Biblica® Open Punjabi Contemporary Version 2025
ਉਤਪਤ 23
ਸਾਰਾਹ ਦੀ ਮੌਤ
ਸਾਰਾਹ ਇੱਕ ਸੌ ਸਤਾਈ ਸਾਲ ਦੀ ਉਮਰ ਤੱਕ ਜੀਉਂਦੀ ਰਹੀ। ਉਹ ਕਨਾਨ ਦੇਸ਼ ਵਿੱਚ ਕਿਰਯਥ ਅਰਬਾ (ਅਰਥਾਤ ਹੇਬਰੋਨ) ਵਿੱਚ ਮਰ ਗਈ ਅਤੇ ਅਬਰਾਹਾਮ ਸਾਰਾਹ ਲਈ ਸੋਗ ਕਰਨ ਅਤੇ ਉਹ ਦੇ ਲਈ ਰੋਣ ਗਿਆ।
ਤਦ ਅਬਰਾਹਾਮ ਆਪਣੀ ਮਰੀ ਹੋਈ ਪਤਨੀ ਦੇ ਪਾਸੋਂ ਉੱਠਿਆ ਅਤੇ ਹਿੱਤੀਆਂ1 ਨਾਲ ਗੱਲ ਕੀਤੀ ਅਤੇ ਉਸ ਨੇ ਆਖਿਆ, ਮੈਂ ਤੁਹਾਡੇ ਵਿੱਚ ਪਰਦੇਸੀ ਅਤੇ ਅਜਨਬੀ ਹਾਂ। ਮੈਨੂੰ ਇੱਥੇ ਦਫ਼ਨਾਉਣ ਲਈ ਕੁਝ ਜ਼ਮੀਨ ਵੇਚ ਦਿਓ ਤਾਂ ਜੋ ਮੈਂ ਆਪਣੇ ਮੁਰਦਿਆਂ ਨੂੰ ਦਫ਼ਨਾ ਸਕਾ।
ਹਿੱਤੀਆਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ, “ਸ਼੍ਰੀਮਾਨ ਜੀ, ਸਾਡੀ ਗੱਲ ਸੁਣੋ। ਤੁਸੀਂ ਸਾਡੇ ਵਿੱਚ ਇੱਕ ਸ਼ਕਤੀਸ਼ਾਲੀ ਰਾਜਕੁਮਾਰ ਹੋ। ਆਪਣੇ ਮੁਰਦਿਆਂ ਨੂੰ ਸਾਡੀਆਂ ਸਭ ਤੋਂ ਪਸੰਦੀਦਾ ਕਬਰਾਂ ਵਿੱਚ ਦਫ਼ਨਾਓ। ਸਾਡੇ ਵਿੱਚੋਂ ਕੋਈ ਵੀ ਤੁਹਾਡੇ ਮੁਰਦਿਆਂ ਨੂੰ ਦਫ਼ਨਾਉਣ ਲਈ ਉਸਦੀ ਕਬਰ ਤੋਂ ਇਨਕਾਰ ਨਹੀਂ ਕਰੇਗਾ।”
ਤਦ ਅਬਰਾਹਾਮ ਉੱਠਿਆ ਅਤੇ ਉਸ ਦੇਸ਼ ਦੇ ਲੋਕਾਂ ਅਰਥਾਤ ਹਿੱਤੀਆਂ ਅੱਗੇ ਝੁੱਕਿਆ। ਉਸ ਨੇ ਉਹਨਾਂ ਨੂੰ ਆਖਿਆ, “ਜੇ ਤੁਹਾਡੀ ਮਰਜ਼ੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਅਰਜ਼ ਸੁਣੋ ਅਤੇ ਜ਼ੋਹਰ ਦੇ ਪੁੱਤਰ ਇਫਰੋਨ ਦੇ ਅੱਗੇ ਮੇਰੇ ਲਈ ਬੇਨਤੀ ਕਰੋ ਤਾਂ ਜੋ ਉਹ ਮੈਨੂੰ ਮਕਪੇਲਾਹ ਦੀ ਗੁਫ਼ਾ ਵੇਚ ਦੇਵੇ, ਜਿਹੜੀ ਉਸ ਦੀ ਹੈ ਅਤੇ ਉਹ ਦੇ ਖੇਤ ਦੇ ਸਿਰੇ ਉੱਤੇ ਹੈ। ਉਸ ਨੂੰ ਕਹੋ ਕਿ ਉਹ ਮੈਨੂੰ ਤੁਹਾਡੇ ਵਿਚਕਾਰ ਦਫ਼ਨਾਉਣ ਵਾਲੀ ਜਗ੍ਹਾ ਵਜੋਂ ਪੂਰੀ ਕੀਮਤ ਲਈ ਵੇਚ ਦੇਵੇ।”
ਇਫਰੋਨ ਹਿੱਤੀ ਆਪਣੇ ਲੋਕਾਂ ਵਿੱਚ ਬੈਠਾ ਹੋਇਆ ਸੀ ਅਤੇ ਉਸ ਨੇ ਅਬਰਾਹਾਮ ਨੂੰ ਉਹਨਾਂ ਸਾਰੇ ਹਿੱਤੀਆਂ ਦੀ ਗੱਲ ਸੁਣ ਕੇ ਉੱਤਰ ਦਿੱਤਾ ਜਿਹੜੇ ਉਸ ਦੇ ਸ਼ਹਿਰ ਦੇ ਫਾਟਕ ਉੱਤੇ ਆਏ ਸਨ। ਉਸ ਨੇ ਕਿਹਾ, “ਨਹੀਂ, ਮੇਰੇ ਮਾਲਕ! ਮੇਰੀ ਗੱਲ ਸੁਣੋ; ਮੈਂ ਤੁਹਾਨੂੰ ਖੇਤ ਦਿੰਦਾ ਹਾਂ ਅਤੇ ਮੈਂ ਤੁਹਾਨੂੰ ਉਹ ਗੁਫਾ ਦਿੰਦਾ ਹਾਂ ਜੋ ਉਸ ਵਿੱਚ ਹੈ। ਮੈਂ ਤੁਹਾਨੂੰ ਇਹ ਆਪਣੇ ਲੋਕਾਂ ਦੀ ਮੌਜੂਦਗੀ ਵਿੱਚ ਦਿੰਦਾ ਹਾਂ। ਤੁਸੀਂ ਆਪਣੇ ਮੁਰਦੇ ਨੂੰ ਉੱਥੇ ਦੱਬ ਦਿਓ।”
ਫੇਰ ਅਬਰਾਹਾਮ ਨੇ ਦੇਸ਼ ਦੇ ਲੋਕਾਂ ਅੱਗੇ ਮੱਥਾ ਟੇਕਿਆ ਅਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਹੋਏ ਇਫਰੋਨ ਨੂੰ ਆਖਿਆ, “ਜੇ ਤੁਸੀਂ ਚਾਹੋ ਤਾਂ ਮੇਰੀ ਗੱਲ ਸੁਣੋ, ਮੈਂ ਖੇਤ ਦੀ ਕੀਮਤ ਅਦਾ ਕਰਾਂਗਾ। ਇਸ ਨੂੰ ਮੇਰੇ ਤੋਂ ਸਵੀਕਾਰ ਕਰੋ ਤਾਂ ਕਿ ਮੈਂ ਉੱਥੇ ਆਪਣੇ ਮੁਰਦੇ ਨੂੰ ਦਫ਼ਨ ਕਰ ਸਕਾਂ।”
ਇਫਰੋਨ ਨੇ ਅਬਰਾਹਾਮ ਨੂੰ ਉੱਤਰ ਦਿੱਤਾ, “ਮੇਰੇ ਸੁਆਮੀ, ਮੇਰੀ ਗੱਲ ਸੁਣੋ ਜ਼ਮੀਨ ਦੀ ਕੀਮਤ ਚਾਰ ਸੌ ਸ਼ੈਕੇਲ2 ਚਾਂਦੀ ਦੇ ਸਿੱਕੇ ਹੈ, ਪਰ ਤੁਹਾਡੇ ਅਤੇ ਮੇਰੇ ਵਿਚਕਾਰ ਕੀ ਹੈ? ਆਪਣੇ ਮੁਰਦੇ ਨੂੰ ਦਫ਼ਨਾ ਦਿਓ।”
ਅਬਰਾਹਾਮ ਨੇ ਇਫਰੋਨ ਦੀਆਂ ਸ਼ਰਤਾਂ ਮੰਨ ਲਈਆਂ ਅਤੇ ਉਸ ਦੇ ਲਈ ਉਹ ਮੁੱਲ ਤੋਲਿਆ ਜੋ ਉਸ ਨੇ ਹਿੱਤੀਆਂ ਦੇ ਸੁਣਨ ਵਿੱਚ ਰੱਖਿਆ ਸੀ ਅਰਥਾਤ ਚਾਂਦੀ ਦੇ ਚਾਰ ਸੌ ਸ਼ੈਕੇਲ ਦੇ ਸਿੱਕੇ, ਵਪਾਰੀਆਂ ਦੇ ਭਾਰ ਦੇ ਅਨੁਸਾਰ ਦਿੱਤੇ।
ਸੋ ਮਮਰੇ ਦੇ ਨੇੜੇ ਮਕਪੇਲਾਹ ਵਿੱਚ ਇਫਰੋਨ ਦਾ ਖੇਤ ਅਤੇ ਉਸ ਵਿੱਚ ਗੁਫਾ, ਖੇਤ ਦੀਆਂ ਹੱਦਾਂ ਦੇ ਅੰਦਰਲੇ ਸਾਰੇ ਰੁੱਖ ਸਾਰੇ ਹਿੱਤੀਆਂ ਦੀ ਹਾਜ਼ਰੀ ਵਿੱਚ ਅਤੇ ਜੋ ਸ਼ਹਿਰ ਦੇ ਦਰਵਾਜ਼ੇ ਕੋਲ ਆਏ ਸਨ, ਇਹ ਅਬਰਾਹਾਮ ਦੀ ਨਿੱਜੀ ਜ਼ਮੀਨ ਹੋ ਗਈ। ਤਦ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਕਨਾਨ ਦੇਸ਼ ਵਿੱਚ ਮਮਰੇ (ਜੋ ਹੇਬਰੋਨ ਵਿੱਚ ਹੈ) ਦੇ ਨੇੜੇ ਮਕਪੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾ ਦਿੱਤਾ। ਸੋ ਖੇਤ ਅਤੇ ਉਹ ਦੇ ਵਿੱਚ ਦੀ ਗੁਫਾ ਹਿੱਤੀਆਂ ਨੇ ਅਬਰਾਹਾਮ ਨੂੰ ਦਫ਼ਨਾਉਣ ਦੀ ਥਾਂ ਦੇ ਦਿੱਤੀ।
Source notes (2)
- Footnote ਹਿੱਤੀਆਂ ਜਾਂ ਹੇਤ ਦੀ ਅੰਸ
- Footnote ਸੌ ਸ਼ੈਕੇਲ ਲਗਭਗ 4.6 ਕਿਲੋਗ੍ਰਾਮ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.