Skip to content
BibleKenya

Biblica® Open Punjabi Contemporary Version 2025

ਯੇਹੋਸ਼ੁਆ 2

ਰਾਹਾਬ ਅਤੇ ਜਾਸੂਸ

ਤਦ ਨੂਨ ਦੇ ਪੁੱਤਰ ਯੇਹੋਸ਼ੁਆ ਨੇ ਸ਼ਿੱਟੀਮ ਤੋਂ ਗੁਪਤ ਰੂਪ ਵਿੱਚ ਦੋ ਜਾਸੂਸ ਭੇਜੇ। ਉਸਨੇ ਕਿਹਾ, “ਜਾਓ, ਧਰਤੀ ਵੱਲ ਦੇਖੋ, ਖਾਸ ਕਰਕੇ ਯਰੀਹੋ ਨੂੰ।” ਇਸ ਲਈ ਉਹ ਜਾ ਕੇ ਰਾਹਾਬ ਨਾਂ ਦੀ ਵੇਸਵਾ ਦੇ ਘਰ ਜਾ ਵੜੇ ਅਤੇ ਉੱਥੇ ਠਹਿਰੇ।

ਯਰੀਹੋ ਦੇ ਰਾਜੇ ਨੂੰ ਦੱਸਿਆ ਗਿਆ, “ਦੇਖੋ, ਕੁਝ ਇਸਰਾਏਲੀ ਅੱਜ ਰਾਤ ਇੱਥੇ ਦੇਸ਼ ਦੀ ਜਾਸੂਸੀ ਕਰਨ ਲਈ ਆਏ ਹਨ।” ਇਸ ਲਈ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਇਹ ਸੁਨੇਹਾ ਭੇਜਿਆ, “ਉਨ੍ਹਾਂ ਆਦਮੀਆਂ ਨੂੰ ਬਾਹਰ ਲਿਆਓ ਜਿਹੜੇ ਤੇਰੇ ਕੋਲ ਆਏ ਅਤੇ ਤੇਰੇ ਘਰ ਵਿੱਚ ਵੜ ਗਏ ਕਿਉਂਕਿ ਉਹ ਸਾਰੇ ਦੇਸ਼ ਦੀ ਜਾਸੂਸੀ ਕਰਨ ਆਏ ਹਨ।”

ਪਰ ਔਰਤ ਉਹਨਾਂ ਦੋਹਾਂ ਆਦਮੀਆਂ ਨੂੰ ਲੁਕਾ ਲਿਆ ਸੀ। ਉਸਨੇ ਕਿਹਾ, “ਹਾਂ, ਉਹ ਆਦਮੀ ਮੇਰੇ ਕੋਲ ਆਏ ਸਨ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਕਿੱਥੋਂ ਆਏ ਸਨ। ਸ਼ਾਮ ਵੇਲੇ, ਜਦੋਂ ਸ਼ਹਿਰ ਦਾ ਫਾਟਕ ਬੰਦ ਕਰਨ ਦਾ ਸਮਾਂ ਹੋਇਆ, ਉਹ ਚਲੇ ਗਏ। ਮੈਨੂੰ ਨਹੀਂ ਪਤਾ ਕਿ ਉਹ ਕਿਸ ਪਾਸੇ ਗਏ। ਜਲਦੀ ਨਾਲ ਉਨ੍ਹਾਂ ਦਾ ਪਿੱਛਾ ਕਰੋ ਕਿਉਂਕਿ ਤੁਸੀਂ ਉਹਨਾਂ ਨੂੰ ਫੜ ਸਕਦੇ ਹੋ।” ਪਰ ਉਹ ਉਨ੍ਹਾਂ ਨੂੰ ਛੱਤ ਤੇ ਲੈ ਗਈ ਅਤੇ ਉਨ੍ਹਾਂ ਨੂੰ ਬਾਲਣ ਦੀਆਂ ਲੱਕੜਾਂ ਦੇ ਹੇਠ ਜੋ ਛੱਤ ਉੱਤੇ ਰੱਖੀਆਂ ਸਨ ਲੁਕਾ ਦਿੱਤਾ। ਇਸ ਲਈ ਉਹ ਮਨੁੱਖ ਜਾਸੂਸਾਂ ਦਾ ਪਿੱਛਾ ਕਰਨ ਲਈ ਉਸ ਰਾਹ ਉੱਤੇ ਤੁਰ ਪਏ ਜੋ ਯਰਦਨ ਦੇ ਦਰਿਆਵਾਂ ਨੂੰ ਜਾਂਦਾ ਸੀ ਅਤੇ ਜਿਵੇਂ ਹੀ ਪਿੱਛਾ ਕਰਨ ਵਾਲੇ ਬਾਹਰ ਨਿਕਲੇ ਤਾਂ ਫਾਟਕ ਬੰਦ ਹੋ ਗਿਆ।

ਜਾਸੂਸਾਂ ਦੇ ਸੌਣ ਤੋਂ ਪਹਿਲਾਂ ਉਹ ਉਹਨਾਂ ਕੋਲ ਛੱਤ ਤੇ ਗਈ ਅਤੇ ਉਨ੍ਹਾਂ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਯਾਹਵੇਹ ਨੇ ਤੁਹਾਨੂੰ ਇਹ ਧਰਤੀ ਦਿੱਤੀ ਹੈ ਅਤੇ ਤੁਹਾਡਾ ਡਰ ਸਾਡੇ ਲੋਕਾਂ ਉੱਤੇ ਛਾ ਗਿਆ ਹੈ, ਇਸ ਲਈ ਇਸ ਦੇਸ਼ ਵਿੱਚ ਰਹਿਣ ਵਾਲੇ ਸਾਰੇ ਤੁਹਾਡੇ ਕਾਰਨ ਡਰ ਨਾਲ ਘਬਰਾ ਗਏ ਹਨ। ਅਸੀਂ ਸੁਣਿਆ ਹੈ ਕਿ ਕਿਵੇਂ ਯਾਹਵੇਹ ਨੇ ਤੁਹਾਡੇ ਲਈ ਲਾਲ ਸਾਗਰ ਦੇ ਪਾਣੀ ਨੂੰ ਸੁਕਾ ਦਿੱਤਾ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ, ਅਤੇ ਤੁਸੀਂ ਯਰਦਨ ਦੇ ਪੂਰਬ ਵੱਲ ਅਮੋਰੀਆਂ ਦੇ ਦੋ ਰਾਜਿਆਂ ਸੀਹੋਨ ਅਤੇ ਓਗ ਨਾਲ ਕੀ ਕੀਤਾ, ਜਿਨ੍ਹਾਂ ਨੂੰ ਤੁਸੀਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਜਦੋਂ ਅਸੀਂ ਇਸ ਬਾਰੇ ਸੁਣਿਆ, ਤਾਂ ਸਾਡੇ ਦਿਲ ਡਰ ਨਾਲ ਪਿਘਲ ਗਏ ਅਤੇ ਤੁਹਾਡੇ ਕਾਰਨ ਸਾਰਿਆਂ ਦੀ ਹਿੰਮਤ ਅਸਫ਼ਲ ਹੋ ਗਈ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਉੱਪਰ ਸਵਰਗ ਵਿੱਚ ਅਤੇ ਹੇਠਾਂ ਧਰਤੀ ਉੱਤੇ ਇੱਕੋ ਪਰਮੇਸ਼ਵਰ ਹੈ।

“ਹੁਣ, ਕਿਰਪਾ ਕਰਕੇ ਮੇਰੇ ਨਾਲ ਯਾਹਵੇਹ ਦੀ ਸਹੁੰ ਖਾਓ ਕਿ ਤੁਸੀਂ ਮੇਰੇ ਪਰਿਵਾਰ ਉੱਤੇ ਦਿਆਲਤਾ ਦਿਖਾਓਗੇ, ਕਿਉਂਕਿ ਮੈਂ ਤੁਹਾਡੇ ਉੱਤੇ ਦਇਆ ਕੀਤੀ ਹੈ। ਮੈਨੂੰ ਪੱਕੀ ਨਿਸ਼ਾਨੀ ਦਿਓ ਕਿ ਤੁਸੀਂ ਮੇਰੇ ਪਿਤਾ ਅਤੇ ਮਾਤਾ, ਮੇਰੇ ਭੈਣਾਂ-ਭਰਾਵਾਂ ਅਤੇ ਉਨ੍ਹਾਂ ਦੇ ਸਾਰੇ ਲੋਕਾਂ ਦੀ ਜਾਨ ਬਚਾਓਗੇ ਅਤੇ ਤੁਸੀਂ ਸਾਨੂੰ ਮੌਤ ਤੋਂ ਬਚਾਓਗੇ।”

“ਤੁਹਾਡੀ ਜਾਨ ਦੇ ਬਦਲੇ ਸਾਡੀ ਜਾਨ ਹੈ!” ਆਦਮੀਆਂ ਨੇ ਉਸਨੂੰ ਭਰੋਸਾ ਦਿਵਾਇਆ। “ਜੇ ਤੁਸੀਂ ਇਹ ਨਹੀਂ ਦੱਸਦੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਤੁਹਾਡੇ ਨਾਲ ਦਇਆ ਅਤੇ ਸਚਿਆਈ ਨਾਲ ਪੇਸ਼ ਆਵਾਂਗੇ ਜਦੋਂ ਯਾਹਵੇਹ ਸਾਨੂੰ ਇਹ ਧਰਤੀ ਦੇਵੇਗਾ।”

ਇਸ ਲਈ ਉਸਨੇ ਉਨ੍ਹਾਂ ਨੂੰ ਰੱਸੀ ਨਾਲ ਖਿੜਕੀ ਵਿੱਚੋਂ ਹੇਠਾਂ ਉਤਾਰ ਦਿੱਤਾ ਕਿਉਂਕਿ ਜਿਸ ਘਰ ਵਿੱਚ ਉਹ ਰਹਿੰਦੀ ਸੀ ਉਹ ਸ਼ਹਿਰ ਦੀ ਕੰਧ ਦੀ ਚਾਰ-ਦੀਵਾਰੀ ਨਾਲ ਲੱਗਦਾ ਸੀ। ਉਸਨੇ ਉਨ੍ਹਾਂ ਨੂੰ ਕਿਹਾ, “ਪਹਾੜਾਂ ਉੱਤੇ ਜਾਓ ਤਾਂ ਜੋ ਪਿੱਛਾ ਕਰਨ ਵਾਲੇ ਤੁਹਾਨੂੰ ਨਾ ਲੱਭ ਸਕਣ। ਤਿੰਨ ਦਿਨ ਤੱਕ ਉੱਥੇ ਲੁਕੋ ਜਦੋਂ ਤੱਕ ਉਹ ਵਾਪਸ ਨਾ ਆ ਜਾਣ ਅਤੇ ਫਿਰ ਆਪਣੇ ਰਸਤੇ ਚਲੇ ਜਾਣਾ।”

ਹੁਣ ਆਦਮੀਆਂ ਨੇ ਉਸ ਨੂੰ ਕਿਹਾ ਸੀ, “ਇਹ ਸਹੁੰ ਜਿਹੜੀ ਤੂੰ ਸਾਨੂੰ ਖੁਆਈ ਹੈ, ਸਾਡੇ ਉੱਤੇ ਬੰਧਨ ਨਹੀਂ ਹੋਵੇਗੀ ਜਦ ਅਸੀਂ ਇਸ ਧਰਤੀ ਵਿੱਚ ਆਵਾਂਗੇ, ਤੂੰ ਇਹ ਲਾਲ ਰੰਗ ਦੀ ਡੋਰੀ ਨੂੰ ਉਸ ਖਿੜਕੀ ਵਿੱਚ ਬੰਨ੍ਹੀ ਜਿਸ ਵਿੱਚੋਂ ਤੂੰ ਸਾਨੂੰ ਹੇਠਾਂ ਉਤਾਰਿਆ ਹੈ, ਅਤੇ ਆਪਣੇ ਮਾਤਾ-ਪਿਤਾ, ਆਪਣੇ ਭਰਾਵਾਂ ਅਤੇ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਘਰ ਵਿੱਚ ਇਕੱਠਾ ਕਰੀ। ਜੇਕਰ ਕੋਈ ਤੇਰੇ ਘਰ ਵਿੱਚੋਂ ਨਿੱਕਲ ਕੇ ਬਾਹਰ ਗਲੀ ਵਿੱਚ ਜਾਂਦਾ ਹੈ, ਤਾਂ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਆਪਣੇ ਸਿਰ ਉੱਤੇ ਹੋਵੇਗਾ। ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਜਿਹੜੇ ਲੋਕ ਤੇਰੇ ਨਾਲ ਘਰ ਵਿੱਚ ਹਨ, ਜੇਕਰ ਉਨ੍ਹਾਂ ਉੱਤੇ ਹੱਥ ਰੱਖਿਆ ਜਾਵੇ ਤਾਂ ਉਨ੍ਹਾਂ ਦਾ ਖੂਨ ਸਾਡੇ ਸਿਰ ਉੱਤੇ ਹੋਵੇਗਾ। ਪਰ ਜੇਕਰ ਤੂੰ ਸਾਡੀ ਇਹ ਗੱਲ ਦੱਸ ਦੇਵੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਉਸ ਸਹੁੰ ਤੋਂ ਮੁਕਤ ਹੋ ਜਾਵਾਂਗੇ ਜਿਹੜੀ ਤੂੰ ਸਾਨੂੰ ਚੁਕਾਈ ਸੀ।”

ਉਸਨੇ ਆਖਿਆ, ਮੈ ਸਹਿਮਤ ਇਹ ਜਿਵੇਂ ਤੁਸੀਂ ਕਹਿੰਦੇ ਹੋ, ਹੋਣ ਦਿਓ।

ਇਸ ਲਈ ਉਸ ਨੇ ਉਨ੍ਹਾਂ ਨੂੰ ਭੇਜ ਦਿੱਤਾ ਅਤੇ ਉਹ ਚਲੇ ਗਏ ਅਤੇ ਉਸਨੇ ਖਿੜਕੀ ਵਿੱਚ ਲਾਲ ਰੰਗ ਦੀ ਡੋਰੀ ਬੰਨ੍ਹ ਦਿੱਤੀ।

ਜਦੋਂ ਉਹ ਚਲੇ ਗਏ, ਤਾਂ ਉਹ ਪਹਾੜੀਆਂ ਵਿੱਚ ਗਏ ਅਤੇ ਉੱਥੇ ਤਿੰਨ ਦਿਨ ਰਹੇ, ਜਦੋਂ ਤੱਕ ਪਿੱਛਾ ਕਰਨ ਵਾਲਿਆਂ ਨੇ ਸਾਰੇ ਰਸਤੇ ਵਿੱਚ ਖੋਜ ਨਾ ਕੀਤੀ ਅਤੇ ਉਨ੍ਹਾਂ ਨੂੰ ਨਾ ਲੱਭਿਆ। ਫਿਰ ਦੋਵੇਂ ਆਦਮੀ ਵਾਪਸ ਆਉਣ ਲੱਗੇ। ਉਹ ਪਹਾੜੀਆਂ ਤੋਂ ਹੇਠਾਂ ਉਤਰੇ ਅਤੇ ਨਦੀ ਦੇ ਕਿਨਾਰੇ ਗਏ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਕੋਲ ਆਏ ਅਤੇ ਉਸ ਨੂੰ ਸਭ ਕੁਝ ਦੱਸਿਆ ਜੋ ਉਨ੍ਹਾਂ ਨਾਲ ਵਾਪਰਿਆ ਸੀ। ਉਨ੍ਹਾਂ ਨੇ ਯੇਹੋਸ਼ੁਆ ਨੂੰ ਕਿਹਾ, “ਯਾਹਵੇਹ ਨੇ ਨਿਸ਼ਚਿਤ ਹੀ ਸਾਰੀ ਧਰਤੀ ਸਾਡੇ ਹੱਥਾਂ ਵਿੱਚ ਦੇ ਦਿੱਤੀ ਹੈ, ਸਾਡੇ ਕਾਰਨ ਸਾਰੇ ਲੋਕ ਡਰ ਨਾਲ ਘਬਰਾ ਗਏ ਹਨ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.