Biblica® Open Punjabi Contemporary Version 2025
ਯੋਹਨ 7
ਯਿਸ਼ੂ ਦਾ ਤੰਬੂ ਦੇ ਤਿਉਹਾਰ ਤੇ ਜਾਣਾ
ਇਸ ਤੋਂ ਬਾਅਦ, ਯਿਸ਼ੂ ਨੇ ਗਲੀਲ ਵਿੱਚ ਯਾਤਰਾ ਕੀਤੀ। ਉਹ ਯਹੂਦਿਯਾ ਵਿੱਚ ਯਾਤਰਾ ਨਹੀਂ ਕਰਨਾ ਚਾਹੁੰਦੇ ਸਨ, ਕਿਉਂਕਿ ਉਸ ਇਲਾਕੇ ਦੇ ਯਹੂਦੀ ਆਗੂ ਉਸ ਨੂੰ ਮਾਰਨਾ ਚਾਹੁੰਦੇ ਸਨ। ਪਰ ਯਹੂਦੀਆਂ ਦਾ ਤੰਬੂ ਦਾ ਤਿਉਹਾਰ ਨੇੜੇ ਸੀ, ਅਤੇ ਯਿਸ਼ੂ ਦੇ ਭਰਾਵਾਂ ਨੇ ਉਸ ਨੂੰ ਕਿਹਾ, “ਹੁਣ ਤੁਸੀਂ ਇੱਥੋਂ ਚੱਲੋ ਅਤੇ ਯਹੂਦਿਯਾ ਨੂੰ ਜਾਓ, ਜਿੱਥੇ ਤੁਹਾਡੇ ਚੇਲੇ ਤੁਹਾਡੇ ਕੰਮ ਵੇਖਣ। ਜੋ ਕੋਈ ਵੀ ਮਸ਼ਹੂਰ ਹੋਣਾ ਚਾਹੁੰਦਾ ਹੈ ਉਹ ਕਦੀ ਵੀ ਇਸ ਤਰ੍ਹਾਂ ਲੁਕ ਕੇ ਕੰਮ ਨਹੀਂ ਕਰਦਾ! ਜੇ ਤੁਸੀਂ ਇਹ ਕੰਮ ਕਰ ਰਹੇ ਹੋ ਤਾਂ ਆਪਣੇ ਆਪ ਨੂੰ ਦੁਨੀਆਂ ਨੂੰ ਦਿਖਾਓ!” ਕਿਉਂਕਿ ਯਿਸ਼ੂ ਦੇ ਭਰਾਵਾਂ ਨੇ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ।
ਯਿਸ਼ੂ ਨੇ ਉੱਤਰ ਦਿੱਤਾ, “ਮੇਰਾ ਸਹੀ ਸਮਾਂ ਅਜੇ ਨਹੀਂ ਆਇਆ ਹੈ, ਪਰ ਤੁਹਾਡੇ ਲਈ ਸਮਾਂ ਸਹੀ ਹੈ। ਸੰਸਾਰ ਤੁਹਾਨੂੰ ਨਫ਼ਰਤ ਨਹੀਂ ਕਰ ਸਕਦਾ, ਪਰ ਇਹ ਮੈਨੂੰ ਨਫ਼ਰਤ ਕਰਦਾ ਹੈ ਕਿਉਂਕਿ ਮੈਂ ਇਸ ਦੇ ਬੁਰੇ ਕੰਮ ਦੀ ਗਵਾਹੀ ਦਿੱਤੀ ਹੈ। ਤੁਸੀਂ ਇਸ ਤਿਉਹਾਰ ਤੇ ਜਾਓ ਮੈਂ ਇਸ ਤਿਉਹਾਰ ਲਈ ਨਹੀਂ ਜਾ ਰਿਹਾ, ਕਿਉਂਕਿ ਮੇਰਾ ਸਮਾਂ ਅਜੇ ਪੂਰਾ ਨਹੀਂ ਹੋਇਆ।” ਇਹ ਕਹਿਣ ਤੋਂ ਬਾਅਦ, ਯਿਸ਼ੂ ਗਲੀਲ ਵਿੱਚ ਹੀ ਰਹੇ।
ਜਦੋਂ ਯਿਸ਼ੂ ਦੇ ਭਰਾ ਤਿਉਹਾਰ ਲਈ ਚਲੇ ਗਏ ਉਹ ਵੀ ਗੁਪਤ ਰੂਪ ਵਿੱਚ ਤਿਉਹਾਰ ਲਈ ਗਏ ਪਰ ਉਹ ਖੁੱਲ੍ਹੇਆਮ ਤਿਉਹਾਰ ਵਿੱਚ ਨਹੀਂ ਗਏ। ਤਿਉਹਾਰ ਦੇ ਸਮੇਂ, ਯਹੂਦੀ ਆਗੂ ਯਿਸ਼ੂ ਨੂੰ ਲੱਭ ਰਹੇ ਸਨ ਅਤੇ ਪੁੱਛ ਰਹੇ ਸਨ, “ਉਹ ਕਿੱਥੇ ਹੈ?”
ਭੀੜ ਵਿੱਚ ਬਹੁਤ ਸਾਰੇ ਲੋਕ ਉਹਨਾਂ ਦੇ ਬਾਰੇ ਗੱਲਾਂ ਕਰ ਰਹੇ ਸਨ। ਕਈ ਲੋਕਾਂ ਨੇ ਕਿਹਾ, “ਉਹ ਇੱਕ ਚੰਗੇ ਆਦਮੀ ਹੈ।”
ਦੂਸਰੇ ਲੋਕਾਂ ਨੇ ਉੱਤਰ ਦਿੱਤਾ, “ਨਹੀਂ, ਉਹ ਲੋਕਾਂ ਨੂੰ ਧੋਖਾ ਦਿੰਦਾ ਹੈ।” ਪਰ ਯਹੂਦੀ ਆਗੂਆਂ ਦੇ ਡਰ ਕਾਰਨ ਕੋਈ ਵੀ ਖੁੱਲ੍ਹੇਆਮ ਯਿਸ਼ੂ ਦੇ ਬਾਰੇ ਗੱਲਾਂ ਨਹੀਂ ਕਰ ਰਿਹਾ ਸੀ।
ਤਿਉਹਾਰ ਤੇ ਯਿਸ਼ੂ ਦਾ ਉਪਦੇਸ਼
ਜਦੋਂ ਤਿਉਹਾਰ ਦਾ ਅੱਧ ਦਿਨ ਹੋਇਆ, ਤਾਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਗਏ ਅਤੇ ਉਪਦੇਸ਼ ਦੇਣਾ ਸ਼ੁਰੂ ਕੀਤਾ। ਉੱਥੇ ਦੇ ਯਹੂਦੀ ਆਗੂ ਹੈਰਾਨ ਸਨ ਅਤੇ ਉਹਨਾਂ ਨੇ ਪੁੱਛਿਆ, “ਇਸ ਮਨੁੱਖ ਨੂੰ ਬਿਨਾਂ ਪੜ੍ਹੇ ਇਸ ਤਰ੍ਹਾਂ ਦੀ ਸਿੱਖਿਆ ਕਿਵੇਂ ਮਿਲੀ?”
ਯਿਸ਼ੂ ਨੇ ਉੱਤਰ ਦਿੱਤਾ, “ਜੋ ਸਿੱਖਿਆ ਮੈਂ ਦਿੰਦਾ ਹਾਂ, ਇਹ ਮੇਰੀ ਆਪਣੀ ਸਿੱਖਿਆ ਨਹੀਂ ਹੈ। ਸਗੋਂ ਮੇਰੇ ਘੱਲਣ ਵਾਲੇ ਦੀ ਹੈ। ਜਿਹੜਾ ਵੀ ਵਿਅਕਤੀ ਪਰਮੇਸ਼ਵਰ ਦੀ ਇੱਛਾ ਪੂਰੀ ਕਰਦਾ ਹੈ ਉਹ ਜਾਣਦਾ ਹੈ ਕਿ ਮੇਰੀ ਸਿੱਖਿਆ ਪਰਮੇਸ਼ਵਰ ਵੱਲੋਂ ਹੈ ਜਾਂ ਸਿਰਫ ਮੇਰੇ ਆਪਣੇ ਵੱਲੋਂ ਹੈ। ਜੋ ਕੋਈ ਵੀ ਆਪਣੇ ਵੱਲੋਂ ਬੋਲਦਾ ਹੈ ਉਹ ਸਿਰਫ ਆਪਣੀ ਵਡਿਆਈ ਚਾਹੁੰਦਾ ਹੈ, ਪਰ ਜਿਹੜਾ ਵਿਅਕਤੀ ਆਪਣੇ ਘੱਲਣ ਵਾਲੇ ਦੀ ਵਡਿਆਈ ਕਰਨਾ ਚਾਹੁੰਦਾ ਹੈ ਉਹ ਝੂਠ ਨਹੀਂ, ਸੱਚ ਬੋਲਦਾ ਹੈ। ਕੀ ਮੋਸ਼ੇਹ ਨੇ ਤੁਹਾਨੂੰ ਬਿਵਸਥਾ ਨਹੀਂ ਦਿੱਤੀ, ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਦੀ ਪਾਲਣਾ ਨਹੀਂ ਕਰਦਾ! ਅਸਲ ਵਿੱਚ, ਤੁਸੀਂ ਮੈਨੂੰ ਕਿਉਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ?”
ਲੋਕਾਂ ਨੇ ਉੱਤਰ ਦਿੱਤਾ, “ਤੁਹਾਡੇ ਅੰਦਰ ਭੂਤ ਹੈ, ਕੌਣ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ?”
ਯਿਸ਼ੂ ਨੇ ਉੱਤਰ ਦਿੱਤਾ, “ਮੈਂ ਇੱਕ ਚਮਤਕਾਰ ਕੀਤਾ ਤੇ ਤੁਸੀਂ ਹੈਰਾਨ ਹੋ ਗਏ। ਮੋਸ਼ੇਹ ਨੇ ਤੁਹਾਨੂੰ ਸੁਨੰਤ ਬਾਰੇ ਬਿਵਸਥਾ ਦਿੱਤੀ। ਭਾਵੇਂ ਸੁੰਨਤ ਮੋਸ਼ੇਹ ਤੋਂ ਨਹੀਂ ਆਈ, ਇਹ ਸਾਡੇ ਪਿਉ-ਦਾਦਿਆਂ ਤੋਂ ਆਈ ਹੈ ਜਿਹੜੇ ਮੋਸ਼ੇਹ ਤੋਂ ਪਹਿਲਾਂ ਸਨ। ਇਸ ਲਈ ਤੁਸੀਂ ਵੀ ਸਬਤ ਦੇ ਦਿਨ ਸੁੰਨਤ ਕਰਦੇ ਹੋ। ਜੇ ਸਬਤ ਦੇ ਦਿਨ ਕਿਸੇ ਦੀ ਸੁੰਨਤ ਕੀਤੀ ਜਾਂਦੀ ਹੈ ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਮੋਸ਼ੇਹ ਦੀ ਬਿਵਸਥਾ ਨੂੰ ਤੋੜਿਆਂ ਨਾ ਜਾਵੇ, ਤੇ ਫਿਰ ਤੁਸੀਂ ਸਬਤ ਦੇ ਦਿਨ ਇੱਕ ਆਦਮੀ ਦੇ ਪੂਰੇ ਸਰੀਰ ਨੂੰ ਚੰਗਾ ਕਰਨ ਲਈ ਮੇਰੇ ਨਾਲ ਨਾਰਾਜ਼ ਕਿਉਂ ਹੋ? ਕਿਸੇ ਦੇ ਬਾਹਰੀ ਰੂਪ ਤੇ ਨਿਆਂ ਨਾ ਕਰੋ, ਪਰ ਜੋ ਸਹੀ ਹੈ ਉਹ ਦੇ ਅਧਾਰ ਤੇ ਨਿਆਂ ਕਰੋ।”
ਕੀ ਯਿਸ਼ੂ ਹੀ ਮਸੀਹ ਹੈ?
ਫਿਰ ਉਸ ਸਮੇਂ ਯੇਰੂਸ਼ਲੇਮ ਦੇ ਲੋਕਾਂ ਨੇ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ, “ਇਹ ਉਹ ਮਨੁੱਖ ਹੈ ਜਿਨ੍ਹਾਂ ਨੂੰ ਉਹ ਯਹੂਦੀ ਆਗੂ ਮਾਰਨਾ ਚਾਹੁੰਦੇ ਹਨ। ਪਰ ਉਹ ਖੁੱਲ੍ਹੇਆਮ ਬੋਲ ਰਹੇ ਹਨ ਅਤੇ ਕੋਈ ਵੀ ਉਹਨਾਂ ਨੂੰ ਕੁਝ ਨਹੀਂ ਕਹਿ ਰਿਹਾ। ਕੀ ਕਿਤੇ ਯਹੂਦੀ ਆਗੂਆਂ ਨੇ ਉਹਨਾਂ ਨੂੰ ਸੱਚ-ਮੁੱਚ ਮਸੀਹ ਤੇ ਨਹੀਂ ਮੰਨ ਲਿਆ? ਪਰ ਅਸੀਂ ਜਾਣਦੇ ਹਾਂ ਕਿ ਇਹ ਆਦਮੀ ਕਿੱਥੋਂ ਆਇਆ ਹੈ; ਜਦੋਂ ਮਸੀਹਾ ਆਵੇਗਾ, ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਆਇਆ ਹੈ।”
ਤਦ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਉਪਦੇਸ਼ ਕਰਨ ਲੱਗੇ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਹਾਂ, ਤੁਸੀਂ ਮੈਨੂੰ ਜਾਣਦੇ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ। ਮੈਂ ਇੱਥੇ ਆਪਣੇ ਅਧਿਕਾਰ ਨਾਲ ਨਹੀਂ ਆਇਆ, ਪਰ ਮੈਂ ਉਸ ਵੱਲੋਂ ਭੇਜਿਆ ਗਿਆ ਹਾਂ ਜਿਹੜਾ ਸੱਚਾ ਹੈ। ਤੁਸੀਂ ਉਸ ਨੂੰ ਨਹੀਂ ਜਾਣਦੇ, ਪਰ ਮੈਂ ਉਸ ਨੂੰ ਜਾਣਦਾ ਹਾਂ, ਕਿਉਂਕਿ ਮੈਂ ਉਸ ਵੱਲੋਂ ਹਾਂ ਅਤੇ ਉਹੀ ਹੈ ਜਿਸ ਨੇ ਮੈਨੂੰ ਭੇਜਿਆ ਹੈ।”
ਇਸ ਲਈ ਉਹਨਾਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਉਸ ਨੂੰ ਹੱਥ ਨਹੀਂ ਪਾਇਆ ਕਿਉਂ ਜੋ ਅਜੇ ਤੱਕ ਉਹ ਦਾ ਸਮਾਂ ਨਹੀਂ ਆਇਆ ਸੀ। ਪਰ ਭੀੜ ਵਿੱਚੋਂ ਕਈਆਂ ਨੇ ਉਸ ਤੇ ਵਿਸ਼ਵਾਸ ਕੀਤਾ। ਉਹਨਾਂ ਨੇ ਕਿਹਾ, “ਜਦੋਂ ਮਸੀਹਾ ਆਵੇਗਾ, ਕੀ ਉਹ ਇਸ ਆਦਮੀ ਨਾਲੋਂ ਵਧੇਰੇ ਕਰਾਮਾਤਾਂ ਕਰੇਂਗਾ?”
ਫ਼ਰੀਸੀਆਂ ਨੇ ਭੀੜ ਨੂੰ ਉਹ ਦੇ ਬਾਰੇ ਅਜਿਹੀਆਂ ਗੱਲਾਂ ਆਖਦਿਆਂ ਸੁਣਿਆ। ਤਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਹੈਕਲ ਦੇ ਪਹਿਰੇਦਾਰਾਂ ਨੂੰ ਭੇਜਿਆ।
ਯਿਸ਼ੂ ਨੇ ਦੱਸਿਆ, “ਮੈਂ ਤੁਹਾਡੇ ਨਾਲ ਥੋੜ੍ਹੇ ਸਮੇਂ ਲਈ ਹੀ ਹਾਂ, ਅਤੇ ਫਿਰ ਮੈਂ ਉਹ ਦੇ ਕੋਲ ਜਾ ਰਿਹਾ ਹਾਂ ਜਿਸ ਨੇ ਮੈਨੂੰ ਭੇਜਿਆ ਹੈ। ਤੁਸੀਂ ਮੈਨੂੰ ਭਾਲੋਗੇ ਪਰ ਮੈਂ ਤੁਹਾਨੂੰ ਨਹੀਂ ਲੱਭਾਗਾ। ਅਤੇ ਜਿੱਥੇ ਮੈਂ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”
ਯਹੂਦੀ ਆਗੂਆਂ ਨੇ ਇੱਕ-ਦੂਜੇ ਨੂੰ ਕਿਹਾ, “ਇਹ ਆਦਮੀ ਕਿੱਥੇ ਜਾਣਾ ਚਾਹੁੰਦਾ ਹੈ ਅਤੇ ਅਸੀਂ ਉਸ ਨੂੰ ਨਹੀਂ ਲੱਭ ਸਕਦੇ? ਕੀ ਇਹ ਉਹਨਾਂ ਸ਼ਹਿਰਾਂ ਵਿੱਚ ਜਾਏਗਾ ਜਿੱਥੇ ਸਾਡੇ ਵੀ ਲੋਕ ਰਹਿੰਦੇ ਹਨ ਅਤੇ ਉੱਥੇ ਯੂਨਾਨੀਆਂ ਨੂੰ ਉਪਦੇਸ਼ ਦੇਵੇਗਾ? ਉਸ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਭਾਲੋਗੇ ਪਰ ਮੈਂ ਤੁਹਾਨੂੰ ਨਹੀਂ ਲੱਭਾਗਾ,’ ਅਤੇ ‘ਜਿੱਥੇ ਮੈਂ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ?’ ”
ਤਿਉਹਾਰ ਦੇ ਆਖਰੀ ਅਤੇ ਸਭ ਤੋਂ ਖਾਸ ਦਿਨ, ਯਿਸ਼ੂ ਖੜ੍ਹੇ ਹੋਏ ਅਤੇ ਉੱਚੀ ਆਵਾਜ਼ ਵਿੱਚ ਬੋਲੇ, “ਜਿਹੜਾ ਪਿਆਸਾ ਹੈ ਉਹ ਮੇਰੇ ਕੋਲ ਆ ਕੇ ਪੀਵੇ। ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ, ਜਿਵੇਂ ਕਿ ਪੋਥੀ ਵਿੱਚ ਕਿਹਾ ਗਿਆ ਹੈ, ਉਸ ਦੇ ਵਿੱਚੋਂ ਜੀਵਨ ਦੇ ਪਾਣੀ ਦੀਆਂ ਨਦੀਆਂ ਵਗਣਗੀਆਂ।” ਇਹ ਸ਼ਬਦ ਯਿਸ਼ੂ ਪਵਿੱਤਰ ਆਤਮਾ ਦੇ ਬਾਰੇ ਬੋਲ ਰਿਹਾ ਸੀ, ਕਿ ਜੋ ਕੋਈ ਉਸ ਤੇ ਵਿਸ਼ਵਾਸ ਕਰਦਾ ਹੈ ਉਹ ਪਵਿੱਤਰ ਆਤਮਾ ਪ੍ਰਾਪਤ ਕਰੇਂਗਾ। ਉਸ ਸਮੇਂ ਤੱਕ ਅਜੇ ਪਵਿੱਤਰ ਆਤਮਾ ਨਹੀਂ ਮਿਲਿਆ ਸੀ, ਕਿਉਂਕਿ ਅਜੇ ਯਿਸ਼ੂ ਦੀ ਮਹਿਮਾ ਨਹੀਂ ਹੋਈ ਸੀ।
ਉਸ ਦੇ ਸ਼ਬਦਾਂ ਨੂੰ ਸੁਣਦਿਆਂ, ਕੁਝ ਲੋਕਾਂ ਨੇ ਕਿਹਾ, “ਸੱਚ-ਮੁੱਚ ਇਹ ਆਦਮੀ ਨਬੀ ਹੈ।”
ਹੋਰਾਂ ਨੇ ਕਿਹਾ, “ਉਹ ਮਸੀਹਾ ਹੈ।”
ਦੂਜੇ ਲੋਕਾਂ ਨੇ ਪੁੱਛਿਆ, “ਮਸੀਹਾ ਗਲੀਲ ਤੋਂ ਕਿਵੇਂ ਆ ਸਕਦਾ ਹੈ? ਕੀ ਪੋਥੀ ਇਹ ਨਹੀਂ ਕਹਿੰਦੀ ਕਿ ਮਸੀਹਾ ਦਾਵੀਦ ਦੇ ਪਰਿਵਾਰ ਅਤੇ ਬੇਥਲੇਹੇਮ ਤੋਂ ਆਵੇਗਾ, ਜਿੱਥੇ ਦਾਵੀਦ ਰਹਿੰਦਾ ਸੀ?1” ਯਿਸ਼ੂ ਦੇ ਕਾਰਨ ਲੋਕ ਆਪਸ ਵਿੱਚ ਵੰਡੇ ਗਏ ਸਨ। ਕੁਝ ਲੋਕ ਉਸ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਸ ਨੂੰ ਹੱਥ ਨਹੀਂ ਪਾਇਆ।
ਯਹੂਦੀ ਆਗੂਆਂ ਦਾ ਅਵਿਸ਼ਵਾਸ
ਆਖਰਕਾਰ ਹੈਕਲ ਦੇ ਪਹਿਰੇਦਾਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਕੋਲ ਵਾਪਸ ਚੱਲੇ ਗਏ, ਉਹਨਾਂ ਨੇ ਪਹਿਰੇਦਾਰਾਂ ਨੂੰ ਪੁੱਛਿਆ, “ਤੁਸੀਂ ਉਸ ਨੂੰ ਅੰਦਰ ਕਿਉਂ ਨਹੀਂ ਲੈ ਕੇ ਆਏ?”
ਪਹਿਰੇਦਾਰਾਂ ਨੇ ਉੱਤਰ ਦਿੱਤਾ, “ਕੋਈ ਵੀ ਇਸ ਤਰ੍ਹਾਂ ਨਹੀਂ ਬੋਲਦਾ ਜਿਸ ਤਰ੍ਹਾਂ ਇਹ ਮਨੁੱਖ ਬੋਲਦਾ ਹੈ।”
ਫਿਰ ਫ਼ਰੀਸੀਆਂ ਨੇ ਕਿਹਾ, “ਤੁਹਾਡਾ ਮਤਲਬ ਹੈ ਕਿ ਉਸ ਨੇ ਵੀ ਤੁਹਾਨੂੰ ਧੋਖਾ ਦਿੱਤਾ ਹੈ? ਕੀ ਕਿਸੇ ਵੀ ਅਧਿਕਾਰੀ ਜਾਂ ਫ਼ਰੀਸੀ ਨੇ ਉਸ ਤੇ ਵਿਸ਼ਵਾਸ ਕੀਤਾ ਹੈ? ਨਹੀਂ! ਪਰ ਇਹ ਭੀੜ ਜੋ ਬਿਵਸਥਾ ਬਾਰੇ ਕੁਝ ਵੀ ਨਹੀਂ ਜਾਣਦੀ ਉਹਨਾਂ ਲਈ ਇੱਕ ਸਰਾਪ ਹੈ।”
ਪਰ ਨਿਕੋਦੇਮਾਸ, ਜੋ ਪਹਿਲਾਂ ਯਿਸ਼ੂ ਕੋਲ ਗਿਆ ਸੀ ਅਤੇ ਉਹ ਉਹਨਾਂ ਵਿੱਚੋਂ ਇੱਕ ਸੀ ਉਹ ਉਹਨਾਂ ਨੂੰ ਬੋਲਿਆ, “ਕੀ ਸਾਡੀ ਬਿਵਸਥਾ ਕਿਸੇ ਵਿਅਕਤੀ ਤੇ ਦੋਸ਼ ਲਗਾਉਂਦੀ ਹੈ ਉਸ ਨੂੰ ਬਿਨਾਂ ਸੁਣੇ ਜਾਂ ਬਿਨਾਂ ਜਾਣੇ ਕਿ ਉਹ ਕੀ ਕਰ ਰਿਹਾ ਹੈ?”
ਯਹੂਦੀ ਆਗੂਆਂ ਨੇ ਉੱਤਰ ਦਿੱਤਾ, “ਕੀ ਤੁਸੀਂ ਵੀ ਗਲੀਲ ਤੋਂ ਹੋ? ਇਸ ਵੱਲ ਧਿਆਨ ਕਰੋ ਤਾਂ ਤੁਸੀਂ ਵੇਖੋਂਗੇ ਕਿ ਕੋਈ ਨਬੀ ਗਲੀਲ ਤੋਂ ਨਹੀਂ ਆਇਆ ਹੈ।”
ਉਹ ਸਾਰੇ ਆਪਣੇ-ਆਪਣੇ ਘਰ ਚੱਲੇ ਗਏ।
Source notes (1)
- Footnote ਮੀਕਾ 5:2
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.