Biblica® Open Punjabi Contemporary Version 2025
ਯਸ਼ਾਯਾਹ 10
ਹਾਏ ਉਹਨਾਂ ਉੱਤੇ ਜਿਹੜੇ ਬੁਰੀਆਂ ਬਿਧੀਆਂ ਬਣਾਉਂਦੇ ਹਨ,
ਉਨ੍ਹਾਂ ਉੱਤੇ ਜੋ ਅਤਿਆਚਾਰੀ ਫ਼ਰਮਾਨ ਜਾਰੀ ਕਰਦੇ ਹਨ,
ਗਰੀਬਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਦੇ ਹਨ
ਅਤੇ ਮੇਰੀ ਪਰਜਾ ਦੇ ਮਸਕੀਨਾਂ ਦਾ ਹੱਕ ਖੋਹ ਲੈਣ,
ਕਿ ਵਿਧਵਾਂ ਉਹਨਾਂ ਦੀ ਲੁੱਟ ਹੋਣ
ਅਤੇ ਉਹ ਯਤੀਮਾਂ ਨੂੰ ਸ਼ਿਕਾਰ ਬਣਾਉਣ।
ਤੁਸੀਂ ਸਜ਼ਾ ਦੇ ਦਿਨ ਕੀ ਕਰੋਗੇ,
ਜਦੋਂ ਬਿਪਤਾ ਦੂਰੋਂ ਆਵੇਗੀ?
ਤੁਸੀਂ ਸਹਾਇਤਾ ਲਈ ਕਿਸ ਦੇ ਕੋਲ ਨੱਠੋਗੇ,
ਅਤੇ ਆਪਣਾ ਮਾਲ-ਧਨ ਕਿੱਥੇ ਛੱਡੋਗੇ?
ਕੁਝ ਨਹੀਂ ਬਚੇਗਾ ਸਿਵਾਏ ਗ਼ੁਲਾਮਾਂ ਵਿੱਚ ਚੀਕਣ ਜਾਂ ਵੱਢੇ ਹੋਏ ਲੋਕਾਂ ਵਿੱਚ ਡਿੱਗਣ ਲਈ।
ਇਸ ਸਭ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ,
ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
ਅੱਸ਼ੂਰ ਉੱਤੇ ਪਰਮੇਸ਼ਵਰ ਦਾ ਨਿਆਂ
“ਹਾਏ ਅੱਸ਼ੂਰੀ ਉੱਤੇ, ਮੇਰੇ ਕ੍ਰੋਧ ਦੀ ਸੋਟੀ,
ਜਿਸ ਦੇ ਹੱਥ ਵਿੱਚ ਮੇਰੇ ਕ੍ਰੋਧ ਦਾ ਡੰਡਾ ਹੈ!
ਮੈਂ ਉਹ ਨੂੰ ਇੱਕ ਅਧਰਮੀ ਕੌਮ ਦੇ ਵਿਰੁੱਧ ਘੱਲਦਾ ਹਾਂ,
ਮੈਂ ਉਸ ਨੂੰ ਉਨ੍ਹਾਂ ਲੋਕਾਂ ਦੇ ਵਿਰੁੱਧ ਭੇਜਦਾ ਹਾਂ ਜਿਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ,
ਭਈ ਉਹ ਲੁੱਟ ਲੁੱਟੇ ਅਤੇ ਮਾਲ ਚੁਰਾਵੇ,
ਅਤੇ ਗਲੀਆਂ ਦੇ ਚਿੱਕੜ ਵਾਂਗੂੰ ਉਹਨਾਂ ਨੂੰ ਮਿੱਧੇ।
ਪਰ ਇਹ ਉਹ ਨਹੀਂ ਜੋ ਉਹ ਚਾਹੁੰਦਾ ਹੈ,
ਇਹ ਉਹ ਨਹੀਂ ਜੋ ਉਸ ਦੇ ਮਨ ਵਿੱਚ ਹੈ।
ਉਸਦਾ ਉਦੇਸ਼ ਬਹੁਤ ਸਾਰੀਆਂ ਕੌਮਾਂ ਨੂੰ ਨਸ਼ਟ ਕਰਨਾ ਹੈ।
ਅਤੇ ਬਹੁਤ ਸਾਰੀਆਂ ਕੌਮਾਂ ਨੂੰ ਵੱਢ ਸੁੱਟਣਾ ਹੈ
ਉਹ ਆਖਦਾ ਹੈ, ‘ਕੀ ਮੇਰੇ ਸਾਰੇ ਸੂਬੇਦਾਰ ਰਾਜਿਆ ਵਰਗੇ ਨਹੀਂ ਹਨ?
ਕੀ ਕਲਨੋ ਕਰਕਮੀਸ਼ ਵਰਗਾ ਨਹੀਂ ਹੋਇਆ?
ਕੀ ਹਮਾਥ ਅਰਪਾਦ ਵਰਗਾ,
ਅਤੇ ਸਾਮਰਿਯਾ ਦੰਮਿਸ਼ਕ ਵਰਗਾ ਨਹੀਂ ਹੈ?
ਜਿਵੇਂ ਮੇਰਾ ਹੱਥ ਬੁੱਤਾਂ ਨਾਲ ਭਰੇ ਹੋਏ ਰਾਜਾਂ ਤੱਕ ਪਹੁੰਚਿਆ,
ਰਾਜ ਜਿਸ ਦੀਆਂ ਮੂਰਤੀਆਂ ਯੇਰੂਸ਼ਲੇਮ ਅਤੇ ਸਾਮਰਿਯਾ ਦੀਆਂ ਮੂਰਤਾਂ ਨਾਲੋਂ ਉੱਤਮ ਸਨ,
ਜਿਵੇਂ ਮੈਂ ਸਾਮਰਿਯਾ ਅਤੇ ਉਸ ਦੇ ਬੁੱਤਾਂ ਨਾਲ ਕੀਤਾ,
ਕੀ ਉਸੇ ਤਰ੍ਹਾਂ ਹੀ ਮੈਂ ਯੇਰੂਸ਼ਲੇਮ ਅਤੇ ਉਸ ਦੀਆਂ ਮੂਰਤੀਆਂ ਨਾਲ ਨਾ ਕਰਾਂ?’ ”
ਜਦੋਂ ਯਾਹਵੇਹ ਸੀਯੋਨ ਪਰਬਤ ਅਤੇ ਯੇਰੂਸ਼ਲੇਮ ਦੇ ਵਿਰੁੱਧ ਆਪਣਾ ਸਾਰਾ ਕੰਮ ਪੂਰਾ ਕਰ ਲਵੇਗਾ, ਤਾਂ ਉਹ ਆਖੇਗਾ, “ਤਾਂ ਮੈਂ ਅੱਸ਼ੂਰ ਦੇ ਰਾਜੇ ਨੂੰ ਉਸ ਦੇ ਘਮੰਡੀ ਦਿਲ ਦੀ ਕਰਨੀ ਅਤੇ ਉਸ ਦੀਆਂ ਉੱਚੀਆਂ ਅੱਖਾਂ ਦੀ ਸ਼ਾਨ ਦੀ ਸਜ਼ਾ ਦਿਆਂਗਾ। ਕਿਉਂ ਜੋ ਉਹ ਆਖਦਾ ਹੈ,
“ ‘ਮੈਂ ਇਹ ਆਪਣੇ ਹੱਥ ਦੇ ਬਲ ਨਾਲ ਕੀਤਾ,
ਅਤੇ ਆਪਣੀ ਬੁੱਧੀ ਨਾਲ, ਕਿਉਂਕਿ ਮੇਰੇ ਕੋਲ ਸਮਝ ਹੈ।
ਮੈਂ ਕੌਮਾਂ ਦੀਆਂ ਹੱਦਾਂ ਮਿਟਾ ਦਿੱਤੀਆਂ,
ਮੈਂ ਉਨ੍ਹਾਂ ਦੇ ਖ਼ਜ਼ਾਨੇ ਲੁੱਟ ਲਏ।
ਅਤੇ ਸੂਰਮੇ ਵਾਂਗੂੰ ਮੈਂ ਗੱਦੀਆਂ ਉੱਤੇ ਬਿਰਾਜਮਾਨ ਹੋਣ ਵਾਲਿਆਂ ਨੂੰ ਹੇਠਾਂ ਲਾਹ ਦਿੱਤਾ।
ਮੇਰੇ ਹੱਥ ਨੇ ਲੋਕਾਂ ਦੇ ਮਾਲ-ਧਨ ਨੂੰ ਐਂਵੇਂ ਲੱਭ ਲਿਆ ਹੈ,
ਜਿਵੇਂ ਕੋਈ ਆਲ੍ਹਣੇ ਨੂੰ ਲੱਭ ਲੈਂਦਾ।
ਜਿਵੇਂ ਲੋਕ ਛੱਡੇ ਹੋਏ ਆਂਡੇ ਸਮੇਟਦੇ ਹਨ,
ਇਸੇ ਤਰ੍ਹਾਂ ਮੈਂ ਸਾਰੇ ਦੇਸ਼ਾਂ ਨੂੰ ਸਮੇਟ ਲਿਆ;
ਕਿਸੇ ਨੇ ਖੰਭ ਨਹੀਂ ਫੜ੍ਹਿਆ,
ਨਾ ਚੀ-ਚੀ ਕਰਨ ਲਈ ਆਪਣਾ ਮੂੰਹ ਖੋਲ੍ਹਿਆ ਹੈ।’ ”
ਕੀ ਕੁਹਾੜਾ ਉਸ ਵਿਅਕਤੀ ਦੇ ਵਿਰੁੱਧ ਆਕੜਦਾ ਹੈ ਜੋ ਇਸਨੂੰ ਚਲਾਉਂਦਾ ਹੈ,
ਜਾਂ ਆਰਾ ਉਸ ਨੂੰ ਵਰਤਣ ਵਾਲੇ ਉੱਤੇ ਸ਼ੇਖੀ ਮਾਰਦਾ ਹੈ?
ਜਿਵੇਂ ਕੋਈ ਡੰਡਾ ਉਸ ਵਿਅਕਤੀ ਨੂੰ ਫੜਾਉਂਦਾ ਹੈ ਜੋ ਉਸ ਨੂੰ ਚੁੱਕਦਾ ਹੈ,
ਜਾਂ ਇੱਕ ਡੰਡਾ ਉਸ ਨੂੰ ਮਾਰਦਾ ਹੈ ਜੋ ਲੱਕੜ ਨਹੀਂ ਹੈ!
ਇਸ ਲਈ, ਪ੍ਰਭੂ, ਯਾਹਵੇਹ ਸਰਵਸ਼ਕਤੀਮਾਨ,
ਆਪਣੇ ਤਕੜੇ ਯੋਧਿਆਂ ਉੱਤੇ ਨਿਰਬਲ ਕਰਨ ਵਾਲੀ ਬਿਮਾਰੀ ਭੇਜੇਗਾ।
ਅਤੇ ਉਹ ਦੇ ਤੇਜ ਦੇ ਹੇਠਾਂ
ਅੱਗ ਦੇ ਸਾੜੇ ਵਾਂਗੂੰ ਸਾੜ ਬਲੇਗੀ।
ਇਸਰਾਏਲ ਦਾ ਚਾਨਣ ਅੱਗ ਬਣ ਜਾਵੇਗਾ,
ਉਨ੍ਹਾਂ ਦਾ ਪਵਿੱਤਰ ਪੁਰਖ ਇੱਕ ਲਾਟ ਬਣ ਜਾਵੇਗਾ।
ਇੱਕ ਹੀ ਦਿਨ ਵਿੱਚ ਉਹ ਉਸ ਦੇ ਕੰਡਿਆਂ ਅਤੇ ਝਾੜੀਆਂ ਨੂੰ ਸਾੜ ਕੇ ਭਸਮ ਕਰ ਦੇਵੇਗਾ।
ਉਹ ਦੇ ਜੰਗਲਾਂ ਅਤੇ ਉਪਜਾਊ ਖੇਤਾਂ ਦੀ ਸ਼ਾਨ
ਉਹ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ,
ਜਿਵੇਂ ਇੱਕ ਬਿਮਾਰ ਮਨੁੱਖ ਉਜੜ ਜਾਂਦਾ ਹੈ।
ਅਤੇ ਉਸ ਦੇ ਜੰਗਲਾਂ ਦੇ ਬਚੇ ਹੋਏ ਰੁੱਖ ਇੰਨੇ ਥੋੜੇ ਹੋਣਗੇ ਕਿ ਇੱਕ ਬੱਚਾ ਵੀ ਉਨ੍ਹਾਂ ਨੂੰ ਲਿਖ ਸਕੇ।
ਬਚੇ ਹੋਏ ਇਸਰਾਏਲੀਆਂ ਦੀ ਵਾਪਸੀ
ਉਸ ਦਿਨ ਅਜਿਹਾ ਹੋਵੇਗਾ ਕਿ ਇਸਰਾਏਲ ਦੇ ਬਾਕੀ ਬਚੇ ਹੋਏ ਲੋਕ
ਅਤੇ ਯਾਕੋਬ ਦੇ ਘਰਾਣੇ ਦੇ ਬਚੇ ਹੋਏ
ਆਪਣੇ ਮਾਰਨ ਵਾਲੇ ਦਾ ਫੇਰ ਸਹਾਰਾ ਨਾ ਲੈਣਗੇ,
ਪਰ ਇਸਰਾਏਲ ਦੇ ਪਵਿੱਤਰ ਪੁਰਖ ਯਾਹਵੇਹ ਦਾ ਸਚਿਆਈ ਨਾਲ ਸਹਾਰਾ ਲੈਣਗੇ
ਇੱਕ ਬਕੀਆ ਵਾਪਸ ਆਵੇਗਾ,
ਅਰਥਾਤ ਯਾਕੋਬ ਦਾ ਇੱਕ ਬਕੀਆ ਸ਼ਕਤੀਮਾਨ ਪਰਮੇਸ਼ਵਰ ਵੱਲ ਮੁੜੇਗਾ।
ਭਾਵੇਂ ਤੇਰੀ ਪਰਜਾ ਇਸਰਾਏਲ ਸਮੁੰਦਰ ਦੀ ਰੇਤ ਵਰਗੀ ਹੋਵੇ,
ਉਨ੍ਹਾਂ ਵਿੱਚੋਂ ਕੁਝ ਹੀ ਮੁੜਨਗੇ।
ਬਰਬਾਦੀ ਦਾ ਪੱਕਾ ਫ਼ੈਸਲਾ ਹੋ ਚੁੱਕਾ ਹੈ,
ਉਹ ਧਰਮ ਅਤੇ ਫੁਰਤੀ ਨਾਲ ਆਉਂਦਾ ਹੈ।
ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ, ਸਾਰੀ ਧਰਤੀ ਦੇ ਵਿਚਕਾਰ
ਆਪਣੇ ਫ਼ੈਸਲੇ ਅਨੁਸਾਰ ਪੂਰੀ ਬਰਬਾਦੀ ਕਰੇਗਾ।
ਇਸ ਲਈ ਪ੍ਰਭੂ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ਹੇ ਮੇਰੇ ਲੋਕੋ ਜਿਹੜੇ ਸੀਯੋਨ ਵਿੱਚ ਰਹਿੰਦੇ ਹਨ,
ਅੱਸ਼ੂਰੀਆਂ ਤੋਂ ਨਾ ਡਰੋ,
ਜੋ ਤੁਹਾਨੂੰ ਡੰਡੇ ਨਾਲ ਕੁੱਟਦੇ ਹਨ।
ਅਤੇ ਤੁਹਾਡੇ ਉੱਤੇ ਮਿਸਰੀਆਂ ਵਾਂਗੂੰ ਆਪਣੀ ਲਾਠੀ ਚੁੱਕਣ।
ਬਹੁਤ ਜਲਦੀ ਤੁਹਾਡੇ ਵਿਰੁੱਧ ਮੇਰਾ ਕ੍ਰੋਧ ਖ਼ਤਮ ਹੋ ਜਾਵੇਗਾ
ਅਤੇ ਮੇਰਾ ਕ੍ਰੋਧ ਉਨ੍ਹਾਂ ਦੀ ਬਰਬਾਦੀ ਲਈ ਹੋਵੇਗਾ।”
ਸਰਬਸ਼ਕਤੀਮਾਨ ਪ੍ਰਭੂ ਉਨ੍ਹਾਂ ਨੂੰ ਕੋਰੜੇ ਮਾਰੇਗਾ,
ਜਿਵੇਂ ਉਸ ਨੇ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆ ਸੀ।
ਜਿਵੇਂ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆ
ਅਤੇ ਜਿਵੇਂ ਉਸ ਨੇ ਆਪਣੀ ਲਾਠੀ ਮਿਸਰ ਉੱਤੇ ਚੁੱਕੀ, ਉਸੇ ਤਰ੍ਹਾਂ ਹੀ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ।
ਉਸ ਦਿਨ ਉਨ੍ਹਾਂ ਦਾ ਭਾਰ ਤੁਹਾਡੇ ਮੋਢਿਆਂ ਤੋਂ,
ਉਨ੍ਹਾਂ ਦਾ ਜੂਲਾ ਤੁਹਾਡੀ ਗਰਦਨ ਤੋਂ ਉਤਾਰਿਆ ਜਾਵੇਗਾ।
ਜੂਲਾ ਟੁੱਟ ਜਾਵੇਗਾ
ਕਿਉਂਕਿ ਤੁਸੀਂ ਬਹੁਤ ਮੋਟੇ ਹੋ ਗਏ ਹੋ।
ਉਹ ਅੱਯਾਥ ਨਗਰ ਵਿੱਚ ਆਏ,
ਉਹ ਮਿਗਰੋਨ ਨਗਰ ਦੇ ਵਿੱਚੋਂ ਦੀ ਲੰਘੇ,
ਮਿਕਮਾਸ਼ ਨਗਰ ਵਿੱਚ ਉਨ੍ਹਾਂ ਨੇ ਆਪਣਾ ਸਮਾਨ ਰੱਖਿਆ ਹੈ।
ਉਹ ਘਾਟੀ ਦੇ ਪਾਰ ਲੰਘ ਗਏ,
ਅਤੇ ਗੇਬਾ ਉਨ੍ਹਾਂ ਦਾ ਰਾਤ ਦੇ ਰੁਕਣ ਦਾ ਟਿਕਾਣਾ ਹੋਇਆ,
ਰਾਮਾਹ ਕੰਬਦਾ ਹੈ,
ਸ਼ਾਊਲ ਦਾ ਗਿਬਆਹ ਪਿੰਡ ਨੱਠ ਤੁਰਿਆ।
ਹੇ ਗਲੀਮ ਦੀ ਧੀਏ,
ਉੱਚੀ ਦੇ ਕੇ ਪੁਕਾਰ!
ਹੇ ਲੈਸ਼ਾਹ, ਸੁਣ!
ਹੇ ਅਨਾਥੋਥ, ਧਿਆਨ ਦੇ!
ਮਦਮੇਨਾਹ ਨਗਰ ਭੱਜ ਤੁਰਿਆ,
ਗੋਬੀਮ ਨਗਰ ਦੇ ਵਾਸੀ ਪਨਾਹ ਭਾਲਦੇ ਹਨ।
ਅੱਜ ਦੇ ਦਿਨ ਉਹ ਨੋਬ ਵਿੱਚ ਰੁਕਣਗੇ;
ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ,
ਯੇਰੂਸ਼ਲੇਮ ਦੇ ਪਹਾੜੀ ਉੱਤੇ
ਆਪਣੇ ਹੱਥ ਚੁੱਕ ਕੇ ਧਮਕਾਉਣਗੇ।
ਵੇਖੋ, ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ,
ਵੱਡੀ ਸ਼ਕਤੀ ਨਾਲ ਟਹਿਣੀਆਂ ਨੂੰ ਤੋੜ ਦੇਵੇਗਾ।
ਉੱਚੇ ਰੁੱਖ ਵੱਢੇ ਜਾਣਗੇ,
ਉੱਚੇ ਰੁੱਖ ਨੀਵੇਂ ਕੀਤੇ ਜਾਣਗੇ।
ਉਹ ਜੰਗਲ ਦੀਆਂ ਝਾੜੀਆਂ ਨੂੰ ਕੁਹਾੜੀ ਨਾਲ ਵੱਢ ਸੁੱਟੇਗਾ।
ਲਬਾਨੋਨ ਸ਼ਕਤੀਮਾਨ ਦੇ ਅੱਗੇ ਡਿੱਗ ਜਾਵੇਗਾ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.