Biblica® Open Punjabi Contemporary Version 2025
ਏਜ਼ਰਾ 6
ਦਾਰਾ ਦਾ ਫ਼ਰਮਾਨ
ਤਦ ਰਾਜਾ ਦਾਰਾ ਨੇ ਇੱਕ ਹੁਕਮ ਜਾਰੀ ਕੀਤਾ ਅਤੇ ਉਹਨਾਂ ਨੇ ਬਾਬੇਲ ਦੇ ਖ਼ਜ਼ਾਨੇ ਵਿੱਚ ਰੱਖੇ ਪੁਰਾਲੇਖਾਂ ਦੀ ਪੜਤਾਲ ਕੀਤੀ। ਮਾਦਈ ਨਾਮ ਦੇ ਸੂਬੇ ਵਿੱਚ ਏਕਬਤਾਨਾ ਦੇ ਕਿਲੇ ਵਿੱਚ ਇੱਕ ਪੱਤਰੀ ਮਿਲੀ ਅਤੇ ਉਸ ਉੱਤੇ ਇਹ ਲਿਖਿਆ ਹੋਇਆ ਸੀ:
ਮੰਗ ਪੱਤਰ
ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਪਰਮੇਸ਼ਵਰ ਦੇ ਭਵਨ ਦੇ ਵਿਖੇ ਜੋ ਯੇਰੂਸ਼ਲੇਮ ਵਿੱਚ ਹੈ ਇਹ ਆਗਿਆ ਦਿੱਤੀ।
ਹੈਕਲ ਵਿੱਚ ਬਲੀਆਂ ਚੜ੍ਹਾਉਣ ਲਈ ਇੱਕ ਜਗ੍ਹਾ ਦੁਬਾਰਾ ਬਣਾਈ ਜਾਵੇ, ਅਤੇ ਇਸ ਦੀ ਨੀਂਹ ਰੱਖੀ ਜਾਵੇ। ਇਹ ਸੱਠ ਹੱਥ1 ਉੱਚਾ ਅਤੇ ਸੱਠ ਹੱਥ ਚੌੜਾ2 ਹੋਣਾ ਚਾਹੀਦਾ ਹੈ, ਉਸ ਵਿੱਚ ਤਿੰਨ ਰੱਦੇ ਭਾਰੇ ਪੱਥਰਾਂ ਦੇ ਅਤੇ ਇੱਕ ਰੱਦਾ ਨਵੀਂ ਲੱਕੜ ਦਾ ਹੋਵੇ ਅਤੇ ਇਸ ਦਾ ਖ਼ਰਚ ਸ਼ਾਹੀ ਮਹਿਲ ਵਿੱਚੋਂ ਦਿੱਤਾ ਜਾਵੇ। ਇਸ ਤੋਂ ਇਲਾਵਾ ਪਰਮੇਸ਼ਵਰ ਦੇ ਭਵਨ ਦੇ ਸੋਨੇ ਅਤੇ ਚਾਂਦੀ ਦੀਆਂ ਵਸਤੂਆਂ, ਜਿਨ੍ਹਾਂ ਨੂੰ ਨਬੂਕਦਨੱਸਰ ਯੇਰੂਸ਼ਲੇਮ ਦੀ ਹੈਕਲ ਵਿੱਚੋਂ ਲੈ ਕੇ ਬਾਬੇਲ ਵਿੱਚ ਲਿਆਇਆ ਸੀ, ਯੇਰੂਸ਼ਲੇਮ ਦੀ ਹੈਕਲ ਵਿੱਚ ਆਪਣੇ ਸਥਾਨ ਤੇ ਪਹੁੰਚਾਏ ਜਾਣ ਅਤੇ ਉਹ ਪਰਮੇਸ਼ਵਰ ਦੇ ਘਰ ਵਿੱਚ ਜਮ੍ਹਾਂ ਕੀਤੇ ਜਾਣ।
ਇਸ ਲਈ ਹੇ ਦਰਿਆ ਪਾਰ ਦੇ ਹਾਕਮ ਤਤਨਈ! ਹੇ ਸਥਰ-ਬੋਜ਼ਨਈ! ਤੁਸੀਂ ਆਪਣੇ ਅਫਰਸਕਾਈ ਸਾਥੀਆਂ ਨਾਲ ਜੋ ਦਰਿਆ ਦੇ ਪਾਰ ਹਨ, ਉੱਥੋਂ ਦੂਰ ਰਹੋ। ਪਰਮੇਸ਼ਵਰ ਦੇ ਇਸ ਭਵਨ ਦੇ ਕੰਮ ਵਿੱਚ ਰੁਕਾਵਟ ਨਾ ਪਾਓ। ਯਹੂਦੀਆਂ ਦੇ ਰਾਜਪਾਲ ਅਤੇ ਯਹੂਦੀ ਬਜ਼ੁਰਗਾਂ ਨੂੰ ਇਸ ਦੀ ਜਗ੍ਹਾ ਉੱਤੇ ਪਰਮੇਸ਼ਵਰ ਦੇ ਇਸ ਘਰ ਨੂੰ ਦੁਬਾਰਾ ਬਣਾਉਣ ਦਿਓ।
ਇਸ ਤੋਂ ਇਲਾਵਾ, ਮੈਂ ਇਹ ਹੁਕਮ ਦਿੰਦਾ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਇਸ ਭਵਨ ਦੀ ਉਸਾਰੀ ਵਿੱਚ ਯਹੂਦੀਆਂ ਦੇ ਇਨ੍ਹਾਂ ਬਜ਼ੁਰਗਾਂ ਲਈ ਕੀ ਕਰਨਾ ਹੈ:
ਉਹਨਾਂ ਦੇ ਖਰਚੇ ਦਾ ਪੂਰਾ ਭੁਗਤਾਨ ਸ਼ਾਹੀ ਖਜ਼ਾਨੇ ਵਿੱਚੋਂ, ਟਰਾਂਸ-ਫਰਾਤ ਦੇ ਮਾਲੀਏ ਵਿੱਚੋਂ ਕੀਤਾ ਜਾਣਾ ਹੈ, ਤਾਂ ਜੋ ਕੰਮ ਰੁਕੇ ਨਾ। ਸਵਰਗ ਦੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਲਈ ਬਲਦ, ਭੇਡੂ, ਭੇਡ ਦੇ ਬੱਚੇ, ਯੇਰੂਸ਼ਲੇਮ ਦੇ ਜਾਜਕਾਂ ਦੁਆਰਾ ਮੰਗੇ ਗਏ ਕਣਕ, ਲੂਣ, ਦਾਖ਼ਰਸ ਅਤੇ ਜ਼ੈਤੂਨ ਦਾ ਤੇਲ ਉਹਨਾਂ ਨੂੰ ਜੋ ਕੁਝ ਵੀ ਚਾਹੀਦਾ ਹੈ, ਹਰ ਰੋਜ਼ ਬਿਨਾਂ ਕਿਸੇ ਰੁਕਾਵਟ ਦੇ ਦਿੱਤਾ ਜਾਣਾ ਚਾਹੀਦਾ ਹੈ। ਤਾਂ ਜੋ ਉਹ ਸਵਰਗ ਦੇ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਲੀਆਂ ਬਲੀਆਂ ਚੜ੍ਹਾਉਣ ਅਤੇ ਰਾਜੇ ਅਤੇ ਉਸ ਦੇ ਪੁੱਤਰਾਂ ਦੀ ਭਲਾਈ ਲਈ ਪ੍ਰਾਰਥਨਾ ਕਰਨ।
ਇਸ ਤੋਂ ਇਲਾਵਾ, ਮੈਂ ਹੁਕਮ ਦਿੰਦਾ ਹਾਂ ਕਿ ਜੇ ਕੋਈ ਇਸ ਹੁਕਮ ਦੀ ਉਲੰਘਣਾ ਕਰਦਾ ਹੈ, ਉਸ ਦੇ ਘਰ ਵਿੱਚੋਂ ਹੀ ਇੱਕ ਸ਼ਤੀਰੀ ਕੱਢ ਕੇ ਖੜ੍ਹੀ ਕੀਤੀ ਜਾਵੇ ਅਤੇ ਉਹਨਾਂ ਨੂੰ ਸੂਲੀ ਉੱਤੇ ਟੰਗਿਆ ਜਾਵੇਗਾ ਅਤੇ ਇਸ ਅਪਰਾਧ ਲਈ ਉਹਨਾਂ ਦੇ ਘਰ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਜਾਵੇ। ਪਰਮੇਸ਼ਵਰ, ਜਿਸ ਨੇ ਆਪਣਾ ਨਾਮ ਉੱਥੇ ਵਸਾਇਆ ਹੈ, ਕਿਸੇ ਵੀ ਰਾਜੇ ਜਾਂ ਲੋਕਾਂ ਨੂੰ ਜੋ ਇਸ ਫ਼ਰਮਾਨ ਨੂੰ ਬਦਲਣ ਲਈ ਜਾਂ ਯੇਰੂਸ਼ਲੇਮ ਵਿੱਚ ਇਸ ਭਵਨ ਨੂੰ ਨਸ਼ਟ ਕਰਨ ਲਈ ਹੱਥ ਉਠਾਉਂਦਾ ਹੈ, ਉਖਾੜ ਸੁੱਟੇ।
ਮੈਂ ਦਾਰਾ ਨੇ ਇਹ ਹੁਕਮ ਦਿੱਤਾ ਹੈ ਕਿ ਇਸ ਨੂੰ ਲਗਨ ਨਾਲ ਪੂਰਾ ਕੀਤਾ ਜਾਵੇ।
ਹੈਕਲ ਦੀ ਸੰਪੂਰਨਤਾ ਅਤੇ ਸਮਰਪਣ
ਤਦ ਦਰਿਆ ਪਾਰ ਦੇ ਹਾਕਮ ਤਤਨਈ ਤੇ ਸਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਾਰਾ ਰਾਜਾ ਦੀ ਭੇਜੀ ਹੋਈ ਆਗਿਆ ਅਨੁਸਾਰ ਫੁਰਤੀ ਨਾਲ ਕੰਮ ਕੀਤਾ। ਇਸ ਲਈ ਯਹੂਦੀਆਂ ਦੇ ਬਜ਼ੁਰਗ ਹੱਜਈ ਨਬੀ ਅਤੇ ਇੱਦੋ ਦੇ ਉੱਤਰਾਧਿਕਾਰੀ ਜ਼ਕਰਯਾਹ ਦੇ ਪ੍ਰਚਾਰ ਅਧੀਨ ਉਸਾਰੀ ਅਤੇ ਤਰੱਕੀ ਕਰਦੇ ਰਹੇ। ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਹੁਕਮ ਅਤੇ ਫ਼ਾਰਸ ਦੇ ਰਾਜਿਆਂ ਕੋਰਸ਼, ਦਾਰਾ ਅਤੇ ਅਰਤਹਸ਼ਸ਼ਤਾ ਦੇ ਫ਼ਰਮਾਨਾਂ ਅਨੁਸਾਰ ਹੈਕਲ ਦਾ ਨਿਰਮਾਣ ਪੂਰਾ ਕੀਤਾ। ਹੈਕਲ ਅਦਾਰ ਦੇ ਮਹੀਨੇ ਦੇ ਤੀਜੇ ਦਿਨ, ਰਾਜਾ ਦਾਰਾ ਦੇ ਰਾਜ ਦੇ ਛੇਵੇਂ ਸਾਲ ਵਿੱਚ ਪੂਰਾ ਹੋਇਆ ਸੀ।
ਤਦ ਇਸਰਾਏਲ ਦੇ ਲੋਕਾਂ ਨੇ ਅਰਥਾਤ ਜਾਜਕਾਂ, ਲੇਵੀਆਂ ਅਤੇ ਬਾਕੀ ਗ਼ੁਲਾਮਾਂ ਨੇ ਪਰਮੇਸ਼ਵਰ ਦੇ ਭਵਨ ਦੇ ਸਮਰਪਣ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ। ਪਰਮੇਸ਼ਵਰ ਦੇ ਇਸ ਭਵਨ ਦੇ ਸਮਰਪਣ ਲਈ ਉਹਨਾਂ ਨੇ ਸੌ ਬਲਦ, ਦੋ ਸੌ ਭੇਡੂ, ਚਾਰ ਸੌ ਲੇਲੇ ਅਤੇ ਸਾਰੇ ਇਸਰਾਏਲ ਲਈ ਪਾਪ ਦੀ ਭੇਟ3 ਵਜੋਂ ਬਾਰਾਂ ਬੱਕਰੇ, ਇਸਰਾਏਲ ਦੇ ਹਰੇਕ ਗੋਤ ਲਈ ਇੱਕ-ਇੱਕ ਬਲਦ ਚੜ੍ਹਾਇਆ। ਅਤੇ ਉਹਨਾਂ ਨੇ ਮੋਸ਼ੇਹ ਦੀ ਪੋਥੀ ਵਿੱਚ ਲਿਖੇ ਅਨੁਸਾਰ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੀ ਸੇਵਾ ਲਈ ਜਾਜਕਾਂ ਨੂੰ ਆਪਣੇ ਦਲਾਂ ਵਿੱਚ ਅਤੇ ਲੇਵੀਆਂ ਨੂੰ ਉਹਨਾਂ ਦੇ ਦਲਾਂ ਵਿੱਚ ਠਹਿਰਾਇਆ।
ਪਸਾਹ ਦਾ ਤਿਉਹਾਰ
ਪਹਿਲੇ ਮਹੀਨੇ ਦੇ ਚੌਦਵੇਂ ਦਿਨ, ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਲੋਕਾਂ ਨੇ ਪਸਾਹ ਦਾ ਤਿਉਹਾਰ ਮਨਾਇਆ। ਕਿਉਂ ਜੋ ਜਾਜਕਾਂ ਅਤੇ ਲੇਵੀਆਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ, ਇਸ ਲਈ ਉਹ ਸਾਰੇ ਪਵਿੱਤਰ ਸਨ। ਉਨ੍ਹਾਂ ਨੇ ਗ਼ੁਲਾਮੀ ਤੋਂ ਮੁੜੇ ਹੋਏ ਸਾਰੇ ਲੋਕਾਂ ਅਤੇ ਆਪਣੇ ਜਾਜਕ ਭਰਾਵਾਂ ਦੇ ਲਈ ਅਤੇ ਆਪਣੇ ਲਈ ਪਸਾਹ ਦੇ ਪਸ਼ੂ ਬਲੀ ਚੜ੍ਹਾਏ। ਸੋ ਇਸਰਾਏਲੀਆਂ ਨੇ ਜਿਹੜੇ ਗ਼ੁਲਾਮੀ ਤੋਂ ਮੁੜੇ ਸਨ, ਉਹਨਾਂ ਸਾਰਿਆਂ ਦੇ ਨਾਲ, ਜਿਨ੍ਹਾਂ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨੂੰ ਭਾਲਣ ਲਈ ਅਤੇ ਗੈਰ-ਯਹੂਦੀ ਗੁਆਂਢੀਆਂ ਦੇ ਭੈੜੇ ਕੰਮਾਂ ਤੋਂ ਆਪਣੇ ਆਪ ਨੂੰ ਵੱਖ ਕਰਕੇ ਪਸਾਹ ਦਾ ਭੋਜਨ ਖਾਧਾ। ਸੱਤਾਂ ਦਿਨਾਂ ਤੱਕ ਉਹਨਾਂ ਨੇ ਪਤੀਰੀ ਰੋਟੀ ਦਾ ਪਰਬ ਖੁਸ਼ੀ ਨਾਲ ਮਨਾਇਆ ਕਿਉਂ ਜੋ ਯਾਹਵੇਹ ਨੇ ਅੱਸ਼ੂਰ ਦੇ ਰਾਜੇ ਦਾ ਰਵੱਈਆ ਬਦਲ ਕੇ ਉਹਨਾਂ ਨੂੰ ਅਨੰਦ ਨਾਲ ਭਰ ਦਿੱਤਾ ਸੀ ਤਾਂ ਜੋ ਉਹ ਪਰਮੇਸ਼ਵਰ, ਇਸਰਾਏਲ ਦੇ ਪਰਮੇਸ਼ਵਰ ਦੇ ਘਰ ਦੇ ਕੰਮ ਵਿੱਚ ਉਹਨਾਂ ਦੀ ਸਹਾਇਤਾ ਕਰੇ।
Source notes (3)
- Footnote ਸੱਠ ਹੱਥ ਅਰਥਾਤ 90 ਫੁੱਟ
- Footnote ਸੱਠ ਹੱਥ ਚੌੜਾ ਅਰਥਾਤ 90 ਫੁੱਟ ਚੌੜਾ
- Footnote ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਂਟ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.