Skip to content
BibleKenya

Biblica® Open Punjabi Contemporary Version 2025

ਯੋਹਨ 5

ਯਿਸ਼ੂ ਦਾ ਇੱਕ ਲੰਗੜੇ ਆਦਮੀ ਨੂੰ ਚੰਗਾ ਕਰਨਾ

ਇਸ ਤੋਂ ਬਾਅਦ ਯਿਸ਼ੂ ਯਹੂਦੀਆਂ ਦੇ ਇੱਕ ਤਿਉਹਾਰ ਲਈ ਯੇਰੂਸ਼ਲੇਮ ਗਏ। ਯੇਰੂਸ਼ਲੇਮ ਵਿੱਚ ਭੇਡਾਂ ਦੇ ਦਰਵਾਜ਼ੇ ਕੋਲ ਇੱਕ ਤਲਾਬ ਸੀ। ਇਸ ਤਲਾਬ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਸਨ ਜਿਸ ਦੇ ਦੁਆਲੇ ਪੰਜ ਬਰਾਂਡੇ ਬਣੇ ਹੋਏ ਸਨ। ਬਹੁਤ ਸਾਰੇ ਰੋਗੀ ਉਹਨਾਂ ਬਰਾਂਡਿਆਂ ਵਿੱਚ ਪਏ ਰਹਿੰਦੇ ਸਨ। ਉਹਨਾਂ ਵਿੱਚ ਕੁਝ ਅੰਨ੍ਹੇ, ਲੰਗੜੇ, ਅਤੇ ਲੂਲੇ ਸਨ। ਪ੍ਰਭੂ ਦਾ ਇੱਕ ਦੂਤ ਠਹਿਰਾਏ ਸਮੇਂ ਤੇ ਆ ਕੇ ਪਾਣੀ ਹਿਲਾਉਂਦਾ ਸੀ, ਅਤੇ ਜਿਹੜਾ ਸਭ ਤੋਂ ਪਹਿਲਾਂ ਉਸ ਤਲਾਬ ਵਿੱਚ ਉਤਰਦਾ ਸੀ ਉਹ ਹਰ ਰੋਗ ਤੋਂ ਚੰਗਾ ਹੋ ਜਾਦਾਂ ਸੀ।1 ਉਹਨਾਂ ਵਿੱਚ ਇੱਕ ਰੋਗੀ ਸੀ ਜੋ ਅਠੱਤੀ ਸਾਲਾਂ ਤੋਂ ਬਿਮਾਰ ਸੀ। ਯਿਸ਼ੂ ਨੇ ਉਸ ਰੋਗੀ ਨੂੰ ਲੇਟਿਆ ਵੇਖਿਆ। ਯਿਸ਼ੂ ਨੇ ਜਾਣਿਆ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਹੈ। ਇਸ ਲਈ ਯਿਸ਼ੂ ਨੇ ਉਸ ਨੂੰ ਪੁੱਛਿਆ, “ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ?”

ਉਸ ਰੋਗੀ ਨੇ ਉੱਤਰ ਦਿੱਤਾ, “ਸ਼੍ਰੀਮਾਨ ਜੀ, ਮੇਰੇ ਕੋਲ ਕੋਈ ਆਦਮੀ ਨਹੀਂ ਹੈ ਜੋ ਮੈਨੂੰ ਤਲਾਬ ਵਿੱਚ ਜਾਣ ਲਈ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਹਿਲਾਇਆ ਜਾਦਾਂ ਹੈ। ਜਦੋਂ ਮੈਂ ਤਲਾਬ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੇਰੇ ਤੋਂ ਪਹਿਲਾਂ ਕੋਈ ਹੋਰ ਤਲਾਬ ਵਿੱਚ ਵੜ ਜਾਦਾਂ ਹੈ।”

ਫਿਰ ਯਿਸ਼ੂ ਨੇ ਉਸ ਰੋਗੀ ਨੂੰ ਆਖਿਆ, “ਉੱਠ, ਆਪਣੀ ਮੰਜੀ ਚੁੱਕ ਅਤੇ ਤੁਰ।” ਉਹ ਰੋਗੀ ਤੁਰੰਤ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ।

ਇਹ ਸਭ ਸਬਤ ਦੇ ਦਿਨ2 ਹੋਇਆ ਸੀ। ਇਸ ਲਈ ਯਹੂਦੀ ਆਗੂਆਂ ਨੇ ਉਸ ਚੰਗੇ ਹੋਏ ਆਦਮੀ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ, ਤੇਰਾ ਮੰਜੀ ਚੁੱਕਣਾ ਬਿਵਸਥਾ ਦੇ ਖਿਲਾਫ਼ ਹੈ।”

ਪਰ ਉਸ ਨੇ ਆਖਿਆ, ਉਹ ਵਿਅਕਤੀ ਜਿਸ ਨੇ ਮੈਨੂੰ ਚੰਗਾ ਕੀਤਾ ਹੈ, “ਉਸ ਨੇ ਮੈਨੂੰ ਆਖਿਆ ਕਿ ‘ਮੰਜੀ ਚੁੱਕ ਤੇ ਤੁਰ।’ ”

ਤਾਂ ਉਹਨਾਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸ ਨੇ ਤੈਨੂੰ ਆਖਿਆ ਕੇ ਤੂੰ ਆਪਣੀ ਮੰਜੀ ਚੁੱਕ ਅਤੇ ਤੁਰ?”

ਉਹ ਆਦਮੀ ਜਿਹੜਾ ਚੰਗਾ ਹੋਇਆ ਸੀ ਉਹ ਨਹੀਂ ਸੀ ਜਾਣਦਾ ਕਿ ਉਸ ਨੂੰ ਚੰਗਾ ਕਰਨ ਵਾਲਾ ਕੌਣ ਸੀ, ਕਿਉਂਕਿ ਉੱਥੇ ਜ਼ਿਆਦਾ ਭੀੜ ਹੋਣ ਕਰਕੇ ਯਿਸ਼ੂ ਉੱਥੋਂ ਚਲੇ ਗਏ ਸਨ।

ਤਦ ਯਿਸ਼ੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਕਿਹਾ, “ਵੇਖ, ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰੇ ਨਾਲ ਇਸ ਤੋਂ ਵੀ ਕੁਝ ਬੁਰਾ ਹੋਵੇ।” ਉਹ ਆਦਮੀ ਉੱਥੋਂ ਵਾਪਸ ਯਹੂਦੀ ਆਗੂਆਂ ਕੋਲ ਗਿਆ ਅਤੇ ਦੱਸਿਆ ਕਿ ਜਿਸ ਨੇ ਮੈਨੂੰ ਚੰਗਾ ਕੀਤਾ ਹੈ ਉਹ ਯਿਸ਼ੂ ਹੈ।

ਪੁੱਤਰ ਦਾ ਅਧਿਕਾਰ

ਇਸ ਲਈ ਕਿਉਂਕਿ ਯਿਸ਼ੂ ਸਬਤ ਦੇ ਦਿਨ ਇਹ ਸਭ ਗੱਲਾਂ ਕਰ ਰਹੇ ਸੀ, ਇਸ ਲਈ ਯਹੂਦੀ ਆਗੂ ਉਹਨਾਂ ਦਾ ਵਿਰੋਧ ਕਰਨ ਲੱਗੇ। ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰੇ ਪਿਤਾ ਹਮੇਸ਼ਾ ਕੰਮ ਕਰਦੇ ਹਨ, ਅਤੇ ਮੈਂ ਵੀ ਕੰਮ ਕਰ ਰਿਹਾ ਹਾਂ।” ਇਸੇ ਕਾਰਣ ਯਹੂਦੀਆਂ ਨੇ ਯਿਸ਼ੂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਯਹੂਦੀਆਂ ਨੇ ਆਖਿਆ ਕਿ ਉਹ ਨਾ ਸਿਰਫ ਸਬਤ ਨੂੰ ਤੋੜ ਰਿਹਾ ਹੈ, ਬਲਕਿ ਉਹ ਪਰਮੇਸ਼ਵਰ ਨੂੰ ਆਪਣਾ ਪਿਤਾ ਵੀ ਕਹਿ ਰਿਹਾ ਹੈ, ਅਤੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਰਾਬਰ ਬਣਾ ਰਹੇ ਹਨ।

ਯਿਸ਼ੂ ਨੇ ਉਹਨਾਂ ਯਹੂਦੀਆਂ ਨੂੰ ਉੱਤਰ ਦਿੱਤਾ: “ਮੈਂ ਤੁਹਾਨੂੰ ਸੱਚ ਆਖਦਾ ਹਾਂ, ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ; ਉਹ ਉਹੀ ਕਰ ਸਕਦਾ ਹੈ ਜੋ ਉਹ ਆਪਣੇ ਪਿਤਾ ਨੂੰ ਕਰਦਾ ਵੇਖਦਾ ਹੈ, ਕਿਉਂਕਿ ਜੋ ਕੁਝ ਪਿਤਾ ਕਰਦਾ ਹੈ ਉਹ ਪੁੱਤਰ ਵੀ ਕਰਦਾ ਹੈ। ਕਿਉਂਕਿ ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਪੁੱਤਰ ਨੂੰ ਉਹ ਸਭ ਕੁਝ ਵਿਖਾਉਂਦਾ ਹੈ ਜੋ ਉਹ ਕਰਦਾ ਹੈ। ਹਾਂ, ਅਤੇ ਪਿਤਾ ਆਪਣੇ ਪੁੱਤਰ ਨੂੰ ਇਸ ਤੋਂ ਵੀ ਵੱਡੇ ਕੰਮ ਦਿਖਾਵੇਗਾ, ਫਿਰ ਤੁਸੀਂ ਸਭ ਹੈਰਾਨ ਰਹਿ ਜਾਉਂਗੇ। ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਹਨਾਂ ਨੂੰ ਜੀਵਨ ਦਿੰਦਾ ਹੈ। ਉਸੇ ਹੀ ਤਰ੍ਹਾਂ ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ ਹੈ, ਜੀਵਨ ਦਿੰਦਾ ਹੈ। ਇਸ ਤੋਂ ਇਲਾਵਾ, ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਸਾਰਾ ਅਧਿਕਾਰ ਪੁੱਤਰ ਨੂੰ ਸੌਂਪਿਆ ਹੈ, ਪਿਤਾ ਨੇ ਇਹ ਸਭ ਇਸ ਲਈ ਕੀਤਾ ਤਾਂ ਕਿ ਸਾਰੇ ਪੁੱਤਰ ਦਾ ਉਵੇਂ ਹੀ ਸਤਿਕਾਰ ਕਰਨ ਜਿਵੇਂ ਉਹ ਪਿਤਾ ਦਾ ਸਤਿਕਾਰ ਕਰਦੇ ਹਨ। ਜੋ ਕੋਈ ਪੁੱਤਰ ਦਾ ਸਤਿਕਾਰ ਨਹੀਂ ਕਰਦਾ ਉਹ ਪਿਤਾ ਦਾ ਸਤਿਕਾਰ ਨਹੀਂ ਕਰਦਾ ਜਿਸ ਨੇ ਉਸ ਨੂੰ ਭੇਜਿਆ ਹੈ।

“ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਕੋਈ ਵੀ ਮੇਰੇ ਬਚਨ ਨੂੰ ਸੁਣਦਾ ਹੈ ਅਤੇ ਉਸ ਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸ ਦਾ ਹੈ ਅਤੇ ਉਸ ਦਾ ਨਿਆਂ ਨਹੀਂ ਕੀਤਾ ਜਾਵੇਗਾ, ਪਰ ਉਹ ਮੌਤ ਤੋਂ ਪਾਰ ਹੋ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਾ ਹੈ। ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਉਹ ਸਮਾਂ ਆਉਂਦਾ ਹੈ ਅਤੇ ਹੁਣ ਆ ਗਿਆ ਹੈ ਜਦੋਂ ਮਰੇ ਹੋਏ ਲੋਕ ਪਰਮੇਸ਼ਵਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਉਹ ਜੋ ਸੁਣਦੇ ਹਨ ਉਹ ਜੀਵਨ ਪ੍ਰਾਪਤ ਕਰਨਗੇ। ਪਿਤਾ ਹੀ ਜੀਵਨ ਦੇਣ ਵਾਲਾ ਹੈ ਇਸੇ ਤਰ੍ਹਾਂ ਪੁੱਤਰ ਨੂੰ ਵੀ ਜੀਵਨ ਦੇਣ ਵਾਲਾ ਬਣਾ ਦਿੱਤਾ ਹੈ। ਪਿਤਾ ਨੇ ਨਿਆਂ ਕਰਨ ਦਾ ਅਧਿਕਾਰ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ।

“ਇਸ ਗੱਲ ਤੋਂ ਹੈਰਾਨ ਨਾ ਹੋਵੋ ਕਿਉਂਕਿ ਉਹ ਸਮਾਂ ਆ ਰਿਹਾ ਹੈ ਜਦੋਂ ਜਿਹੜੇ ਲੋਕ ਕਬਰਾਂ ਵਿੱਚ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜੀਉਂਦੇ ਹੋ ਜਾਣਗੇ। ਉਹ ਜਿੰਨ੍ਹਿਆਂ ਨੇ ਚੰਗੇ ਕੰਮ ਕੀਤੇ ਹਨ ਉਹ ਜੀਵਨ ਦੇ ਪੁਨਰ-ਉਥਾਨ ਦੇ ਲਈ ਉਠਾਏ ਜਾਣਗੇ, ਅਤੇ ਜਿਨ੍ਹਾਂ ਨੇ ਬੁਰੇ ਕੰਮ ਕੀਤੇ ਹਨ ਉਹ ਸਜ਼ਾ ਦੇ ਲਈ ਉਠਾਏ ਜਾਣਗੇ। ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ। ਮੈਂ ਉਹੀ ਨਿਆਂ ਕਰਦਾ ਹਾਂ ਜੋ ਮੈਂ ਸੁਣਦਾ ਹਾਂ, ਅਤੇ ਮੇਰਾ ਨਿਆਂ ਸਹੀ ਹੈ, ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਨਹੀਂ ਕਰਦਾ ਸਗੋਂ ਮੈਂ ਉਸ ਦੀ ਇੱਛਾ ਅਨੁਸਾਰ ਕਰਦਾ ਹਾਂ ਜਿਸ ਨੇ ਮੈਨੂੰ ਭੇਜਿਆ ਹੈ।

ਯਿਸ਼ੂ ਦੇ ਬਾਰੇ ਗਵਾਹੀ

“ਜੇ ਮੈਂ ਆਪਣੇ ਆਪ ਦੀ ਗਵਾਹੀ ਦੇਵਾਂ, ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ। ਪਰ ਜੇ ਕੋਈ ਹੋਰ ਮੇਰੇ ਹੱਕ ਵਿੱਚ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਉਸ ਦੀ ਗਵਾਹੀ ਸੱਚੀ ਹੈ।

“ਤੁਸੀਂ ਪੁੱਛ-ਗਿੱਛ ਲਈ ਲੋਕਾਂ ਨੂੰ ਯੋਹਨ ਕੋਲ ਭੇਜਿਆ ਹੈ ਅਤੇ ਉਸ ਨੇ ਸੱਚ ਬਾਰੇ ਗਵਾਹੀ ਦਿੱਤੀ ਹੈ। ਇਹ ਨਹੀਂ ਕਿ ਮੈਂ ਮਨੁੱਖੀ ਗਵਾਹੀ ਨੂੰ ਸਵੀਕਾਰ ਕਰਦਾ ਹਾਂ; ਪਰ ਮੈਂ ਇਹ ਇਸ ਲਈ ਦੱਸਦਾ ਹਾਂ ਕਿ ਤੁਸੀਂ ਬਚਾਏ ਜਾ ਸਕੋ। ਯੋਹਨ ਇੱਕ ਦੀਵੇ ਦੀ ਤਰ੍ਹਾਂ ਸੀ ਜੋ ਬਲਿਆ ਅਤੇ ਉਸ ਨੇ ਚਾਨਣ ਦਿੱਤਾ, ਅਤੇ ਤੁਸੀਂ ਕੁਝ ਸਮਾਂ ਉਸ ਚਾਨਣ ਦਾ ਆਨੰਦ ਲਿਆ।

“ਪਰ ਜਿਹੜੀ ਗਵਾਹੀ ਮੈਂ ਦਿੰਦਾ ਹੈ ਉਹ ਯੋਹਨ ਦੀ ਗਵਾਹੀ ਨਾਲੋਂ ਵੱਡੀ ਹੈ। ਜੋ ਕੰਮ ਪਿਤਾ ਨੇ ਮੈਨੂੰ ਪੂਰੇ ਕਰਨ ਲਈ ਦਿੱਤੇ ਹਨ ਉਹ ਕੰਮ ਮੈਂ ਕਰ ਰਿਹਾ ਹਾਂ ਉਹੀ ਕੰਮ ਮੇਰੇ ਬਾਰੇ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਭੇਜਿਆ ਹੈ। ਅਤੇ ਉਹ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਗਵਾਹੀ ਦਿੱਤੀ। ਪਰ ਤੁਸੀਂ ਕਦੇ ਉਸ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਹੀ ਉਸ ਦਾ ਰੂਪ ਦੇਖਿਆ। ਅਤੇ ਨਾ ਹੀ ਉਸ ਦੇ ਬਚਨ ਤੁਹਾਡੇ ਵਿੱਚ ਵੱਸਦੇ ਹਨ, ਕਿਉਂਕਿ ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ। ਤੁਸੀਂ ਇਹ ਸੋਚ ਕੇ ਪਵਿੱਤਰ ਪੋਥੀਆਂ ਨੂੰ ਪੜ੍ਹਦੇ ਹੋ ਕਿ ਇਨ੍ਹਾਂ ਨਾਲ ਤੁਹਾਨੂੰ ਸਦੀਪਕ ਜੀਵਨ ਮਿਲਦਾ ਹੈ। ਪਰ ਇਹ ਸਭ ਪਵਿੱਤਰ ਪੋਥੀਆਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ। ਪਰ ਫਿਰ ਵੀ ਤੁਸੀਂ ਉਹ ਸਦੀਪਕ ਜੀਵਨ ਨੂੰ ਪਾਉਣ ਲਈ ਮੇਰੇ ਕੋਲ ਆਉਣ ਤੋਂ ਇੰਨਕਾਰ ਕਰਦੇ ਹੋ।

“ਮੈਂ ਮਨੁੱਖਾਂ ਤੋਂ ਵਡਿਆਈ ਨਹੀਂ ਲੈਂਦਾ। ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਪਰਮੇਸ਼ਵਰ ਦਾ ਪਿਆਰ ਤੁਹਾਡੇ ਅੰਦਰ ਨਹੀਂ ਹੈ। ਮੈਂ ਆਪਣੇ ਪਿਤਾ ਦੇ ਨਾਮ ਵਿੱਚ ਆਇਆ ਹਾਂ ਅਤੇ ਫਿਰ ਵੀ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ। ਪਰ ਜੇ ਕੋਈ ਹੋਰ ਆਪਣੇ ਨਾਮ ਉੱਤੇ ਆਵੇ ਤਾਂ ਤੁਸੀਂ ਉਸ ਨੂੰ ਕਬੂਲ ਕਰ ਲਓਗੇ। ਤੁਸੀਂ ਕਿਵੇਂ ਮੇਰੇ ਤੇ ਵਿਸ਼ਵਾਸ ਕਰ ਸਕਦੇ ਹੋ ਕਿਉਂਕਿ ਤੁਸੀਂ ਇੱਕ-ਦੂਜੇ ਤੋਂ ਵਡਿਆਈ ਦੀ ਇੱਛਾ ਰੱਖਦੇ ਹੋ, ਪਰ ਉਹ ਵਡਿਆਈ ਨਹੀਂ ਭਾਲਦੇ ਜੋ ਸਿਰਫ ਇੱਕ ਪਰਮੇਸ਼ਵਰ ਵੱਲੋਂ ਮਿਲਦੀ ਹੈ?

“ਇਹ ਨਾ ਸੋਚੋ ਕਿ ਮੈਂ ਤੁਹਾਨੂੰ ਪਿਤਾ ਦੇ ਸਾਹਮਣੇ ਦੋਸ਼ੀ ਠਹਿਰਾਵਾਂਗਾ। ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਮੋਸ਼ੇਹ ਹੈ। ਜਿਸ ਦੇ ਉੱਤੇ ਤੁਹਾਡੀ ਆਸ ਹੈ। ਜੇ ਤੁਸੀਂ ਸੱਚਮੱਚ ਮੋਸ਼ੇਹ ਤੇ ਵਿਸ਼ਵਾਸ ਕੀਤਾ ਹੁੰਦਾ, ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ, ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ ਸੀ। ਪਰ ਤੁਸੀਂ ਤਾਂ ਉਸ ਦੀ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫਿਰ ਮੇਰੀਆਂ ਗੱਲਾਂ ਤੇ ਕਿਵੇਂ ਵਿਸ਼ਵਾਸ ਕਰੋਗੇ?”

Source notes (2)
  1. Footnote ਕੁਝ ਪੁਰਾਣੀਆਂ ਲਿਖਤਾਂ ਵਿੱਚ ਇਹ ਲਿਖਿਆ ਨਹੀਂ ਹੋਇਆ।
  2. Footnote ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.