Biblica® Open Punjabi Contemporary Version 2025
ਯਸ਼ਾਯਾਹ 39
ਬਾਬੇਲ ਤੋਂ ਰਾਜਦੂਤ
ਉਸ ਸਮੇਂ ਬਾਬੇਲ ਦੇ ਰਾਜੇ ਬਲਦਾਨ ਦੇ ਪੁੱਤਰ ਮਾਰਦੁਕ-ਬਲਦਾਨ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇੱਕ ਤੋਹਫ਼ਾ ਭੇਜਿਆ ਕਿਉਂਕਿ ਉਸਨੇ ਉਸਦੀ ਬਿਮਾਰੀ ਅਤੇ ਠੀਕ ਹੋਣ ਬਾਰੇ ਸੁਣਿਆ ਸੀ। ਹਿਜ਼ਕੀਯਾਹ ਨੇ ਉਹਨਾਂ ਦੀ ਸੁਣੀ ਅਤੇ ਖੁਸ਼ੀ ਨਾਲ ਉਨ੍ਹਾਂ ਨੂੰ ਵਿਖਾਇਆ ਜੋ ਕੁਝ ਉਸਨੇ ਭੰਡਾਰਾਂ ਵਿੱਚ ਜਮਾਂ ਕੀਤਾ ਸੀ ਚਾਂਦੀ, ਸੋਨਾ, ਮਸਾਲੇ, ਜ਼ੈਤੂਨ ਦਾ ਵਧੀਆ ਤੇਲ ਉਸਦਾ ਸਾਰਾ ਅਸਲਾ ਅਤੇ ਸਭ ਕੁਝ ਜੋ ਉਸ ਦੇ ਖਜ਼ਾਨਿਆਂ ਵਿੱਚ ਪਾਇਆ ਗਿਆ ਸੀ। ਉਸਦੇ ਮਹਿਲ ਵਿੱਚ ਜਾਂ ਉਸਦੇ ਸਾਰੇ ਰਾਜ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜੋ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਨਾ ਦਿਖਾਇਆ ਹੋਵੇ।
ਤਦ ਯਸ਼ਾਯਾਹ ਨਬੀ ਰਾਜਾ ਹਿਜ਼ਕੀਯਾਹ ਕੋਲ ਗਿਆ ਅਤੇ ਪੁੱਛਿਆ, “ਉਨ੍ਹਾਂ ਮਨੁੱਖਾਂ ਨੇ ਕੀ ਕਿਹਾ ਅਤੇ ਉਹ ਕਿੱਥੋਂ ਆਏ ਹਨ?”
ਹਿਜ਼ਕੀਯਾਹ ਨੇ ਜਵਾਬ ਦਿੱਤਾ, “ਉਹ ਇੱਕ ਦੂਰ ਦੇਸ ਬਾਬੇਲ ਤੋਂ ਮੇਰੇ ਕੋਲ ਆਏ ਸਨ।”
ਨਬੀ ਨੇ ਪੁੱਛਿਆ, “ਉਨ੍ਹਾਂ ਨੇ ਤੇਰੇ ਮਹਿਲ ਵਿੱਚ ਕੀ ਦੇਖਿਆ?”
“ਉਨ੍ਹਾਂ ਨੇ ਮੇਰੇ ਮਹਿਲ ਵਿੱਚ ਸਭ ਕੁਝ ਦੇਖਿਆ,” ਹਿਜ਼ਕੀਯਾਹ ਨੇ ਕਿਹਾ, “ਮੇਰੇ ਖਜ਼ਾਨਿਆਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਮੈਂ ਉਨ੍ਹਾਂ ਨੂੰ ਨਹੀਂ ਦਿਖਾਇਆ।”
ਤਦ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਸੁਣ: ਯਾਹਵੇਹ ਆਖਦਾ ਹੈ, ਉਹ ਸਮਾਂ ਜ਼ਰੂਰ ਆਵੇਗਾ ਜਦੋਂ ਸਭ ਕੁਝ ਅਤੇ ਜੋ ਤੇਰੇ ਮਹਿਲ ਵਿੱਚ ਹੈ ਅਤੇ ਜੋ ਕੁਝ ਤੇਰੇ ਪੁਰਖਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੋਇਆ ਹੈ, ਬਾਬੇਲ ਨੂੰ ਲੈ ਜਾਇਆ ਜਾਵੇਗਾ, ਕੁਝ ਵੀ ਛੱਡਿਆ ਨਹੀਂ ਜਾਵੇਗਾ। ਅਤੇ ਤੇਰੀ ਔਲਾਦ ਵਿੱਚੋਂ, ਤੇਰਾ ਆਪਣਾ ਮਾਸ ਅਤੇ ਲਹੂ ਜੋ ਤੇਰੇ ਲਈ ਜੰਮੇਗਾ, ਉਨ੍ਹਾਂ ਵਿੱਚੋਂ ਕਈਆਂ ਨੂੰ ਉਹ ਲੈ ਜਾਣਗੇ ਅਤੇ ਉਹ ਬਾਬੇਲ ਦੇ ਰਾਜੇ ਦੇ ਮਹਿਲ ਵਿੱਚ ਖੁਸਰੇ ਬਣਨਗੇ।”
“ਹਿਜ਼ਕੀਯਾਹ ਨੇ ਯਸ਼ਾਯਾਹ ਨੂੰ ਆਖਿਆ, ਯਾਹਵੇਹ ਦਾ ਬਚਨ ਜੋ ਤੂੰ ਬੋਲਿਆ ਉਹ ਚੰਗਾ ਹੈ,” ਕਿਉਂਕਿ ਉਸਨੇ ਸੋਚਿਆ, “ਕੀ ਮੇਰੇ ਜੀਵਨ ਕਾਲ ਵਿੱਚ ਤਾਂ ਸ਼ਾਂਤੀ ਅਤੇ ਅਮਨ ਰਹੇਗਾ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.