Biblica® Open Punjabi Contemporary Version 2025
ਯਸ਼ਾਯਾਹ 36
ਯੇਰੂਸ਼ਲੇਮ ਉੱਤੇ ਅੱਸ਼ੂਰ ਦਾ ਹਮਲਾ
ਰਾਜਾ ਹਿਜ਼ਕੀਯਾਹ ਦੇ ਰਾਜ ਦੇ ਚੌਦਵੇਂ ਸਾਲ ਵਿੱਚ, ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਤਦ ਅੱਸ਼ੂਰ ਦੇ ਰਾਜੇ ਨੇ ਆਪਣੇ ਸੈਨਾਪਤੀ ਨੂੰ ਲਾਕੀਸ਼ ਤੋਂ ਵੱਡੀ ਫ਼ੌਜ ਨਾਲ ਯੇਰੂਸ਼ਲੇਮ ਵਿੱਚ ਰਾਜਾ ਹਿਜ਼ਕੀਯਾਹ ਕੋਲ ਭੇਜਿਆ। ਜਦੋਂ ਸੈਨਾਪਤੀ ਦੇ ਖੇਤ ਦੇ ਰਸਤੇ ਉੱਤੇ ਉੱਪਰਲੇ ਤਲਾਬ ਦੇ ਪਾਣੀ ਦੇ ਧੋਬੀ ਘਾਟ ਕੋਲ ਰੁਕਿਆ, ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਇਹ ਤਿੰਨੋਂ ਉਸ ਨੂੰ ਮਿਲਣ ਲਈ ਬਾਹਰ ਆਏ।
ਮੈਦਾਨ ਦੇ ਸੈਨਾਪਤੀ ਨੇ ਉਨ੍ਹਾਂ ਨੂੰ ਕਿਹਾ, “ਹਿਜ਼ਕੀਯਾਹ ਨੂੰ ਆਖੋ:
“ ‘ਅੱਸ਼ੂਰ ਦਾ ਰਾਜਾ ਇਹ ਆਖਦਾ ਹੈ, ਤੂੰ ਕਿਸ ਗੱਲ ਉੱਤੇ ਭਰੋਸਾ ਰੱਖੀ ਬੈਠਾ ਹੈ? ਤੂੰ ਕਹਿੰਦਾ ਹੈ ਕਿ ਤੇਰੇ ਕੋਲ ਯੁੱਧ ਲਈ ਸਲਾਹ ਅਤੇ ਤਾਕਤ ਹੈ, ਪਰ ਤੂੰ ਸਿਰਫ ਖਾਲੀ ਸ਼ਬਦ ਬੋਲਦਾ ਹੈ। ਤੂੰ ਕਿਸ ਉੱਤੇ ਨਿਰਭਰ ਹੈ ਜੋ ਤੂੰ ਮੇਰੇ ਵਿਰੁੱਧ ਬਗਾਵਤ ਕਰ ਰਿਹਾ ਹੈ? ਵੇਖ, ਮੈਂ ਜਾਣਦਾ ਹਾਂ ਕਿ ਤੂੰ ਮਿਸਰ ਉੱਤੇ ਨਿਰਭਰ ਹੈ, ਮਿਸਰ ਦਾ ਰਾਜਾ ਫ਼ਿਰਾਊਨ ਉਹਨਾਂ ਸਾਰਿਆਂ ਲਈ ਜੋ ਉਸ ਉੱਤੇ ਨਿਰਭਰ ਹਨ, ਇੱਕ ਕਾਨੇ ਦੀ ਤਰ੍ਹਾਂ ਹੈ ਜੇ ਕੋਈ ਮਨੁੱਖ ਉਸਨੂੰ ਢਾਸਣਾ ਲਾਵੇ ਤਾਂ ਉਹ ਉਸਦੇ ਹੱਥ ਵਿੱਚ ਖੁੱਭ ਕੇ ਉਸਨੂੰ ਪਾੜ ਦੇਵੇ। ਪਰ ਜੇ ਤੁਸੀਂ ਮੈਨੂੰ ਆਖੋ, “ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਉੱਤੇ ਨਿਰਭਰ ਹਾਂ” ਕੀ ਉਹ ਉਹੀ ਨਹੀਂ ਹੈ ਜਿਸ ਦੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਦਿੱਤਾ, ਯਹੂਦਾਹ ਅਤੇ ਯੇਰੂਸ਼ਲੇਮ ਨੂੰ ਕਿਹਾ, “ਤੁਹਾਨੂੰ ਯੇਰੂਸ਼ਲੇਮ ਵਿੱਚ ਇਸ ਜਗਵੇਦੀ ਦੇ ਅੱਗੇ ਮੱਥਾ ਟੇਕਣਾ ਚਾਹੀਦਾ ਹੈ”?
“ ‘ਹੁਣ ਆ, ਮੇਰੇ ਮਾਲਕ ਅੱਸ਼ੂਰ ਦੇ ਰਾਜੇ ਨਾਲ ਸਮਝੌਤਾ ਕਰ ਅਤੇ ਮੈਂ ਤੁਹਾਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੋ ਤੁਸੀਂ ਉਹਨਾਂ ਤੇ ਸਵਾਰ ਬਿਠਾ ਸਕੋ! ਤਾਂ ਤੂੰ ਕਿਵੇਂ ਮੇਰੇ ਸੁਆਮੀ ਦੇ ਸਭ ਤੋਂ ਛੋਟੇ ਹਾਕਮਾਂ ਵਿੱਚੋਂ ਇੱਕ ਅਧਿਕਾਰੀ ਨੂੰ ਦੂਰ ਕਰ ਸਕਦਾ ਹੈ ਭਾਵੇਂ ਤੂੰ ਰਥਾਂ ਅਤੇ ਘੋੜ ਸਵਾਰਾਂ ਲਈ ਮਿਸਰ ਉੱਤੇ ਨਿਰਭਰ ਹੈ? ਇਸ ਤੋਂ ਇਲਾਵਾ, ਕੀ ਮੈਂ ਯਾਹਵੇਹ ਤੋਂ ਬਿਨਾਂ ਇਸ ਧਰਤੀ ਉੱਤੇ ਹਮਲਾ ਕਰਨ ਅਤੇ ਤਬਾਹ ਕਰਨ ਆਇਆ ਹਾਂ? ਯਾਹਵੇਹ ਨੇ ਆਪ ਮੈਨੂੰ ਇਸ ਦੇਸ਼ ਦੇ ਵਿਰੁੱਧ ਚੜ੍ਹਾਈ ਕਰਨ ਅਤੇ ਇਸਨੂੰ ਤਬਾਹ ਕਰਨ ਲਈ ਕਿਹਾ ਹੈ।’ ”
ਤਦ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਸੈਨਾਪਤੀ ਨੂੰ ਆਖਿਆ, “ਕਿਰਪਾ ਕਰਕੇ ਆਪਣੇ ਸੇਵਕਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂਕਿ ਅਸੀਂ ਇਸਨੂੰ ਸਮਝਦੇ ਹਾਂ, ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ, ਯਹੂਦੀਆਂ ਦੀ ਇਬਰਾਨੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ।”
ਪਰ ਸੈਨਾਪਤੀ ਨੇ ਉੱਤਰ ਦਿੱਤਾ, “ਕੀ ਮੇਰੇ ਮਾਲਕ ਨੇ ਮੈਨੂੰ ਇਹ ਗੱਲਾਂ ਸਿਰਫ ਤੁਹਾਡੇ ਲਈ ਅਤੇ ਤੁਹਾਡੇ ਮਾਲਕ ਨੂੰ ਕਹਿਣ ਲਈ ਭੇਜਿਆ ਸੀ ਅਤੇ ਇਨ੍ਹਾਂ ਸ਼ਹਿਰਪਨਾਹ ਉੱਤੇ ਬੈਠੇ ਲੋਕਾਂ ਨੂੰ ਨਹੀਂ, ਜਿਨ੍ਹਾਂ ਨੂੰ ਤੁਹਾਡੇ ਨਾਲ, ਆਪਣਾ ਹੀ ਮਲ-ਮੂਤਰ ਖਾਣਾ ਅਤੇ ਪੀਣਾ ਪਵੇਗਾ?”
ਤਦ ਸੈਨਾਪਤੀ ਨੇ ਖੜ੍ਹਾ ਹੋ ਕੇ ਇਬਰਾਨੀ ਭਾਸ਼ਾ ਵਿੱਚ ਪੁਕਾਰ ਕੇ ਆਖਿਆ, “ਅੱਸ਼ੂਰ ਦੇ ਮਹਾਨ ਰਾਜੇ ਦੀਆਂ ਗੱਲਾਂ ਸੁਣੋ! ਰਾਜਾ ਇਹ ਆਖਦਾ ਹੈ, ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ। ਉਹ ਤੁਹਾਨੂੰ ਬਚਾ ਨਹੀਂ ਸਕਦਾ! ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਾਹਵੇਹ ਉੱਤੇ ਤੁਹਾਡਾ ਭਰੋਸਾ ਕਰਾਵੇ, ‘ਕਿ ਯਾਹਵੇਹ ਜ਼ਰੂਰ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ।’
“ਹਿਜ਼ਕੀਯਾਹ ਦੀ ਗੱਲ ਨਾ ਸੁਣੋ। ਅੱਸ਼ੂਰ ਦਾ ਰਾਜਾ ਇਹ ਆਖਦਾ ਹੈ: ਮੇਰੇ ਨਾਲ ਸੁਲ੍ਹਾ ਕਰੋ ਅਤੇ ਮੇਰੇ ਕੋਲ ਬਾਹਰ ਆ ਜਾਓ। ਤਦ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਅੰਗੂਰੀ ਦੀ ਵੇਲ ਅਤੇ ਹੰਜੀਰ ਦੇ ਰੁੱਖ ਦਾ ਫਲ ਖਾਵੇਗਾ ਅਤੇ ਆਪਣੇ ਹੀ ਟੋਏ ਵਿੱਚੋਂ ਪਾਣੀ ਪੀਵੇਗਾ, ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜਿਹੜਾ ਤੁਹਾਡੇ ਦੇਸ ਵਾਂਗੂੰ ਅਨਾਜ ਅਤੇ ਨਵੀਂ ਦਾਖਰਸ ਦਾ ਦੇਸ, ਰੋਟੀ ਅਤੇ ਅੰਗੂਰੀ ਬਾਗ਼ਾਂ ਦਾ ਦੇਸ ਹੈ।
“ਸਾਵਧਾਨ, ਹਿਜ਼ਕੀਯਾਹ ਤੁਹਾਨੂੰ ਇਹ ਕਹਿ ਕੇ ਗੁਮਰਾਹ ਨਾ ਕਰੇ, ‘ਯਾਹਵੇਹ ਸਾਨੂੰ ਛੁਡਾਵੇਗਾ।’ ਕੀ ਕਦੇ ਕਿਸੇ ਕੌਮ ਦੇ ਦੇਵਤਿਆਂ ਨੇ ਆਪਣੇ ਦੇਸ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਇਆਂ ਹੈ? ਹਮਾਥ ਅਤੇ ਅਰਪਾਦ ਦੇ ਦੇਵਤੇ ਕਿੱਥੇ ਹਨ? ਸਫ਼ਰਵਇਮ ਦੇ ਦੇਵਤੇ ਕਿੱਥੇ ਹਨ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ? ਇਨ੍ਹਾਂ ਦੇਸ਼ਾਂ ਦੇ ਸਾਰੇ ਦੇਵਤਿਆਂ ਵਿੱਚੋਂ ਉਹ ਕੌਣ ਹਨ, ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਹੋਵੇ? ਤਾਂ ਫਿਰ ਯਾਹਵੇਹ ਯੇਰੂਸ਼ਲੇਮ ਨੂੰ ਮੇਰੇ ਹੱਥੋਂ ਕਿਵੇਂ ਛੁਡਾ ਸਕਦਾ ਹੈ?”
ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜੇ ਦਾ ਹੁਕਮ ਇਹ ਸੀ, “ਕਿ ਤੁਸੀਂ ਉਸ ਨੂੰ ਉੱਤਰ ਨਾ ਦੇਣਾ।”
ਤਦ ਮਹਿਲ ਦੇ ਪ੍ਰਬੰਧਕ ਹਿਲਕੀਯਾਹ ਦਾ ਪੁੱਤਰ ਅਲਯਾਕੀਮ, ਸ਼ਬਨਾ ਸਕੱਤਰ ਅਤੇ ਆਸਾਫ਼ ਦਾ ਪੁੱਤਰ ਯੋਆਹ ਆਪਣੇ ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਗਿਆ ਅਤੇ ਉਸ ਨੂੰ ਉਹ ਗੱਲ ਦੱਸੀ ਜੋ ਸੈਨਾਪਤੀ ਨੇ ਕਹੀ ਸੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.