Biblica® Open Punjabi Contemporary Version 2025
ਇਬਰਾਨੀਆਂ 3
ਯਿਸ਼ੂ ਮੋਸ਼ੇਹ ਨਾਲੋਂ ਮਹਾਨ ਹਨ
ਇਸ ਲਈ, ਪਵਿੱਤਰ ਭਰਾਵੋ ਅਤੇ ਭੈਣੋ, ਜੋ ਸਵਰਗੀ ਸੱਦੇ ਵਿੱਚ ਹਿੱਸਾ ਲੈਂਦੇ ਹੋ, ਯਿਸ਼ੂ ਵੱਲ ਧਿਆਨ ਕਰੋ, ਜਿਸ ਨੂੰ ਅਸੀਂ ਰਸੂਲ ਅਤੇ ਮਹਾਂ ਜਾਜਕ ਵਜੋਂ ਸਵੀਕਾਰ ਕਰਦੇ ਹਾਂ। ਉਹ ਉਸ ਵਿਅਕਤੀ ਪ੍ਰਤੀ ਵਫ਼ਾਦਾਰ ਸੀ ਜਿਸ ਨੇ ਉਸ ਨੂੰ ਨਿਯੁਕਤ ਕੀਤਾ ਸੀ, ਜਿਵੇਂ ਮੋਸ਼ੇਹ ਪਰਮੇਸ਼ਵਰ ਦੇ ਸਾਰੇ ਘਰ ਵਿੱਚ ਵਫ਼ਾਦਾਰ ਸੀ। ਯਿਸ਼ੂ ਨੂੰ ਮੋਸ਼ੇਹ ਨਾਲੋਂ ਵਧੇਰੇ ਸਨਮਾਨ ਦੇ ਯੋਗ ਪਾਇਆ ਗਿਆ ਹੈ, ਜਿਵੇਂ ਕਿ ਘਰ ਬਣਾਉਣ ਵਾਲੇ ਨੂੰ ਘਰ ਨਾਲੋਂ ਵੱਡਾ ਆਦਰ ਦਿੱਤਾ ਜਾਂਦਾ ਹੈ। ਕਿਉਂਕਿ ਹਰ ਘਰ ਤਾਂ ਕਿਸੇ ਨਾ ਕਿਸੇ ਨੇ ਬਣਾਇਆ ਹੈ, ਪਰ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਹੈ। “ਮੋਸ਼ੇਹ ਪਰਮੇਸ਼ਵਰ ਦੇ ਸਾਰੇ ਘਰ ਵਿੱਚ ਇੱਕ ਸੇਵਕ ਦੀ ਨਿਆਈਂ ਵਫ਼ਾਦਾਰ ਸੀ,” ਕਿ ਉਹ ਭਵਿੱਖ ਵਿੱਚ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ।1 ਪਰ ਮਸੀਹ ਪੁੱਤਰ ਦੀ ਨਿਆਈਂ ਪਰਮੇਸ਼ਵਰ ਦੇ ਪਰਿਵਾਰ ਉੱਤੇ ਵਫ਼ਾਦਾਰ ਹੈ ਅਤੇ ਅਸੀਂ ਉਸ ਦਾ ਪਰਿਵਾਰ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਵਿਸ਼ਵਾਸ ਅਤੇ ਉਮੀਦ ਨੂੰ ਪੱਕੇ ਤੌਰ ਤੇ ਫੜੀ ਰੱਖਦੇ ਹਾਂ ਜਿਸ ਵਿੱਚ ਅਸੀਂ ਮਾਣ ਕਰਦੇ ਹਾਂ।
ਅਵਿਸ਼ਵਾਸ ਦੇ ਵਿਰੁੱਧ ਚੇਤਾਵਨੀ
ਇਸ ਲਈ, ਜਿਵੇਂ ਪਵਿੱਤਰ ਆਤਮਾ ਕਹਿੰਦਾ ਹੈ:
“ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ,
ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ
ਜਿਵੇਂ ਤੁਹਾਡੇ ਪੁਰਖਿਆਂ ਨੇ ਬਗਾਵਤ ਕੀਤੀ ਸੀ,
ਉਜਾੜ ਵਿੱਚ ਪਰੀਖਿਆ ਦੇ ਸਮੇਂ,
ਜਿੱਥੇ ਤੁਹਾਡੇ ਪੁਰਖਿਆਂ ਨੇ ਚਾਲੀ ਸਾਲਾਂ ਤੱਕ,
ਮੇਰੇ ਮਹਾਨ ਕੰਮਾਂ ਨੂੰ ਵੇਖਣ ਤੋਂ ਬਾਅਦ ਵੀ ਮੈਨੂੰ ਪਰਖਿਆ ਅਤੇ ਜਾਂਚਿਆ।2
ਇਸੇ ਕਰਕੇ ਮੈਂ ਉਸ ਪੀੜ੍ਹੀ ਨਾਲ ਗੁੱਸੇ ਸੀ;
ਮੈਂ ਕਿਹਾ, ‘ਉਹਨਾਂ ਦੇ ਦਿਲ ਹਮੇਸ਼ਾ ਕੁਰਾਹੇ ਪੈ ਜਾਂਦੇ ਹਨ,
ਅਤੇ ਉਹਨਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।’
ਇਸ ਲਈ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ,
‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ ”3
ਹੇ ਭਰਾਵੋ ਅਤੇ ਭੈਣੋ, ਇਸ ਵੱਲ ਧਿਆਨ ਦਿਓ ਕਿ ਤੁਹਾਡੇ ਵਿੱਚੋਂ ਕਿਸੇ ਦਾ ਵੀ ਪਾਪੀ, ਜਾਂ ਅਵਿਸ਼ਵਾਸੀ ਦਿਲ ਨਾ ਹੋਵੇ ਤਾਂ ਜੋ ਤੁਸੀਂ ਜਿਉਂਦੇ ਪਰਮੇਸ਼ਵਰ ਤੋਂ ਦੂਰ ਨਾ ਹੋ ਜਾਵੋ। ਪਰ ਰੋਜ਼ਾਨਾ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ, ਜਿੰਨਾ ਚਿਰ ਇਸ ਨੂੰ “ਅੱਜ” ਦਾ ਦਿਨ ਕਿਹਾ ਜਾਂਦਾ ਹੈ, ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਪਾਪ ਦੇ ਧੋਖੇ ਨਾਲ ਕਠੋਰ ਨਾ ਹੋਵੇ। ਅਸੀਂ ਮਸੀਹ ਵਿੱਚ ਸਾਂਝੀ ਹੋਣ ਲਈ ਆਏ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਅਸਲ ਵਿਸ਼ਵਾਸ ਨੂੰ ਅਖ਼ੀਰ ਤੱਕ ਦ੍ਰਿੜਤਾ ਨਾਲ ਫੜ੍ਹੀ ਰੱਖੀਏ। ਜਿਵੇਂ ਬਚਨ ਵਿੱਚ ਕਿਹਾ ਗਿਆ ਹੈ:
“ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ,
ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ
ਜਿਵੇਂ ਤੁਸੀਂ ਬਗਾਵਤ ਵਿੱਚ ਕੀਤਾ ਸੀ।”
ਉਹ ਕੌਣ ਸਨ ਜਿਨ੍ਹਾਂ ਨੇ ਸੁਣਿਆ ਅਤੇ ਬਗਾਵਤ ਕੀਤੀ? ਕੀ ਉਹ ਸਾਰੇ ਇਸਰਾਏਲੀ ਨਹੀਂ ਸਨ ਜਿਨ੍ਹਾਂ ਨੂੰ ਮੋਸ਼ੇਹ ਨੇ ਮਿਸਰ ਦੇਸ਼ ਵਿੱਚੋਂ ਬਾਹਰ ਕੱਢਿਆ ਸੀ? ਅਤੇ ਉਹ ਕਿਸ ਨਾਲ ਚਾਲੀ ਸਾਲਾਂ ਤੋਂ ਗੁੱਸੇ ਸੀ? ਕੀ ਉਹਨਾਂ ਲੋਕਾਂ ਨਾਲ ਨਹੀਂ ਜਿਨ੍ਹਾਂ ਨੇ ਪਾਪ ਕੀਤਾ ਸੀ, ਜਿਨ੍ਹਾਂ ਦੇ ਸਰੀਰ ਉਜਾੜ ਵਿੱਚ ਨਾਸ਼ ਹੋ ਗਏ?4 ਅਤੇ ਪਰਮੇਸ਼ਵਰ ਨੇ ਕਿਸ ਦੇ ਨਾਲ ਸਹੁੰ ਖਾਧੀ ਸੀ ਕਿ ਉਹ ਪਰਮੇਸ਼ਵਰ ਦੇ ਆਰਾਮ ਵਿੱਚ ਕਦੇ ਨਹੀਂ ਦਾਖਲ ਹੋਣਗੇ ਉਹਨਾਂ ਨਾਲ ਜਿਹੜੇ ਅਣ-ਆਗਿਆਕਾਰੀ ਸਨ?5 ਇਸ ਲਈ ਅਸੀਂ ਵੇਖਦੇ ਹਾਂ ਕਿ ਉਹ ਉਹਨਾਂ ਦੇ ਅਵਿਸ਼ਵਾਸ ਦੇ ਕਾਰਨ ਆਰਾਮ ਦੀ ਜਗ੍ਹਾ ਦਾਖ਼ਲ ਨਾ ਹੋ ਸਕੇ।
Source notes (5)
- Footnote ਗਿਣ 12:7
- Footnote ਕੂਚ 17:7; ਗਿਣ 20:2-5; 13
- Footnote ਗਿਣ 14:21-23; ਬਿਵ 1:34-35
- Footnote ਗਿਣ 14:29
- Footnote ਜ਼ਬੂ 106:24-26
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.