Skip to content
BibleKenya

Biblica® Open Punjabi Contemporary Version 2025

ਯੇਹੋਸ਼ੁਆ 23

ਨੇਤਾਵਾਂ ਤੋਂ ਯੇਹੋਸ਼ੁਆ ਦੀ ਵਿਦਾਈ

ਬਹੁਤ ਸਮਾਂ ਬੀਤ ਜਾਣ ਤੋਂ ਬਾਅਦ ਜਦ ਯਾਹਵੇਹ ਨੇ ਇਸਰਾਏਲ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਆਰਾਮ ਦਿੱਤਾ, ਯੇਹੋਸ਼ੁਆ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਸੀ। ਤਦ ਯੇਹੋਸ਼ੁਆ ਨੇ ਇਸਰਾਏਲ ਦੇ ਸਾਰੇ ਬਜ਼ੁਰਗਾ, ਸਰਦਾਰਾਂ, ਨਿਆਂਈਆਂ ਅਤੇ ਅਧਿਕਾਰੀਆਂ ਨੂੰ ਸੱਦ ਕੇ ਆਖਿਆ, ਮੈ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਹਾਂ। ਤੁਸੀਂ ਉਹ ਸਭ ਕੁਝ ਵੇਖਿਆ ਹੈ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਡੇ ਲਈ ਇਨ੍ਹਾਂ ਸਾਰੀਆਂ ਕੌਮਾਂ ਨਾਲ ਕੀਤਾ ਹੈ। ਇਹ ਯਾਹਵੇਹ ਤੁਹਾਡਾ ਪਰਮੇਸ਼ਵਰ ਸੀ ਜੋ ਤੁਹਾਡੇ ਲਈ ਲੜਿਆ ਸੀ। ਯਾਦ ਰੱਖੋ ਕਿ ਕਿਵੇਂ ਮੈ ਤੁਹਾਡੇ ਲਈ ਇਨ੍ਹਾਂ ਬਾਕੀ ਦੀਆਂ ਕੌਮਾਂ ਨੂੰ ਤੁਹਾਡੀਆਂ ਗੋਤਾਂ ਅਨੁਸਾਰ ਮਿਲਖ਼ ਵਿੱਚ ਵੰਡ ਦਿੱਤਾ ਹੈ ਅਰਥਾਤ ਯਰਦਨ ਤੋਂ ਵੱਡੇ ਸਮੁੰਦਰ ਤੱਕ ਸੂਰਜ ਦੇ ਲਹਿੰਦੇ ਪਾਸੇ ਵੱਲ ਨੂੰ ਸਾਰੀਆਂ ਕੌਮਾਂ ਸਣੇ ਮੈ ਮਾਰ ਦਿੱਤਾ ਸੀ। ਯਾਹਵੇਹ, ਤੁਹਾਡਾ ਪਰਮੇਸ਼ਵਰ ਉਨ੍ਹਾਂ ਨੂੰ ਤੁਹਾਡੇ ਵਿੱਚੋਂ ਕੱਢ ਦੇਵੇਗਾ ਅਤੇ ਉਨ੍ਹਾਂ ਨੂੰ ਤੁਹਾਡੇ ਤੋਂ ਵੱਖ ਕਰ ਦੇਵੇਗਾ ਅਤੇ ਤੁਸੀਂ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਵੋਂਗੇ, ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਆਖਿਆ ਹੈ।

ਮਜ਼ਬੂਤ ਬਣੋ ਅਤੇ ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ, ਤੁਸੀਂ ਉਸ ਤੋਂ ਨਾ ਸੱਜੇ ਨਾ ਖੱਬੇ ਪਾਸੇ ਮੁੜਨਾ। ਤੁਸੀਂ ਇਨ੍ਹਾਂ ਕੌਮਾਂ ਨਾਲ ਨਾ ਜੁੜੋ ਜੋ ਤੁਹਾਡੇ ਵਿਚਕਾਰ ਰਹਿੰਦੀਆਂ ਹਨ, ਉਨ੍ਹਾਂ ਦੇ ਦੇਵਤਿਆਂ ਦੇ ਨਾਮ ਵੀ ਜੁਬਾਨ ਉੱਤੇ ਨਾ ਲਿਆਓ ਨਾ ਉਨ੍ਹਾਂ ਦੀ ਸਹੁੰ ਨਾ ਖਾਓ। ਤੁਸੀਂ ਉਹਨਾਂ ਦੀ ਉਪਾਸਨਾ ਨਾ ਕਰੋ ਨਾ ਉਹਨਾਂ ਅੱਗੇ ਮੱਥਾ ਟੇਕੋ। ਪਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਉਸੇ ਤਰ੍ਹਾਂ ਫੜੀ ਰੱਖੋ, ਜਿਵੇਂ ਹੁਣ ਤੱਕ ਹੈ।

“ਯਾਹਵੇਹ ਨੇ ਤੁਹਾਡੇ ਅੱਗੇ ਮਹਾਨ ਅਤੇ ਸ਼ਕਤੀਸ਼ਾਲੀ ਕੌਮਾਂ ਨੂੰ ਬਾਹਰ ਕੱਢ ਦਿੱਤਾ ਹੈ, ਪਰ ਅੱਜ ਤੱਕ ਕੋਈ ਵੀ ਤੁਹਾਡਾ ਸਾਹਮਣਾ ਨਹੀਂ ਕਰ ਸਕਿਆ। ਤੁਹਾਡੇ ਵਿੱਚੋਂ ਇੱਕ ਮਨੁੱਖ ਇੱਕ ਹਜ਼ਾਰ ਨੂੰ ਭਜਾਵੇਗਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਲਈ ਲੜਦਾ ਹੈ, ਜਿਵੇਂ ਉਸਨੇ ਇੱਕਰਾਰ ਕੀਤਾ ਸੀ। ਇਸ ਲਈ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰਨ ਲਈ ਬਹੁਤ ਸਾਵਧਾਨ ਰਹੋ।

“ਪਰ ਜੇ ਤੁਸੀਂ ਆਪਣੇ ਯਾਹਵੇਹ ਤੋਂ ਮੂੰਹ ਮੋੜ ਲੈਂਦੇ ਹੋ ਅਤੇ ਇਨ੍ਹਾਂ ਕੌਮਾਂ ਦੇ ਬਚੇ ਹੋਏ ਲੋਕਾਂ ਦੇ ਰੀਤੀ ਰਿਵਾਜਾਂ ਨੂੰ ਫੜੀ ਰੱਖਦੇ ਹੋ ਜੋ ਤੁਹਾਡੇ ਵਿੱਚ ਰਹਿ ਜਾਂਦੇ ਹਨ, ਅਤੇ ਜੇ ਤੁਸੀਂ ਉਨ੍ਹਾਂ ਨਾਲ ਵਿਆਹ ਕਰਾਉਂਦੇ ਹੋ, ਤਾਂ ਫਿਰ ਤੁਸੀਂ ਜਾਣ ਲਓ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਇਨ੍ਹਾਂ ਕੌਮਾਂ ਨੂੰ ਤੁਹਾਡੇ ਸਾਹਮਣੇ ਨਹੀਂ ਕੱਢੇਗਾ। ਇਸ ਦੀ ਬਜਾਏ, ਉਹ ਤੁਹਾਡੇ ਲਈ ਜਾਲ਼ ਅਤੇ ਫਾਹੀ ਬਣ ਜਾਣਗੇ, ਤੁਹਾਡੀਆਂ ਪਿੱਠਾਂ ਉੱਤੇ ਕੋਰੜੇ ਅਤੇ ਤੁਹਾਡੀਆਂ ਅੱਖਾਂ ਵਿੱਚ ਕੰਡੇ, ਜਦ ਤੱਕ ਤੁਸੀਂ ਇਸ ਚੰਗੀ ਧਰਤੀ ਤੋਂ ਨਾਸ਼ ਹੋ ਜਾਓ, ਜਿਹੜੀ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ।

“ਹੁਣ ਮੇਰੀ ਮੌਤ ਦਾ ਸਮਾਂ ਨੇੜੇ ਹੈ, ਜਿਵੇਂ ਧਰਤੀ ਉੱਤੇ ਸਾਰੇ ਲੋਕ ਮਰਦੇ ਹਨ। ਆਪਣੇ ਦਿਲ ਅਤੇ ਆਤਮਾ ਦੀਆਂ ਡੂੰਘਾਈਆਂ ਵਿੱਚ ਜਾਣੋ ਕਿ ਜੋ ਕੁਝ ਵੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਮੂੰਹੋਂ ਨਿੱਕਲਿਆ ਹੈ ਉਹ ਸਭ ਕੁੱਝ ਪੂਰਾ ਹੋਇਆ ਹੈ। ਉਹ ਸਭ ਕੁਝ ਜੋ ਤੁਹਾਡੇ ਲਈ ਕਿਹਾ ਗਿਆ ਸੀ ਸੱਚ ਹੋ ਗਿਆ ਹੈ ਇਸ ਤਰ੍ਹਾਂ ਹੋਵੇਗਾ ਕੇ ਜਿਵੇਂ ਸਾਰੀਆਂ ਚੰਗੀਆਂ ਗੱਲਾਂ ਤੁਹਾਡੇ ਉੱਤੇ ਆਈਆਂ ਹਨ ਜਿਹੜੀਆਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਵਿਖੇ ਬੋਲਿਆਂ ਸੀ ਉਸੇ ਤਰ੍ਹਾਂ ਯਾਹਵੇਹ ਤੁਹਾਡੇ ਉੱਤੇ ਸਾਰੀਆਂ ਬੁਰੀਆਂ ਗੱਲਾਂ ਵੀ ਲਿਆਵੇਗਾ ਜਦ ਤੱਕ ਕਿ ਉਹ ਇਸ ਚੰਗੀ ਜ਼ਮੀਨ ਉੱਤੇ ਜਿਹੜੀ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ ਤੁਹਾਡਾ ਨਾਸ ਨਾ ਕਰ ਦੇਵੇ। ਜੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਨੇਮ ਦੀ ਉਲੰਘਣਾ ਕਰਦੇ ਹੋ, ਜਿਸਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਜਾ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋ ਅਤੇ ਉਨ੍ਹਾਂ ਨੂੰ ਮੱਥਾ ਟੇਕੋਗੇ, ਤਾਂ ਯਾਹਵੇਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਤੁਸੀਂ ਉਸ ਚੰਗੀ ਧਰਤੀ ਤੋਂ ਛੇਤੀ ਹੀ ਨਸ਼ਟ ਹੋ ਜਾਓਗੇ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਹੈ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.