Biblica® Open Punjabi Contemporary Version 2025
ਯਸ਼ਾਯਾਹ 19
ਮਿਸਰ ਦੇ ਵਿਰੁੱਧ ਇੱਕ ਭਵਿੱਖਬਾਣੀ
ਮਿਸਰ ਦੇ ਵਿਰੁੱਧ ਇੱਕ ਭਵਿੱਖਬਾਣੀ:
ਵੇਖੋ, ਯਾਹਵੇਹ ਇੱਕ ਉੱਡਦੇ ਬੱਦਲ
ਉੱਤੇ ਸਵਾਰ ਹੋ ਕੇ ਮਿਸਰ ਨੂੰ ਆ ਰਿਹਾ ਹੈ।
ਮਿਸਰ ਦੇ ਬੁੱਤ ਉਸ ਦੇ ਅੱਗੇ ਕੰਬਦੇ ਹਨ,
ਅਤੇ ਮਿਸਰੀਆਂ ਦੇ ਦਿਲ ਡਰ ਨਾਲ ਪਿਘਲ ਜਾਂਦੇ ਹਨ।
“ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਭੜਕਾਵਾਗਾ, ਉਹ ਆਪਸ ਵਿੱਚ ਲੜਨਗੇ
ਭਰਾ ਆਪਣੇ ਭਰਾ ਨਾਲ,
ਗੁਆਂਢੀ ਆਪਣੇ ਗੁਆਂਢੀ ਨਾਲ,
ਸ਼ਹਿਰ ਦੇ ਵਿਰੁੱਧ ਸ਼ਹਿਰ,
ਰਾਜ ਦੇ ਵਿਰੁੱਧ ਰਾਜ ਯੁੱਧ ਕਰੇਗਾ।
ਮਿਸਰ ਦੇ ਲੋਕ ਹਾਰ ਜਾਣਗੇ,
ਅਤੇ ਮੈਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿਆਂਗਾ,
ਉਹ ਮੂਰਤੀਆਂ ਅਤੇ ਮੁਰਦਿਆਂ ਦੀਆਂ ਆਤਮਾਵਾਂ,
ਮਾਧਿਅਮਾਂ ਅਤੇ ਜਾਦੂਗਰਾਂ ਦੀ ਸਲਾਹ ਲੈਣਗੇ।
ਮੈਂ ਮਿਸਰੀਆਂ ਨੂੰ
ਇੱਕ ਜ਼ਾਲਮ ਮਾਲਕ ਦੇ ਹਵਾਲੇ ਕਰ ਦਿਆਂਗਾ,
ਅਤੇ ਇੱਕ ਭਿਆਨਕ ਰਾਜਾ ਉਨ੍ਹਾਂ ਉੱਤੇ ਰਾਜ ਕਰੇਗਾ,”
ਯਾਹਵੇਹ, ਸਰਬਸ਼ਕਤੀਮਾਨ ਦਾ ਵਾਕ ਹੈ।
ਨਦੀ ਦੇ ਪਾਣੀ ਸੁੱਕ ਜਾਣਗੇ,
ਅਤੇ ਦਰਿਆ ਖੁਸ਼ਕ ਅਤੇ ਖਾਲੀ ਹੋ ਜਾਵੇਗਾ।
ਨਹਿਰਾਂ ਵਿੱਚੋਂ ਬਦਬੂ ਆਵੇਗੀ;
ਮਿਸਰ ਦੀਆਂ ਨਦੀਆਂ ਘੱਟਦੇ-ਘੱਟਦੇ ਸੁੱਕ ਜਾਣਗੀਆਂ,
ਕਾਨੇ ਅਤੇ ਕਾਹਲੇ ਮੁਰਝਾ ਜਾਣਗੇ,
ਨੀਲ ਦਰਿਆ ਉੱਤੇ,
ਅਤੇ ਉਹ ਦੇ ਕੰਢੇ ਉੱਤੇ ਵਿਰਾਨੀ ਹੋਵੇਗੀ,
ਜੋ ਕੁਝ ਨੀਲ ਦਰਿਆ ਦੇ ਕੋਲ ਬੀਜਿਆ ਜਾਵੇ, ਉਹ ਸੁੱਕ ਜਾਵੇਗਾ,
ਉੱਡ ਜਾਵੇਗਾ ਅਤੇ ਫੇਰ ਹੋਵੇਗਾ ਨਹੀਂ।
ਮਛੇਰੇ ਹਾਹਾਕਾਰ ਅਤੇ ਵਿਰਲਾਪ ਕਰਨਗੇ,
ਉਹ ਸਾਰੇ ਜਿਹੜੇ ਨੀਲ ਵਿੱਚ ਕੁੰਡੀਆਂ ਪਾਉਂਦੇ ਹਨ,
ਰੋਣਗੇ ਅਤੇ ਉਹ ਜਿਹੜੇ ਪਾਣੀਆਂ ਦੇ ਉੱਤੇ ਜਾਲ ਵਿਛਾਉਂਦੇ ਹਨ
ਢਿੱਲੇ ਪੈ ਜਾਣਗੇ।
ਮਹੀਨ ਕਤਾਨ ਦੇ ਕਾਰੀਗਰ,
ਅਤੇ ਚਿੱਟੇ ਸੂਤ ਦੇ ਬੁਣਨ ਵਾਲਿਆਂ ਦੀ ਆਸ ਟੁੱਟ ਜਾਵੇਗੀ।
ਕੱਪੜੇ ਪਹਿਨਣ ਵਾਲੇ ਉਦਾਸ ਹੋ ਜਾਣਗੇ,
ਅਤੇ ਸਾਰੇ ਮਜ਼ਦੂਰ ਦਿਲੋਂ ਬਿਮਾਰ ਹੋਣਗੇ।
ਸੋਆਨ ਦੇ ਅਧਿਕਾਰੀ ਮੂਰਖਾਂ ਤੋਂ ਬਿਨਾ ਹੋਰ ਕੁਝ ਨਹੀਂ ਹਨ।
ਫ਼ਿਰਾਊਨ ਦੇ ਬੁੱਧੀਮਾਨ ਸਲਾਹਕਾਰ ਬੇਲੋੜੀ ਸਲਾਹ ਦਿੰਦੇ ਹਨ।
ਤੁਸੀਂ ਫ਼ਿਰਾਊਨ ਨੂੰ ਕਿਵੇਂ ਕਹਿ ਸਕਦੇ ਹੋ,
“ਮੈਂ ਬੁੱਧਵਾਨਾਂ ਵਿੱਚੋਂ ਇੱਕ ਹਾਂ,
ਪ੍ਰਾਚੀਨ ਦੇ ਰਾਜਿਆਂ ਦਾ ਚੇਲਾ ਹਾਂ”?
ਤੁਹਾਡੇ ਬੁੱਧਵਾਨ ਹੁਣ ਕਿੱਥੇ ਹਨ?
ਉਹ ਤੁਹਾਨੂੰ ਦਿਖਾਉਣ ਅਤੇ ਦੱਸ ਦੇਣ ਕਿ
ਸਰਬਸ਼ਕਤੀਮਾਨ ਯਾਹਵੇਹ ਨੇ ਮਿਸਰ ਦੇ ਵਿਰੁੱਧ ਕੀ ਵਿਉਂਤ ਬਣਾਈ ਹੈ।
ਸੋਆਨ ਦੇ ਅਧਿਕਾਰੀ ਮੂਰਖ ਬਣ ਗਏ ਹਨ,
ਨੋਫ਼ ਸ਼ਹਿਰ ਦੇ ਆਗੂ ਧੋਖਾ ਖਾ ਗਏ ਹਨ।
ਉਸ ਦੇ ਲੋਕਾਂ ਦੇ ਖੂੰਜੇ ਦੇ ਪੱਥਰਾਂ ਨੇ ਮਿਸਰ ਨੂੰ
ਕੁਰਾਹੇ ਪਾ ਦਿੱਤਾ ਹੈ।
ਯਾਹਵੇਹ ਨੇ ਉਨ੍ਹਾਂ ਵਿੱਚ
ਇੱਕ ਚੱਕਰ ਆਉਣ ਦੀ ਆਤਮਾ ਪਾਈ ਹੈ;
ਉਹ ਮਿਸਰ ਨੂੰ ਉਸ ਦੇ ਸਾਰੇ ਕੰਮਾਂ ਵਿੱਚ ਡਗਮਗਾ ਦਿੰਦੇ ਹਨ,
ਜਿਵੇਂ ਇੱਕ ਸ਼ਰਾਬੀ ਆਪਣੀ ਉਲਟੀ ਵਿੱਚ ਘੁੰਮਦਾ ਹੈ।
ਮਿਸਰ ਕੁਝ ਨਹੀਂ ਕਰ ਸਕਦਾ,
ਸਿਰ ਜਾਂ ਪੂਛ, ਖਜ਼ੂਰ ਦੀ ਟਾਹਣੀ ਜਾਂ ਕਾਨਾ।
ਉਸ ਦਿਨ ਮਿਸਰੀ ਕਮਜ਼ੋਰ ਹੋ ਜਾਣਗੇ। ਉਹ ਉੱਚੇ ਹੋਏ ਹੱਥ ਤੋਂ ਡਰ ਨਾਲ ਕੰਬਣਗੇ ਕਿ ਯਾਹਵੇਹ ਉਨ੍ਹਾਂ ਦੇ ਵਿਰੁੱਧ ਉਠਾਉਂਦਾ ਹੈ। ਯਹੂਦਾਹ ਦਾ ਦੇਸ ਮਿਸਰੀਆਂ ਲਈ ਇੱਕ ਡਰਾਵਾ ਹੋਵੇਗਾ। ਐਥੋਂ ਤੱਕ ਕਿ ਹਰੇਕ ਜਿਹੜਾ ਇਸ ਗੱਲ ਨੂੰ ਸੁਣੇਗਾ, ਉਹ ਸਰਬਸ਼ਕਤੀਮਾਨ ਯਾਹਵੇਹ ਦੀ ਯੋਜਨਾ ਦੇ ਕਾਰਨ ਜਿਹੜੀ ਉਸ ਨੇ ਉਨ੍ਹਾਂ ਦੇ ਵਿਰੁੱਧ ਬਣਾਈ ਹੈ, ਡਰੇਗਾ।
ਉਸ ਦਿਨ ਮਿਸਰ ਦੇ ਪੰਜ ਸ਼ਹਿਰ ਕਨਾਨ ਦੀ ਭਾਸ਼ਾ ਬੋਲਣਗੇ ਅਤੇ ਯਾਹਵੇਹ ਸਰਬਸ਼ਕਤੀਮਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣਗੇ। ਉਨ੍ਹਾਂ ਵਿੱਚੋਂ ਇੱਕ ਨੂੰ ਸੂਰਜ ਦਾ ਸ਼ਹਿਰ ਆਖਿਆ ਜਾਵੇਗਾ।
ਉਸ ਦਿਨ ਮਿਸਰ ਦੇ ਵਿਚਕਾਰ ਯਾਹਵੇਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਾਹਵੇਹ ਲਈ ਇੱਕ ਥੰਮ੍ਹ ਹੋਵੇਗਾ। ਇਹ ਮਿਸਰ ਦੀ ਧਰਤੀ ਵਿੱਚ ਸਰਬਸ਼ਕਤੀਮਾਨ ਯਾਹਵੇਹ ਲਈ ਇੱਕ ਨਿਸ਼ਾਨ ਅਤੇ ਗਵਾਹ ਹੋਵੇਗਾ। ਜਦੋਂ ਉਹ ਆਪਣੇ ਜ਼ੁਲਮਾਂ ਦੇ ਕਾਰਨ ਯਾਹਵੇਹ ਨੂੰ ਪੁਕਾਰਨਗੇ, ਤਾਂ ਉਹ ਉਹਨਾਂ ਨੂੰ ਇੱਕ ਮੁਕਤੀਦਾਤਾ ਅਤੇ ਬਚਾਓ ਕਰਨ ਵਾਲਾ ਭੇਜੇਗਾ, ਅਤੇ ਉਹ ਉਹਨਾਂ ਨੂੰ ਬਚਾਵੇਗਾ। ਸੋ ਯਾਹਵੇਹ ਮਿਸਰੀਆਂ ਲਈ ਆਪਣੇ ਆਪ ਨੂੰ ਪਰਗਟ ਕਰੇਗਾ ਅਤੇ ਉਸ ਦਿਨ ਉਹ ਯਾਹਵੇਹ ਨੂੰ ਮੰਨਣਗੇ। ਉਹ ਬਲੀਆਂ ਅਤੇ ਅਨਾਜ ਦੀਆਂ ਭੇਟਾਂ ਨਾਲ ਪੂਜਾ ਕਰਨਗੇ; ਉਹ ਯਾਹਵੇਹ ਅੱਗੇ ਸੁੱਖਣਾ ਸੁੱਖਣਗੇ ਅਤੇ ਉਨ੍ਹਾਂ ਨੂੰ ਪੂਰਾ ਵੀ ਕਰਨਗੇ। ਯਾਹਵੇਹ ਮਿਸਰ ਦੇ ਲੋਕਾਂ ਨੂੰ ਇੱਕ ਮਹਾਂਮਾਰੀ ਨਾਲ ਮਾਰ ਦੇਵੇਗਾ; ਉਹ ਉਨ੍ਹਾਂ ਨੂੰ ਮਾਰ ਦੇਵੇਗਾ ਅਤੇ ਨਾਲੇ ਉਨ੍ਹਾਂ ਨੂੰ ਚੰਗਾ ਵੀ ਕਰੇਗਾ। ਉਹ ਯਾਹਵੇਹ ਵੱਲ ਮੁੜਨਗੇ, ਅਤੇ ਉਹ ਉਨ੍ਹਾਂ ਦੀਆਂ ਬੇਨਤੀਆਂ ਦਾ ਜਵਾਬ ਦੇਵੇਗਾ ਅਤੇ ਉਨ੍ਹਾਂ ਨੂੰ ਚੰਗਾ ਕਰੇਗਾ।
ਉਸ ਦਿਨ ਮਿਸਰ ਤੋਂ ਅੱਸ਼ੂਰ ਤੱਕ ਇੱਕ ਰਾਜਮਾਰਗ ਹੋਵੇਗਾ। ਅੱਸ਼ੂਰੀ ਮਿਸਰ ਨੂੰ ਅਤੇ ਮਿਸਰੀ ਅੱਸ਼ੂਰ ਨੂੰ ਜਾਣਗੇ। ਮਿਸਰੀ ਅਤੇ ਅੱਸ਼ੂਰੀ ਇਕੱਠੇ ਉਪਾਸਨਾ ਕਰਨਗੇ। ਉਸ ਦਿਨ ਇਸਰਾਏਲ ਮਿਸਰ ਅਤੇ ਅੱਸ਼ੂਰ ਦੇ ਨਾਲ ਤੀਸਰਾ ਹੋਵੇਗਾ ਜੋ ਧਰਤੀ ਉੱਤੇ ਇੱਕ ਬਰਕਤ ਹੋਵੇਗਾ। ਸਰਬਸ਼ਕਤੀਮਾਨ ਯਾਹਵੇਹ ਉਨ੍ਹਾਂ ਨੂੰ ਇਹ ਆਖ ਕੇ ਅਸੀਸ ਦੇਵੇਗਾ, “ਮੁਬਾਰਕ ਹੋਵੇ ਮਿਸਰ ਮੇਰੀ ਪਰਜਾ, ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਵਿਰਾਸਤ ਹੋਵੇ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.