Biblica® Open Punjabi Contemporary Version 2025
ਏਜ਼ਰਾ 4
ਪੁਨਰ-ਉਸਾਰੀ ਦਾ ਵਿਰੋਧ
ਜਦੋਂ ਯਹੂਦਾਹ ਅਤੇ ਬਿਨਯਾਮੀਨ ਦੇ ਵਿਰੋਧੀਆਂ ਨੇ ਇਹ ਸੁਣਿਆ ਕਿ ਗ਼ੁਲਾਮੀ ਤੋਂ ਛੁੱਟ ਕੇ ਆਏ ਹੋਏ ਲੋਕ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਲਈ ਭਵਨ ਬਣਾ ਰਹੇ ਹਨ, ਤਾਂ ਉਹ ਜ਼ਰੁੱਬਾਬੇਲ ਅਤੇ ਪਰਿਵਾਰਾਂ ਦੇ ਮੁਖੀਆਂ ਦੇ ਕੋਲ ਆ ਕੇ ਕਹਿਣ ਲੱਗੇ, “ਆਓ ਅਸੀਂ ਤੁਹਾਡੀ ਉਸਾਰੀ ਵਿੱਚ ਮਦਦ ਕਰੀਏ ਕਿਉਂਕਿ, ਤੁਹਾਡੇ ਵਾਂਗ, ਅਸੀਂ ਤੁਹਾਡੇ ਪਰਮੇਸ਼ਵਰ ਨੂੰ ਭਾਲਦੇ ਹਾਂ ਅਤੇ ਅੱਸ਼ੂਰ ਦੇ ਰਾਜੇ ਏਸਰਹਦੋਨ ਦੇ ਸਮੇਂ ਤੋਂ, ਜੋ ਸਾਨੂੰ ਇੱਥੇ ਲਿਆਇਆ ਹੈ, ਉਸ ਲਈ ਬਲੀਦਾਨ ਕਰਦੇ ਆ ਰਹੇ ਹਾਂ।”
ਪਰ ਜ਼ਰੁੱਬਾਬੇਲ, ਯੇਸ਼ੂਆ ਅਤੇ ਇਸਰਾਏਲ ਦੇ ਘਰਾਣਿਆਂ ਦੇ ਬਾਕੀ ਮੁਖੀਆਂ ਨੇ ਉਨ੍ਹਾਂ ਨੂੰ ਕਿਹਾ, “ਸਾਡੇ ਪਰਮੇਸ਼ਵਰ ਲਈ ਭਵਨ ਬਣਾਉਣ ਵਿੱਚ ਤੁਹਾਡਾ ਸਾਡੇ ਨਾਲ ਕੋਈ ਹਿੱਸਾ ਨਹੀਂ ਹੈ। ਅਸੀਂ ਇਕੱਲੇ ਇਸ ਨੂੰ ਇਸਰਾਏਲ ਦੇ ਪਰਮੇਸ਼ਵਰ ਲਈ ਭਵਨ ਬਣਾਵਾਂਗੇ, ਜਿਵੇਂ ਫ਼ਾਰਸ ਦੇ ਰਾਜਾ ਕੋਰੇਸ਼ ਨੇ ਸਾਨੂੰ ਆਗਿਆ ਦਿੱਤੀ ਹੈ।”
ਤਦ ਉਹਨਾਂ ਦੇ ਆਲੇ-ਦੁਆਲੇ ਦੇ ਲੋਕ ਯਹੂਦਾਹ ਦੇ ਲੋਕਾਂ ਨੂੰ ਨਿਰਾਸ਼ ਕਰਨ ਅਤੇ ਉਹਨਾਂ ਨੂੰ ਉਸਾਰੀ ਕਰਨ ਤੋਂ ਡਰਾਉਣ ਲਈ ਚਲੇ ਗਏ ਅਤੇ ਫ਼ਾਰਸ ਦੇ ਪਾਤਸ਼ਾਹ ਕੋਰੇਸ਼ ਦੇ ਦਿਨਾਂ ਤੋਂ ਲੈ ਕੇ ਫ਼ਾਰਸ ਦੇ ਪਾਤਸ਼ਾਹ ਦਾਰਾ ਦੇ ਰਾਜ ਤੱਕ ਉਨ੍ਹਾਂ ਦੀ ਯੋਜਨਾ ਨੂੰ ਨਸ਼ਟ ਲਈ ਉਨ੍ਹਾਂ ਦੇ ਵਿਰੁੱਧ ਸਲਾਹਕਾਰਾਂ ਨੂੰ ਰਿਸ਼ਵਤ ਦਿੰਦੇ ਰਹੇ।
ਬਾਅਦ ਵਿੱਚ ਜ਼ੇਰਕਸਸ ਅਤੇ ਅਰਤਹਸ਼ਸ਼ਤਾ ਦੇ ਅਧੀਨ ਵਿਰੋਧ
ਅਹਸ਼ਵੇਰੋਸ਼ ਦੇ ਰਾਜ ਦੇ ਸ਼ੁਰੂ ਵਿੱਚ ਹੀ ਉਹਨਾਂ ਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਉੱਤੇ ਦੋਸ਼ ਲਗਾਇਆ।
ਅਤੇ ਅਰਤਹਸ਼ਸ਼ਤਾ ਦੇ ਦਿਨਾਂ ਵਿੱਚ ਬਿਸ਼ਲਾਮ, ਮਿਥਰੇਦਥ, ਤਬੀਲ ਤੇ ਉਹ ਦੇ ਬਾਕੀ ਸਾਰੇ ਸਾਥੀਆਂ ਨੇ ਫ਼ਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਨੂੰ ਲਿਖਿਆ ਅਤੇ ਉਨ੍ਹਾਂ ਦੀ ਚਿੱਠੀ ਅਰਾਮੀ ਅੱਖਰਾਂ ਤੇ ਅਰਾਮੀ ਬੋਲੀ ਵਿੱਚ ਲਿਖੀ ਹੋਈ ਸੀ।
ਰਹੂਮ ਰਾਜ ਮੰਤਰੀ ਅਤੇ ਸ਼ਿਮਸ਼ਈ ਲਿਖਾਰੀ ਨੇ ਅਰਤਹਸ਼ਸ਼ਤਾ ਰਾਜਾ ਨੂੰ ਯੇਰੂਸ਼ਲੇਮ ਦੇ ਵਿਰੁੱਧ ਇਸ ਤਰ੍ਹਾਂ ਇੱਕ ਚਿੱਠੀ ਲਿਖੀ:
ਤਦ ਰਹੂਮ ਰਾਜ ਮੰਤਰੀ ਅਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਅਰਥਾਤ ਦੀਨਾਈ ਤੇ ਅਫ਼ਰਸਥਕਾਯੀ ਤੇ ਟਰਪਲਾਈ, ਅਫਾਰਸਾਈ, ਅਰਕਵਾਈ, ਬਬਲਾਈ, ਸ਼ੂਸ਼ਨਕਾਈ, ਦਹਾਵੀ, ਏਲਾਮੀ, ਅਤੇ ਉਨ੍ਹਾਂ ਕੌਮਾਂ ਨੇ, ਜਿਨ੍ਹਾਂ ਨੂੰ ਮਹਾਨ ਅਤੇ ਆਦਰਯੋਗ ਆਸਨੱਪਰ ਨੇ ਪਾਰ ਲਿਆ ਕੇ ਸਾਮਰਿਯਾ ਨਗਰ ਤੇ ਫ਼ਰਾਤ ਨਦੀ ਦੂਜੇ ਪਾਸੇ ਦੇ ਬਾਕੀ ਦੇਸ਼ ਵਿੱਚ ਵਸਾਇਆ ਸੀ, ਇੱਕ ਚਿੱਠੀ ਲਿਖੀ।
(ਇਹ ਉਸ ਚਿੱਠੀ ਦੀ ਇੱਕ ਨਕਲ ਹੈ ਜੋ ਉਹਨਾਂ ਨੇ ਉਸ ਨੂੰ ਭੇਜੀ ਸੀ।)
ਰਾਜਾ ਅਰਤਹਸ਼ਸ਼ਤਾ ਨੂੰ,
ਫ਼ਰਾਤ ਦੇ ਪਾਰ ਤੁਹਾਡੇ ਸੇਵਕਾਂ ਵੱਲੋਂ:
ਰਾਜਾ ਨੂੰ ਖ਼ਬਰ ਹੋਵੇ ਕਿ ਜੋ ਯਹੂਦੀ ਤੁਹਾਡੇ ਕੋਲੋਂ ਸਾਡੇ ਵੱਲ ਯੇਰੂਸ਼ਲੇਮ ਵਿੱਚ ਆਏ ਹਨ, ਉਹ ਉਸ ਵਿਦਰੋਹੀ ਅਤੇ ਦੁਸ਼ਟ ਸ਼ਹਿਰ ਦੀ ਉਸਾਰੀ ਕਰ ਰਹੇ ਹਨ, ਸਗੋਂ ਕੰਧਾਂ ਨੂੰ ਬਣਾ ਲਿਆ ਹੈ ਅਤੇ ਨੀਹਾਂ ਨੂੰ ਸੁਧਾਰ ਚੁੱਕੇ ਹਨ।
ਹੁਣ ਰਾਜਾ ਨੂੰ ਖ਼ਬਰ ਹੋਵੇ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਕੰਧਾਂ ਪੂਰੀਆਂ ਹੋ ਜਾਣ ਤਾਂ ਉਹ ਲਗਾਨ, ਚੁੰਗੀ ਤੇ ਨਜ਼ਰਾਨਾ ਨਹੀਂ ਦੇਣਗੇ ਅਤੇ ਅੰਤ ਵਿੱਚ ਸ਼ਾਹੀ ਆਮਦਨ ਵਿੱਚ ਘਾਟਾ ਪੈ ਜਾਵੇਗਾ ਹੁਣ ਜਦੋਂ ਅਸੀਂ ਮਹਿਲ ਦੀ ਜ਼ਿੰਮੇਵਾਰੀ ਦੇ ਅਧੀਨ ਹੈ ਅਤੇ ਰਾਜੇ ਦੀ ਬੇਇੱਜ਼ਤੀ ਹੁੰਦੀ ਵੇਖਣਾ ਸਾਡੇ ਲਈ ਉਚਿਤ ਨਹੀਂ ਹੈ, ਅਸੀਂ ਰਾਜੇ ਨੂੰ ਸੂਚਿਤ ਕਰਨ ਲਈ ਇਹ ਸੰਦੇਸ਼ ਭੇਜ ਰਹੇ ਹਾਂ, ਤੁਹਾਡੇ ਪੁਰਖਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਖੋਜ ਕੀਤੀ ਜਾਵੇ, ਤਾਂ ਉਸ ਇਤਿਹਾਸ ਦੀ ਪੋਥੀ ਵਿੱਚੋਂ ਮਹਾਰਾਜ ਨੂੰ ਪੱਕਾ ਪਤਾ ਲੱਗ ਜਾਵੇਗਾ ਕਿ ਇਹ ਇੱਕ ਵਿਦਰੋਹੀ ਸ਼ਹਿਰ ਹੈ ਜੋ ਰਾਜਿਆਂ ਤੇ ਸੂਬਿਆਂ ਦੀ ਹਾਨੀ ਕਰਦਾ ਰਿਹਾ ਹੈ ਅਤੇ ਪ੍ਰਾਚੀਨ ਕਾਲ ਤੋਂ ਉਸ ਵਿੱਚ ਦੰਗੇ ਹੁੰਦੇ ਰਹੇ ਹਨ। ਇਸੇ ਕਾਰਨ ਹੀ ਇਹ ਸ਼ਹਿਰ ਉਜਾੜ ਦਿੱਤਾ ਗਿਆ ਸੀ। ਅਸੀਂ ਰਾਜੇ ਨੂੰ ਸੂਚਿਤ ਕਰਦੇ ਹਾਂ ਕਿ ਜੇਕਰ ਇਹ ਸ਼ਹਿਰ ਉਸਾਰਿਆ ਜਾਂਦਾ ਹੈ ਅਤੇ ਇਸ ਦੀਆਂ ਕੰਧਾਂ ਨੂੰ ਮੁੜ ਸਥਾਪਿਤ ਕੀਤਾ ਜਾਂਦਾ ਹੈ, ਤਾਂ ਪਾਰ ਫ਼ਰਾਤ ਵਿੱਚ ਤੁਹਾਡਾ ਕੁਝ ਵੀ ਨਹੀਂ ਬਚੇਗਾ।
ਰਾਜੇ ਨੇ ਇਹ ਉੱਤਰ ਭੇਜਿਆ:
ਰਹੂਮ ਰਾਜਮੰਤਰੀ ਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਜੋ ਸਾਮਰਿਯਾ ਤੇ ਦਰਿਆ ਪਾਰ ਦੇ ਬਾਕੀ ਦੇਸ਼ ਵਿੱਚ ਰਹਿੰਦੇ ਸਨ,
ਨਮਸਕਾਰ।
ਜੋ ਚਿੱਠੀ ਤੁਸੀਂ ਸਾਨੂੰ ਭੇਜੀ ਹੈ, ਉਹ ਮੇਰੀ ਹਾਜ਼ਰੀ ਵਿੱਚ ਪੜ੍ਹੀ ਅਤੇ ਅਨੁਵਾਦ ਕੀਤੀ ਗਈ ਹੈ। ਅਤੇ ਮੇਰੀ ਆਗਿਆ ਨਾਲ ਪੜਤਾਲ ਕੀਤੇ ਜਾਣ ਤੇ ਇਹ ਪਤਾ ਲੱਗਾ ਕਿ ਇਸ ਸ਼ਹਿਰ ਨੇ ਪ੍ਰਾਚੀਨ ਕਾਲ ਤੋਂ ਰਾਜਿਆਂ ਦੇ ਵਿਰੁੱਧ ਸਿਰ ਚੁੱਕਿਆ ਹੈ ਅਤੇ ਉਸ ਦੇ ਵਿੱਚ ਦੰਗਾ-ਫ਼ਸਾਦ ਹੁੰਦਾ ਰਿਹਾ ਹੈ। ਯੇਰੂਸ਼ਲੇਮ ਵਿੱਚ ਸ਼ਕਤੀਸ਼ਾਲੀ ਰਾਜੇ ਸਨ ਜੋ ਪੂਰੇ ਫ਼ਰਾਤ ਦੇ ਪਾਰ ਰਾਜ ਕਰਦੇ ਸਨ ਅਤੇ ਉਹਨਾਂ ਨੂੰ ਟੈਕਸ, ਨਜ਼ਰਾਨਾ ਅਤੇ ਫ਼ਰਜ਼ ਅਦਾ ਕੀਤੇ ਜਾਂਦੇ ਸਨ। ਹੁਣ ਤੁਸੀਂ ਹੁਕਮ ਦਿਓ ਕਿ ਇਹ ਲੋਕ ਕੰਮ ਬੰਦ ਕਰਨ ਅਤੇ ਜਦ ਤੱਕ ਮੇਰੇ ਵੱਲੋਂ ਆਗਿਆ ਨਾ ਮਿਲੇ, ਇਹ ਸ਼ਹਿਰ ਨਾ ਬਣਾਇਆ ਜਾਵੇ। ਚੌਕਸ ਹੋਵੋ ਅਤੇ ਇਸ ਗੱਲ ਵਿੱਚ ਢਿੱਲ ਨਾ ਕਰੋ; ਰਾਜਿਆਂ ਦੀ ਹਾਨੀ ਕਰਨ ਲਈ ਇਹ ਬੁਰਿਆਈ ਕਿਉਂ ਵਧੇ?
ਜਦ ਅਰਤਹਸ਼ਸ਼ਤਾ ਰਾਜਾ ਦੀ ਚਿੱਠੀ ਦੀ ਨਕਲ ਰਹੂਮ ਅਤੇ ਸ਼ਿਮਸ਼ਈ ਲਿਖਾਰੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਾਹਮਣੇ ਪੜ੍ਹੀ ਗਈ ਤਦ ਉਹ ਛੇਤੀ ਨਾਲ ਯਹੂਦੀਆਂ ਦੇ ਕੋਲ ਯੇਰੂਸ਼ਲੇਮ ਨੂੰ ਗਏ ਅਤੇ ਜਬਰਨ ਉਨ੍ਹਾਂ ਨੂੰ ਰੋਕ ਦਿੱਤਾ।
ਇਸ ਤਰ੍ਹਾਂ ਫ਼ਾਰਸ ਦੇ ਰਾਜਾ ਦਾਰਾ ਦੇ ਰਾਜ ਦੇ ਦੂਜੇ ਸਾਲ ਤੱਕ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਦਾ ਕੰਮ ਰੁਕ ਗਿਆ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.