Biblica® Open Punjabi Contemporary Version 2025
ਯਿਰਮਿਯਾਹ 6
ਯੇਰੂਸ਼ਲੇਮ ਦੀ ਵੈਰੀਆਂ ਵੱਲੋਂ ਘੇਰਾਬੰਦੀ
“ਹੇ ਬਿਨਯਾਮੀਨ ਦੇ ਲੋਕੋ, ਸੁਰੱਖਿਆ ਲਈ ਭੱਜੋ!
ਬਚਾਓ ਲਈ ਯੇਰੂਸ਼ਲੇਮ ਵਿੱਚੋਂ ਭੱਜੋ!
ਤਕੋਆ ਵਿੱਚ ਤੁਰ੍ਹੀ ਵਜਾਓ!
ਬੈਥ-ਹੱਕਾਰਮ ਵਿੱਚ ਨਿਸ਼ਾਨ ਖੜਾ ਕਰੋ!
ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ
ਅਤੇ ਵੱਡੀ ਤਬਾਹੀ ਝਾਕਦੀ ਹੈ।
ਮੈਂ ਸੀਯੋਨ ਦੀ ਧੀ ਨੂੰ,
ਜੋ ਕਿੰਨੀ ਸੁੰਦਰ ਅਤੇ ਨਾਜ਼ੁਕ ਹੈ ਤਬਾਹ ਕਰ ਦਿਆਂਗਾ।
ਚਰਵਾਹੇ ਆਪਣੇ ਇੱਜੜਾਂ ਨਾਲ ਉਸ ਦੇ ਵਿਰੁੱਧ ਆਉਣਗੇ;
ਉਹ ਉਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ,
ਹਰੇਕ ਆਪੋ-ਆਪਣੇ ਥਾਂ ਵਿੱਚ ਚਰਾਵੇਗਾ।
“ਉਸ ਦੇ ਵਿਰੁੱਧ ਲੜਾਈ ਲਈ ਤਿਆਰ ਰਹੋ!
ਉੱਠੋ, ਅਸੀਂ ਦੁਪਹਿਰ ਨੂੰ ਹਮਲਾ ਕਰੀਏ!
ਪਰ ਹਾਏ! ਦਿਨ ਦਾ ਚਾਨਣ ਮਿਟਦਾ ਜਾ ਰਿਹਾ ਹੈ,
ਅਤੇ ਸ਼ਾਮ ਦੇ ਪਰਛਾਵੇਂ ਵਧਦੇ ਜਾਂਦੇ ਹਨ।
ਇਸ ਲਈ ਉੱਠੋ, ਅਸੀਂ ਰਾਤ ਨੂੰ ਹਮਲਾ ਕਰੀਏ ਅਤੇ ਉਸ ਦੇ ਕਿਲ੍ਹੇ ਨੂੰ ਢਾਹ ਦੇਈਏ!”
ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ਰੁੱਖਾਂ ਨੂੰ ਵੱਢੋ
ਅਤੇ ਯੇਰੂਸ਼ਲੇਮ ਦੇ ਵਿਰੁੱਧ ਘੇਰਾਬੰਦੀ ਕਰੋ।
ਇਸ ਸ਼ਹਿਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ;
ਇਹ ਜ਼ੁਲਮ ਨਾਲ ਭਰਿਆ ਹੋਇਆ ਹੈ।
ਜਿਵੇਂ ਖੂਹ ਆਪਣਾ ਪਾਣੀ ਡੋਲ੍ਹਦਾ ਹੈ,
ਉਸੇ ਤਰ੍ਹਾਂ ਉਹ ਆਪਣੀ ਬੁਰਿਆਈ ਨੂੰ ਤਾਜ਼ਾ ਰੱਖਦੀ ਹੈ।
ਹਿੰਸਾ ਅਤੇ ਤਬਾਹੀ ਉਸ ਵਿੱਚ ਗੂੰਜਦੀ ਹੈ;
ਉਸ ਦੀ ਬੀਮਾਰੀ ਅਤੇ ਜ਼ਖ਼ਮ ਮੇਰੇ ਸਾਹਮਣੇ ਹਨ।
ਹੇ ਯੇਰੂਸ਼ਲੇਮ, ਸਿੱਖਿਆ ਲੈ,
ਨਹੀਂ ਤਾਂ ਮੈਂ ਤੇਰੇ ਤੋਂ ਦੂਰ ਹੋ ਜਾਵਾਂਗਾ
ਅਤੇ ਤੇਰੀ ਧਰਤੀ ਨੂੰ ਵਿਰਾਨ ਕਰ ਦਿਆਂਗਾ,
ਤਾਂ ਜੋ ਕੋਈ ਵੀ ਉਸ ਵਿੱਚ ਰਹਿ ਨਾ ਸਕੇ।”
ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ:
“ਉਹਨਾਂ ਨੂੰ ਇਸਰਾਏਲ ਦੀ ਰਹਿੰਦ-ਖੁਹੰਦ ਨੂੰ ਇੱਕ ਅੰਗੂਰੀ ਵੇਲ ਵਾਂਗ ਚੰਗੀ ਤਰ੍ਹਾਂ ਚੁਗਣ ਦਿਓ;
ਆਪਣਾ ਹੱਥ ਅੰਗੂਰ ਚੁਗਣ ਵਾਲੇ ਵਾਂਗੂੰ ਟਹਿਣੀਆਂ ਉੱਤੇ ਫੇਰ।”
ਮੈਂ ਕਿਸ ਨਾਲ ਗੱਲ ਕਰਾਂ ਅਤੇ ਚੇਤਾਵਨੀ ਦੇਵਾਂ?
ਮੇਰੀ ਕੌਣ ਸੁਣੇਗਾ?
ਉਹਨਾਂ ਦੇ ਕੰਨ ਬੰਦ ਹਨ
ਇਸ ਲਈ ਉਹ ਸੁਣ ਨਹੀਂ ਸਕਦੇ।
ਯਾਹਵੇਹ ਦਾ ਬਚਨ ਉਹਨਾਂ ਲਈ ਅਪਮਾਨਜਨਕ ਹੈ;
ਉਹਨਾਂ ਨੂੰ ਇਸ ਵਿੱਚ ਕੋਈ ਖੁਸ਼ੀ ਨਹੀਂ ਮਿਲਦੀ।
ਪਰ ਮੈਂ ਯਾਹਵੇਹ ਦੇ ਕ੍ਰੋਧ ਨਾਲ ਭਰਿਆ ਹੋਇਆ ਹਾਂ,
ਅਤੇ ਮੈਂ ਇਸ ਨੂੰ ਅੰਦਰ ਨਹੀਂ ਰੱਖ ਸਕਦਾ।
“ਇਸ ਨੂੰ ਗਲੀ ਵਿੱਚ ਬੱਚਿਆਂ ਉੱਤੇ ਉਲੱਦ ਦੇ,
ਨਾਲੇ ਜੁਆਨਾਂ ਉੱਤੇ ਜਿਹੜੇ ਇਕੱਠੇ ਹਨ।
ਦੋਵੇਂ ਪਤੀ ਅਤੇ ਪਤਨੀ ਫੜੇ ਜਾਣਗੇ,
ਅਤੇ ਬੁੱਢਾ ਵੱਡੀ ਉਮਰ ਵਾਲੇ ਨਾਲ।
ਉਹਨਾਂ ਦੇ ਘਰ ਦੂਜਿਆਂ ਦੇ ਹਵਾਲੇ ਕੀਤੇ ਜਾਣਗੇ,
ਨਾਲੇ ਉਹਨਾਂ ਦੇ ਖੇਤ ਅਤੇ ਉਹਨਾਂ ਦੀਆਂ ਪਤਨੀਆਂ ਵੀ,
ਮੈਂ ਆਪਣਾ ਹੱਥ
ਦੇਸ਼ ਦੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ,”
ਯਾਹਵੇਹ ਦਾ ਇਹ ਵਾਕ ਹੈ।
“ਛੋਟੇ ਤੋਂ ਲੈ ਕੇ ਵੱਡੇ ਤੱਕ,
ਸਾਰੇ ਲਾਭ ਦੇ ਲਾਲਚੀ ਹਨ;
ਅਤੇ ਨਬੀਆਂ ਤੋਂ ਲੈ ਕੇ ਜਾਜਕਾਂ ਤੱਕ
ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।
ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾ ਹੈ,
ਜਿਵੇਂ ਕਿ ਉਹ ਗੰਭੀਰ ਨਹੀਂ ਸਨ।
ਉਹ ਆਖਦੇ ਹਨ ਸ਼ਾਂਤੀ, ਸ਼ਾਂਤੀ!
ਪਰ ਸ਼ਾਂਤੀ ਹੈ ਨਹੀਂ।
ਕੀ ਉਹ ਆਪਣੇ ਘਿਣਾਉਣੇ ਚਾਲ-ਚਲਣ ਤੋਂ ਸ਼ਰਮਿੰਦਾ ਹਨ?
ਨਹੀਂ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ;
ਉਹਨਾਂ ਨੂੰ ਸੰਘਣਾ ਵੀ ਨਹੀਂ ਆਉਂਦਾ।
ਇਸ ਲਈ ਉਹ ਡਿੱਗੇ ਹੋਏ ਲੋਕਾਂ ਵਿੱਚ ਡਿੱਗਣਗੇ;
ਜਦੋਂ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ ਤਾਂ ਉਹ ਹੇਠਾਂ ਲਿਆਏ ਜਾਣਗੇ,”
ਯਾਹਵੇਹ ਆਖਦਾ ਹੈ।
ਯਾਹਵੇਹ ਇਸ ਤਰ੍ਹਾਂ ਆਖਦਾ ਹੈ:
“ਚੌਰਾਹੇ ਤੇ ਖਲੋਵੋ ਅਤੇ ਵੇਖੋ;
ਪ੍ਰਾਚੀਨ ਮਾਰਗਾਂ ਨੂੰ ਪੁੱਛੋ,
ਚੰਗਾ ਰਸਤਾ ਕਿੱਥੇ ਹੈ, ਉਸ ਉੱਤੇ ਚੱਲੋ,
ਅਤੇ ਤੁਸੀਂ ਆਪਣੀਆਂ ਰੂਹਾਂ ਵਿੱਚ ਆਰਾਮ ਪਾਓਗੇ।
ਪਰ ਤੁਸੀਂ ਕਿਹਾ, ‘ਅਸੀਂ ਇਸ ਵਿੱਚ ਨਹੀਂ ਚੱਲਾਂਗੇ।’
ਮੈਂ ਤੁਹਾਡੇ ਉੱਤੇ ਪਹਿਰੇਦਾਰ ਨਿਯੁਕਤ ਕੀਤਾ ਅਤੇ ਕਿਹਾ,
‘ਤੁਰ੍ਹੀ ਦੀ ਆਵਾਜ਼ ਨੂੰ ਸੁਣੋ!’
ਪਰ ਤੁਸੀਂ ਕਿਹਾ, ‘ਅਸੀਂ ਨਹੀਂ ਸੁਣਾਂਗੇ।’
ਇਸ ਲਈ ਹੇ ਕੌਮੋ, ਤੁਸੀਂ ਸੁਣੋ;
ਤੁਸੀਂ ਗਵਾਹ ਹੋ,
ਵੇਖੋ ਕਿ ਉਹਨਾਂ ਉੱਤੇ ਕੀ ਹੋਣ ਵਾਲਾ ਹੈ।
ਹੇ ਧਰਤੀ ਸੁਣ!
ਮੈਂ ਇਹ ਲੋਕਾਂ ਉੱਤੇ ਤਬਾਹੀ ਲਿਆ ਰਿਹਾ ਹਾਂ,
ਉਹਨਾਂ ਦੀਆਂ ਯੋਜਨਾਵਾਂ ਦਾ ਫਲ,
ਕਿਉਂਕਿ ਉਹਨਾਂ ਨੇ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆ
ਅਤੇ ਮੇਰੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ।
ਮੈਨੂੰ ਸ਼ੀਬਾ ਦੀ ਧੂਪ ਦੀ ਕੀ ਪਰਵਾਹ ਹੈ,
ਜਾਂ ਦੂਰ ਦੇਸ਼ ਤੋਂ ਮਿੱਠੀ ਖੁਸ਼ਬੋਆਂ ਦੀ?
ਤੁਹਾਡੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ;
ਤੁਹਾਡੀਆਂ ਕੁਰਬਾਨੀਆਂ ਮੈਨੂੰ ਪ੍ਰਸੰਨ ਨਹੀਂ ਕਰਦੀਆਂ।”
ਇਸ ਲਈ ਯਾਹਵੇਹ ਇਹ ਆਖਦਾ ਹੈ:
“ਮੈਂ ਇਹ ਲੋਕਾਂ ਅੱਗੇ ਰੁਕਾਵਟਾਂ ਪਾਵਾਂਗਾ।
ਮਾਪੇ ਅਤੇ ਬੱਚੇ ਉਸ ਤੋਂ ਇੱਕੋ ਜਿਹੀ ਠੋਕਰ ਖਾਣਗੇ;
ਗੁਆਂਢੀ ਅਤੇ ਦੋਸਤ ਨਸ਼ਟ ਹੋ ਜਾਣਗੇ।”
ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:
“ਦੇਖੋ, ਇੱਕ ਫ਼ੌਜ
ਉੱਤਰ ਦੀ ਧਰਤੀ ਤੋਂ ਆ ਰਹੀ ਹੈ;
ਇੱਕ ਮਹਾਨ ਕੌਮ ਨੂੰ ਧਰਤੀ ਦੇ ਸਿਰੇ ਤੋਂ
ਭੜਕਾਇਆ ਜਾ ਰਿਹਾ ਹੈ।
ਉਹਨਾਂ ਨੇ ਧਨੁਸ਼ ਅਤੇ ਬਰਛੇ ਫੜ੍ਹੇ ਹੋਏ ਹਨ;
ਉਹ ਬੇਰਹਿਮ ਹਨ ਅਤੇ ਕੋਈ ਰਹਿਮ ਨਹੀਂ ਕਰਦੇ।
ਉਹ ਆਪਣੇ ਘੋੜਿਆਂ ਤੇ ਸਵਾਰ ਹੁੰਦੇ ਹੋਏ
ਗਰਜਦੇ ਸਮੁੰਦਰ ਵਾਂਗ ਆਵਾਜ਼ਾਂ ਮਾਰਦੇ ਹਨ।
ਉਹ ਲੜਾਕਿਆਂ ਵਾਂਗ ਲੜਨ ਲਈ ਆਉਂਦੇ ਹਨ
ਸੀਯੋਨ ਦੀ ਧੀਏ, ਤੇਰੇ ਉੱਤੇ ਹਮਲਾ ਕਰਨ ਲਈ ਆਉਂਦੇ ਹਨ।”
ਅਸੀਂ ਉਹਨਾਂ ਬਾਰੇ ਸੁਣਿਆ ਹੈ,
ਅਤੇ ਸਾਡੇ ਹੱਥ ਢਿੱਲੇ ਪੈ ਗਏ ਹਨ।
ਦੁੱਖ ਨੇ ਸਾਨੂੰ ਜਕੜ ਲਿਆ ਹੈ,
ਜਿਵੇਂ ਇੱਕ ਜਣੇਪੇ ਵਾਲੀ ਔਰਤ ਦਾ ਦੁੱਖ ਹੁੰਦਾ ਹੈ।
ਖੇਤਾਂ ਵਿੱਚ ਨਾ ਜਾਵੋ,
ਨਾ ਰਾਹਾਂ ਵਿੱਚ ਤੁਰੋ,
ਕਿਉਂ ਜੋ ਦੁਸ਼ਮਣ ਕੋਲ ਤਲਵਾਰ ਹੈ,
ਅਤੇ ਹਰ ਪਾਸੇ ਦਹਿਸ਼ਤ ਹੈ।
ਹੇ ਮੇਰੇ ਲੋਕੋ, ਤੱਪੜ ਪਾਓ
ਅਤੇ ਸੁਆਹ ਵਿੱਚ ਲੇਟੇ ਰਹੋ।
ਤੂੰ ਸੋਗ ਕਰ
ਜਿਵੇਂ ਇੱਕਲੌਤੇ ਪੁੱਤਰ ਉੱਤੇ ਕਰੀਦਾ ਹੈ,
ਤੂੰ ਬਹੁਤ ਭਾਰੀ ਸਿਆਪਾ ਕਰ,
ਸੱਤਿਆਨਾਸ ਕਰਨ ਵਾਲਾ ਅਚਾਨਕ ਸਾਡੇ ਉੱਤੇ ਆ ਪਵੇਗਾ।
“ਮੈਂ ਤੁਹਾਨੂੰ ਆਪਣੇ ਲੋਕਾਂ ਲਈ ਪਰਖਿਆ ਹੈ
ਅਤੇ ਮਾਹਿਰਾਂ ਨੂੰ ਇਹ ਜਾਣਨ ਲਈ ਨਿਯੁਕਤ ਕੀਤਾ ਗਿਆ ਹੈ,
ਤਾਂ ਜੋ ਤੁਸੀਂ ਉਹਨਾਂ ਦੇ ਤਰੀਕਿਆਂ ਨੂੰ ਵੇਖ ਸਕੋ
ਅਤੇ ਪਰਖ ਸਕੋ।
ਉਹ ਸਾਰੇ ਕਠੋਰ ਅਤੇ ਬਾਗ਼ੀ ਹਨ,
ਬਦਨਾਮੀ ਕਰਨ ਜਾ ਰਹੇ ਹਨ।
ਉਹ ਪਿੱਤਲ ਅਤੇ ਲੋਹੇ ਦੇ ਹਨ;
ਉਹ ਸਾਰੇ ਭ੍ਰਿਸ਼ਟ ਕੰਮ ਕਰਦੇ ਹਨ।
ਸੀਸੇ ਨੂੰ ਅੱਗ ਨਾਲ ਸਾੜਨ ਲਈ
ਧੂੜਾਂ ਜ਼ੋਰ ਨਾਲ ਵਜਾਉਂਦੇ ਹਨ,
ਪਰ ਸੁਧਾਰ ਵਿਅਰਥ ਜਾਂਦਾ ਹੈ;
ਪਰ ਬੁਰਿਆਈ ਵੱਖ ਨਹੀਂ ਹੋਏ।
ਉਹਨਾਂ ਨੂੰ ਖੋਟੀ ਚਾਂਦੀ ਕਿਹਾ ਜਾਂਦਾ ਹੈ,
ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.