Skip to content
BibleKenya

Biblica® Open Punjabi Contemporary Version 2025

ਯਿਰਮਿਯਾਹ 22

ਦੁਸ਼ਟ ਰਾਜਿਆਂ ਦੇ ਵਿਰੁੱਧ ਨਿਆਂ

ਯਾਹਵੇਹ ਇਹ ਆਖਦਾ ਹੈ: “ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਜਾਵੋ ਅਤੇ ਉੱਥੇ ਇਹ ਸੰਦੇਸ਼ ਸੁਣਾਓ: ‘ਯਹੂਦਾਹ ਦੇ ਰਾਜਾ, ਯਾਹਵੇਹ ਦਾ ਬਚਨ ਸੁਣੋ, ਤੂੰ ਜੋ ਦਾਵੀਦ ਦੇ ਸਿੰਘਾਸਣ ਉੱਤੇ ਬੈਠਾ ਹੈ, ਤੂੰ ਅਤੇ ਤੁਹਾਡੇ ਅਧਿਕਾਰੀ ਅਤੇ ਤੁਹਾਡੇ ਲੋਕ ਜੋ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਲੰਘਦੇ ਹਨ। ਇਹ ਉਹ ਹੈ ਜੋ ਯਾਹਵੇਹ ਕਹਿੰਦਾ ਹੈ: ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁੱਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਇਸ ਸਥਾਨ ਵਿੱਚ ਬੇਦੋਸ਼ ਦਾ ਲਹੂ ਵਹਾਓ। ਕਿਉਂਕਿ ਜੇ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਵਿੱਚ ਧਿਆਨ ਰੱਖਦੇ ਹੋ, ਤਾਂ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਇਸ ਮਹਿਲ ਦੇ ਦਰਵਾਜ਼ਿਆਂ ਵਿੱਚੋਂ, ਰੱਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ, ਆਪਣੇ ਅਧਿਕਾਰੀਆਂ ਅਤੇ ਆਪਣੇ ਲੋਕਾਂ ਦੇ ਨਾਲ ਆਉਣਗੇ। ਪਰ ਜੇਕਰ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ, ਯਾਹਵੇਹ ਦਾ ਵਾਕ ਹੈ, ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ ਕਿ ਇਹ ਮਹਿਲ ਖੰਡਰ ਬਣ ਜਾਵੇਗਾ।’ ”

ਕਿਉਂਕਿ ਯਾਹਵੇਹ ਯਹੂਦਾਹ ਦੇ ਰਾਜੇ ਦੇ ਮਹਿਲ ਬਾਰੇ ਇਹ ਆਖਦਾ ਹੈ:

ਭਾਵੇਂ ਤੂੰ ਮੇਰੇ ਲਈ ਗਿਲਆਦ ਵਰਗਾ ਹੈ,

ਲਬਾਨੋਨ ਦੇ ਸਿਖਰ ਵਰਗਾ ਹੈ,

ਮੈਂ ਜ਼ਰੂਰ ਤੈਨੂੰ ਉਜਾੜ ਵਾਂਗ ਬਣਾ ਦਿਆਂਗਾ,

ਜਿਵੇਂ ਕਸਬੇ ਨਾ ਵੱਸੇ ਹੋਣ।

ਮੈਂ ਤੇਰੇ ਵਿਰੁੱਧ ਵਿਨਾਸ਼ਕਾਰੀ ਭੇਜਾਂਗਾ,

ਹਰੇਕ ਮਨੁੱਖ ਆਪਣੇ ਹਥਿਆਰਾਂ ਨਾਲ,

ਅਤੇ ਉਹ ਤੁਹਾਡੇ ਵਧੀਆ ਦਿਆਰ ਦੇ ਸ਼ਤੀਰਾਂ ਨੂੰ ਵੱਢ ਕੇ ਅੱਗ ਵਿੱਚ ਸੁੱਟ ਦੇਣਗੇ।

“ਬਹੁਤ ਸਾਰੀਆਂ ਕੌਮਾਂ ਦੇ ਲੋਕ ਇਸ ਸ਼ਹਿਰ ਵਿੱਚੋਂ ਲੰਘਣਗੇ ਅਤੇ ਇੱਕ-ਦੂਜੇ ਨੂੰ ਪੁੱਛਣਗੇ, ‘ਯਾਹਵੇਹ ਨੇ ਇਸ ਮਹਾਨ ਸ਼ਹਿਰ ਨਾਲ ਅਜਿਹਾ ਕਿਉਂ ਕੀਤਾ ਹੈ?’ ਅਤੇ ਜਵਾਬ ਹੋਵੇਗਾ: ‘ਕਿਉਂਕਿ ਉਹਨਾਂ ਨੇ ਆਪਣੇ ਪਰਮੇਸ਼ਵਰ ਯਾਹਵੇਹ ਦਾ ਨੇਮ ਛੱਡ ਦਿੱਤਾ ਹੈ ਅਤੇ ਹੋਰ ਦੇਵਤਿਆਂ ਦੀ ਪੂਜਾ ਅਤੇ ਸੇਵਾ ਕੀਤੀ ਹੈ।’ ”

ਮਰੇ ਹੋਏ ਰਾਜੇ ਲਈ ਨਾ ਰੋਵੋ ਅਤੇ ਨਾ ਹੀ ਉਸ ਦੇ ਨੁਕਸਾਨ ਦਾ ਸੋਗ ਕਰੋ;

ਸਗੋਂ, ਉਸ ਦੇ ਲਈ ਜੋ ਗ਼ੁਲਾਮ ਹੈ, ਰੋਵੋ,

ਕਿਉਂਕਿ ਉਹ ਕਦੇ ਵਾਪਸ ਨਹੀਂ ਆਵੇਗਾ

ਅਤੇ ਨਾ ਹੀ ਆਪਣੀ ਜਨਮ ਭੂਮੀ ਨੂੰ ਦੁਬਾਰਾ ਵੇਖੇਗਾ।

ਕਿਉਂਕਿ ਯਾਹਵੇਹ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਬਾਰੇ ਕਹਿੰਦਾ ਹੈ, ਜੋ ਆਪਣੇ ਪਿਤਾ ਤੋਂ ਬਾਦ ਯਹੂਦਾਹ ਦਾ ਰਾਜਾ ਬਣਿਆ ਸੀ ਪਰ ਇਸ ਥਾਂ ਤੋਂ ਚਲਾ ਗਿਆ ਹੈ, “ਉਹ ਕਦੇ ਵਾਪਸ ਨਹੀਂ ਆਵੇਗਾ। ਉਹ ਉਸੇ ਥਾਂ ਮਰ ਜਾਵੇਗਾ ਜਿੱਥੇ ਉਹ ਉਸਨੂੰ ਗ਼ੁਲਾਮ ਬਣਾ ਕੇ ਲੈ ਗਏ; ਉਹ ਇਸ ਧਰਤੀ ਨੂੰ ਦੁਬਾਰਾ ਨਹੀਂ ਵੇਖੇਗਾ।”

“ਹਾਏ ਉਸ ਉੱਤੇ ਜਿਹੜਾ ਆਪਣੇ ਮਹਿਲ ਕੁਧਰਮ ਨਾਲ ਬਣਾਉਂਦਾ ਹੈ,

ਆਪਣੇ ਚੁਬਾਰੇ ਬੇਇਨਸਾਫ਼ੀ ਨਾਲ ਬਣਾਉਂਦਾ ਹੈ,

ਆਪਣੇ ਲੋਕਾਂ ਨੂੰ ਵਿਅਰਥ ਕੰਮ ਸਿਖਾਉਂਦਾ ਹੈ,

ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ।

ਉਹ ਕਹਿੰਦਾ ਹੈ, ‘ਮੈਂ ਆਪਣੇ ਲਈ ਵੱਡੇ-ਵੱਡੇ ਕਮਰਿਆਂ ਵਾਲਾ

ਇੱਕ ਵਿਸ਼ਾਲ ਮਹਿਲ ਬਣਾਵਾਂਗਾ।’

ਇਸ ਲਈ ਉਹ ਉਸ ਵਿੱਚ ਵੱਡੀਆਂ ਖਿੜਕੀਆਂ ਬਣਾਉਂਦਾ ਹੈ,

ਇਸ ਨੂੰ ਦਿਆਰ ਨਾਲ ਬਣਾਉਂਦਾ ਹੈ

ਅਤੇ ਇਸ ਨੂੰ ਲਾਲ ਰੰਗ ਵਿੱਚ ਸਜਾਉਂਦਾ ਹੈ।

“ਕੀ ਵੱਧ ਤੋਂ ਵੱਧ ਦਿਆਰ ਦਾ ਹੋਣਾ

ਤੁਹਾਨੂੰ ਰਾਜਾ ਬਣਾਉਂਦਾ ਹੈ?

ਕੀ ਤੁਹਾਡੇ ਪਿਤਾ ਕੋਲ ਖਾਣ-ਪੀਣ ਦੀ ਕੋਈ ਚੀਜ਼ ਨਹੀਂ ਸੀ?

ਉਸ ਨੇ ਉਹੀ ਕੀਤਾ ਜੋ ਸਹੀ ਅਤੇ ਜਾਈਜ਼ ਸੀ,

ਇਸ ਲਈ ਸਭ ਕੁਝ ਉਸ ਦੇ ਨਾਲ ਠੀਕ ਹੋਇਆ।

ਉਸ ਮਸਕੀਨ ਅਤੇ ਕੰਗਾਲ ਦਾ ਇਨਸਾਫ਼ ਕੀਤਾ,

ਤਦ ਹੀ ਉਸ ਦਾ ਭਲਾ ਹੋਇਆ।

ਕੀ ਮੈਨੂੰ ਜਾਣਨ ਦਾ ਇਹੀ ਮਤਲਬ ਨਹੀਂ ਹੈ?”

ਯਾਹਵੇਹ ਦਾ ਵਾਕ ਹੈ।

“ਪਰ ਤੁਹਾਡੀਆਂ ਅੱਖਾਂ ਅਤੇ ਤੁਹਾਡਾ ਦਿਲ

ਸਿਰਫ ਬੇਈਮਾਨੀ ਦੇ ਲਾਭ ਤੇ,

ਨਿਰਦੋਸ਼ਾਂ ਦਾ ਖੂਨ ਵਹਾਉਣ

ਅਤੇ ਜ਼ੁਲਮ ਅਤੇ ਲੁੱਟ-ਖਸੁੱਟ ਤੇ ਟਿੱਕਿਆ ਹੋਇਆ ਹੈ।”

ਇਸ ਲਈ ਯਾਹਵੇਹ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਬਾਰੇ ਇਹ ਆਖਦਾ ਹੈ:

“ਉਹ ਉਸ ਲਈ ਸੋਗ ਨਹੀਂ ਕਰਨਗੇ:

‘ਹਾਏ ਮੇਰੇ ਭਰਾ! ਹਾਏ ਮੇਰੀ ਭੈਣ!’

ਉਹ ਉਸ ਲਈ ਸੋਗ ਨਹੀਂ ਕਰਨਗੇ:

‘ਹਾਏ ਮੇਰੇ ਮਾਲਕ! ਹਾਏ, ਉਸਦੀ ਸ਼ਾਨ!’

ਉਹ ਇੱਕ ਗਧੇ ਵਾਂਗ ਦਫ਼ਨਾਇਆ ਜਾਵੇਗਾ,

ਘਸੀਟ ਕੇ ਯੇਰੂਸ਼ਲੇਮ ਦੇ ਦਰਵਾਜ਼ਿਆਂ ਦੇ ਬਾਹਰ ਸੁੱਟ ਦਿੱਤਾ ਜਾਵੇਗਾ।”

“ਲਬਾਨੋਨ ਨੂੰ ਜਾ ਅਤੇ ਪੁਕਾਰ,

ਤੇਰੀ ਆਵਾਜ਼ ਬਾਸ਼ਾਨ ਵਿੱਚ ਸੁਣਾਈ ਦੇਵੇ,

ਅਬਾਰੀਮ ਤੋਂ ਪੁਕਾਰ,

ਕਿਉਂ ਜੋ ਤੁਹਾਡੇ ਸਾਰੇ ਸਹਿਯੋਗੀ ਕੁਚਲੇ ਗਏ ਹਨ।

ਮੈਂ ਤੁਹਾਨੂੰ ਚੇਤਾਵਨੀ ਦਿੱਤੀ ਸੀ ਜਦੋਂ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ,

ਪਰ ਤੁਸੀਂ ਕਿਹਾ ਸੀ, ‘ਮੈਂ ਨਹੀਂ ਸੁਣਾਂਗਾ!’

ਬਚਪਨ ਤੋਂ ਹੀ ਤੁਸੀਂ ਇਸ ਰਸਤੇ ਤੇ ਚੱਲ ਰਹੇ ਹੋ;

ਤੁਸੀਂ ਮੇਰੀ ਗੱਲ ਨਹੀਂ ਮੰਨੀ।

ਹਵਾ ਤੁਹਾਡੇ ਸਾਰੇ ਚਰਵਾਹਿਆਂ ਨੂੰ ਭਜਾ ਦੇਵੇਗੀ,

ਅਤੇ ਤੁਹਾਡੇ ਸਹਿਯੋਗੀ ਗ਼ੁਲਾਮੀ ਵਿੱਚ ਚਲੇ ਜਾਣਗੇ।

ਤਦ ਤੁਸੀਂ ਆਪਣੀਆਂ ਸਾਰੀਆਂ ਬੁਰਾਈਆਂ ਦੇ ਕਾਰਨ ਸ਼ਰਮਿੰਦਾ ਅਤੇ ਬੇਇੱਜ਼ਤ ਹੋਵੋਂਗੇ।

ਤੁਸੀਂ ਜਿਹੜੇ ਲਬਾਨੋਨ ਵਿੱਚ ਰਹਿੰਦੇ ਹੋ,

ਜੋ ਦਿਆਰ ਦੀਆਂ ਇਮਾਰਤਾਂ ਵਿੱਚ ਵਸੇ ਹੋਏ ਹਨ,

ਜਦੋਂ ਤੁਹਾਡੇ ਉੱਤੇ ਪੀੜਾਂ ਆਉਣਗੀਆਂ,

ਜਣੇਪੇ ਵਾਲੀ ਔਰਤ ਵਰਗੀ ਪੀੜ ਤਾਂ ਤੁਸੀਂ ਕੀ ਕਰੋਗੇ!”

ਯਾਹਵੇਹ ਦਾ ਵਾਕ ਹੈ, “ਮੇਰੀ ਜ਼ਿੰਦਗੀ ਦੀ ਸਹੁੰ,” ਜੇਕਰ ਯਹੂਦਾਹ ਦੇ ਰਾਜਾ ਯਹੋਯਾਕੀਮ ਦਾ ਪੁੱਤਰ ਕੋਨਿਯਾਹ ਮੇਰੇ ਸੱਜੇ ਹੱਥ ਦੀ ਅੰਗੂਠੀ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ! ਮੈਂ ਤੁਹਾਨੂੰ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਸੌਂਪ ਦੇਵਾਂਗਾ ਜੋ ਤੁਹਾਨੂੰ ਮਾਰਨਾ ਚਾਹੁੰਦੇ ਹਨ, ਜਿਨ੍ਹਾਂ ਤੋਂ ਤੁਸੀਂ ਡਰਦੇ ਹੋ, ਅਰਥਾਤ ਬਾਬੇਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ। ਮੈਂ ਤੈਨੂੰ ਅਤੇ ਉਸ ਮਾਂ ਨੂੰ, ਜਿਸਨੇ ਤੈਨੂੰ ਜਨਮ ਦਿੱਤਾ, ਕਿਸੇ ਹੋਰ ਦੇਸ਼ ਵਿੱਚ ਸੁੱਟ ਦਿਆਂਗਾ, ਜਿੱਥੇ ਤੇਰੇ ਵਿੱਚੋਂ ਕੋਈ ਵੀ ਨਹੀਂ ਜੰਮਿਆ ਸੀ ਅਤੇ ਉੱਥੇ ਤੁਸੀਂ ਦੋਵੇਂ ਮਰੋਗੇ। ਤੁਸੀਂ ਕਦੇ ਵੀ ਉਸ ਧਰਤੀ ਤੇ ਵਾਪਸ ਨਹੀਂ ਜਾਵੋਗੇ ਜਿਸ ਤੇ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ।

ਕੀ ਇਹ ਆਦਮੀ ਕੋਨਿਯਾਹ ਇੱਕ ਤੁੱਛ, ਟੁੱਟਿਆ ਹੋਇਆ ਘੜਾ ਹੈ,

ਅਤੇ ਉਹ ਇੱਕ ਮਾਮੂਲੀ ਭਾਂਡਾ ਬਣ ਕੇ ਰਹਿ ਗਿਆ ਹੈ?

ਉਹ ਅਤੇ ਉਸ ਦੇ ਬੱਚਿਆਂ ਨੂੰ ਕਿਉਂ ਬਾਹਰ ਸੁੱਟਿਆ ਜਾਵੇਗਾ,

ਇੱਕ ਦੇਸ਼ ਵਿੱਚ ਜਿਸ ਨੂੰ ਉਹ ਨਹੀਂ ਜਾਣਦੇ ਹਨ?

ਹੇ ਧਰਤੀ, ਹੇ ਧਰਤੀ, ਹੇ ਧਰਤੀ,

ਯਾਹਵੇਹ ਦਾ ਬਚਨ ਸੁਣੋ!

ਯਾਹਵੇਹ ਇਹ ਆਖਦਾ ਹੈ:

“ਇਸ ਆਦਮੀ ਨੂੰ ਬੇ-ਔਲਾਦ ਵਾਂਗ ਲਿਖੋ,

ਇੱਕ ਅਜਿਹਾ ਆਦਮੀ ਜੋ ਆਪਣੇ ਜੀਵਨ ਕਾਲ ਵਿੱਚ ਖੁਸ਼ਹਾਲ ਨਹੀਂ ਹੋਵੇਗਾ,

ਕਿਉਂਕਿ ਉਸਦੀ ਔਲਾਦ ਵਿੱਚੋਂ ਕੋਈ ਵੀ ਖੁਸ਼ਹਾਲ ਨਹੀਂ ਹੋਵੇਗਾ,

ਦਾਵੀਦ ਦੇ ਸਿੰਘਾਸਣ ਉੱਤੇ ਕੋਈ ਨਹੀਂ ਬੈਠੇਗਾ

ਜੋ ਯਹੂਦਾਹ ਉੱਤੇ ਫਿਰ ਰਾਜ ਕਰੇ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.