Biblica® Open Punjabi Contemporary Version 2025
ਯਸ਼ਾਯਾਹ 55
ਪਿਆਸੇ ਨੂੰ ਸੱਦਾ
“ਤੁਸੀਂ ਜਿਹੜੇ ਸਾਰੇ ਪਿਆਸੇ ਹੋ, ਆਓ
ਪਾਣੀ ਵੱਲ ਆਓ;
ਅਤੇ ਤੁਸੀਂ ਜਿਨ੍ਹਾਂ ਕੋਲ ਪੈਸੇ ਨਹੀਂ ਹਨ,
ਆਓ, ਖਰੀਦੋ ਅਤੇ ਖਾਓ!
ਆਓ, ਦਾਖ਼ਰਸ ਅਤੇ ਦੁੱਧ ਖਰੀਦੋ
ਬਿਨਾਂ ਪੈਸੇ ਅਤੇ ਬਿਨਾਂ ਖਰਚੇ।
ਜਿਹੜੀ ਰੋਟੀ ਨਹੀਂ,
ਉਹ ਦੇ ਲਈ ਤੁਸੀਂ ਆਪਣੀ ਚਾਂਦੀ
ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ
ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ?
ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ,
ਤੁਹਾਡਾ ਜੀ ਚਿਕਨਾਈ ਨਾਲ ਤ੍ਰਿਪਤ ਹੋ ਜਾਵੇ।
ਕੰਨ ਲਾਓ ਅਤੇ ਮੇਰੇ ਕੋਲ ਆਓ;
ਸੁਣੋ ਤਾਂ ਜੋ ਤੁਸੀਂ ਜੀਉਂਦੇ ਰਹੋ।
ਮੈਂ ਤੁਹਾਡੇ ਨਾਲ ਇੱਕ ਨੇਮ ਬੰਨ੍ਹਾਂਗਾ,
ਮੇਰੇ ਵਫ਼ਾਦਾਰ ਪਿਆਰ ਨੇ ਦਾਵੀਦ ਨਾਲ ਵਾਅਦਾ ਕੀਤਾ ਸੀ।
ਵੇਖੋ, ਮੈਂ ਉਹ ਨੂੰ ਲੋਕਾਂ ਲਈ ਗਵਾਹ, ਲੋਕਾਂ ਦਾ ਹਾਕਮ ਅਤੇ ਸੈਨਾਪਤੀ ਬਣਾਇਆ ਹੈ।
ਵੇਖ, ਤੂੰ ਇੱਕ ਕੌਮ ਨੂੰ ਸੱਦੇਂਗਾ ਜਿਸ ਨੂੰ ਤੂੰ ਨਹੀਂ ਜਾਣਦਾ,
ਅਤੇ ਅਜਿਹੀਆਂ ਕੌਮਾਂ ਨੂੰ ਜੋ ਤੈਨੂੰ ਨਹੀਂ ਜਾਣਦੀਆਂ, ਤੇਰੇ ਕੋਲ ਭੱਜੀਆਂ ਆਉਣਗੀਆਂ,
ਇਹ ਯਾਹਵੇਹ ਤੇਰੇ ਪਰਮੇਸ਼ਵਰ ਅਤੇ
ਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ ਹੋਵੇਗਾ,
ਜਿਸ ਨੇ ਤੈਨੂੰ ਸ਼ੋਭਾਮਾਨ ਕੀਤਾ ਹੈ।”
ਯਾਹਵੇਹ ਨੂੰ ਭਾਲੋ ਜਦੋਂ ਤੱਕ ਉਹ ਮਿਲ ਜਾਵੇ;
ਉਸ ਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ।
ਦੁਸ਼ਟ ਆਪਣੇ ਰਾਹਾਂ ਨੂੰ ਛੱਡ ਦੇਣ,
ਅਤੇ ਕੁਧਰਮੀ ਆਪਣੇ ਵਿਚਾਰਾਂ ਨੂੰ ਤਿਆਗ ਦੇਣ।
ਉਨ੍ਹਾਂ ਨੂੰ ਯਾਹਵੇਹ ਵੱਲ ਮੁੜਨ ਦਿਓ, ਅਤੇ ਉਹ ਉਨ੍ਹਾਂ ਉੱਤੇ ਮਿਹਰ ਕਰੇਗਾ,
ਅਤੇ ਸਾਡੇ ਪਰਮੇਸ਼ਵਰ ਵੱਲ, ਕਿਉਂਕਿ ਉਹ ਖੁੱਲ੍ਹ ਕੇ ਮਾਫ਼ ਕਰੇਗਾ।
“ਕਿਉਂਕਿ ਮੇਰੇ ਵਿਚਾਰ ਤੁਹਾਡੇ ਵਿਚਾਰ ਨਹੀਂ ਹਨ,
ਨਾ ਹੀ ਤੁਹਾਡੇ ਰਾਹ ਮੇਰੇ ਰਾਹ ਹਨ,”
ਯਾਹਵੇਹ ਦਾ ਵਾਕ ਹੈ।
“ਜਿਵੇਂ ਅਕਾਸ਼ ਧਰਤੀ ਨਾਲੋਂ ਉੱਚੇ ਹਨ,
ਉਸੇ ਤਰ੍ਹਾਂ ਮੇਰੇ ਰਾਹ ਤੁਹਾਡੇ ਰਾਹਾਂ ਨਾਲੋਂ
ਅਤੇ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਨਾਲੋਂ ਉੱਚੇ ਹਨ।
ਜਿਵੇਂ ਮੀਂਹ ਅਤੇ ਬਰਫ਼,
ਅਕਾਸ਼ ਤੋਂ ਹੇਠਾਂ ਆਉਂਦੀ ਹੈ,
ਅਤੇ ਉੱਥੇ ਮੁੜ ਨਹੀਂ ਜਾਂਦੀ,
ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ
ਅਤੇ ਖਿੜਾਉਂਦੀ ਹੈ,
ਇਸ ਤਰ੍ਹਾਂ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ,
ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ,
ਇਹ ਮੇਰੇ ਕੋਲ ਖਾਲੀ ਨਹੀਂ ਮੁੜੇਗਾ,
ਪਰ ਉਸ ਨੂੰ ਪੂਰਾ ਕਰੇਗਾ ਜੋ ਮੈਂ ਚਾਹੁੰਦਾ ਹਾਂ
ਅਤੇ ਉਸ ਉਦੇਸ਼ ਨੂੰ ਪ੍ਰਾਪਤ ਕਰੇਗਾ ਜਿਸ ਲਈ ਮੈਂ ਇਸ ਨੂੰ ਭੇਜਿਆ ਹੈ।
ਤੁਸੀਂ ਅਨੰਦ ਨਾਲ ਬਾਹਰ ਜਾਵੋਂਗੇ
ਅਤੇ ਸ਼ਾਂਤੀ ਨਾਲ ਅੱਗੇ ਵਧੋਗੇ।
ਪਹਾੜਾਂ ਅਤੇ ਟਿੱਬੇ
ਤੁਹਾਡੇ ਸਾਹਮਣੇ ਖੁੱਲ੍ਹ ਕੇ ਜੈਕਾਰੇ ਗਜਾਉਣਗੇ,
ਅਤੇ ਖੇਤ ਦੇ ਸਾਰੇ ਰੁੱਖ ਤਾੜੀਆਂ ਵਜਾਉਣਗੇ।
ਕੰਡਿਆਲੀ ਝਾੜੀ ਦੀ ਥਾਂ ਸਰੂ ਦੇ ਰੁੱਖ ਉੱਗੇਗਾ,
ਅਤੇ ਝਾੜੀਆਂ ਦੀ ਥਾਂ ਮਹਿੰਦੀ ਉੱਗੇਗੀ।
ਇਸ ਤੋਂ ਯਾਹਵੇਹ ਲਈ ਨਾਮ ਹੋਵੇਗਾ,
ਇੱਕ ਸਦੀਪਕ ਚਿੰਨ੍ਹ ਲਈ,
ਜੋ ਸਦਾ ਲਈ ਕਾਇਮ ਰਹੇਗਾ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.