Biblica® Open Punjabi Contemporary Version 2025
ਯਿਰਮਿਯਾਹ 26
ਯਿਰਮਿਯਾਹ ਨੂੰ ਮੌਤ ਦੀ ਧਮਕੀ
ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਅਰੰਭ ਵਿੱਚ, ਇਹ ਸ਼ਬਦ ਯਾਹਵੇਹ ਵੱਲੋਂ ਆਇਆ ਸੀ: “ਯਾਹਵੇਹ ਇਹ ਆਖਦਾ ਹੈ: ਯਾਹਵੇਹ ਦੇ ਘਰ ਦੇ ਵਿਹੜੇ ਵਿੱਚ ਖਲੋ ਅਤੇ ਯਹੂਦਾਹ ਦੇ ਕਸਬਿਆਂ ਦੇ ਸਾਰੇ ਲੋਕਾਂ ਨਾਲ ਗੱਲ ਕਰ। ਜੋ ਯਾਹਵੇਹ ਦੇ ਘਰ ਵਿੱਚ ਮਹਿਮਾ ਕਰਨ ਲਈ ਆਉਂਦੇ ਹਨ। ਉਹਨਾਂ ਨੂੰ ਉਹ ਸਭ ਕੁਝ ਦੱਸ ਜੋ ਮੈਂ ਤੈਨੂੰ ਹੁਕਮ ਦਿੰਦਾ ਹਾਂ; ਇੱਕ ਵੀ ਸ਼ਬਦ ਨਾ ਘਟਾਈ। ਸ਼ਾਇਦ ਉਹ ਸੁਣਨਗੇ ਅਤੇ ਹਰੇਕ ਆਪਣੇ ਬੁਰੇ ਰਾਹਾਂ ਤੋਂ ਮੁੜ ਜਾਵੇਗਾ। ਫਿਰ ਮੈਂ ਤੌਬਾ ਕਰਾਂਗਾ ਅਤੇ ਉਹਨਾਂ ਉੱਤੇ ਉਹ ਆਫ਼ਤ ਨਹੀਂ ਪਾਵਾਂਗਾ ਜਿਸਦੀ ਮੈਂ ਉਹਨਾਂ ਦੀ ਬਦੀ ਦੇ ਕਾਰਨ ਯੋਜਨਾ ਬਣਾ ਰਿਹਾ ਸੀ। ਉਹਨਾਂ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ, ਜੇਕਰ ਤੁਸੀਂ ਮੇਰੀ ਨਾ ਸੁਣੋ ਅਤੇ ਮੇਰੀ ਬਿਵਸਥਾ ਦੀ ਪਾਲਣਾ ਨਾ ਕਰੋ, ਜਿਹੜੀ ਮੈਂ ਤੁਹਾਡੇ ਅੱਗੇ ਰੱਖੀ ਹੈ, ਅਤੇ ਜੇ ਤੁਸੀਂ ਮੇਰੇ ਸੇਵਕ ਨਬੀਆਂ ਦੀ ਗੱਲਾਂ ਨੂੰ ਨਾ ਸੁਣੋ। ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਬਾਰ-ਬਾਰ ਭੇਜਦਾ ਹਾਂ ਪਰ ਤੁਸੀਂ ਉਹਨਾਂ ਨੂੰ ਨਹੀਂ ਸੁਣਿਆ, ਫਿਰ ਮੈਂ ਇਸ ਘਰ ਨੂੰ ਸ਼ੀਲੋਹ ਵਰਗਾ ਬਣਾ ਦਿਆਂਗਾ ਅਤੇ ਇਸ ਸ਼ਹਿਰ ਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਬਣਾ ਦਿਆਂਗਾ।’ ”
ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਯਾਹਵੇਹ ਦੇ ਘਰ ਵਿੱਚ ਇਹ ਸ਼ਬਦ ਬੋਲਦਿਆਂ ਸੁਣਿਆ। ਪਰ ਜਿਵੇਂ ਹੀ ਯਿਰਮਿਯਾਹ ਨੇ ਸਾਰੇ ਲੋਕਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯਾਹਵੇਹ ਨੇ ਉਸਨੂੰ ਕਹਿਣ ਦਾ ਹੁਕਮ ਦਿੱਤਾ ਸੀ, ਤਾਂ ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਉਸਨੂੰ ਫੜ ਲਿਆ ਅਤੇ ਕਿਹਾ, “ਤੂੰ ਜ਼ਰੂਰ ਮਾਰਿਆ ਜਾਣਾ ਚਾਹੀਦਾ ਹੈ! ਤੂੰ ਯਾਹਵੇਹ ਦੇ ਨਾਮ ਵਿੱਚ ਕਿਉਂ ਭਵਿੱਖਬਾਣੀ ਕਰਦਾ ਹੈ ਕਿ ਇਹ ਘਰ ਸ਼ੀਲੋਹ ਵਰਗਾ ਹੋਵੇਗਾ ਅਤੇ ਇਹ ਸ਼ਹਿਰ ਉਜਾੜ ਅਤੇ ਵਿਰਾਨ ਹੋ ਜਾਵੇਗਾ?” ਅਤੇ ਸਾਰੇ ਲੋਕ ਯਾਹਵੇਹ ਦੇ ਘਰ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।
ਜਦੋਂ ਯਹੂਦਾਹ ਦੇ ਅਧਿਕਾਰੀਆਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ, ਤਾਂ ਉਹ ਸ਼ਾਹੀ ਮਹਿਲ ਤੋਂ ਯਾਹਵੇਹ ਦੇ ਘਰ ਨੂੰ ਗਏ ਅਤੇ ਯਾਹਵੇਹ ਦੇ ਘਰ ਦੇ ਨਵੇਂ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਵਿੱਚ ਬੈਠ ਗਏ। ਤਦ ਜਾਜਕਾਂ ਅਤੇ ਨਬੀਆਂ ਨੇ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਇਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਇਸ ਸ਼ਹਿਰ ਦੇ ਵਿਰੁੱਧ ਭਵਿੱਖਬਾਣੀ ਕੀਤੀ ਹੈ। ਤੁਸੀਂ ਇਹ ਆਪਣੇ ਕੰਨਾਂ ਨਾਲ ਸੁਣਿਆ ਹੈ!”
ਫਿਰ ਯਿਰਮਿਯਾਹ ਨੇ ਸਾਰੇ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੂੰ ਕਿਹਾ: “ਯਾਹਵੇਹ ਨੇ ਮੈਨੂੰ ਇਸ ਘਰ ਅਤੇ ਇਸ ਸ਼ਹਿਰ ਦੇ ਵਿਰੁੱਧ ਉਹ ਸਾਰੀਆਂ ਗੱਲਾਂ ਦੱਸਣ ਲਈ ਭੇਜਿਆ ਹੈ ਜੋ ਤੁਸੀਂ ਸੁਣੀਆਂ ਹਨ। ਹੁਣ ਆਪਣੇ ਤਰੀਕਿਆਂ ਅਤੇ ਕੰਮਾਂ ਨੂੰ ਸੁਧਾਰੋ ਅਤੇ ਆਪਣੇ ਯਾਹਵੇਹ ਦਾ ਹੁਕਮ ਮੰਨੋ। ਤਦ ਯਾਹਵੇਹ ਪਛਤਾਵੇਗਾ ਅਤੇ ਉਹ ਬਿਪਤਾ ਨਹੀਂ ਲਿਆਵੇਗਾ ਜਿਸ ਦਾ ਉਸ ਨੇ ਤੁਹਾਡੇ ਵਿਰੁੱਧ ਐਲਾਨ ਕੀਤਾ ਹੈ। ਜਿੱਥੇ ਤੱਕ ਮੇਰਾ ਸਵਾਲ ਹੈ, ਮੈਂ ਤੁਹਾਡੇ ਹੱਥ ਵਿੱਚ ਹਾਂ; ਮੇਰੇ ਨਾਲ ਉਹ ਕਰੋ ਜੋ ਤੁਹਾਨੂੰ ਚੰਗਾ ਅਤੇ ਸਹੀ ਲੱਗਦਾ ਹੈ। ਪਰ ਜਾਣ ਲਓ, ਜੇ ਤੁਸੀਂ ਮੈਨੂੰ ਮਾਰ ਦਿਓਗੇ ਤਾਂ ਤੁਸੀਂ ਬੇਦੋਸ਼ੇ ਦਾ ਖੂਨ ਆਪਣੇ ਉੱਤੇ ਅਤੇ ਇਸ ਸ਼ਹਿਰ ਉੱਤੇ ਅਤੇ ਇਸ ਦੇ ਵਾਸੀਆਂ ਉੱਤੇ ਲਿਆਓਗੇ ਕਿਉਂ ਜੋ ਇਹ ਸਚਿਆਈ ਹੈ ਕਿ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਕਿ ਇਹ ਸਾਰੀਆਂ ਗੱਲਾਂ ਤੁਹਾਡੇ ਕੰਨਾਂ ਵਿੱਚ ਆਖਾਂ।”
ਤਦ ਅਧਿਕਾਰੀਆਂ ਅਤੇ ਸਾਰੇ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ, “ਇਸ ਆਦਮੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ! ਉਸਨੇ ਸਾਡੇ ਨਾਲ ਯਾਹਵੇਹ ਸਾਡੇ ਪਰਮੇਸ਼ਵਰ ਦੇ ਨਾਮ ਵਿੱਚ ਗੱਲ ਕੀਤੀ ਹੈ।”
ਦੇਸ਼ ਦੇ ਕੁਝ ਬਜ਼ੁਰਗਾਂ ਨੇ ਅੱਗੇ ਵਧ ਕੇ ਲੋਕਾਂ ਦੀ ਸਾਰੀ ਸਭਾ ਨੂੰ ਕਿਹਾ, “ਮੋਰੇਸ਼ੇਥ ਦੇ ਮੀਕਾਹ ਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਭਵਿੱਖਬਾਣੀ ਕੀਤੀ ਸੀ। ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਕਿਹਾ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਸੀਯੋਨ ਖੇਤ ਵਾਂਗ ਵਾਹਿਆ ਜਾਵੇਗਾ,
ਯੇਰੂਸ਼ਲੇਮ ਮਲਬੇ ਦਾ ਇੱਕ ਢੇਰ ਬਣ ਜਾਵੇਗਾ,
ਅਤੇ ਇਸ ਭਵਨ ਦਾ ਪਰਬਤ ਜੰਗਲੀ ਉਚਿਆਈ ਵਰਗਾ ਹੋ ਜਾਵੇਗਾ।’1
ਕੀ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਜਾਂ ਯਹੂਦਾਹ ਵਿੱਚ ਕਿਸੇ ਹੋਰ ਨੇ ਉਸਨੂੰ ਮਾਰਿਆ ਸੀ? ਕੀ ਹਿਜ਼ਕੀਯਾਹ ਯਾਹਵੇਹ ਤੋਂ ਡਰਦਾ ਨਹੀਂ ਸੀ ਅਤੇ ਉਸਦੀ ਮਿਹਰ ਨਹੀਂ ਚਾਹੁੰਦਾ ਸੀ? ਅਤੇ ਕੀ ਯਾਹਵੇਹ ਨੇ ਇਸ ਲਈ ਢਿੱਲ ਨਹੀਂ ਦਿੱਤੀ, ਤਾਂ ਜੋ ਉਸਨੇ ਉਹਨਾਂ ਦੇ ਵਿਰੁੱਧ ਉਹ ਬਿਪਤਾ ਨਾ ਲਿਆਂਦੀ ਜਿਸਦਾ ਉਸਨੇ ਐਲਾਨ ਕੀਤਾ ਸੀ? ਅਸੀਂ ਆਪਣੇ ਉੱਤੇ ਇੱਕ ਭਿਆਨਕ ਤਬਾਹੀ ਲਿਆਉਣ ਵਾਲੇ ਹਾਂ!”
(ਹੁਣ ਕਿਰਯਥ-ਯਾਰੀਮ ਤੋਂ ਸ਼ਮਅਯਾਹ ਦਾ ਪੁੱਤਰ ਊਰੀਯਾਹ ਇੱਕ ਹੋਰ ਆਦਮੀ ਸੀ ਜਿਸਨੇ ਯਾਹਵੇਹ ਦੇ ਨਾਮ ਉੱਤੇ ਭਵਿੱਖਬਾਣੀ ਕੀਤੀ ਸੀ; ਉਸਨੇ ਇਸ ਸ਼ਹਿਰ ਅਤੇ ਇਸ ਧਰਤੀ ਦੇ ਵਿਰੁੱਧ ਉਹੀ ਭਵਿੱਖਬਾਣੀ ਕੀਤੀ ਸੀ ਜਿਵੇਂ ਕਿ ਯਿਰਮਿਯਾਹ ਨੇ ਕੀਤਾ ਸੀ। ਜਦੋਂ ਰਾਜਾ ਯਹੋਯਾਕੀਮ ਅਤੇ ਉਸ ਦੇ ਸਾਰੇ ਆਗੂਆਂ ਅਤੇ ਅਧਿਕਾਰੀਆਂ ਨੇ ਉਸ ਦੀਆਂ ਗੱਲਾਂ ਸੁਣੀਆਂ, ਤਾਂ ਰਾਜੇ ਨੇ ਉਸ ਨੂੰ ਮਾਰਨ ਦਾ ਪੱਕਾ ਇਰਾਦਾ ਕੀਤਾ। ਪਰ ਊਰੀਯਾਹ ਨੇ ਇਹ ਸੁਣਿਆ ਅਤੇ ਡਰ ਕੇ ਮਿਸਰ ਨੂੰ ਭੱਜ ਗਿਆ। ਪਰ ਰਾਜਾ ਯਹੋਯਾਕੀਮ ਨੇ ਅਕਬੋਰ ਦੇ ਪੁੱਤਰ ਅਲਨਾਥਾਨ ਨੂੰ ਕੁਝ ਹੋਰ ਆਦਮੀਆਂ ਸਮੇਤ ਮਿਸਰ ਭੇਜਿਆ। ਉਹ ਊਰੀਯਾਹ ਨੂੰ ਮਿਸਰ ਵਿੱਚੋਂ ਕੱਢ ਕੇ ਰਾਜਾ ਯਹੋਯਾਕੀਮ ਕੋਲ ਲੈ ਗਏ ਜਿਸ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ ਅਤੇ ਉਸ ਦੀ ਲਾਸ਼ ਨੂੰ ਆਮ ਲੋਕਾਂ ਦੀ ਕਬਰ ਵਿੱਚ ਸੁੱਟ ਦਿੱਤਾ।)
ਪਰ ਸ਼ਾਫਾਨ ਦੇ ਪੁੱਤਰ ਅਹੀਕਾਮ ਦਾ ਹੱਥ ਯਿਰਮਿਯਾਹ ਦੇ ਨਾਲ ਸੀ ਕਿ ਉਹ ਉਸ ਨੂੰ ਲੋਕਾਂ ਦੇ ਹੱਥ ਵਿੱਚ ਮਾਰਨ ਲਈ ਨਾ ਦੇਣ।
Source notes (1)
- Footnote ਮੀਕਾ 3:12
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.