Biblica® Open Punjabi Contemporary Version 2025
ਯਿਰਮਿਯਾਹ 4
ਯਾਹਵੇਹ ਦਾ ਵਾਕ ਹੈ,
“ਹੇ ਇਸਰਾਏਲ, ਜੇ ਤੂੰ ਮੁੜੇਂ,
ਤਾਂ ਮੇਰੇ ਕੋਲ ਵਾਪਸ ਆ ਜਾ।”
“ਜੇ ਤੂੰ ਆਪਣੀਆਂ ਘਿਣਾਉਣੀਆਂ ਮੂਰਤੀਆਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰੇ
ਅਤੇ ਜੇ ਤੂੰ ਅਵਾਰਾ ਨਾ ਫਿਰੇਂ,
ਅਤੇ ਜੇਕਰ ਸੱਚੇ, ਨਿਆਂ ਅਤੇ ਧਰਮੀ ਤਰੀਕੇ ਨਾਲ
ਜੇ ਤੂੰ ਜੀਉਂਦੇ ਯਾਹਵੇਹ ਦੀ ਸਹੁੰ ਖਾਵੇਂ,
ਤਦ ਕੌਮਾਂ ਉਸ ਤੋਂ ਅਸੀਸਾਂ ਮੰਗਣਗੀਆਂ
ਅਤੇ ਉਹ ਉਸ ਨੂੰ ਉਸਤਤ ਦੇਣਗੀਆਂ।”
ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਯਾਹਵੇਹ ਇਹ ਆਖਦਾ ਹੈ:
“ਆਪਣੀ ਪਈ ਹੋਈ ਜ਼ਮੀਨ ਨੂੰ ਵਾਹੋ
ਅਤੇ ਕੰਡਿਆਂ ਵਿੱਚ ਨਾ ਬੀਜੋ।
ਯਾਹਵੇਹ ਦੇ ਅੱਗੇ ਆਪਣੀ ਸੁੰਨਤ ਕਰੋ,
ਆਪਣੇ ਦਿਲਾਂ ਦੀ ਸੁੰਨਤ ਕਰੋ,
ਹੇ ਯਹੂਦਾਹ ਦੇ ਲੋਕੋ ਅਤੇ ਯੇਰੂਸ਼ਲੇਮ ਦੇ ਵਾਸੀਓ,
ਕਿਤੇ ਮੇਰਾ ਗੁੱਸਾ ਅੱਗ ਵਾਂਗੂੰ ਭੜਕ ਉੱਠੇ,
ਉਹ ਬਲ ਉੱਠੇ ਅਤੇ ਬੁਝਾਉਣ ਵਾਲਾ ਕੋਈ ਨਾ ਹੋਵੇ,
ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ।
ਉੱਤਰ ਤੋਂ ਆਫ਼ਤ
“ਯਹੂਦਾਹ ਵਿੱਚ ਘੋਸ਼ਣਾ ਕਰੋ ਅਤੇ ਯੇਰੂਸ਼ਲੇਮ ਵਿੱਚ ਹੋਕਾ ਦਿਓ ਅਤੇ ਆਖੋ:
‘ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਓ!’
ਉੱਚੀ ਆਵਾਜ਼ ਵਿੱਚ ਪੁਕਾਰੋ ਅਤੇ ਆਖੋ:
ਇਕੱਠੇ ਹੋਵੋ!
ਆਓ ਅਸੀਂ ਗੜ੍ਹ ਵਾਲੇ ਸ਼ਹਿਰਾਂ ਨੂੰ ਭੱਜੀਏ!
ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ!
ਬਿਨਾਂ ਦੇਰੀ ਸੁਰੱਖਿਆ ਲਈ ਭੱਜੋ!
ਕਿਉਂ ਜੋ ਮੈਂ ਉੱਤਰ ਵਲੋਂ ਬੁਰਿਆਈ
ਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ।”
ਇੱਕ ਸ਼ੇਰ ਆਪਣੇ ਖੂੰਹ ਵਿੱਚੋਂ ਨਿਕਲਿਆ ਹੈ;
ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ।
ਉਹ ਆਪਣੇ ਥਾਂ ਤੋਂ ਨਿੱਕਲਿਆ,
ਭਈ ਤੇਰੇ ਦੇਸ਼ ਨੂੰ ਵਿਰਾਨ ਕਰੇ।
ਤੇਰੇ ਸ਼ਹਿਰ ਥੇਹ ਹੋ ਜਾਣਗੇ,
ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ।
ਇਸ ਲਈ ਤੱਪੜ ਪਾਓ,
ਰੋਵੋ ਅਤੇ ਵਿਰਲਾਪ ਕਰੋ,
ਕਿਉਂ ਜੋ ਯਾਹਵੇਹ ਦਾ ਭਿਆਨਕ ਕ੍ਰੋਧ
ਸਾਡੇ ਕੋਲੋਂ ਨਹੀਂ ਹਟਿਆ ਹੈ।
ਯਾਹਵੇਹ ਦਾ ਵਾਕ ਹੈ, “ਉਸ ਦਿਨ ਇਸ ਤਰ੍ਹਾਂ ਹੋਵੇਗਾ,
ਰਾਜੇ ਅਤੇ ਅਧਿਕਾਰੀ ਹੌਸਲੇ ਹਾਰ ਜਾਣਗੇ,
ਜਾਜਕ ਡਰ ਜਾਣਗੇ,
ਅਤੇ ਨਬੀ ਘਬਰਾ ਜਾਣਗੇ।”
ਫਿਰ ਮੈਂ ਕਿਹਾ, “ਹਾਏ, ਸਰਬਸ਼ਕਤੀਮਾਨ ਯਾਹਵੇਹ! ਕਿ ਤੂੰ ਇਨ੍ਹਾਂ ਲੋਕਾਂ ਅਤੇ ਯੇਰੂਸ਼ਲੇਮ ਨੂੰ ਇਹ ਕਹਿ ਕੇ ਵੱਡਾ ਧੋਖਾ ਦਿੱਤਾ ਹੈ, ‘ਤੁਹਾਨੂੰ ਸ਼ਾਂਤੀ ਮਿਲੇਗੀ,’ ਪਰ ਤਲਵਾਰ ਸਾਡੇ ਗਲੇ ਤੇ ਆ ਪਹੁੰਚੀ ਹੈ!”
ਉਸ ਸਮੇਂ, ਇਨ੍ਹਾਂ ਲੋਕਾਂ ਅਤੇ ਯੇਰੂਸ਼ਲੇਮ ਨੂੰ ਕਿਹਾ ਜਾਵੇਗਾ, “ਉਜਾੜ ਵਿੱਚ ਬੰਜਰ ਉਚਾਈਆਂ ਤੋਂ ਇੱਕ ਤੇਜ਼ ਹਵਾ ਮੇਰੇ ਲੋਕਾਂ ਵੱਲ ਵਗਦੀ ਹੈ, ਪਰ ਉਡਾਉਣ ਜਾਂ ਸਾਫ਼ ਕਰਨ ਲਈ ਨਹੀਂ; ਇੱਕ ਹਵਾ ਬਹੁਤ ਤੇਜ਼ ਮੇਰੇ ਵੱਲੋਂ ਆਉਂਦੀ ਹੈ। ਹੁਣ ਮੈਂ ਉਹਨਾਂ ਦੇ ਵਿਰੁੱਧ ਆਪਣਾ ਨਿਰਣਾ ਸੁਣਾਉਂਦਾ ਹਾਂ।”
ਦੇਖੋ! ਉਹ ਬੱਦਲਾਂ ਵਾਂਙੁ ਅੱਗੇ ਵਧਦਾ ਹੈ,
ਉਸ ਦੇ ਰਥ ਵਾਵਰੋਲੇ ਵਾਂਗ ਆਉਂਦੇ ਹਨ,
ਉਸ ਦੇ ਘੋੜੇ ਉਕਾਬਾਂ ਨਾਲੋਂ ਤੇਜ਼ ਹਨ।
ਹਾਏ ਸਾਡੇ ਉੱਤੇ! ਅਸੀਂ ਬਰਬਾਦ ਹੋ ਗਏ ਹਾਂ!
ਯੇਰੂਸ਼ਲੇਮ, ਤੂੰ ਆਪਣੇ ਦਿਲ ਨੂੰ ਬੁਰਿਆਈ ਤੋਂ ਧੋ, ਭਈ ਤੂੰ ਬਚਾਇਆ ਜਾਵੇਂ,
ਕਿੰਨ੍ਹਾਂ ਚਿਰ ਤੇਰੇ ਬੁਰੇ ਖਿਆਲ ਤੇਰੇ ਮਨ ਵਿੱਚ ਰਹਿਣਗੇ?
ਦਾਨ ਤੋਂ ਇੱਕ ਆਵਾਜ਼ ਆ ਰਹੀ ਹੈ,
ਇਫ਼ਰਾਈਮ ਦੀਆਂ ਪਹਾੜੀਆਂ ਤੋਂ ਤਬਾਹੀ ਦਾ ਐਲਾਨ ਕਰਦੀ ਹੈ।
“ਕੌਮਾਂ ਨੂੰ ਇਹ ਦੱਸ,
ਯੇਰੂਸ਼ਲੇਮ ਬਾਰੇ ਘੋਸ਼ਣਾ ਕਰੋ:
‘ਇੱਕ ਘੇਰਾਬੰਦੀ ਕਰਨ ਵਾਲੀ ਫ਼ੌਜ ਦੂਰ ਦੇਸ਼ ਤੋਂ ਆ ਰਹੀ ਹੈ,
ਯਹੂਦਾਹ ਦੇ ਸ਼ਹਿਰਾਂ ਦੇ ਵਿਰੁੱਧ ਲੜਾਈ ਦੀ ਆਵਾਜ਼ ਉਠਾਉਂਦੀ ਹੈ।
ਉਹ ਉਸ ਨੂੰ ਖੇਤ ਦੀ ਰਾਖੀ ਕਰਨ ਵਾਲੇ ਮਨੁੱਖਾਂ ਵਾਂਗ ਘੇਰ ਲੈਂਦੇ ਹਨ,
ਕਿਉਂਕਿ ਉਸ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ,’ ”
ਯਾਹਵੇਹ ਦਾ ਵਾਕ ਹੈ।
“ਤੇਰੀ ਚਾਲ ਅਤੇ ਤੇਰੇ ਕੰਮਾਂ ਨੇ ਇਹ ਤੇਰੇ ਉੱਤੇ ਲਿਆਂਦਾ,
ਇਹ ਤੁਹਾਡੀ ਸਜ਼ਾ ਹੈ ਅਤੇ
ਇਹ ਕਿੰਨੀ ਕੌੜੀ ਹੈ!
ਇਹ ਦਿਲ ਨੂੰ ਕਿਵੇਂ ਵਿੰਨ੍ਹਦਾ ਹੈ!”
ਹਾਏ ਮੇਰੀ ਪੀੜ, ਹਾਏ ਮੇਰੀ ਪੀੜ!
ਮੈਂ ਦਰਦ ਵਿੱਚ ਹਾਂ,
ਮੇਰਾ ਦਿਲ ਬੇਚੈਨ ਹੈ!
ਮੇਰਾ ਦਿਲ ਮੇਰੇ ਅੰਦਰ ਧੜਕਦਾ ਹੈ,
ਮੈਂ ਸ਼ਾਂਤ ਨਹੀਂ ਰਹਿ ਸਕਦਾ।
ਕਿਉਂ ਜੋ ਮੈਂ ਤੁਰ੍ਹੀ ਦੀ ਆਵਾਜ਼ ਸੁਣੀ ਹੈ;
ਮੈਂ ਲੜਾਈ ਦੀ ਪੁਕਾਰ ਸੁਣੀ ਹੈ।
ਤਬਾਹੀ ਦੇ ਬਾਅਦ ਤਬਾਹੀ;
ਸਾਰੀ ਧਰਤੀ ਖੰਡਰ ਵਿੱਚ ਪਈ ਹੈ।
ਇੱਕ ਪਲ ਵਿੱਚ ਮੇਰੇ ਤੰਬੂ ਤਬਾਹ ਹੋ ਗਏ,
ਇੱਕ ਪਲ ਵਿੱਚ ਮੇਰਾ ਆਸਰਾ ਵੀ।
ਮੈਂ ਕਿੰਨੀ ਦੇਰ ਤੱਕ ਲੜਾਈ ਦੇ ਮਿਆਰ ਨੂੰ ਵੇਖਾਂਗਾ,
ਅਤੇ ਤੁਰ੍ਹੀ ਦੀ ਆਵਾਜ਼ ਸੁਣਾਂਗਾ?
“ਮੇਰੇ ਲੋਕ ਮੂਰਖ ਹਨ;
ਉਹ ਮੈਨੂੰ ਨਹੀਂ ਜਾਣਦੇ।
ਉਹ ਬੇਸਮਝ ਬੱਚੇ ਹਨ;
ਉਹਨਾਂ ਨੂੰ ਕੋਈ ਸਮਝ ਨਹੀਂ ਹੈ।
ਉਹ ਬੁਰਿਆਈ ਕਰਨ ਵਿੱਚ ਬੁੱਧਵਾਨ ਹਨ;
ਉਹ ਨਹੀਂ ਜਾਣਦੇ ਕਿ ਭਲਾ ਕਿਵੇਂ ਕਰਨਾ ਹੈ।”
ਮੈਂ ਧਰਤੀ ਵੱਲ ਦੇਖਿਆ,
ਉਹ ਬੇਡੌਲ ਅਤੇ ਸੁੰਨੀ ਸੀ,
ਅਤੇ ਅਕਾਸ਼ਾਂ ਵੱਲ
ਅਤੇ ਉਹਨਾਂ ਵਿੱਚ ਚਾਨਣ ਨਹੀਂ ਸੀ।
ਮੈਂ ਪਹਾੜਾਂ ਵੱਲ ਵੇਖਿਆ,
ਅਤੇ ਉਹ ਕੰਬ ਰਹੇ ਸਨ;
ਸਾਰੀਆਂ ਪਹਾੜੀਆਂ ਹਿੱਲ ਰਹੀਆਂ ਸਨ।
ਮੈਂ ਦੇਖਿਆ, ਅਤੇ ਉੱਥੇ ਲੋਕ ਨਹੀਂ ਸਨ;
ਅਕਾਸ਼ ਦਾ ਹਰ ਪੰਛੀ ਉੱਡ ਗਿਆ ਸੀ।
ਮੈਂ ਵੇਖਿਆ ਅਤੇ ਫਲਦਾਰ ਧਰਤੀ ਉਜਾੜ ਸੀ,
ਅਤੇ ਇਸ ਦੇ ਸਾਰੇ ਕਸਬੇ
ਯਾਹਵੇਹ ਦੇ ਅੱਗੇ, ਉਸ ਦੇ ਭਿਆਨਕ ਕ੍ਰੋਧ ਦੇ ਅੱਗੇ ਬਰਬਾਦ ਹੋ ਗਏ।
ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:
“ਸਾਰੀ ਧਰਤੀ ਤਬਾਹ ਹੋ ਜਾਵੇਗੀ,
ਫਿਰ ਵੀ ਮੈਂ ਇਸ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।
ਇਸ ਲਈ ਧਰਤੀ ਸੋਗ ਕਰੇਗੀ,
ਅਤੇ ਉੱਪਰ ਅਕਾਸ਼ ਹਨੇਰਾ ਹੋ ਜਾਵੇਗਾ,
ਕਿਉਂਕਿ ਮੈਂ ਬੋਲਿਆ ਹੈ ਅਤੇ ਨਹੀਂ ਮੁੜਾਂਗਾ,
ਮੈਂ ਫੈਸਲਾ ਕੀਤਾ ਹੈ ਅਤੇ ਵਾਪਸ ਨਹੀਂ ਮੁੜਾਂਗਾ।”
ਘੋੜਸਵਾਰਾਂ ਅਤੇ ਤੀਰ ਅੰਦਾਜ਼ਾਂ ਦੀ ਆਵਾਜ਼ ਨਾਲ
ਹਰ ਸ਼ਹਿਰ ਨੱਠ ਜਾਂਦਾ ਹੈ।
ਕੁਝ ਝਾੜੀਆਂ ਵਿੱਚ ਜਾਂਦੇ ਹਨ;
ਕੁਝ ਚੱਟਾਨਾਂ ਦੇ ਵਿਚਕਾਰ ਚੜ੍ਹਦੇ ਹਨ।
ਸਾਰੇ ਨਗਰ ਉਜਾੜ ਹੋ ਜਾਂਦੇ ਹਨ।
ਉਹਨਾਂ ਵਿੱਚ ਕੋਈ ਨਹੀਂ ਵੱਸਦਾ।
ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈ?
ਆਪਣੇ ਆਪ ਨੂੰ ਲਾਲ ਰੰਗ ਦਾ ਕੱਪੜਾ ਕਿਉਂ ਪਾਵੇਂ
ਅਤੇ ਸੋਨੇ ਦੇ ਗਹਿਣੇ ਨਾਲ ਕਿਉਂ ਸਜਾਵੇਂ?
ਅਤੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ?
ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ।
ਤੇਰੇ ਪ੍ਰੇਮੀ ਤੈਨੂੰ ਤੁੱਛ ਜਾਣਦੇ ਹਨ।
ਉਹ ਤੁਹਾਨੂੰ ਮਾਰਨਾ ਚਾਹੁੰਦੇ ਹਨ।
ਮੈਂ ਔਰਤ ਦੀ ਚੀਕ ਸੁਣਦਾ ਹਾਂ,
ਜਿਸ ਆਪਣੇ ਪਹਿਲੌਠੇ ਬੱਚੇ ਨੂੰ ਜਨਮ ਦੇਣ ਵਾਲੀਆਂ ਪੀੜਾ ਲੱਗੀਆਂ ਹੋਣ,
ਸੀਯੋਨ ਦੀ ਧੀ ਦੀ ਅਵਾਜ਼ ਜਿਹੜੀ ਸਾਹ ਲਈ ਹੌਂਕਦੀ ਹੈ,
ਆਪਣੇ ਹੱਥ ਫੈਲਾ ਕੇ ਆਖਦੀ ਹੈ,
“ਹਾਏ! ਮੈਂ ਬੇਹੋਸ਼ ਹੋ ਰਹੀ ਹਾਂ;
ਮੇਰੀ ਜਾਨ ਕਾਤਲਾਂ ਦੇ ਹਵਾਲੇ ਕਰ ਦਿੱਤੀ ਗਈ ਹੈ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.