Skip to content
BibleKenya

Biblica® Open Punjabi Contemporary Version 2025

ਯੇਹੋਸ਼ੁਆ 17

ਮਨੱਸ਼ੇਹ ਦੇ ਗੋਤ ਦਾ ਹਿੱਸਾ ਇਹ ਸੀ, ਇਸ ਲਈ ਜੋ ਉਹ ਯੋਸੇਫ਼ ਦਾ ਪਹਿਲੌਠਾ ਸੀ। ਮਾਕੀਰ ਨੂੰ ਜਿਹੜਾ ਮਨੱਸ਼ੇਹ ਦਾ ਪਹਿਲੌਠਾ ਅਤੇ ਗਿਲਾਦ ਦਾ ਪਿਤਾ ਸੀ ਯੋਧਾ ਹੋਣ ਕਰਕੇ ਗਿਲਆਦ ਬਾਸ਼ਾਨ ਮਿਲੇ। ਇਸ ਲਈ ਇਹ ਮਨੱਸ਼ੇਹ ਦੇ ਬਾਕੀ ਲੋਕਾਂ ਲਈ ਸੀ, ਅਬੀਅਜ਼ਰ ਦੀ ਅੰਸ, ਹੇਲੇਕ, ਅਸਰੀਏਲ, ਸ਼ੇਕੇਮ, ਹੇਫਰ ਅਤੇ ਸ਼ਮੀਦਾ ਦੇ ਗੋਤਾਂ ਲਈ। ਇਹ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਪਰਿਵਾਰਾ ਦੇ ਸਮੂਹ ਅਨੁਸਾਰ ਸਨ।

ਹੁਣ ਹੇਫਰ ਦਾ ਪੁੱਤਰ ਸਲਾਫ਼ਹਾਦ, ਗਿਲਆਦ ਦਾ ਪੁੱਤਰ, ਮਾਕੀਰ ਦਾ ਪੁੱਤਰ, ਮਨੱਸ਼ੇਹ ਦਾ ਪੁੱਤਰ, ਉਸ ਦੇ ਕੋਈ ਪੁੱਤਰ ਨਹੀਂ ਸਨ ਪਰ ਸਿਰਫ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ। ਉਹ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਆਗੂਆਂ ਕੋਲ ਗਏ ਅਤੇ ਕਿਹਾ, “ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਨੂੰ ਸਾਡੇ ਰਿਸ਼ਤੇਦਾਰਾਂ ਵਿੱਚੋਂ ਇੱਕ ਮਿਰਾਸ ਦੇਵੇ।” ਇਸ ਲਈ ਯੇਹੋਸ਼ੁਆ ਨੇ ਯਾਹਵੇਹ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਸਮੇਤ ਇੱਕ ਵਿਰਾਸਤ ਦਿੱਤੀ। ਮਨੱਸ਼ੇਹ ਦੇ ਹਿੱਸੇ ਵਿੱਚ ਯਰਦਨ ਦੇ ਪੂਰਬ ਵੱਲ ਗਿਲਆਦ ਅਤੇ ਬਾਸ਼ਾਨ ਤੋਂ ਇਲਾਵਾ ਦਸ ਹਿੱਸੇ ਜ਼ਮੀਨ ਸਨ, ਕਿਉਂਕਿ ਮਨੱਸ਼ੇਹ ਦੇ ਪਰਿਵਾਰ-ਸਮੂਹ ਦੀਆਂ ਧੀਆਂ ਨੂੰ ਪੁੱਤਰਾਂ ਵਿਚਕਾਰ ਵਿਰਾਸਤ ਮਿਲੀ ਸੀ। ਗਿਲਆਦ ਦੀ ਧਰਤੀ ਮਨੱਸ਼ੇਹ ਦੇ ਬਾਕੀ ਉੱਤਰਾਧਿਕਾਰੀਆਂ ਦੀ ਸੀ।

ਮਨੱਸ਼ੇਹ ਦਾ ਇਲਾਕਾ ਸ਼ੇਕੇਮ ਦੇ ਪੂਰਬ ਵਿੱਚ ਆਸ਼ੇਰ ਤੋਂ ਮਿਕਮਥਾਥ ਤੱਕ ਫੈਲਿਆ ਹੋਇਆ ਸੀ। ਏਨ ਤਪੂਆਹ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਉੱਥੋਂ ਦੀ ਸੀਮਾ ਦੱਖਣ ਵੱਲ ਚਲੀ ਗਈ। (ਮਨੱਸ਼ੇਹ ਕੋਲ ਤਪੂਆਹ ਦੀ ਧਰਤੀ ਸੀ, ਪਰ ਤਪੂਆਹ ਮਨੱਸ਼ੇਹ ਦੀ ਹੱਦ ਉੱਤੇ, ਇਫ਼ਰਾਈਮੀਆਂ ਦਾ ਸੀ।) ਫਿਰ ਇਹ ਸੀਮਾ ਦੱਖਣ ਵੱਲ ਕਾਨਾਹ ਦੀ ਖੱਡ ਤੱਕ ਚਲੀ ਗਈ। ਮਨੱਸ਼ੇਹ ਦੇ ਕਸਬਿਆਂ ਦੇ ਵਿਚਕਾਰ ਇਫ਼ਰਾਈਮ ਦੇ ਕਸਬੇ ਸਨ, ਪਰ ਮਨੱਸ਼ੇਹ ਦੀ ਹੱਦ ਘਾਟੀ ਦੇ ਉੱਤਰੀ ਪਾਸੇ ਸੀ ਅਤੇ ਮਹਾ ਸਾਗਰ ਵਿੱਚ ਖ਼ਤਮ ਹੁੰਦੀ ਸੀ। ਦੱਖਣ ਵੱਲ ਜ਼ਮੀਨ ਇਫ਼ਰਾਈਮ ਦੀ ਸੀ, ਉੱਤਰ ਵੱਲ ਮਨੱਸ਼ੇਹ ਦੀ ਅਤੇ ਮਨੱਸ਼ੇਹ ਦਾ ਇਲਾਕਾ ਸਾਗਰ ਤੱਕ ਪਹੁੰਚਿਆ ਅਤੇ ਉੱਤਰ ਵੱਲ ਆਸ਼ੇਰ ਅਤੇ ਪੂਰਬ ਵੱਲ ਯਿੱਸਾਕਾਰ ਦੀ ਸਰਹੱਦ ਨਾਲ ਲੱਗਦੀ ਸੀ।

ਮਨੱਸ਼ੇਹ ਲਈ ਯਿੱਸਾਕਾਰ ਵਿੱਚ ਆਸ਼ੇਰ ਵਿੱਚ ਇਹ ਸੀ, ਬੈਥ ਸ਼ਾਨ ਉਸ ਦੀਆਂ ਬਸਤੀਆਂ ਯਿਬਲਾਮ ਉਸ ਦੀਆਂ ਬਸਤੀਆਂ, ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਏਨ-ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਤਾਨਾਖ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਅਰਥਾਤ ਤਿੰਨੇ ਉਚਿਆਈਆਂ।

ਫਿਰ ਵੀ ਮਨੱਸ਼ੀ ਇਨ੍ਹਾਂ ਕਸਬਿਆਂ ਉੱਤੇ ਕਬਜ਼ਾ ਕਰਨ ਦੇ ਯੋਗ ਨਹੀਂ ਸਨ, ਕਿਉਂਕਿ ਕਨਾਨੀਆਂ ਨੇ ਉਸ ਖੇਤਰ ਵਿੱਚ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। ਹਾਲਾਂਕਿ, ਜਦੋਂ ਇਸਰਾਏਲੀ ਤਾਕਤਵਰ ਹੋ ਗਏ, ਤਾਂ ਉਨ੍ਹਾਂ ਨੇ ਕਨਾਨੀਆਂ ਨੂੰ ਜ਼ਬਰਦਸਤੀ ਮਜ਼ਦੂਰੀ ਦੇ ਅਧੀਨ ਕੀਤਾ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ।

ਯੋਸੇਫ਼ ਦੇ ਲੋਕਾਂ ਨੇ ਯੇਹੋਸ਼ੁਆ ਨੂੰ ਆਖਿਆ, “ਤੂੰ ਸਾਨੂੰ ਸਿਰਫ ਇੱਕ ਹਿੱਸਾ ਅਤੇ ਇੱਕ ਹਿੱਸਾ ਵਿਰਾਸਤ ਵਿੱਚ ਕਿਉਂ ਦਿੱਤਾ ਹੈ? ਅਸੀਂ ਬਹੁਤ ਸਾਰੇ ਲੋਕ ਹਾਂ ਅਤੇ ਯਾਹਵੇਹ ਨੇ ਸਾਨੂੰ ਭਰਪੂਰ ਅਸੀਸ ਦਿੱਤੀ ਹੈ।”

ਯੇਹੋਸ਼ੁਆ ਨੇ ਜਵਾਬ ਦਿੱਤਾ, “ਜੇ ਤੁਸੀਂ ਇੰਨੇ ਜ਼ਿਆਦਾ ਹੋ, ਅਤੇ ਜੇ ਇਫ਼ਰਾਈਮ ਦਾ ਪਹਾੜੀ ਦੇਸ਼ ਤੁਹਾਡੇ ਲਈ ਬਹੁਤ ਛੋਟਾ ਹੈ, ਤਾਂ ਜੰਗਲ ਵਿੱਚ ਜਾਉ ਅਤੇ ਉੱਥੇ ਪਰਿੱਜ਼ੀਆਂ ਅਤੇ ਰਫ਼ਾਈ ਦੇ ਦੇਸ਼ ਵਿੱਚ ਆਪਣੇ ਲਈ ਜ਼ਮੀਨ ਸਾਫ਼ ਕਰੋ।”

ਯੋਸੇਫ਼ ਦੇ ਪੁੱਤਰਾਂ ਨੇ ਜਵਾਬ ਦਿੱਤਾ, “ਕਿ ਉਹ ਪਰਬਤ ਸਾਡੇ ਵੱਸਣ ਯੋਗ ਨਹੀਂ ਅਤੇ ਸਾਰੇ ਕਨਾਨੀਆਂ ਕੋਲ ਜਿਹੜੇ ਨੀਵੇਂ ਥਾਵਾਂ ਵਿੱਚ ਵੱਸਦੇ ਹਨ ਲੋਹੇ ਦੇ ਰੱਥ ਹਨ, ਨਾਲੇ ਉਹਨਾਂ ਕੋਲ ਜਿਹੜੇ ਬੈਥ ਸ਼ਾਨ ਅਤੇ ਉਸ ਦੀਆਂ ਬਸਤੀਆਂ ਵਿੱਚ ਹਨ ਨਾਲੇ ਉਹਨਾਂ ਕੋਲ ਜਿਹੜੇ ਯਿਜ਼ਰਏਲ ਦੀ ਨੀਵੇਂ ਥਾਵਾਂ ਵਿੱਚ ਸਨ।”

ਪਰ ਯੇਹੋਸ਼ੁਆ ਨੇ ਯੋਸੇਫ਼ ਦੇ ਗੋਤਾਂ ਨੂੰ ਅਰਥਾਤ ਇਫ਼ਰਾਈਮ ਅਤੇ ਮਨੱਸ਼ੇਹ ਨੂੰ ਕਿਹਾ, “ਤੁਸੀਂ ਬਹੁਤ ਸਾਰੇ ਅਤੇ ਬਹੁਤ ਸ਼ਕਤੀਸ਼ਾਲੀ ਹੋ। ਤੁਹਾਡੇ ਕੋਲ ਸਿਰਫ ਇੱਕ ਹਿੱਸਾ ਨਹੀਂ ਹੋਵੇਗੇ ਪਰ ਪਰਬਤ ਤੁਹਾਡਾ ਹੋਵੇਗਾ ਭਾਵੇਂ ਉਹ ਲੱਕੜੀ ਦਾ ਜੰਗਲ ਹੈ ਅਤੇ ਤੁਸੀਂ ਉਸਨੂੰ ਵੱਢੋਗੇ ਅਤੇ ਉਹ ਦਾ ਫੈਲਾਓ ਤੁਹਾਡਾ ਹੋਵੇਗਾ ਕਿਉ ਜੋ ਤੁਸੀਂ ਕਨਾਨੀਆਂ ਨੂੰ ਕੱਢ ਦਿਓਗੇ ਭਾਵੇਂ ਉਹਨਾਂ ਦੇ ਰੱਥ ਲੋਹੇ ਦੇ ਹਨ ਅਤੇ ਉਹ ਤਕੜੇ ਵੀ ਹਨ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.