Biblica® Open Punjabi Contemporary Version 2025
ਅੱਯੋਬ 15
ਏਲੀਫਾਜ਼
ਤਦ ਏਲੀਫਾਜ਼ ਤੇਮਾਨੀ ਨੇ ਉੱਤਰ ਦਿੱਤਾ:
“ਕੀ ਕੋਈ ਬੁੱਧੀਮਾਨ ਵਿਅਕਤੀ ਖਾਲੀ ਵਿਚਾਰਾਂ ਨਾਲ ਜਵਾਬ ਦੇਵੇਗਾ
ਜਾਂ ਗਰਮ ਪੂਰਬੀ ਹਵਾ ਨਾਲ ਆਪਣਾ ਢਿੱਡ ਭਰੇਗਾ?
ਕੀ ਉਹ ਬੇਕਾਰ ਸ਼ਬਦਾਂ ਨਾਲ ਬਹਿਸ ਕਰਨਗੇ,
ਉਹਨਾਂ ਭਾਸ਼ਣਾਂ ਨਾਲ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ?
ਪਰ ਤੁਸੀਂ ਧਰਮ ਨੂੰ ਵੀ ਕਮਜ਼ੋਰ ਕਰਦੇ ਹੋ
ਅਤੇ ਪਰਮੇਸ਼ਵਰ ਦੀ ਭਗਤੀ ਵਿੱਚ ਰੁਕਾਵਟ ਪਾਉਂਦੇ ਹੋ।
ਤੁਹਾਡਾ ਪਾਪ ਤੁਹਾਡੇ ਮੂੰਹ ਨੂੰ ਉਕਸਾਉਂਦਾ ਹੈ;
ਤੁਸੀਂ ਚਲਾਕੀਆਂ ਦੀ ਜ਼ੁਬਾਨ ਨੂੰ ਅਪਣਾਉਂਦੇ ਹੋ।
ਤੇਰਾ ਆਪਣਾ ਮੂੰਹ ਤੈਨੂੰ ਨਿੰਦਦਾ ਹੈ, ਨਾ ਕਿ ਮੇਰਾ;
ਤੇਰੇ ਆਪਣੇ ਬੁੱਲ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।
“ਕੀ ਪਹਿਲਾਂ ਮਨੁੱਖ ਤੂੰ ਹੀ ਜੰਮਿਆ ਹੈ?
ਕੀ ਪਹਾੜਾਂ ਤੋਂ ਪਹਿਲਾ ਤੂੰ ਪੈਦਾ ਹੋਇਆ?
ਕੀ ਤੂੰ ਪਰਮੇਸ਼ਵਰ ਦੀ ਗੁਪਤ ਯੋਜਨਾ ਨੂੰ ਸੁਣਦਾ ਹੈ?
ਕੀ ਤੂੰ ਬੁੱਧੀ ਦਾ ਠੇਕਾ ਲਿਆ ਹੈ?
ਤੂੰ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ?
ਤੇਰੇ ਕੋਲ ਕਿਹੜੀ ਸੂਝ ਹੈ ਜੋ ਸਾਡੇ ਕੋਲ ਨਹੀਂ ਹੈ?
ਸਫੇਦ ਵਾਲਾਂ ਵਾਲੇ ਅਤੇ ਬਜ਼ੁਰਗ ਸਾਡੇ ਪਾਸੇ ਹਨ,
ਜਿਹੜੇ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ।
ਕੀ ਪਰਮੇਸ਼ਵਰ ਦੀਆਂ ਤਸੱਲੀਆਂ,
ਅਤੇ ਨਰਮੀ ਨਾਲ ਕਹੇ ਗਏ ਸ਼ਬਦ ਤੇਰੇ ਲਈ ਕਾਫ਼ੀ ਨਹੀਂ ਹਨ?
ਤੇਰਾ ਦਿਲ ਤੈਨੂੰ ਕਿਉਂ ਦੂਰ ਲੈ ਗਿਆ,
ਅਤੇ ਤੇਰੀਆਂ ਅੱਖਾਂ ਕਿਉਂ ਗੁੱਸੇ ਨਾਲ ਚਮਕਦੀਆਂ ਹਨ,
ਕੀ ਤੂੰ ਪਰਮੇਸ਼ਵਰ ਦੇ ਵਿਰੁੱਧ ਆਪਣਾ ਗੁੱਸਾ,
ਅਤੇ ਆਪਣੇ ਮੂੰਹੋਂ ਇਹੋ ਜਿਹੀਆਂ ਗੱਲਾਂ ਕੱਢਦੇ ਹੋ?
“ਮਨੁੱਖ ਕੀ ਹਨ, ਜੋ ਉਹ ਸ਼ੁੱਧ ਹੋ ਸਕਦੇ ਹਨ,
ਜਾਂ ਉਹ ਜੋ ਔਰਤ ਤੋਂ ਪੈਦਾ ਹੋਏ ਹਨ, ਕਿ ਉਹ ਧਰਮੀ ਠਹਿਰੇ?
ਜੇਕਰ ਪਰਮੇਸ਼ਵਰ ਆਪਣੇ ਸੰਤਾਂ ਉੱਤੇ ਭਰੋਸਾ ਨਹੀਂ ਰੱਖਦਾ,
ਜੇਕਰ ਅਕਾਸ਼ ਵੀ ਉਸ ਦੀਆਂ ਨਜ਼ਰਾਂ ਵਿੱਚ ਸ਼ੁੱਧ ਨਹੀਂ ਹਨ,
ਤਾਂ ਮਨੁੱਖ ਕਿੰਨੇ ਹੀ ਘੱਟ, ਜਿਹੜੇ ਗੰਦੇ ਅਤੇ ਭ੍ਰਿਸ਼ਟ ਹਨ,
ਜੋ ਪਾਣੀ ਵਾਂਗ ਬੁਰਿਆਈ ਨੂੰ ਪੀਂਦੇ ਹਨ!
“ਮੇਰੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਸਮਝਾਵਾਂਗਾ;
ਮੈਂ ਤੁਹਾਨੂੰ ਦੱਸਾਂ ਕਿ ਮੈਂ ਕੀ ਦੇਖਿਆ ਹੈ,
ਬੁੱਧਵਾਨਾਂ ਨੇ ਕੀ ਐਲਾਨ ਕੀਤਾ ਹੈ,
ਜੋ ਆਪਣੇ ਪੁਰਖਿਆਂ ਤੋਂ ਪ੍ਰਾਪਤ ਕੀਤਾ ਕੁਝ ਵੀ ਨਹੀਂ ਲੁਕਾਉਂਣਾ
(ਜਿਸ ਨੂੰ ਇਕੱਲੇ ਹੀ ਜ਼ਮੀਨ ਦਿੱਤੀ ਗਈ ਸੀ
ਜਦੋਂ ਕੋਈ ਵਿਦੇਸ਼ੀ ਉਹਨਾਂ ਵਿੱਚ ਨਹੀਂ ਲੰਘਿਆ):
ਦੁਸ਼ਟ ਮਨੁੱਖ ਆਪਣੇ ਸਾਰੇ ਦਿਨ ਤਸੀਹੇ ਝੱਲਦਾ ਹੈ,
ਸਾਲਾਂ ਦੀ ਮੁਸੀਬਤ ਬੇਰਹਿਮ ਮਨੁੱਖ ਲਈ ਸੰਭਾਲੀ ਜਾਂਦੀ ਹੈ।
ਡਰਾਉਣੀਆਂ ਆਵਾਜ਼ਾਂ ਉਸਦੇ ਕੰਨ ਭਰਦੀਆਂ ਹਨ;
ਜਦੋਂ ਸਭ ਕੁਝ ਠੀਕ ਲੱਗਦਾ ਹੈ, ਲੁਟੇਰੇ ਉਸ ਤੇ ਹਮਲਾ ਕਰਦੇ ਹਨ।
ਉਹ ਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਉਹ ਹਨੇਰੇ ਵਿੱਚੋਂ ਮੁੜ ਆਵੇਗਾ;
ਅਤੇ ਤਲਵਾਰ ਉਸਨੂੰ ਉਡੀਕਦੀ ਹੈ।
ਉਹ ਚੀਲ ਵਾਂਗ ਭੋਜਨ ਲਈ ਭਟਕਦਾ ਹੈ;
ਉਹ ਜਾਣਦਾ ਹੈ ਕਿ ਹਨੇਰੇ ਦਾ ਦਿਨ ਨੇੜੇ ਹੈ।
ਦੁੱਖ ਅਤੇ ਕਸ਼ਟ ਉਸ ਨੂੰ ਦਹਿਸ਼ਤ ਨਾਲ ਭਰ ਦਿੰਦੇ ਹਨ;
ਮੁਸੀਬਤਾਂ ਉਸ ਉੱਤੇ ਆ ਪੈਂਦੀਆ ਹਨ, ਜਿਵੇਂ ਰਾਜਾ ਹਮਲਾ ਕਰਨ ਲਈ ਤਿਆਰ ਹੁੰਦਾ ਹੈ,
ਕਿਉਂਕਿ ਉਹ ਪਰਮੇਸ਼ਵਰ ਦੇ ਵਿਰੁੱਧ ਆਪਣਾ ਹੱਥ ਚੁੱਕਦਾ ਹੈ,
ਅਤੇ ਸਰਵਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ,
ਇੱਕ ਮੋਟੀ, ਮਜ਼ਬੂਤ ਢਾਲ਼ ਨਾਲ
ਉਸ ਦੇ ਵਿਰੁੱਧ ਦੋਸ਼ ਲਗਾ ਰਿਹਾ ਹੈ।
“ਹਾਲਾਂਕਿ ਉਸਦਾ ਚਿਹਰਾ ਚਰਬੀ ਨਾਲ ਢੱਕਿਆ ਹੋਇਆ ਹੈ
ਅਤੇ ਉਸਦੀ ਕਮਰ ਮਾਸ ਨਾਲ ਉੱਭਰ ਰਹੀ ਹੈ,
ਉਹ ਬਰਬਾਦ ਹੋਏ ਕਸਬਿਆਂ ਵਿੱਚ ਵੱਸੇਗਾ,
ਅਤੇ ਉਹਨਾਂ ਘਰਾਂ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ,
ਘਰ ਢਹਿ-ਢੇਰੀ ਹੋ ਜਾਣਗੇ।
ਉਹ ਹੁਣ ਧਨਵਾਨ ਨਹੀਂ ਰਹੇਗਾ ਅਤੇ ਉਸਦੀ ਦੌਲਤ ਸਥਾਈ ਨਹੀਂ ਰਹੇਗੀ,
ਨਾ ਉਹ ਦੀ ਜਾਇਦਾਦ ਧਰਤੀ ਉੱਤੇ ਫੈਲੇਗੀ।
ਉਹ ਹਨੇਰੇ ਤੋਂ ਨਹੀਂ ਬਚੇਗਾ;
ਇੱਕ ਲਾਟ ਉਸ ਦੀਆਂ ਟਹਿਣੀਆਂ ਨੂੰ ਮੁਰਝਾ ਦੇਵੇਗੀ,
ਅਤੇ ਪਰਮੇਸ਼ਵਰ ਦੇ ਮੂੰਹ ਦਾ ਸਾਹ ਉਸ ਨੂੰ ਲੈ ਜਾਵੇਗਾ।
ਉਹ ਵਿਅਰਥ ਚੀਜ਼ਾਂ ਉੱਤੇ ਭਰੋਸਾ ਕਰ ਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ,
ਕਿਉਂਕਿ ਉਸ ਨੂੰ ਬਦਲੇ ਵਿੱਚ ਕੁਝ ਨਹੀਂ ਮਿਲੇਗਾ।
ਆਪਣੇ ਸਮੇਂ ਤੋਂ ਪਹਿਲਾਂ ਉਹ ਸੁੱਕ ਜਾਵੇਗਾ,
ਅਤੇ ਉਹ ਦੀਆਂ ਟਹਿਣੀਆਂ ਨਹੀਂ ਵਧਣਗੀਆਂ।
ਉਹ ਇੱਕ ਕੱਚੀ ਅੰਗੂਰ ਦੀ ਵੇਲ ਵਾਂਙੁ ਉਸਦੇ ਫਲ ਝੜ ਜਾਣਗੇ,
ਇੱਕ ਜ਼ੈਤੂਨ ਦੇ ਬਿਰਛ ਵਾਂਗੂੰ ਉਸਦੇ ਫੁੱਲ ਡਿੱਗ ਪੈਣਗੇ।
ਕਿਉਂ ਜੋ ਅਧਰਮੀ ਦੀ ਸੰਗਤ ਬਾਂਝ ਹੋ ਜਾਵੇਗੀ,
ਅਤੇ ਰਿਸ਼ਵਤ ਨੂੰ ਪਿਆਰ ਕਰਨ ਵਾਲਿਆਂ ਦੇ ਤੰਬੂਆਂ ਨੂੰ ਅੱਗ ਭਸਮ ਕਰ ਦੇਵੇਗੀ।
ਉਹ ਮੁਸੀਬਤ ਧਾਰਨ ਕਰਦੇ ਹਨ ਅਤੇ ਬੁਰਾਈ ਨੂੰ ਜਨਮ ਦਿੰਦੇ ਹਨ;
ਉਹਨਾਂ ਦੇ ਪੇਟ ਵਿੱਚ ਛਲ ਪੈਦਾ ਹੁੰਦਾ ਹੈ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.