Biblica® Open Punjabi Contemporary Version 2025
ਯੋਹਨ 16:33
Verse 33 is marked below, with the whole chapter around it. Read from the start
ਯਿਸ਼ੂ ਨੇ ਕਿਹਾ, “ਮੈਂ ਤੁਹਾਨੂੰ ਇਹ ਸਭ ਕੁਝ ਕਿਹਾ ਹੈ ਤਾਂ ਜੋ ਤੁਸੀਂ ਠੋਕਰ ਨਾ ਖਾਓ। ਉਹ ਤੁਹਾਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢਣਗੇ। ਦਰਅਸਲ ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਤੁਹਾਨੂੰ ਮਾਰਨਗੇ ਅਤੇ ਉਹ ਸੋਚਣਗੇ ਕਿ ਉਹ ਪਰਮੇਸ਼ਵਰ ਦੀ ਸੇਵਾ ਕਰ ਰਹੇ ਹਨ। ਉਹ ਇਹ ਗੱਲਾਂ ਇਸ ਲਈ ਕਰਨਗੇ ਕਿਉਂਕਿ ਉਹ ਲੋਕ ਪਿਤਾ ਜਾਂ ਮੈਨੂੰ ਬਿਲਕੁਲ ਹੀ ਨਹੀਂ ਜਾਣਦੇ। ਮੈਂ ਤੁਹਾਨੂੰ ਇਹ ਇਸ ਲਈ ਦੱਸਿਆ ਹੈ, ਕਿ ਜਦੋਂ ਉਹ ਸਮਾਂ ਆਵੇਗਾ ਤਾਂ ਤੁਸੀਂ ਯਾਦ ਕਰੋਗੇ ਕਿ ਮੈਂ ਤੁਹਾਨੂੰ ਉਹਨਾਂ ਬਾਰੇ ਚੇਤਾਵਨੀ ਦਿੱਤੀ ਸੀ। ਮੈਂ ਇਹ ਤੁਹਾਨੂੰ ਸ਼ੁਰੂ ਵਿੱਚ ਨਹੀਂ ਸੀ ਦੱਸਿਆ ਕਿਉਂਕਿ ਉਸ ਸਮੇਂ ਮੈਂ ਤੁਹਾਡੇ ਨਾਲ ਸੀ। ਪਰ ਹੁਣ ਮੈਂ ਉਹਨਾਂ ਕੋਲ ਜਾ ਰਿਹਾ ਹਾਂ ਜਿਸ ਨੇ ਮੈਨੂੰ ਭੇਜਿਆ ਹੈ। ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਨਹੀਂ ਪੁੱਛਦਾ, ‘ਤੁਸੀਂ ਕਿੱਥੇ ਜਾ ਰਹੇ ਹੋ’? ਪਰ ਤੁਸੀਂ ਸੋਗ ਨਾਲ ਭਰ ਗਏ ਹੋ ਕਿਉਂਕਿ ਮੈਂ ਇਹ ਗੱਲਾਂ ਆਖੀਆਂ ਹਨ। ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਹ ਤੁਹਾਡੇ ਭਲੇ ਲਈ ਹੈ ਜੋ ਮੈਂ ਤੁਹਾਡੇ ਤੋਂ ਦੂਰ ਜਾ ਰਿਹਾ ਹਾਂ। ਜਦ ਤੱਕ ਮੈਂ ਨਹੀਂ ਜਾਂਦਾ ਮਦਦਗਾਰ ਤੁਹਾਡੇ ਕੋਲ ਨਹੀਂ ਆਵੇਗਾ। ਪਰ ਜੇ ਮੈਂ ਜਾਂਦਾ ਹਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ। ਜਦੋਂ ਉਹ ਆਵੇਗਾ ਉਹ ਸੰਸਾਰ ਨੂੰ ਪਾਪ ਦੇ ਬਾਰੇ, ਧਾਰਮਿਕਤਾ ਦੇ ਬਾਰੇ, ਅਤੇ ਨਿਆਂ ਦੇ ਬਾਰੇ ਦੋਸ਼ੀ ਸਿੱਧ ਕਰੇਂਗਾ। ਪਾਪ ਬਾਰੇ ਇਸ ਲਈ ਕਿਉਂਕਿ ਲੋਕ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ। ਧਾਰਮਿਕਤਾ ਬਾਰੇ ਇਸ ਲਈ ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ, ਜਿੱਥੇ ਤੁਸੀਂ ਮੈਨੂੰ ਨਹੀਂ ਵੇਖ ਸਕੋਂਗੇ। ਅਤੇ ਨਿਆਂ ਬਾਰੇ ਇਸ ਲਈ ਕਿਉਂਕਿ ਇਸ ਸੰਸਾਰ ਦਾ ਰਾਜਕੁਮਾਰ ਹੁਣ ਦੋਸ਼ੀ ਠਹਿਰਾਇਆ ਗਿਆ ਹੈ।
“ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ ਪਰ ਇਸ ਸਮੇਂ ਤੁਸੀਂ ਇਸ ਨੂੰ ਸਹਿਣ ਨਹੀਂ ਕਰ ਸਕਦੇ ਹੋ। ਪਰ ਜਦੋਂ ਉਹ ਸੱਚ ਦਾ ਆਤਮਾ ਆਵੇਗਾ। ਉਹ ਤੁਹਾਡੀ ਸੱਚਾਈ ਵਿੱਚ ਅਗਵਾਈ ਕਰੇਂਗਾ। ਉਹ ਆਪਣੇ ਆਪ ਨਹੀਂ ਬੋਲੇਗਾ, ਉਹ ਉਹੀ ਬੋਲੇਗਾ ਜੋ ਉਹ ਸੁਣਦਾ ਹੈ ਅਤੇ ਉਹ ਤੁਹਾਨੂੰ ਹੋਣ ਵਾਲੀਆਂ ਗੱਲਾਂ ਦੱਸੇਗਾ। ਉਹ ਮੇਰੀ ਵਡਿਆਈ ਕਰੇਂਗਾ ਕਿਉਂਕਿ ਉਹ ਤੁਹਾਨੂੰ ਉਹ ਸਭ ਦੱਸੇਗਾ ਜੋ ਕੁਝ ਉਹ ਮੇਰੇ ਕੋਲੋਂ ਪ੍ਰਾਪਤ ਕਰੇਂਗਾ। ਜੋ ਕੁਝ ਪਿਤਾ ਦਾ ਹੈ ਉਹ ਮੇਰਾ ਹੈ। ਇਸੇ ਲਈ ਮੈਂ ਕਿਹਾ ਹੈ ਕਿ ਪਵਿੱਤਰ ਆਤਮਾ ਤੁਹਾਨੂੰ ਉਹ ਦੱਸੇਗਾ ਜੋ ਕੁਝ ਉਹ ਮੇਰੇ ਕੋਲੋਂ ਪ੍ਰਾਪਤ ਕਰੇਂਗਾ।”
ਚੇਲਿਆਂ ਦਾ ਸੋਗ ਖੁਸ਼ੀ ਵਿੱਚ ਬਦਲਣਾ
ਯਿਸ਼ੂ ਨੇ ਫਿਰ ਕਿਹਾ, “ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ, ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਵੇਖੋਂਗੇ।”
ਇਸ ਤੇ ਕੁਝ ਚੇਲਿਆਂ ਨੇ ਇੱਕ-ਦੂਜੇ ਨੂੰ ਕਿਹਾ, “ਇਸ ਦਾ ਕੀ ਅਰਥ ਹੈ ਕਿ, ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਵੇਖੋਂਗੇ, ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ?’ ” ਉਹ ਪੁੱਛਦੇ ਰਹੇ, “ਕਿ ‘ਉਹ ਥੋੜ੍ਹੀ ਦੇਰ,’ ਤੋਂ ਕੀ ਭਾਵ ਹੈ? ਅਸੀਂ ਸਮਝ ਨਹੀਂ ਪਾਉਂਦੇ ਕਿ ਉਹ ਕੀ ਕਹਿ ਰਿਹਾ ਹੈ।”
ਯਿਸ਼ੂ ਨੇ ਜਾਣ ਲਿਆ ਕਿ ਚੇਲੇ ਉਸ ਨੂੰ ਇਸ ਬਾਰੇ ਪੁੱਛਣਾ ਚਾਹੁੰਦੇ ਹਨ। ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਇੱਕ-ਦੂਜੇ ਨੂੰ ਪੁੱਛ ਰਹੇ ਹੋ ਮੇਰੇ ਕਹਿਣ ਦਾ ਕੀ ਮਤਲਬ ਸੀ ਜਦੋਂ ਮੈਂ ਇਹ ਕਿਹਾ, ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਦੇਖੋਗੇ’? ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਤੁਸੀਂ ਰੋਂਵੋਗੇ ਅਤੇ ਸੋਗ ਕਰੋਗੇ, ਜਦ ਕਿ ਸੰਸਾਰ ਖੁਸ਼ ਹੋਵੇਗਾ। ਤੁਸੀਂ ਸੋਗ ਕਰੋਗੇ, ਪਰ ਤੁਹਾਡਾ ਸੋਗ ਅਨੰਦ ਵਿੱਚ ਬਦਲ ਜਾਵੇਗਾ। ਜਦੋਂ ਔਰਤ ਆਪਣੇ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ ਤਾਂ ਉਸ ਦਰਦ ਨੂੰ ਸਹਿਣ ਕਰ ਰਹੀ ਹੁੰਦੀ ਹੈ ਕਿਉਂਕਿ ਉਸ ਦਾ ਸਮਾਂ ਆ ਗਿਆ ਹੁੰਦਾ ਹੈ। ਪਰ ਜਦੋਂ ਉਸ ਦਾ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਆਪਣੀ ਖੁਸ਼ੀ ਦੇ ਕਰਕੇ ਦਰਦ ਨੂੰ ਭੁੱਲ ਜਾਂਦੀ ਹੈ ਕਿਉਂਕਿ ਬੱਚਾ ਦੁਨੀਆਂ ਵਿੱਚ ਪੈਦਾ ਹੋਇਆ ਹੈ। ਇਸੇ ਤਰ੍ਹਾਂ ਤੁਹਾਡੇ ਨਾਲ ਹੋਵੇਗਾ: ਹੁਣ ਤੁਹਾਡਾ ਸੋਗ ਦਾ ਸਮਾਂ ਆ ਗਿਆ ਹੈ। ਪਰ ਮੈਂ ਤੁਹਾਨੂੰ ਫਿਰ ਮਿਲਾਂਗਾ ਅਤੇ ਤੁਸੀਂ ਖੁਸ਼ ਹੋਵੋਂਗੇ ਅਤੇ ਕੋਈ ਵੀ ਤੁਹਾਡੀ ਖੁਸ਼ੀ ਨੂੰ ਨਹੀਂ ਖੋਹ ਸਕਦਾ। ਉਸ ਦਿਨ ਤੁਸੀਂ ਮੈਨੂੰ ਕੁਝ ਨਹੀਂ ਪੁੱਛੋਂਗੇ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਮੇਰਾ ਪਿਤਾ ਤੁਹਾਨੂੰ ਉਹ ਸਭ ਦੇਵੇਗਾ ਜੋ ਤੁਸੀਂ ਮੇਰੇ ਨਾਮ ਤੇ ਮੰਗੋਂਗੇ। ਹੁਣ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ। ਮੰਗੋ ਅਤੇ ਤੁਹਾਨੂੰ ਮਿਲ ਜਾਵੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ।
“ਭਾਵੇਂ ਕਿ ਮੈਂ ਬੁਝਾਰਤਾਂ ਵਿੱਚ ਬੋਲ ਰਿਹਾ ਹਾਂ ਪਰ ਇੱਕ ਸਮਾਂ ਆ ਰਿਹਾ ਹੈ ਜਦੋਂ ਮੈਂ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਾਂਗਾ। ਪਰ ਤੁਹਾਨੂੰ ਆਪਣੇ ਪਿਤਾ ਬਾਰੇ ਸਪੱਸ਼ਟ ਸ਼ਬਦਾਂ ਵਿੱਚ ਦੱਸਾਂਗਾ। ਉਸ ਦਿਨ ਤੁਸੀਂ ਮੇਰੇ ਨਾਮ ਵਿੱਚ ਮੰਗੋਂਗੇ। ਅਤੇ ਮੈਂ ਤੁਹਾਨੂੰ ਦੱਸਦਾ ਹੈ ਕਿ ਮੈਂ ਤੁਹਾਡੇ ਲਈ ਪਿਤਾ ਕੋਲੋਂ ਨਹੀਂ ਮੰਗਾਂਗਾ। ਪਿਤਾ ਆਪ ਤੁਹਾਨੂੰ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ ਅਤੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਪਰਮੇਸ਼ਵਰ ਵੱਲੋਂ ਆਇਆ ਹਾਂ। ਮੈਂ ਪਿਤਾ ਵੱਲੋਂ ਇਸ ਸੰਸਾਰ ਤੇ ਆਇਆ। ਹੁਣ ਮੈਂ ਇਸ ਦੁਨੀਆਂ ਨੂੰ ਛੱਡ ਰਿਹਾ ਹਾਂ ਅਤੇ ਵਾਪਸ ਪਿਤਾ ਕੋਲ ਜਾ ਰਿਹਾ ਹਾਂ।”
ਤਦ ਯਿਸ਼ੂ ਦੇ ਚੇਲਿਆਂ ਨੇ ਕਿਹਾ, “ਹੁਣ ਤੁਸੀਂ ਸਾਫ਼ ਬੋਲ ਰਹੇ ਹੋ ਅਤੇ ਕੋਈ ਬੁਝਾਰਤ ਵਿੱਚ ਨਹੀਂ ਬੋਲ ਰਹੇ ਹੋ। ਹੁਣ ਅਸੀਂ ਜਾਣਦੇ ਹਾਂ ਕਿ ਤੁਹਾਨੂੰ ਸਭ ਕੁਝ ਪਤਾ ਹੈ ਅਤੇ ਇਹ ਜ਼ਰੂਰਤ ਨਹੀਂ ਕਿ ਤੁਹਾਨੂੰ ਕੋਈ ਕੁਝ ਪੁੱਛੇ। ਇਸ ਲਈ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਪਰਮੇਸ਼ਵਰ ਵੱਲੋਂ ਆਏ ਹੋ।”
ਯਿਸ਼ੂ ਨੇ ਜਵਾਬ ਦਿੱਤਾ, “ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ? ਇੱਕ ਸਮਾਂ ਆਵੇਗਾ ਜਦੋਂ ਤੁਸੀਂ ਖਿੱਲਰ ਜਾਵੋਂਗੇ ਅਤੇ ਹਰ ਕੋਈ ਆਪਣੇ ਘਰ ਨੂੰ ਮੁੜ ਜਾਵੇਗਾ। ਤੁਸੀਂ ਮੈਨੂੰ ਇਕੱਲੇ ਨੂੰ ਛੱਡ ਦੇਵੋਂਗੇ। ਪਰ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ।
“ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਵਿੱਚ ਸ਼ਾਂਤੀ ਪਾ ਸਕੋਂ। ਇਸ ਸੰਸਾਰ ਵਿੱਚ ਤੁਹਾਡੇ ਤੇ ਕਸ਼ਟ ਆਉਣਗੇ। ਪਰ ਹੌਸਲਾ ਰੱਖੋ! ਮੈਂ ਸੰਸਾਰ ਨੂੰ ਜਿੱਤ ਲਿਆ ਹੈ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.