Biblica® Open Punjabi Contemporary Version 2025
ਨਿਆਈਂ 12
ਯਿਫ਼ਤਾਹ ਅਤੇ ਇਫ਼ਰਾਈਮ
ਇਫ਼ਰਾਈਮ ਦੀਆਂ ਫ਼ੌਜਾਂ ਨੂੰ ਬੁਲਾਇਆ ਗਿਆ ਅਤੇ ਉਹ ਜ਼ੇਫੋਨ ਵੱਲ ਗਏ। ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, “ਜਦ ਤੂੰ ਅੰਮੋਨੀਆਂ ਨਾਲ ਲੜਨ ਲਈ ਪਾਰ ਗਿਆ ਤਾਂ ਸਾਨੂੰ ਆਪਣੇ ਨਾਲ ਜਾਣ ਲਈ ਕਿਉਂ ਨਹੀਂ ਬੁਲਾਇਆ? ਹੁਣ ਅਸੀਂ ਤੇਰੇ ਘਰ ਨੂੰ ਤੇਰੇ ਨਾਲ ਸਾੜ ਦਿਆਂਗੇ।”
ਯਿਫ਼ਤਾਹ ਨੇ ਜਵਾਬ ਦਿੱਤਾ, “ਮੇਰੇ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਵੱਡਾ ਝਗੜਾ ਹੋਇਆ ਸੀ ਅਤੇ ਜਦ ਮੈਂ ਤੁਹਾਨੂੰ ਬੁਲਾਇਆ ਸੀ, ਤਾਂ ਤੁਸੀਂ ਮੈਨੂੰ ਉਨ੍ਹਾਂ ਦੇ ਹੱਥੋਂ ਨਹੀਂ ਬਚਾਇਆ। ਜਦੋਂ ਮੈਂ ਵੇਖਿਆ ਕਿ ਤੁਸੀਂ ਕੋਈ ਮਦਦ ਨਹੀਂ ਕੀਤੀ, ਤਾਂ ਮੈਂ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈ ਕੇ ਅੰਮੋਨੀਆਂ ਨਾਲ ਲੜਨ ਲਈ ਪਾਰ ਲੰਘ ਗਿਆ ਅਤੇ ਯਾਹਵੇਹ ਨੇ ਮੈਨੂੰ ਉਨ੍ਹਾਂ ਉੱਤੇ ਜਿੱਤ ਦਿੱਤੀ। ਹੁਣ ਤੁਸੀਂ ਅੱਜ ਮੇਰੇ ਨਾਲ ਲੜਨ ਕਿਉਂ ਆਏ ਹੋ?”
ਤਦ ਯਿਫ਼ਤਾਹ ਨੇ ਗਿਲਆਦ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਇਫ਼ਰਾਈਮ ਦੇ ਵਿਰੁੱਧ ਲੜਿਆ। ਗਿਲਆਦੀਆਂ ਨੇ ਉਨ੍ਹਾਂ ਨੂੰ ਮਾਰਿਆ ਕਿਉਂਕਿ ਇਫ਼ਰਾਈਮੀਆਂ ਨੇ ਕਿਹਾ ਸੀ, “ਤੁਸੀਂ ਗਿਲਆਦੀ, ਇਫ਼ਰਾਈਮ ਦੇ ਭਗੌੜੇ ਹੋ ਜੋ ਇਫ਼ਰਾਈਮੀਆਂ ਅਤੇ ਮਨੱਸ਼ੇਹ ਦੇ ਵਿੱਚਕਾਰ ਰਹਿੰਦੇ ਹੋ।” ਗਿਲਆਦੀਆਂ ਨੇ ਯਰਦਨ ਦੇ ਦਰਿਆਵਾਂ ਉੱਤੇ ਕਬਜ਼ਾ ਕਰ ਲਿਆ ਜੋ ਇਫ਼ਰਾਈਮ ਵੱਲ ਜਾਂਦੇ ਸਨ ਅਤੇ ਜਦੋਂ ਵੀ ਇਫ਼ਰਾਈਮ ਦਾ ਭਗੌੜਾ ਆ ਕੇ ਕਹਿੰਦਾ, “ਮੈਨੂੰ ਪਾਰ ਲੰਘਣ ਦਿਓ,” ਤਾਂ ਗਿਲਆਦ ਦੇ ਲੋਕ ਉਸਨੂੰ ਪੁੱਛਦੇ, “ਕੀ ਤੂੰ ਇਫ਼ਰਾਈਮ ਤੋਂ ਹੈ?” ਜੇ ਉਹ ਕਹਿੰਦਾ, “ਨਹੀਂ,” ਤਦ ਗਿਲਆਦੀਆਂ ਨੇ ਕਿਹਾ, “ਠੀਕ ਹੈ, ‘ਸ਼ਿੱਬੋਲਥ’ ਬੋਲੋ।” ਜੇ ਉਹ ਕਹਿੰਦਾ, “ਸਿੱਬੋਲਥ,” ਕਿਉਂਕਿ ਉਹ ਸ਼ਬਦ ਦਾ ਸਹੀ ਉਚਾਰਨ ਨਹੀਂ ਕਰ ਸਕਦਾ ਸੀ, ਤਾਂ ਉਹ ਉਸਨੂੰ ਫੜ੍ਹ ਕੇ ਯਰਦਨ ਦੇ ਕੰਢੇ ਕੋਲ ਵੱਢ ਸੁੱਟਦੇ ਸਨ। ਇਸ ਤਰ੍ਹਾਂ ਉਸ ਸਮੇਂ ਬਤਾਲੀ ਹਜ਼ਾਰ ਇਫ਼ਰਾਈਮੀ ਮਾਰੇ ਗਏ।
ਯਿਫ਼ਤਾਹ ਨੇ ਛੇ ਸਾਲ ਇਸਰਾਏਲ ਦੀ ਅਗਵਾਈ ਕੀਤੀ। ਤਦ ਗਿਲਆਦੀ ਯਿਫ਼ਤਾਹ ਮਰ ਗਿਆ ਅਤੇ ਗਿਲਆਦ ਦੇ ਇੱਕ ਨਗਰ ਵਿੱਚ ਦਫ਼ਨਾਇਆ ਗਿਆ।
ਇਬਜ਼ਾਨ, ਏਲੋਨ ਅਤੇ ਅਬਦੋਨ
ਉਸ ਤੋਂ ਬਾਅਦ ਬੈਤਲਹਮ ਦੇ ਇਬਜ਼ਾਨ ਨੇ ਇਸਰਾਏਲ ਦੀ ਅਗਵਾਈ ਕੀਤੀ। ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ। ਉਸਨੇ ਆਪਣੀਆਂ ਧੀਆਂ ਨੂੰ ਆਪਣੇ ਕਬੀਲੇ ਤੋਂ ਬਾਹਰ ਦੇ ਲੋਕਾਂ ਨਾਲ ਵਿਆਹ ਦਿੱਤਾ ਅਤੇ ਆਪਣੇ ਪੁੱਤਰਾਂ ਲਈ ਉਸਨੇ ਆਪਣੇ ਕਬੀਲੇ ਤੋਂ ਬਾਹਰੋਂ ਤੀਹ ਮੁਟਿਆਰਾਂ ਨੂੰ ਪਤਨੀਆਂ ਵਜੋਂ ਲਿਆ। ਇਬਜ਼ਾਨ ਨੇ ਸੱਤ ਸਾਲ ਇਸਰਾਏਲਆਂ ਦਾ ਨਿਆਈਂ ਬਣਿਆ ਰਿਹਾ। ਫਿਰ ਇਬਜ਼ਾਨ ਮਰ ਗਿਆ ਅਤੇ ਉਸਨੂੰ ਬੈਤਲਹਮ ਵਿੱਚ ਦਫ਼ਨਾਇਆ ਗਿਆ।
ਉਸ ਤੋਂ ਬਾਅਦ ਜ਼ਬੂਲੁਨੀ ਏਲੋਨ ਨੇ ਦਸ ਸਾਲ ਇਸਰਾਏਲ ਦੀ ਅਗਵਾਈ ਕੀਤੀ। ਫਿਰ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇ ਦੇਸ਼ ਅੱਯਾਲੋਨ ਵਿੱਚ ਦਫ਼ਨਾਇਆ ਗਿਆ।
ਉਸ ਤੋਂ ਬਾਅਦ ਪਿਰਾਥੋਨ ਤੋਂ ਹਿੱਲੇਲ ਦੇ ਪੁੱਤਰ ਅਬਦੋਨ ਨੇ ਇਸਰਾਏਲ ਦੀ ਅਗਵਾਈ ਕੀਤੀ। ਉਸ ਦੇ ਚਾਲੀ ਪੁੱਤਰ ਅਤੇ ਤੀਹ ਪੋਤੇ ਸਨ, ਜੋ ਸੱਤਰ ਗਧਿਆਂ ਤੇ ਸਵਾਰ ਸਨ। ਉਸਨੇ ਅੱਠ ਸਾਲ ਇਸਰਾਏਲ ਦੀ ਅਗਵਾਈ ਕੀਤੀ। ਤਦ ਹਿੱਲੇਲ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਅਮਾਲੇਕੀਆਂ ਦੇ ਪਹਾੜੀ ਦੇਸ਼ ਵਿੱਚ ਇਫ਼ਰਾਈਮ ਦੇ ਪਿਰਾਥੋਨ ਵਿੱਚ ਦਫ਼ਨਾਇਆ ਗਿਆ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.