Skip to content
BibleKenya

Biblica® Open Punjabi Contemporary Version 2025

ਇਬਰਾਨੀਆਂ 9

ਧਰਤੀ ਤੇ ਤੰਬੂ ਵਿੱਚ ਅਰਾਧਨਾ

ਪਹਿਲੀ ਵਾਚਾ ਵਿੱਚ ਪਰਮੇਸ਼ਵਰ ਦੀ ਅਰਾਧਨਾ ਅਤੇ ਸੰਸਾਰਿਕ ਪਵਿੱਤਰ ਸਥਾਨ ਵਾਸਤੇ ਨਿਯਮ ਦਿੱਤੇ ਗਏ ਸਨ। ਇੱਕ ਤੰਬੂ ਬਣਾਇਆ ਗਿਆ ਸੀ। ਜਿਸ ਦੇ ਪਹਿਲੇ ਕਮਰੇ ਵਿੱਚ ਸ਼ਮਾਦਾਨ ਅਤੇ ਪਵਿੱਤਰ ਰੋਟੀ ਦਾ ਮੇਜ਼ ਰੱਖਿਆ ਜਾਂਦਾ ਸੀ। ਇਸ ਤੰਬੂ ਨੂੰ ਪਵਿੱਤਰ ਸਥਾਨ ਕਿਹਾ ਜਾਂਦਾ ਸੀ।1 ਦੂਸਰੇ ਪਰਦੇ ਦੇ ਪਿੱਛੇ ਇੱਕ ਕਮਰਾ ਸੀ ਜੋ ਅੱਤ ਪਵਿੱਤਰ ਸਥਾਨ ਕਹਾਉਂਦਾ ਸੀ,2 ਜਿੱਥੇ ਧੂਪ ਲਈ ਸੋਨੇ ਦੀ ਵੇਦੀ ਸੀ ਅਤੇ ਸੋਨੇ ਨਾਲ ਮੜ੍ਹਿਆ ਹੋਇਆ ਵਾਚਾ ਦਾ ਸੰਦੂਕ ਸੀ। ਇਸ ਵਾਚਾ ਦੇ ਸੰਦੂਕ ਵਿੱਚ ਸੋਨੇ ਦਾ ਬਰਤਨ ਮੰਨੇ ਨਾਲ ਭਰਿਆ ਹੋਇਆ, ਹਾਰੋਨ ਦੀ ਲਾਠੀ ਜਿਹੜੀ ਹਮੇਸ਼ਾ ਕੋਮਲ ਪੱਤਿਆਂ ਨਾਲ ਭਰੀ ਰਹਿੰਦੀ ਹੈ ਅਤੇ ਪੱਥਰ ਨਾਲ ਬਣੀਆਂ ਵਾਚਾ ਦੀ ਪੱਟੀਆਂ ਸਨ।3 ਸੰਦੂਕ ਦੇ ਉੱਪਰ ਤੇਜ ਨਾਲ ਭਰੇ ਹੋਏ ਕਰੂਬੀ ਸਨ ਜਿਹੜੇ ਕਿਰਪਾ ਦੇ ਆਸਨ ਨੂੰ ਢੱਕ ਕੇ ਰੱਖਦੇ ਸੀ। ਪਰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਵਿਸਤਾਰ ਵਿੱਚ ਬਿਆਨ ਕਰਨ ਦਾ ਹੁਣ ਸਮਾਂ ਨਹੀਂ ਹੈ।4

ਸਾਰੀਆਂ ਚੀਜ਼ਾਂ ਨੂੰ ਇਸ ਪ੍ਰਕਾਰ ਪ੍ਰਬੰਧ ਕਰਨ ਤੋਂ ਬਾਅਦ ਜਦੋਂ ਜਾਜਕ ਹਰ ਸਮੇਂ ਬਾਹਰੀ ਤੰਬੂ ਵਿੱਚ ਆਪਣੀ ਸੇਵਕਾਈ ਲਈ ਪ੍ਰਵੇਸ਼ ਕਰਦਾ ਸੀ।5 ਪਰ ਕੇਵਲ ਮਹਾਂ ਜਾਜਕ ਹੀ ਬਲੀ ਕੀਤੇ ਜਾਨਵਰ ਦਾ ਲਹੂ ਲੈ ਕੇ ਅੱਤ ਪਵਿੱਤਰ ਕਮਰੇ ਵਿੱਚ ਪ੍ਰਵੇਸ਼ ਕਰਦਾ ਸੀ ਅਤੇ ਉਹ ਵੀ ਸਿਰਫ ਸਾਲ ਵਿੱਚ ਇੱਕ ਹੀ ਵਾਰ, ਆਪਣੇ ਆਪ ਲਈ ਅਤੇ ਹੋਰ ਲੋਕਾਂ ਦੇ ਪਾਪਾਂ ਲਈ ਜੋ ਅਗਿਆਨਤਾ ਵਿੱਚ ਕੀਤੇ ਗਏ ਹੋਣ ਚੜ੍ਹਾਉਂਦਾ ਸੀ।6 ਇਸ ਦੇ ਦੁਆਰਾ ਪਵਿੱਤਰ ਆਤਮਾ ਇਹ ਸਪਸ਼ਟ ਕਰਦਾ ਹੈ ਕਿ ਜਦੋਂ ਤੱਕ ਪਹਿਲਾ ਤੰਬੂ ਕਿਰਿਆਸ਼ੀਲ ਹੈ ਉਦੋਂ ਤੱਕ ਮੁੱਖ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਦਾ ਰਸਤਾ ਬੰਦ ਹੈ। ਇਹ ਬਾਹਰੀ ਤੰਬੂ ਵਰਤਮਾਨ ਸਮੇਂ ਲਈ ਉਧਾਰਨ ਦੇ ਕੇ ਇਹ ਦਰਸਾਉਂਦਾ ਹੈ ਕਿ ਭੇਂਟਾਂ ਤੇ ਬਲੀਆਂ ਜੋ ਜਾਜਕ ਦੁਆਰਾ ਚੜਾਈਆਂ ਜਾਂਦੀਆਂ ਸਨ, ਉਹ ਅਰਾਧਨਾ ਕਰਨ ਵਾਲੇ ਦੇ ਜ਼ਮੀਰ ਨੂੰ ਸ਼ੁੱਧ ਨਹੀਂ ਕਰ ਸਕਦੀ। ਇਹ ਸਿਰਫ ਖਾਣ-ਪੀਣ ਅਤੇ ਵੱਖੋ ਵੱਖਰੇ ਰਸਮੀ ਇਸ਼ਨਾਨ ਦੇ ਮਾਮਲੇ ਹਨ ਇਹ ਸਰੀਰ ਸੰਬਧੀ ਨਿਯਮ ਨਵੇਂ ਆਦੇਸ਼ ਦੇ ਲਾਗੂ ਹੋਣ ਤੱਕ ਹੀ ਜਾਰੀ ਸਨ।

ਮਸੀਹ ਦਾ ਲਹੂ

ਪਰ ਜਦੋਂ ਮਸੀਹ ਉਹਨਾਂ ਚੰਗੀਆਂ ਚੀਜ਼ਾਂ ਦਾ ਮਹਾਂ ਜਾਜਕ ਹੋ ਕੇ ਆਇਆ ਜੋ ਪਹਿਲਾਂ ਹੀ ਇੱਥੇ ਹਨ, ਉਹ ਇੱਕ ਵਿਸ਼ਾਲ ਅਤੇ ਵਧੇਰੇ ਸੰਪੂਰਨ ਡੇਰੇ ਵਿੱਚੋਂ ਲੰਘਿਆ ਜੋ ਮਨੁੱਖੀ ਹੱਥਾਂ ਨਾਲ ਨਹੀਂ ਬਣਾਇਆ ਗਿਆ, ਅਰਥਾਤ ਇਸ ਸ੍ਰਿਸ਼ਟੀ ਦਾ ਹਿੱਸਾ ਨਹੀਂ ਹੈ। ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਰਾਹੀਂ ਦਾਖਲ ਨਹੀਂ ਹੋਇਆ; ਪਰ ਉਹ ਆਪਣੇ ਲਹੂ ਦੁਆਰਾ ਸਭ ਤੋਂ ਪਵਿੱਤਰ ਸਥਾਨ ਵਿੱਚ ਇੱਕ ਵਾਰ ਦਾਖਲ ਹੋਇਆ, ਇਸ ਤਰ੍ਹਾਂ ਸਦੀਪਕ ਛੁਟਕਾਰਾ ਪ੍ਰਾਪਤ ਹੋਇਆ। ਬੱਕਰਿਆਂ ਅਤੇ ਬਲਦਾਂ ਦਾ ਲਹੂ ਅਤੇ ਇੱਕ ਵੱਛੀ ਦੀ ਸੁਆਹ ਉਹਨਾਂ ਉੱਤੇ ਛਿੜਕੀ ਜਾਂਦੀ ਹੈ ਜੋ ਰਸਮੀ ਤੌਰ ਤੇ ਅਸ਼ੁੱਧ ਹਨ ਉਹਨਾਂ ਨੂੰ ਪਵਿੱਤਰ ਕਰਦੇ ਹਨ ਤਾਂ ਜੋ ਉਹ ਬਾਹਰੋਂ ਸ਼ੁੱਧ ਹੋ ਜਾਣ। ਤਾਂ ਫਿਰ, ਮਸੀਹ ਦਾ ਲਹੂ ਕਿੰਨਾ ਵਧੀਕ ਨਿਰਦੋਸ਼ ਹੋਵੇਗਾ, ਜਿਸ ਨੇ ਸਦੀਪਕ ਆਤਮਾ ਦੁਆਰਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪੇਸ਼ ਕੀਤਾ, ਕਿ ਸਾਡੇ ਜ਼ਮੀਰ ਨੂੰ ਉਹਨਾਂ ਕੰਮਾਂ ਤੋਂ ਸ਼ੁੱਧ ਕਰੇ ਜੋ ਮੌਤ ਵੱਲ ਲੈ ਜਾਂਦੇ ਹਨ, ਤਾਂ ਜੋ ਅਸੀਂ ਜੀਉਂਦੇ ਪਰਮੇਸ਼ਵਰ ਦੀ ਸੇਵਾ ਕਰ ਸਕੀਏ!

ਇਸ ਲਈ ਮਸੀਹ ਇੱਕ ਨਵੇਂ ਨੇਮ ਦਾ ਵਿਚੋਲਾ ਹੈ, ਤਾਂ ਜੋ ਉਹ ਸਾਰੇ ਜਿਹੜੇ ਬੁਲਾਏ ਗਏ ਹਨ ਉਹ ਵਾਅਦਾ ਕੀਤੀ ਗਈ ਸਦੀਪਕ ਵਿਰਾਸਤ ਨੂੰ ਪ੍ਰਾਪਤ ਕਰ ਸਕਣ, ਕਿਉਂਕਿ ਉਸ ਦੀ ਮੌਤ ਦੁਆਰਾ ਉਨ੍ਹਾਂ ਨੇ ਉਹਨਾਂ ਅਪਰਾਧਾਂ ਲਈ ਛੁਟਕਾਰਾ ਪਾਇਆ ਜੋ ਉਨ੍ਹਾਂ ਨੇ ਪਹਿਲੇ ਨੇਮ ਦੇ ਅਧੀਨ ਕੀਤੇ ਸਨ।

ਵਸੀਅਤ ਦੇ ਮਾਮਲੇ ਵਿੱਚ ਵੀ ਇਸ ਨੂੰ ਬਣਾਉਣ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਜ਼ਰੂਰੀ ਹੈ। ਕਿਉਂਕਿ ਵਸੀਅਤ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ; ਇਹ ਓਦੋਂ ਤੱਕ ਪ੍ਰਭਾਵਸ਼ਾਲੀ ਨਹੀਂ ਹੁੰਦਾ ਜਦੋਂ ਤੱਕ ਕਿ ਜਿਸ ਨੇ ਇਸ ਨੂੰ ਬਣਾਇਆ ਹੈ ਉਹ ਜੀਉਂਦਾ ਹੈ। ਇਹੀ ਕਾਰਨ ਹੈ ਕਿ ਪਹਿਲੀ ਵਾਚਾ ਖੂਨ ਦੇ ਬਿਨ੍ਹਾਂ ਪ੍ਰਭਾਵ ਨਹੀਂ ਪਾ ਸਕੀ। ਜਦੋਂ ਮੋਸ਼ੇਹ ਨੇ ਸਾਰੇ ਲੋਕਾਂ ਨੂੰ ਬਿਵਸਥਾ ਦੇ ਹਰ ਨਿਯਮ ਦਾ ਐਲਾਨ ਕਰ ਦਿੱਤਾ, ਉਸ ਨੇ ਵੱਛਿਆਂ ਅਤੇ ਬੱਕਰਿਆਂ ਦਾ ਲਹੂ ਲਿਆ ਜਿਸ ਨੂੰ ਪਾਣੀ ਅਤੇ ਲਾਲ ਰੰਗ ਦੀ ਉੱਨ ਅਤੇ ਜ਼ੈਫ਼ੇ ਦੀਆਂ ਟਹਿਣੀਆਂ ਦੇ ਨਾਲ, ਸਾਰੇ ਲੋਕਾਂ ਉੱਤੇ ਛਿੜਕਿਆ।7 ਮੋਸ਼ੇਹ ਨੇ ਲੋਕਾਂ ਨੂੰ ਕਿਹਾ, “ਇਹ ਉਸ ਨੇਮ ਦਾ ਲਹੂ ਹੈ, ਜਿਸ ਨੂੰ ਪਰਮੇਸ਼ਵਰ ਨੇ ਤੁਹਾਨੂੰ ਮੰਨਣ ਦਾ ਹੁਕਮ ਦਿੱਤਾ ਹੈ।”8 ਇਸੇ ਤਰ੍ਹਾਂ, ਉਸ ਨੇ ਤੰਬੂ ਅਤੇ ਇਸ ਦੀਆਂ ਰਸਮਾਂ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਉੱਤੇ ਲਹੂ ਛਿੜਕਿਆ।9 ਦਰਅਸਲ, ਬਿਵਸਥਾ ਦੀ ਮੰਗ ਹੈ ਕਿ ਲਗਭਗ ਹਰ ਚੀਜ਼ ਨੂੰ ਖੂਨ ਨਾਲ ਸ਼ੁੱਧ ਕੀਤਾ ਜਾਵੇ, ਅਤੇ ਖੂਨ ਵਹਾਏ ਬਗੈਰ ਕੋਈ ਮਾਫ਼ੀ ਨਹੀਂ ਹੈ।10

ਇਹ ਜ਼ਰੂਰੀ ਸੀ ਕਿ ਸਵਰਗੀ ਚੀਜ਼ਾਂ ਦੇ ਨਮੂਨਿਆਂ ਨੂੰ ਇਨ੍ਹਾਂ ਬਲੀਦਾਨਾਂ ਨਾਲ ਸ਼ੁੱਧ ਕੀਤਾ ਜਾਏ, ਪਰ ਸਵਰਗੀ ਚੀਜ਼ਾਂ ਆਪ ਹੀ ਇਨ੍ਹਾਂ ਤੋਂ ਉੱਤਮ ਬਲੀਦਾਨ ਨਾਲ ਸ਼ੁੱਧ ਕੀਤੀਆਂ ਜਾਣ। ਕਿਉਂਕਿ ਮਸੀਹ ਮਨੁੱਖੀ ਹੱਥਾਂ ਨਾਲ ਬਣੇ ਪਵਿੱਤਰ ਅਸਥਾਨ ਵਿੱਚ ਦਾਖਲ ਨਹੀਂ ਹੋਇਆ ਜੋ ਅਸਲ ਦੀ ਨਕਲ ਸੀ; ਸਗੋਂ ਸਵਰਗ ਵਿੱਚ ਗਿਆ ਕਿ ਸਾਡੇ ਲਈ ਪਰਮੇਸ਼ਵਰ ਦੇ ਅੱਗੇ ਪੇਸ਼ ਹੋਵੇ। ਨਾ ਹੀ ਮਸੀਹ ਆਪਣੇ ਆਪ ਨੂੰ ਵਾਰ-ਵਾਰ ਪੇਸ਼ ਕਰਨ ਲਈ ਸਵਰਗ ਵਿੱਚ ਦਾਖਲ ਹੋਇਆ, ਜਿਸ ਤਰ੍ਹਾਂ ਮਹਾਂ ਜਾਜਕ ਹਰ ਸਾਲ ਅੱਤ ਪਵਿੱਤਰ ਸਥਾਨ ਵਿੱਚ ਖੂਨ ਲੈ ਕੇ ਦਾਖਲ ਹੁੰਦਾ ਹੈ ਜੋ ਉਸ ਦਾ ਆਪਣਾ ਨਹੀਂ ਹੁੰਦਾ ਸੀ। ਨਹੀਂ ਤਾਂ ਮਸੀਹ ਨੂੰ ਸੰਸਾਰ ਦੇ ਸਿਰਜਣ ਤੋਂ ਲੈ ਕੇ ਕਈ ਵਾਰ ਦੁੱਖ ਝੱਲਣੇ ਪੈਂਦੇ। ਪਰ ਹੁਣ ਯੁੱਗਾਂ ਦੇ ਅੰਤ ਵਿੱਚ ਮਸੀਹ ਇੱਕੋ ਵਾਰ ਪ੍ਰਗਟ ਹੋਇਆ ਹੈ ਕਿ ਆਪਣੇ ਆਪ ਨੂੰ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ। ਜਿਸ ਤਰ੍ਹਾਂ ਲੋਕਾਂ ਦਾ ਇੱਕ ਵਾਰ ਮਰਨਾ ਅਤੇ ਉਸ ਤੋਂ ਬਾਅਦ ਉਸ ਦਾ ਨਿਆਂ ਹੋਣਾ ਠਹਿਰਾਇਆ ਹੋਇਆ ਹੈ,11 ਇਸ ਲਈ ਬਹੁਤ ਸਾਰੇ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਮਸੀਹ ਨੂੰ ਇੱਕੋ ਵਾਰ ਬਲੀਦਾਨ ਹੋਣਾ ਪਿਆ; ਅਤੇ ਉਹ ਦੂਜੀ ਵਾਰ ਪ੍ਰਗਟ ਹੋਵੇਗਾ, ਪਾਪ ਦੂਰ ਕਰਨ ਲਈ ਨਹੀਂ, ਬਲਕਿ ਉਹਨਾਂ ਦੀ ਮੁਕਤੀ ਲਈ ਜੋ ਉਸ ਦੀ ਉਡੀਕ ਕਰ ਰਹੇ ਹਨ।

Source notes (11)
  1. Footnote ਕੂਚ 25:23-30; 26:1-30
  2. Footnote ਕੂਚ 26:31-33
  3. Footnote ਕੂਚ 16:33; 25:10-16; 30:1-6; ਗਿਣ 17:8-10; ਬਿਵ 10:3
  4. Footnote ਕੂਚ 25:18-22
  5. Footnote ਕੂਚ 27:21
  6. Footnote ਕੂਚ 30:10; ਲੇਵਿ 16:2
  7. Footnote ਲੇਵਿ 14:4; ਗਿਣ 19:6
  8. Footnote ਕੂਚ 24:8
  9. Footnote ਲੇਵਿ 8:15; 19
  10. Footnote ਲੇਵਿ 17:11
  11. Footnote 2 ਕੁਰਿੰ 5:10; ਉਪ 12:14

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.