Biblica® Open Punjabi Contemporary Version 2025
ਇਬਰਾਨੀਆਂ 7
ਜਾਜਕ ਮਲਕਿਸਿਦੇਕ
ਇਹ ਮਲਕਿਸਿਦੇਕ ਸ਼ਾਲੇਮ1 ਨਗਰ ਦਾ ਰਾਜਾ ਸੀ ਅਤੇ ਅੱਤ ਮਹਾਨ ਪਰਮੇਸ਼ਵਰ ਦਾ ਜਾਜਕ ਸੀ। ਉਹ ਅਬਰਾਹਾਮ ਨੂੰ ਉਦੋਂ ਮਿਲਿਆ ਅਤੇ ਉਸ ਨੂੰ ਅਸੀਸ ਵੀ ਦਿੱਤੀ ਜਦੋਂ ਅਬਰਾਹਾਮ ਰਾਜਿਆਂ ਨੂੰ ਹਰਾ ਕੇ ਵਾਪਸ ਆ ਰਿਹਾ ਸੀ,2 ਅਤੇ ਅਬਰਾਹਾਮ ਨੇ ਮਲਕਿਸਿਦੇਕ ਨੂੰ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ। ਮਲਕਿਸਿਦੇਕ ਨਾਮ ਦਾ ਪਹਿਲਾ ਅਰਥ, “ਧਰਮ ਦਾ ਰਾਜਾ” ਹੈ; ਅਤੇ ਦੂਸਰਾ ਅਰਥ “ਸ਼ਾਂਤੀ ਦਾ ਰਾਜਾ” ਕਿਉਂਕਿ ਉਹ “ਸ਼ਾਲੇਮ ਦਾ ਰਾਜਾ ਸੀ।” ਮਲਕਿਸਿਦੇਕ ਦੀ ਵੰਸ਼ਾਵਲੀ ਬਾਰੇ ਕੋਈ ਵੀ ਕੁਝ ਨਹੀਂ ਜਾਣਦਾ, ਜਿਸ ਦਾ ਨਾ ਤਾਂ ਪਿਤਾ ਨਾ ਹੀ ਮਾਤਾ ਦਾ ਅਤੇ ਨਾ ਹੀ ਵੰਸ਼ਾਵਲੀ ਦਾ ਪਤਾ ਹੈ, ਜਿਸਦਾ ਨਾ ਤਾਂ ਦਿਨਾਂ ਦਾ ਅਰੰਭ ਹੈ ਅਤੇ ਨਾ ਹੀ ਜੀਵਨ ਦਾ ਅੰਤ, ਉਹ ਪਰਮੇਸ਼ਵਰ ਦੇ ਪੁੱਤਰ ਦੀ ਤਰ੍ਹਾਂ ਸਦਾ ਦਾ ਜਾਜਕ ਹੈ।
ਜ਼ਰਾ ਸੋਚੋ ਕਿ ਮਲਕਿਸਿਦੇਕ ਕਿੰਨਾ ਮਹਾਨ ਸੀ: ਇੱਥੋਂ ਤੱਕ ਕਿ ਕੁਲਪਤੀ ਅਬਰਾਹਾਮ ਨੇ ਵੀ ਉਸ ਨੂੰ ਲੁੱਟ ਦੇ ਮਾਲ ਦਾ ਦਸਵਾਂ ਹਿੱਸਾ ਦਿੱਤਾ ਸੀ! ਮੋਸ਼ੇਹ ਦੁਆਰਾ ਪੇਸ਼ ਕੀਤੇ ਗਏ ਕਾਨੂੰਨ ਵਿੱਚ, ਲੇਵੀ ਦੇ ਉੱਤਰਾਧਿਕਾਰੀ, ਜਿਨ੍ਹਾਂ ਨੂੰ ਜਾਜਕਾਂ ਦੇ ਯੋਗ ਚੁਣਿਆ ਜਾਂਦਾ ਹੈ, ਉਹਨਾਂ ਨੂੰ ਇਸਰਾਏਲੀ ਲੋਕਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਹੈ, ਅਰਥਾਤ ਉਹਨਾਂ ਲੋਕਾਂ ਤੋਂ ਜੋ ਅਬਰਾਹਾਮ ਦੇ ਅੰਸ ਤੋਂ ਸਨ।3 ਹਾਲਾਂਕਿ, ਮਲਕਿਸਿਦੇਕ ਦੇ ਵੰਸ਼ ਦਾ ਕਿਸੇ ਨੂੰ ਨਹੀਂ ਪਤਾ, ਫਿਰ ਵੀ ਉਸ ਨੇ ਅਬਰਾਹਾਮ ਤੋਂ ਦਸਵਾਂ ਹਿੱਸਾ ਲਿਆ ਅਤੇ ਉਸ ਨੂੰ ਅਸੀਸ ਦਿੱਤੀ ਜਿਸ ਦੇ ਵਾਅਦੇ ਕੀਤੇ ਗਏ ਸਨ। ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਛੋਟੇ ਨੂੰ ਵੱਡੇ ਦੁਆਰਾ ਅਸੀਸ ਦਿੱਤੀ ਜਾਂਦੀ ਹੈ। ਇੱਕ ਤਰਫ, ਦਸਵਾਂ ਹਿੱਸਾ ਉਹਨਾਂ ਲੋਕਾਂ ਦੁਆਰਾ ਇਕੱਠਾ ਕੀਤਾ ਜਾਂਦਾ ਹੈ ਜੋ ਮਰਨ ਵਾਲੇ ਹੋਣ; ਪਰ ਦੂਸਰੀ ਤਰਫ, ਮਲਕਿਸਿਦੇਕ ਦੁਆਰਾ ਜਿਸ ਬਾਰੇ ਗਵਾਹੀ ਦਿੱਤੀ ਜਾਂਦੀ ਹੈ ਭਈ ਉਹ ਜਿਉਂਦਾ ਹੈ। ਕੋਈ ਇਹ ਵੀ ਕਹਿ ਸਕਦਾ ਹੈ ਕਿ ਲੇਵੀ ਨੇ ਵੀ, ਜੋ ਦਸਵਾਂ ਹਿੱਸਾ ਇਕੱਠਾ ਕਰਦਾ ਹੈ, ਅਬਰਾਹਾਮ ਦੇ ਦੁਆਰਾ ਦਸਵੰਧ ਦਿੱਤਾ, ਕਿਉਂਕਿ ਜਦੋਂ ਮਲਕਿਸਿਦੇਕ ਅਬਰਾਹਾਮ ਨੂੰ ਮਿਲਿਆ, ਲੇਵੀ ਅਜੇ ਵੀ ਆਪਣੇ ਪੂਰਵਜ ਅਬਰਾਹਾਮ ਦੇ ਸਰੀਰ ਵਿੱਚ ਸੀ।4
ਯਿਸ਼ੂ ਮਲਕਿਸਿਦੇਕ ਵਾਂਗ
ਜੇ ਸੰਪੂਰਨਤਾ ਲੇਵੀਆਂ ਦੀ ਜਾਜਕਤਾ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਸੀ ਅਤੇ ਜਿਸ ਦੇ ਹੁੰਦਿਆ ਲੋਕਾਂ ਨੂੰ ਬਿਵਸਥਾ ਮਿਲੀ ਸੀ ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦੇਕ ਦੇ ਕ੍ਰਮ ਤੋਂ ਕੋਈ ਹੋਰ ਜਾਜਕ ਆਉਂਦਾ ਅਤੇ ਜੋ ਹਾਰੋਨ ਦੇ ਕ੍ਰਮ ਵਿੱਚ ਨਾ ਗਿਣਿਆ ਜਾਂਦਾ? ਕਿਉਂਕਿ ਜਦੋਂ ਜਾਜਕ ਦਾ ਪਦ ਬਦਲਿਆ ਜਾਂਦਾ ਹੈ, ਤਾਂ ਬਿਵਸਥਾ ਬਦਲਣਾ ਵੀ ਜ਼ਰੂਰੀ ਹੈ। ਉਹ ਜਿਸ ਦੇ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਹਨ ਇੱਕ ਵੱਖਰੇ ਗੋਤ ਨਾਲ ਸਬੰਧਤ ਹੈ, ਅਤੇ ਉਸ ਗੋਤ ਦੇ ਕਿਸੇ ਨੇ ਵੀ ਕਦੇ ਜਗਵੇਦੀ ਦੀ ਸੇਵਾ ਨਹੀਂ ਕੀਤੀ। ਕਿਉਂਕਿ ਇਹ ਸਪੱਸ਼ਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਗੋਤ ਤੋਂ ਆਇਆ ਸੀ, ਅਤੇ ਉਸ ਗੋਤ ਦੇ ਸੰਬੰਧ ਵਿੱਚ ਮੋਸ਼ੇਹ ਨੇ ਜਾਜਕਾਂ ਬਾਰੇ ਕੁਝ ਨਹੀਂ ਸੀ ਕਿਹਾ। ਅਤੇ ਜੋ ਅਸੀਂ ਕਿਹਾ ਹੈ ਉਹ ਹੋਰ ਵੀ ਸਪੱਸ਼ਟ ਹੈ ਜੇ ਮਲਕਿਸਿਦੇਕ ਵਰਗਾ ਕੋਈ ਹੋਰ ਜਾਜਕ ਪ੍ਰਗਟ ਹੁੰਦਾ ਹੈ, ਉਹ ਜੋ ਇੱਕ ਜਾਜਕ ਬਣ ਗਿਆ ਹੈ ਆਪਣੇ ਸਰੀਰ ਦੇ ਨਿਯਮਾਂ ਦੇ ਅਧਾਰ ਤੇ ਨਹੀਂ ਬਲਕਿ ਇੱਕ ਅਵਿਨਾਸ਼ੀ ਜੀਵਨ ਦੀ ਸ਼ਕਤੀ ਦੇ ਅਧਾਰ ਤੇ। ਕਿਉਂਕਿ ਇਹ ਬਚਨ ਵਿੱਚ ਘੋਸ਼ਿਤ ਕੀਤਾ ਗਿਆ ਹੈ:
“ਤੂੰ ਮਲਕਿਸਿਦੇਕ ਦੇ ਕ੍ਰਮ ਵਿੱਚ,
ਸਦਾ ਤੱਕ ਦਾ ਜਾਜਕ ਹੈ।”
ਪਹਿਲੇ ਨਿਯਮਾਂ ਨੂੰ ਇਸ ਲਈ ਰੱਦ ਕੀਤਾ ਗਿਆ ਹੈ ਕਿਉਂਕਿ ਇਹ ਕਮਜ਼ੋਰ ਅਤੇ ਨਿਸ਼ਫਲ ਸੀ। (ਕਿਉਂਕਿ ਬਿਵਸਥਾ ਨੇ ਕੁਝ ਵੀ ਸੰਪੂਰਨ ਨਹੀਂ ਬਣਾਇਆ), ਅਤੇ ਉਸ ਦੀ ਜਗ੍ਹਾ ਇੱਕ ਬਿਹਤਰ ਉਮੀਦ ਰੱਖੀ ਗਈ ਹੈ, ਜਿਸ ਦੁਆਰਾ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ।
ਅਤੇ ਇਹ ਸਹੁੰ ਤੋਂ ਬਿਨ੍ਹਾਂ ਨਹੀਂ ਹੋਇਆ ਸੀ! ਦੂਸਰੇ ਬਿਨ੍ਹਾਂ ਕਿਸੇ ਸਹੁੰ ਦੇ ਜਾਜਕ ਬਣ ਗਏ, ਪਰ ਯਿਸ਼ੂ ਸਹੁੰ ਖਾ ਕੇ ਜਾਜਕ ਬਣ ਗਿਆ ਜਦੋਂ ਪਰਮੇਸ਼ਵਰ ਨੇ ਉਸ ਨੂੰ ਕਿਹਾ:
“ਪ੍ਰਭੂ ਨੇ ਸਹੁੰ ਖਾਧੀ ਹੈ
ਅਤੇ ਉਹ ਆਪਣਾ ਮਨ ਨਹੀਂ ਬਦਲੇਗਾ:
‘ਤੂੰ ਸਦਾ ਲਈ ਇੱਕ ਜਾਜਕ ਹੈ।’ ”
ਇਸ ਸਹੁੰ ਦੇ ਕਾਰਨ, ਯਿਸ਼ੂ ਇੱਕ ਬਿਹਤਰ ਵਾਚਾ ਦਾ ਜ਼ਿੰਮੇਵਾਰ ਬਣ ਗਿਆ ਹੈ।
ਹੁਣ ਉਹਨਾਂ ਵਿੱਚੋਂ ਬਹੁਤ ਸਾਰੇ ਜਾਜਕ ਹੋ ਗਏ ਹਨ, ਕਿਉਂਕਿ ਮੌਤ ਨੇ ਉਹਨਾਂ ਨੂੰ ਅਹੁਦੇ ਉੱਤੇ ਬਣੇ ਰਹਿਣ ਤੋਂ ਰੋਕਿਆ; ਪਰ ਕਿਉਂਕਿ ਯਿਸ਼ੂ ਸਦਾ ਲਈ ਜੀਉਂਦਾ ਹੈ, ਉਸ ਦਾ ਇੱਕ ਅਟੱਲ ਜਾਜਕ ਪਦ ਹੈ। ਇਸ ਲਈ ਉਹ ਉਹਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਯੋਗ ਹੈ ਜੋ ਉਸ ਦੇ ਦੁਆਰਾ ਪਰਮੇਸ਼ਵਰ ਕੋਲ ਆਉਂਦੇ ਹਨ, ਕਿਉਂਕਿ ਉਹ ਹਮੇਸ਼ਾ ਉਹਨਾਂ ਲਈ ਵਿਚੋਲਗੀ ਕਰਨ ਲਈ ਜੀਉਂਦਾ ਹੈ।
ਅਜਿਹਾ ਮਹਾਂ ਜਾਜਕ ਸੱਚ-ਮੁੱਚ ਸਾਡੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਯਿਸ਼ੂ ਜੋ ਪਵਿੱਤਰ, ਨਿਰਦੋਸ਼, ਸ਼ੁੱਧ, ਪਾਪੀਆਂ ਤੋਂ ਅਲੱਗ, ਸਵਰਗ ਤੋਂ ਉੱਚਾ ਹੈ। ਦੂਜੇ ਮੁੱਖ ਜਾਜਕਾਂ ਦੇ ਉਲਟ, ਉਸ ਨੂੰ ਦਿਨ ਪ੍ਰਤੀ ਦਿਨ ਬਲੀਆਂ ਚੜ੍ਹਾਉਣ ਦੀ ਜ਼ਰੂਰਤ ਨਹੀਂ, ਪਹਿਲਾਂ ਆਪਣੇ ਪਾਪਾਂ ਲਈ, ਅਤੇ ਫਿਰ ਲੋਕਾਂ ਦੇ ਪਾਪਾਂ ਲਈ। ਉਸ ਨੇ ਉਹਨਾਂ ਦੇ ਪਾਪਾਂ ਲਈ ਇੱਕ ਵਾਰ ਸਾਰਿਆਂ ਲਈ ਬਲੀਦਾਨ ਚੜ੍ਹਾ ਦਿੱਤਾ ਜਦੋਂ ਉਸ ਨੇ ਆਪਣੇ ਆਪ ਨੂੰ ਭੇਟ ਕੀਤਾ।5 ਕਿਉਂਕਿ ਮੋਸ਼ੇਹ ਦੀ ਬਿਵਸਥਾ ਉਹਨਾਂ ਦੀ ਸਾਰੀ ਕਮਜ਼ੋਰੀ ਵਿੱਚ ਮਹਾਂ ਜਾਜਕਾਂ ਵਜੋਂ ਨਿਯੁਕਤ ਕਰਦੀ ਹੈ; ਪਰ ਸਹੁੰ, ਜੋ ਬਿਵਸਥਾ ਦੇ ਬਾਅਦ ਆਈ ਸੀ, ਪੁੱਤਰ ਨੂੰ ਨਿਯੁਕਤ ਕੀਤਾ, ਜੋ ਸਦਾ ਲਈ ਸੰਪੂਰਣ ਬਣਾਇਆ ਗਿਆ ਹੈ।
Source notes (5)
- Footnote ਯੇਰੂਸ਼ਲੇਮ ਦਾ ਪੁਰਾਣਾ ਨਾਮ
- Footnote ਉਤ 14:17-20
- Footnote ਗਿਣ 18:21
- Footnote ਉਤ 14:18-20
- Footnote ਲੇਵਿ 16:6; ਇਬ 10:10; 12:14
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.