ਝਾੜੀਆਂ ਅਤੇ ਕੰਡਿਆਂ ਵਿੱਚ ਮਿੱਧਾਂਗਾ।”

ਉੱਥੋਂ ਉਹ ਪਨੂਏਲ ਨੂੰ ਗਿਆ ਅਤੇ ਉੱਥੇ ਦੇ ਲੋਕਾਂ ਤੋਂ ਉਸੇ ਤਰ੍ਹਾਂ ਭੋਜਨ ਮੰਗਿਆ, ਪਰ ਪਨੂਏਲ ਦੇ ਲੋਕਾਂ ਨੇ ਵੀ ਉਸੇ ਤਰ੍ਹਾਂ ਹੀ ਉੱਤਰ ਦਿੱਤਾ, ਜਿਵੇਂ ਦੇ ਸੁੱਕੋਥ ਦੇ ਮਨੁੱਖਾਂ ਦਿੱਤਾ। ਇਸ ਲਈ ਉਸਨੇ ਪਨੂਏਲ ਦੇ ਲੋਕਾਂ ਨੂੰ ਕਿਹਾ, “ਜਦੋਂ ਮੈਂ ਜਿੱਤ ਕੇ ਵਾਪਸ ਆਵਾਂਗਾ, ਮੈਂ ਇਸ ਬੁਰਜ ਨੂੰ ਢਾਹ ਦਿਆਂਗਾ।”

ਹੁਣ ਜ਼ਬਾਹ ਅਤੇ ਜ਼ਲਮੁੰਨਾ ਲਗਭਗ ਪੰਦਰਾਂ ਹਜ਼ਾਰ ਆਦਮੀਆਂ ਦੀ ਇੱਕ ਫ਼ੌਜ ਨਾਲ ਕਾਰਕੋਰ ਵਿੱਚ ਸਨ, ਜੋ ਸਾਰੇ ਪੂਰਬੀ ਲੋਕਾਂ ਦੀਆਂ ਫ਼ੌਜਾਂ ਵਿੱਚੋਂ ਬਚੇ ਸਨ। ਇੱਕ ਲੱਖ ਵੀਹ ਹਜ਼ਾਰ ਤਲਵਾਰਧਾਰੀ ਮਾਰੇ ਗਏ ਸਨ। ਗਿਦਾਊਨ ਨੋਬਾਹ ਅਤੇ ਯਾਗਬਹਾਹ ਦੇ ਪੂਰਬ ਵੱਲ ਤੰਬੂਆਂ ਵਿੱਚ ਰਹਿਣ ਵਾਲਿਆਂ ਦੇ ਰਸਤੇ ਤੋਂ ਚੜ੍ਹਾਈ ਕਰ ਕੇ ਉਸ ਫੌਜ ਨੂੰ ਮਾਰਿਆ, ਜਿਸ ਸਮੇਂ ਉਹ ਬੇਫਿਕਰ ਸਨ। ਮਿਦਯਾਨ ਦੇ ਦੋ ਰਾਜੇ ਜ਼ਬਾਹ ਅਤੇ ਜ਼ਲਮੁੰਨਾ ਭੱਜ ਗਏ, ਪਰ ਉਸਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਸਾਰੀ ਸੈਨਾ ਨੂੰ ਭਜਾ ਕੇ ਉਨ੍ਹਾਂ ਨੂੰ ਫੜ੍ਹ ਲਿਆ।

ਫਿਰ ਯੋਆਸ਼ ਦਾ ਪੁੱਤਰ ਗਿਦਾਊਨ ਹੇਰਸ ਦੀ ਚੜ੍ਹਾਈ ਤੋਂ ਲੜਾਈ ਵਿੱਚੋਂ ਵਾਪਸ ਆਇਆ। ਉਸ ਨੇ ਸੁੱਕੋਥ ਦੇ ਇੱਕ ਨੌਜਵਾਨ ਨੂੰ ਫੜ ਕੇ ਉਸ ਤੋਂ ਪੁੱਛ-ਗਿੱਛ ਕੀਤੀ ਅਤੇ ਉਸ ਨੌਜਵਾਨ ਨੇ ਉਸ ਦੇ ਲਈ ਸੁੱਕੋਥ ਦੇ ਸੱਤਰ ਅਧਿਕਾਰੀਆਂ ਦੇ ਨਾਮ ਲਿਖਵਾਏ ਜੋ ਨਗਰ ਦੇ ਬਜ਼ੁਰਗ ਸਨ। ਤਦ ਗਿਦਾਊਨ ਨੇ ਆਣ ਕੇ ਸੁੱਕੋਥ ਦੇ ਮਨੁੱਖਾਂ ਨੂੰ ਆਖਿਆ, “ਇਹ ਜ਼ਬਾਹ ਅਤੇ ਜ਼ਲਮੁੰਨਾ ਨੂੰ ਵੇਖੋ ਜਿਨ੍ਹਾਂ ਬਾਰੇ ਤੁਸੀਂ ਇਹ ਕਹਿ ਕੇ ਮੈਨੂੰ ਤਾਅਨਾ ਮਾਰਿਆ ਸੀ, ‘ਕੀ ਜ਼ਬਾਹ ਅਤੇ ਜ਼ਲਮੁੰਨਾ ਹੁਣ ਤੇਰੇ ਹੱਥ ਆ ਗਏ ਹਨ? ਅਸੀਂ ਤੁਹਾਡੇ ਥੱਕੇ ਹੋਏ ਬੰਦਿਆਂ ਨੂੰ ਰੋਟੀ ਕਿਉਂ ਦੇਈਏ?’ ” ਉਸਨੇ ਕਸਬੇ ਦੇ ਬਜ਼ੁਰਗਾਂ ਨੂੰ ਨਾਲ ਲਿਆ ਅਤੇ ਸੁੱਕੋਥ ਦੇ ਲੋਕਾਂ ਨੂੰ ਮਾਰੂਥਲ ਦੇ ਕੰਡਿਆਂ ਅਤੇ ਝਾੜੀਆਂ ਨਾਲ ਸਜ਼ਾ ਦੇ ਕੇ ਸਬਕ ਸਿਖਾਇਆ। ਉਸਨੇ ਪਨੂਏਲ ਦੇ ਬੁਰਜ ਨੂੰ ਵੀ ਢਾਹ ਦਿੱਤਾ ਅਤੇ ਸ਼ਹਿਰ ਦੇ ਲੋਕਾਂ ਨੂੰ ਮਾਰ ਦਿੱਤਾ।

ਫਿਰ ਉਸਨੇ ਜ਼ਬਾਹ ਅਤੇ ਜ਼ਲਮੁੰਨਾ ਨੂੰ ਪੁੱਛਿਆ, “ਤੁਸੀਂ ਤਾਬੋਰ ਵਿੱਚ ਕਿਹੋ ਜਿਹੇ ਮਨੁੱਖਾਂ ਨੂੰ ਮਾਰਿਆ ਸੀ?”

ਉਨ੍ਹਾਂ ਨੇ ਉੱਤਰ ਦਿੱਤਾ, “ਤੁਹਾਡੇ ਵਰਗੇ ਆਦਮੀ ਜੋ ਰਾਜਕੁਮਾਰਾਂ ਵਰਗੇ ਸਨ।”

ਗਿਦਾਊਨ ਨੇ ਜਵਾਬ ਦਿੱਤਾ, “ਉਹ ਮੇਰੇ ਭਰਾ ਸਨ, ਮੇਰੀ ਆਪਣੀ ਮਾਂ ਦੇ ਪੁੱਤਰ ਸਨ। ਜਿਉਂਦੇ ਯਾਹਵੇਹ ਦੀ ਸਹੁੰ, ਜੇਕਰ ਤੁਸੀਂ ਉਨ੍ਹਾਂ ਦੀ ਜਾਨ ਬਚਾਈ ਹੁੰਦੀ ਤਾਂ ਮੈਂ ਤੁਹਾਨੂੰ ਨਾ ਮਾਰਦਾ।” ਆਪਣੇ ਸਭ ਤੋਂ ਵੱਡੇ ਪੁੱਤਰ ਜੇਥਰ ਵੱਲ ਮੁੜਦਿਆਂ, ਉਸਨੂੰ ਕਿਹਾ, “ਉਨ੍ਹਾਂ ਨੂੰ ਮਾਰ ਦਿਓ!” ਪਰ ਜੇਥਰ ਨੇ ਆਪਣੀ ਤਲਵਾਰ ਨਹੀਂ ਖਿੱਚੀ ਕਿਉਂਕਿ ਉਹ ਸਿਰਫ ਇੱਕ ਮੁੰਡਾ ਸੀ ਅਤੇ ਡਰਦਾ ਸੀ।

ਤਦ ਜ਼ਬਾਹ ਅਤੇ ਜ਼ਲਮੁੰਨਾ ਨੇ ਕਿਹਾ, “ਤੂੰ ਆਪ ਹੀ ਉੱਠ ਅਤੇ ਸਾਡੇ ਉੱਤੇ ਵਾਰ ਕਰ, ਕਿਉਂਕਿ ਜਿਸ ਤਰ੍ਹਾਂ ਦਾ ਮਨੁੱਖ ਹੁੰਦਾ ਹੈ ਉਸੇ ਤਰ੍ਹਾਂ ਹੀ ਉਸਦਾ ਜੋਰ ਹੁੰਦਾ ਹੈ!” ਤਾਂ ਗਿਦਾਊਨ ਨੇ ਉੱਠ ਕੇ ਜ਼ਬਾਹ ਅਤੇ ਜ਼ਲਮੁੰਨਾ ਨੂੰ ਵੱਢ ਸੁੱਟਿਆ ਅਤੇ ਉਹ ਗਹਿਣੇ ਜੋ ਉਨ੍ਹਾਂ ਦੇ ਊਠਾਂ ਦੇ ਗਲੇ ਵਿੱਚ ਸਨ, ਉਸਨੇ ਲਾਹ ਲਏ।

ਗਿਦਾਊਨ ਦਾ ਏਫ਼ੋਦ

ਇਸਰਾਏਲੀਆਂ ਨੇ ਗਿਦਾਊਨ ਨੂੰ ਆਖਿਆ, “ਸਾਡੇ ਉੱਤੇ ਰਾਜ ਕਰ ਤੂੰ, ਤੇਰਾ ਪੁੱਤਰ ਅਤੇ ਤੇਰਾ ਪੋਤਰਾ ਵੀ ਕਿਉਂਕਿ ਤੂੰ ਸਾਨੂੰ ਮਿਦਯਾਨ ਦੇ ਹੱਥੋਂ ਬਚਾਇਆ ਹੈ।”

ਪਰ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਡੇ ਉੱਤੇ ਰਾਜ ਨਹੀਂ ਕਰਾਂਗਾ ਅਤੇ ਨਾ ਹੀ ਮੇਰਾ ਪੁੱਤਰ ਤੁਹਾਡੇ ਉੱਤੇ ਰਾਜ ਕਰੇਗਾ। ਯਾਹਵੇਹ ਤੁਹਾਡੇ ਉੱਤੇ ਰਾਜ ਕਰੇਗਾ।” ਅਤੇ ਫਿਰ ਵੀ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਤੁਹਾਡੇ ਵਿੱਚੋਂ ਹਰ ਇੱਕ ਨੂੰ ਬੇਨਤੀ ਹੈ ਕਿ ਮੈਨੂੰ ਆਪਣੀ ਲੁੱਟ ਵਿੱਚੋਂ ਇੱਕ-ਇੱਕ ਮੁੰਦਰੀ ਦੇ ਦਿਓ।” (ਇਸਮਾਏਲੀ ਲੋਕ ਸੋਨੇ ਦੀਆਂ ਵਾਲੀਆਂ ਪਹਿਨਦੇ ਸਨ।)

ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਉਨ੍ਹਾਂ ਨੂੰ ਦੇਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ।” ਇਸ ਲਈ ਉਨ੍ਹਾਂ ਨੇ ਇੱਕ ਕੱਪੜਾ ਵਿਛਾ ਦਿੱਤਾ ਅਤੇ ਉਨ੍ਹਾਂ ਵਿੱਚੋਂ ਹਰੇਕ ਨੇ ਆਪਣੀ ਲੁੱਟ ਵਿੱਚੋਂ ਇੱਕ ਅੰਗੂਠੀ ਉਸ ਵਿੱਚ ਸੁੱਟ ਦਿੱਤੀ। ਜਦੋਂ ਇਨ੍ਹਾਂ ਸੋਨੇ ਦੀਆਂ ਵਾਲੀਆਂ ਦਾ ਵਜ਼ਨ ਕੀਤਾ ਤਾਂ ਇਨ੍ਹਾਂ ਦਾ ਵਜ਼ਨ ਉਹ ਸਤਾਰਾਂ ਸੌ ਸ਼ੈਕੇਲ ਸੀ। ਇਹ ਚੰਦਰਮਾ ਦੇ ਹਾਰਾਂ, ਕੰਨਾਂ ਦੀਆਂ ਵਾਲੀਆਂ, ਮਿਦਯਾਨੀ ਰਾਜਿਆਂ ਦੁਆਰਾ ਪਹਿਨੇ ਜਾਮਨੀ ਕੱਪੜੇ ਅਤੇ ਲੁੱਟ ਵਿੱਚ ਪਾਏ ਗਏ ਊਠਾਂ ਦੇ ਹਾਰਾਂ ਤੋਂ ਇਲਾਵਾ ਸੀ। ਗਿਦਾਊਨ ਨੇ ਸੋਨੇ ਨੂੰ ਇੱਕ ਏਫ਼ੋਦ ਵਿੱਚ ਬਣਾਇਆ, ਆਪਣੇ ਸ਼ਹਿਰ ਆਫ਼ਰਾਹ ਵਿੱਚ ਉਸ ਨੂੰ ਰੱਖਿਆ, ਅਤੇ ਉੱਥੇ ਸਾਰੇ ਇਸਰਾਏਲੀ ਵਿਭਚਾਰੀਆਂ ਵਾਂਗੂੰ ਉਸ ਦੇ ਪਿੱਛੇ ਲੱਗ ਪਏ, ਅਤੇ ਇਹ ਗਿਦਾਊਨ ਅਤੇ ਉਸ ਦੇ ਪਰਿਵਾਰ ਲਈ ਇੱਕ ਫੰਦਾ ਬਣ ਗਿਆ।

ਗਿਦਾਊਨ ਦੀ ਮੌਤ

ਇਸ ਤਰ੍ਹਾਂ ਮਿਦਯਾਨ ਇਸਰਾਏਲੀਆਂ ਦੇ ਸਾਹਮਣੇ ਅਧੀਨ ਹੋ ਗਏ ਅਤੇ ਦੁਬਾਰਾ ਆਪਣਾ ਸਿਰ ਨਹੀਂ ਚੁੱਕ ਸਕੇ। ਗਿਦਾਊਨ ਦੇ ਜੀਵਨ ਕਾਲ ਦੌਰਾਨ, ਦੇਸ਼ ਵਿੱਚ ਚਾਲੀ ਸਾਲ ਸ਼ਾਂਤੀ ਰਹੀ।

ਯੋਆਸ਼ ਦਾ ਪੁੱਤਰ ਯਰੁੱਬਆਲ ਰਹਿਣ ਲਈ ਘਰ ਵਾਪਸ ਚਲਾ ਗਿਆ। ਗਿਦਾਊਨ ਦੇ ਆਪਣੇ ਸੱਤਰ ਪੁੱਤਰ ਸਨ, ਕਿਉਂਕਿ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ। ਉਸਦੀ ਰਖੇਲ, ਜੋ ਸ਼ੇਕੇਮ ਵਿੱਚ ਰਹਿੰਦੀ ਸੀ, ਉਸ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਮ ਉਸਨੇ ਅਬੀਮੇਲੇਕ ਰੱਖਿਆ। ਯੋਆਸ਼ ਦਾ ਪੁੱਤਰ ਗਿਦਾਊਨ ਬੁਢਾਪੇ ਵਿੱਚ ਮਰ ਗਿਆ ਅਤੇ ਪਿਤਾ ਦੀ ਕਬਰ ਵਿੱਚ ਜੋ ਅਬੀਅਜ਼ਰੀਆਂ ਦੇ ਆਫ਼ਰਾਹ ਵਿੱਚ ਸੀ, ਦਫ਼ਨਾਇਆ ਗਿਆ।

ਜਿਵੇਂ ਹੀ ਗਿਦਾਊਨ ਦੀ ਮੌਤ ਹੋਈ ਸੀ, ਇਸਰਾਏਲੀ ਮੁੜ ਗਏ ਅਤੇ ਬਆਲ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ। ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਚੇਤੇ ਨਾ ਕੀਤਾ ਜਿਸ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਚਾਰ-ਚੁਫੇਰੇ ਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਛੁਡਾਇਆ ਸੀ। ਅਸਲ ਵਿੱਚ, ਉਨ੍ਹਾਂ ਨੇ ਗਿਦਾਊਨ ਦੇ ਘਰਾਣੇ ਯਰੁੱਬਆਲ ਉੱਤੇ ਵੀ ਦਿਆਲਤਾ ਨਹੀਂ ਦਿਖਾਈ ਸੀ, ਹਾਲਾਂਕਿ ਗਿਦਾਊਨ ਨੇ ਇਸਰਾਏਲ ਉੱਤੇ ਬਹੁਤ ਸਾਰੀਆਂ ਮਿਹਰਬਾਨੀਆਂ ਕੀਤੀਆਂ ਸਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.