Biblica® Open Punjabi Contemporary Version 2025
ਯੋਹਨ 9
ਯਿਸ਼ੂ ਦਾ ਅੰਨ੍ਹੇ ਨੂੰ ਚੰਗਾ ਕਰਨਾ
ਜਦੋਂ ਯਿਸ਼ੂ ਜਾ ਰਹੇ ਸੀ ਤਾਂ ਉਹਨਾਂ ਨੇ ਇੱਕ ਆਦਮੀ ਨੂੰ ਵੇਖਿਆ ਜਿਹੜਾ ਜਨਮ ਤੋਂ ਅੰਨ੍ਹਾ ਸੀ। ਉਹਨਾਂ ਦੇ ਚੇਲਿਆਂ ਨੇ ਯਿਸ਼ੂ ਨੂੰ ਪੁੱਛਿਆ, “ਗੁਰੂ ਜੀ, ਕਿਸ ਨੇ ਪਾਪ ਕੀਤਾ ਹੈ, ਇਹ ਆਦਮੀ ਨੇ ਜਾਂ ਉਸ ਦੇ ਮਾਤਾ-ਪਿਤਾ ਨੇ ਜੋ ਉਹ ਅੰਨ੍ਹਾ ਪੈਦਾ ਹੋਇਆ ਹੈ?”
ਯਿਸ਼ੂ ਨੇ ਉੱਤਰ ਦਿੱਤਾ, “ਨਾ ਹੀ ਇਸ ਦੇ ਮਾਤਾ-ਪਿਤਾ ਨੇ ਅਤੇ ਨਾ ਹੀ ਉਸ ਦੇ ਪਾਪ ਕਾਰਨ ਹੈ। ਪਰ ਇਸ ਲਈ ਹੋਇਆ ਤਾਂ ਜੋ ਪਰਮੇਸ਼ਵਰ ਦੀ ਮਹਿਮਾ ਪ੍ਰਗਟ ਹੋਵੇ। ਜਿਨ੍ਹਾ ਚਿਰ ਦਿਨ ਹੈ, ਸਾਨੂੰ ਉਸ ਦਾ ਕੰਮ ਕਰਨਾ ਚਾਹੀਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ। ਰਾਤ ਆ ਰਹੀ ਹੈ, ਜਦੋਂ ਕੋਈ ਕੰਮ ਨਹੀਂ ਕਰ ਸਕਦਾ। ਜਦੋਂ ਤੱਕ ਮੈਂ ਇਸ ਦੁਨੀਆਂ ਵਿੱਚ ਹਾਂ, ਮੈਂ ਇਸ ਦੁਨੀਆਂ ਦਾ ਚਾਨਣ ਹਾਂ।”
ਇਹ ਕਹਿਣ ਤੋਂ ਬਾਅਦ, ਉਸ ਨੇ ਜ਼ਮੀਨ ਤੇ ਥੁੱਕਿਆ ਅਤੇ ਉਸ ਥੁੱਕ ਨਾਲ ਥੋੜ੍ਹਾ ਜਿਹਾ ਮਿੱਟੀ ਦਾ ਲੇਪ ਬਣਾਇਆ ਅਤੇ ਉਸ ਦੀਆਂ ਅੱਖਾਂ ਤੇ ਲਾ ਦਿੱਤਾ। ਯਿਸ਼ੂ ਨੇ ਉਸ ਨੂੰ ਕਿਹਾ, “ਜਾਓ ਅਤੇ ਸਿਲੋਅਮ ਦੇ ਤਲਾਬ ਵਿੱਚ ਧੋਵੋ” (ਇਸ ਸ਼ਬਦ ਦਾ ਅਰਥ ਹੈ ਭੇਜਿਆ)। ਤਾਂ ਉਹ ਆਦਮੀ ਚੱਲਿਆ ਗਿਆ ਅਤੇ ਉੱਥੇ ਉਸ ਨੇ ਆਪਣੀਆਂ ਅੱਖਾਂ ਨੂੰ ਧੋਤਾ ਅਤੇ ਵੇਖਦਿਆਂ ਘਰ ਆਇਆ।
ਉਸ ਦੇ ਗੁਆਂਢੀਆਂ ਅਤੇ ਉਹਨਾਂ ਲੋਕਾਂ ਨੇ, ਜਿਨ੍ਹਾਂ ਨੇ ਪਹਿਲਾਂ ਉਸ ਨੂੰ ਭੀਖ ਮੰਗਦਾ ਵੇਖਿਆ ਸੀ, ਪੁੱਛਿਆ, “ਕੀ ਇਹ ਉਹ ਮਨੁੱਖ ਨਹੀਂ ਜਿਹੜਾ ਬੈਠ ਕੇ ਭੀਖ ਮੰਗਦਾ ਹੁੰਦਾ ਸੀ?” ਕਈ ਲੋਕਾਂ ਨੇ ਕਿਹਾ ਕਿ ਇਹ ਉਹੀ ਹੈ ਅਤੇ ਕਈਆਂ ਨੇ ਕਿਹਾ।
“ਨਹੀਂ, ਇਹ ਮਨੁੱਖ ਉਹ ਨਹੀਂ ਹੈ ਸਿਰਫ ਇਹ ਉਸ ਵਰਗਾ ਲੱਗਦਾ ਹੈ।”
ਪਰ ਉਸ ਮਨੁੱਖ ਨੇ ਆਖਿਆ, “ਮੈਂ ਉਹੀ ਮਨੁੱਖ ਹਾਂ।”
ਲੋਕਾਂ ਨੇ ਉਸ ਨੂੰ ਪੁੱਛਿਆ, “ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ?”
ਉਸ ਨੇ ਉੱਤਰ ਦਿੱਤਾ, “ਜਿਸ ਆਦਮੀ ਨੂੰ ਉਹ ਯਿਸ਼ੂ ਕਹਿੰਦੇ ਹਨ ਉਸ ਨੇ ਕੁਝ ਮਿੱਟੀ ਦਾ ਲੇਪ ਬਣਾਇਆ ਅਤੇ ਮੇਰੀ ਅੱਖਾਂ ਤੇ ਲਾਇਆ। ਉਹ ਨੇ ਮੈਨੂੰ ਸਿਲੋਅਮ ਦੇ ਤਾਲਬ ਵਿੱਚੋਂ ਜਾ ਕੇ ਧੋਣ ਲਈ ਕਿਹਾ। ਮੈਂ ਗਿਆ ਅਤੇ ਧੋ ਲਿਆ ਅਤੇ ਫਿਰ ਮੈਂ ਵੇਖ ਸਕਿਆ।”
ਉਹਨਾਂ ਨੇ ਪੁੱਛਿਆ, “ਇਹ ਆਦਮੀ ਕਿੱਥੇ ਹੈ?”
ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ।”
ਫ਼ਰੀਸੀ ਦੁਆਰਾ ਚੰਗਿਆਈ ਦੀ ਜਾਂਚ
ਫਿਰ ਲੋਕ ਉਸ ਵਿਅਕਤੀ ਨੂੰ ਜਿਹੜਾ ਅੰਨ੍ਹਾ ਸੀ, ਫ਼ਰੀਸੀਆਂ ਦੇ ਕੋਲ ਲਿਆਏ। ਜਿਸ ਦਿਨ ਯਿਸ਼ੂ ਨੇ ਮਿੱਟੀ ਗਿੱਲੀ ਕੀਤੀ ਅਤੇ ਉਸ ਅੰਨ੍ਹੇ ਦੀਆਂ ਅੱਖੀਆਂ ਖੋਲ੍ਹਿਆ ਸਨ ਉਹ ਦਿਨ ਸਬਤ ਦਾ ਸੀ। ਇਸ ਲਈ ਫ਼ਰੀਸੀਆਂ ਨੇ ਫਿਰ ਉਸ ਨੂੰ ਪੁੱਛਿਆ, “ਤੈਨੂੰ ਰੋਸ਼ਨੀ ਕਿਵੇਂ ਮਿਲੀ?” ਉਸ ਮਨੁੱਖ ਨੇ ਉੱਤਰ ਦਿੱਤਾ, “ਉਹ ਨੇ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਗਾਈ ਅਤੇ ਮੈਂ ਧੋ ਲਿਆ ਤੇ ਹੁਣ ਮੈਂ ਦੇਖ ਸਕਦਾ ਹਾਂ।”
ਕੁਝ ਫ਼ਰੀਸੀਆਂ ਨੇ ਕਿਹਾ, “ਇਹ ਮਨੁੱਖ ਪਰਮੇਸ਼ਵਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਦੇ ਦਿਨ ਨੂੰ ਨਹੀਂ ਮੰਨਦਾ।”
ਪਰ ਦੂਸਰੇ ਲੋਕਾਂ ਨੇ ਪੁੱਛਿਆ, “ਇੱਕ ਪਾਪੀ ਅਜਿਹੇ ਚਮਤਕਾਰ ਕਿਵੇਂ ਕਰ ਸਕਦਾ ਹੈ?” ਇਸ ਲਈ ਉਹ ਆਪਸ ਵਿੱਚ ਸਹਿਮਤ ਨਹੀਂ ਸਨ।
ਤਾਂ ਫਿਰ ਉਹ ਸਾਰੇ ਫ਼ਰੀਸੀ ਉਸ ਅੰਨ੍ਹੇ ਆਦਮੀ ਕੋਲ ਗਏ ਅਤੇ ਪੁੱਛਿਆ, “ਤੂੰ ਇਸ ਆਦਮੀ ਬਾਰੇ ਕੀ ਕਹੇਗਾ? ਜਿਸ ਨੇ ਤੇਰੀਆਂ ਅੱਖਾਂ ਖੋਲ੍ਹੀਆਂ ਸਨ।”
ਉਸ ਆਦਮੀ ਨੇ ਉੱਤਰ ਦਿੱਤਾ, “ਉਹ ਇੱਕ ਨਬੀ ਹੈ।”
ਉਹਨਾਂ ਯਹੂਦੀ ਅਧਿਕਾਰੀਆਂ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਉਹ ਅੰਨ੍ਹਾ ਸੀ ਅਤੇ ਉਹ ਚੰਗਾ ਹੋ ਚੁੱਕਾ ਹੈ ਜਦੋਂ ਤੱਕ ਉਹਨਾਂ ਆਦਮੀ ਦੇ ਮਾਤਾ-ਪਿਤਾ ਨੂੰ ਨਹੀਂ ਸੱਦਿਆ। ਉਹਨਾਂ ਨੇ ਉਸ ਦੇ ਮਾਤਾ-ਪਿਤਾ ਪੁੱਛਿਆ, ਕੀ ਇਹ ਤੁਹਾਡਾ ਪੁੱਤਰ ਹੈ? “ਕੀ ਇਹ ਉਹੀ ਵਿਅਕਤੀ ਹੈ ਜਿਹੜਾ ਅੰਨ੍ਹਾ ਪੈਦਾ ਹੋਇਆ ਸੀ? ਹੁਣ ਉਹ ਕਿਵੇਂ ਵੇਖ ਸਕਦਾ ਹੈ?”
ਉਸ ਦੇ ਮਾਤਾ-ਪਿਤਾ ਨੇ ਜਵਾਬ ਦਿੱਤਾ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ। ਅਤੇ ਅਸੀਂ ਜਾਣਦੇ ਹਾਂ ਕਿ ਉਹ ਅੰਨ੍ਹਾ ਪੈਦਾ ਹੋਇਆ ਸੀ। ਪਰ ਉਹ ਹੁਣ ਕਿਵੇਂ ਵੇਖ ਸਕਦਾ ਹੈ, ਅਤੇ ਕਿਸ ਨੇ ਉਸ ਦੀਆਂ ਅੱਖਾਂ ਨੂੰ ਖੋਲ੍ਹਿਆ ਹੈ, ਸਾਨੂੰ ਨਹੀਂ ਪਤਾ। ਉਸ ਨੂੰ ਪੁੱਛੋ, ਕਿਉਂਕਿ ਉਹ ਉਮਰ ਦਾ ਸਿਆਣਾ ਹੈ; ਉਹ ਆਪੇ ਹੀ ਤੁਹਾਨੂੰ ਦੱਸੇਗਾ।” ਉਸ ਦੇ ਮਾਤਾ-ਪਿਤਾ ਨੇ ਇਹ ਇਸ ਲਈ ਕਿਹਾ ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਜੋ ਕੋਈ ਵੀ ਸਵੀਕਾਰ ਕਰਦਾ ਹੈ ਕਿ ਯਿਸ਼ੂ ਮਸੀਹਾ ਹੈ, ਉਸ ਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਇਸੇ ਕਾਰਨ ਉਸ ਦੇ ਮਾਤਾ-ਪਿਤਾ ਨੇ ਕਿਹਾ, “ਉਹ ਉਮਰ ਦਾ ਸਿਆਣਾ ਹੈ; ਉਸ ਨੂੰ ਪੁੱਛੋ।”
ਉਹਨਾਂ ਨੇ ਦੂਸਰੀ ਵਾਰ ਉਸ ਆਦਮੀ ਨੂੰ ਸੱਦਿਆ ਜੋ ਅੰਨ੍ਹਾ ਸੀ। ਉਹਨਾਂ ਨੇ ਕਿਹਾ, “ਸੱਚ ਬੋਲ ਕੇ ਤੂੰ ਪਰਮੇਸ਼ਵਰ ਦੀ ਵਡਿਆਈ ਕਰ। ਅਸੀਂ ਜਾਣਦੇ ਹਾਂ ਕਿ ਇਹ ਆਦਮੀ ਪਾਪੀ ਹੈ।”
ਉਸ ਨੇ ਜਵਾਬ ਦਿੱਤਾ, “ਭਾਵੇਂ ਉਹ ਪਾਪੀ ਹੈ ਜਾਂ ਨਹੀਂ, ਮੈਨੂੰ ਨਹੀਂ ਪਤਾ। ਇੱਕ ਚੀਜ਼ ਜੋ ਮੈਂ ਜਾਣਦਾ ਹਾਂ, ਮੈਂ ਅੰਨ੍ਹਾ ਸੀ ਪਰ ਹੁਣ ਮੈਂ ਵੇਖਦਾ ਹਾਂ!”
ਤਾਂ ਉਹਨਾਂ ਨੇ ਉਸ ਨੂੰ ਪੁੱਛਿਆ, “ਉਸ ਨੇ ਤੈਨੂੰ ਕੀ ਕੀਤਾ? ਉਸ ਨੇ ਤੇਰੀਆਂ ਅੱਖਾਂ ਕਿਵੇਂ ਖੋਲ੍ਹੀਆਂ?”
ਉਸ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਇਸ ਨੂੰ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕੀ ਤੁਸੀਂ ਵੀ ਉਹਨਾਂ ਦੇ ਚੇਲੇ ਬਣਨਾ ਚਾਹੁੰਦੇ ਹੋ?”
ਤਦ ਯਹੂਦੀਆਂ ਦੇ ਆਗੂ ਉਸ ਉੱਪਰ ਗੁੱਸਾ ਕਰਨ ਲੱਗੇ ਅਤੇ ਬੁਰਾ ਭਲਾ ਕਿਹਾ ਅਤੇ ਬੋਲੇ, “ਤੂੰ ਹੀ ਉਸ ਦਾ ਚੇਲਾ ਹੈ ਪਰ ਅਸੀਂ ਮੋਸ਼ੇਹ ਦੇ ਚੇਲੇ ਹਾਂ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਨੇ ਮੋਸ਼ੇਹ ਨਾਲ ਗੱਲਾਂ ਕੀਤੀਆਂ। ਪਰ ਇਹ ਆਦਮੀ ਕਿੱਥੋਂ ਆਉਂਦਾ ਹੈ, ਅਸੀਂ ਨਹੀਂ ਜਾਣਦੇ।”
ਉਸ ਆਦਮੀ ਨੇ ਜਵਾਬ ਦਿੱਤਾ, “ਹੁਣ ਇਹ ਕਮਾਲ ਦੀ ਗੱਲ ਹੈ! ਤੁਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ, ਫਿਰ ਵੀ ਉਸ ਨੇ ਮੇਰੀਆਂ ਅੱਖਾਂ ਖੋਲ੍ਹੀਆਂ। ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਪਾਪੀਆਂ ਦੀ ਨਹੀਂ ਸੁਣਦਾ। ਉਹ ਉਸ ਧਰਮੀ ਵਿਅਕਤੀ ਦੀ ਗੱਲ ਸੁਣਦਾ ਹੈ ਜੋ ਉਸ ਦੀ ਇੱਛਾ ਪੂਰੀ ਕਰਦਾ ਹੈ। ਕਿਸੇ ਨੇ ਕਦੇ ਵੀ ਅੰਨ੍ਹੇ ਜਨਮੇ ਆਦਮੀ ਦੀਆਂ ਅੱਖਾਂ ਖੋਲ੍ਹਣ ਬਾਰੇ ਨਹੀਂ ਸੁਣਿਆ ਹੈ। ਜੇ ਇਹ ਮਨੁੱਖ ਪਰਮੇਸ਼ਵਰ ਵੱਲੋਂ ਨਾ ਹੁੰਦਾ ਤਾਂ ਉਹ ਅਜਿਹਾ ਚਮਤਕਾਰ ਕਰਨ ਯੋਗ ਨਾ ਹੁੰਦਾ।”
ਉਹਨਾਂ ਨੇ ਉੱਤਰ ਦਿੱਤਾ, “ਤੂੰ ਜਨਮ ਵੇਲੇ ਪਾਪ ਵਿੱਚ ਡੁੱਬਿਆ ਹੋਇਆ ਸੀ; ਤੂੰ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ!” ਅਤੇ ਉਹਨਾਂ ਨੇ ਉਸ ਨੂੰ ਬਾਹਰ ਸੁੱਟ ਦਿੱਤਾ।
ਆਤਮਿਕ ਅੰਨ੍ਹਾਪਣ
ਯਿਸ਼ੂ ਨੇ ਸੁਣਿਆ ਕਿ ਉਹਨਾਂ ਯਹੂਦੀਆਂ ਨੇ ਉਸ ਨੂੰ ਬਾਹਰ ਕੱਢ ਦਿੱਤਾ ਹੈ, ਅਤੇ ਯਿਸ਼ੂ ਨੇ ਉਸ ਨੂੰ ਲੱਭਿਆ, ਤਾਂ ਉਸ ਨੂੰ ਕਿਹਾ, “ਕੀ ਤੂੰ ਮਨੁੱਖ ਦੇ ਪੁੱਤਰ ਤੇ ਵਿਸ਼ਵਾਸ ਕਰਦਾ ਹੈ?”
ਆਦਮੀ ਨੇ ਪੁੱਛਿਆ, “ਹੇ ਸ਼੍ਰੀਮਾਨ ਜੀ ਉਹ ਕੌਣ ਹੈ? ਮੈਨੂੰ ਦੱਸੋ ਤਾਂ ਜੋ ਮੈਂ ਉਸ ਤੇ ਵਿਸ਼ਵਾਸ ਕਰ ਸਕਾਂ।”
ਯਿਸ਼ੂ ਨੇ ਕਿਹਾ, “ਤੂੰ ਹੁਣ ਉਸ ਨੂੰ ਵੇਖ ਲਿਆ ਹੈ; ਅਸਲ ਵਿੱਚ ਜੋ ਤੇਰੇ ਨਾਲ ਗੱਲ ਕਰ ਰਿਹਾ ਹੈ ਉਹ ਮਨੁੱਖ ਦਾ ਪੁੱਤਰ ਹੈ।”
ਤਦ ਉਸ ਆਦਮੀ ਨੇ ਕਿਹਾ, “ਪ੍ਰਭੂ, ਮੈਂ ਵਿਸ਼ਵਾਸ ਕਰਦਾ ਹਾਂ!” ਅਤੇ ਉਸ ਨੇ ਯਿਸ਼ੂ ਦੀ ਅਰਾਧਨਾ ਕੀਤੀ।
ਯਿਸ਼ੂ ਨੇ ਕਿਹਾ, “ਮੈਂ ਇਸ ਦੁਨੀਆਂ ਵਿੱਚ ਨਿਆਂ ਕਰਨ ਲਈ ਆਇਆ ਹਾਂ, ਤਾਂ ਜੋ ਅੰਨ੍ਹੇ ਵੇਖਣਗੇ ਅਤੇ ਜਿਹੜੇ ਲੋਕ ਵੇਖਦੇ ਹਨ ਉਹ ਅੰਨ੍ਹੇ ਹੋ ਜਾਣਗੇ।”
ਉਸ ਦੇ ਨਾਲ ਕੁਝ ਫ਼ਰੀਸੀਆਂ ਨੇ ਉਸ ਨੂੰ ਇਹ ਕਹਿੰਦੇ ਸੁਣਿਆ ਅਤੇ ਪੁੱਛਿਆ, “ਕੀ ਅਸੀਂ ਵੀ ਅੰਨ੍ਹੇ ਹਾਂ?”
ਯਿਸ਼ੂ ਨੇ ਕਿਹਾ, “ਜੇ ਤੁਸੀਂ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ; ਪਰ ਹੁਣ ਜਦੋਂ ਤੁਸੀਂ ਆਖਦੇ ਹੋ ਕਿ ਤੁਸੀਂ ਵੇਖ ਸਕਦੇ ਹੋ, ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.