Biblica® Open Punjabi Contemporary Version 2025
ਹਿਜ਼ਕੀਏਲ 46
“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਅੰਦਰਲੇ ਵੇਹੜੇ ਦਾ ਦਰਵਾਜ਼ਾ ਪੂਰਬ ਵੱਲ ਮੂੰਹ ਕਰ ਕੇ ਕੰਮ ਦੇ ਛੇ ਦਿਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ, ਪਰ ਸਬਤ ਦੇ ਦਿਨ1 ਅਤੇ ਨਵੇਂ ਚੰਦ ਦੇ ਦਿਨ ਖੋਲ੍ਹਿਆ ਜਾਣਾ ਚਾਹੀਦਾ ਹੈ। ਰਾਜਕੁਮਾਰ ਬਾਹਰਲੇ ਫਾਟਕ ਦੀ ਡਿਉੜ੍ਹੀ ਦੇ ਰਾਹ ਵਿੱਚੋਂ ਅੰਦਰ ਆਵੇਗਾ ਅਤੇ ਫਾਟਕ ਦੀ ਚੁਗਾਠ ਦੇ ਕੋਲ ਖਲੋਤਾ ਰਹੇਗਾ। ਜਾਜਕਾਂ ਨੂੰ ਉਸ ਦੀ ਹੋਮ ਦੀ ਭੇਟ ਅਤੇ ਉਸ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ। ਉਸ ਨੇ ਫਾਟਕ ਦੀ ਦਹਿਲੀਜ਼ ਉੱਤੇ ਮੱਥਾ ਟੇਕਣਾ ਹੈ ਅਤੇ ਫਿਰ ਬਾਹਰ ਜਾਣਾ ਹੈ, ਪਰ ਫਾਟਕ ਸ਼ਾਮ ਤੱਕ ਬੰਦ ਨਹੀਂ ਹੋਵੇਗਾ। ਸਬਤ ਦੇ ਦਿਨ ਅਤੇ ਨਵੇਂ ਚੰਦਰਮਾ ਤੇ ਦੇਸ਼ ਦੇ ਲੋਕਾਂ ਨੂੰ ਉਸ ਫਾਟਕ ਦੇ ਪ੍ਰਵੇਸ਼ ਦੁਆਰ ਤੇ ਯਾਹਵੇਹ ਦੀ ਹਜ਼ੂਰੀ ਵਿੱਚ ਅਰਾਧਨਾ ਕਰਨੀ ਚਾਹੀਦੀ ਹੈ। ਸਬਤ ਦੇ ਦਿਨ ਰਾਜਕੁਮਾਰ ਯਾਹਵੇਹ ਲਈ ਹੋਮ ਦੀ ਭੇਟ ਲਈ ਛੇ ਨਰ ਲੇਲੇ ਅਤੇ ਇੱਕ ਭੇਡੂ ਹੋਵੇ, ਸਾਰੇ ਨੁਕਸ ਰਹਿਤ ਹੋਣ। ਭੇਡੂ ਦੇ ਨਾਲ ਦਿੱਤੀ ਗਈ ਅਨਾਜ਼ ਦੀ ਭੇਟ ਇੱਕ ਏਫਾਹ2 ਹੋਵੇ ਅਤੇ ਲੇਲੇ ਦੇ ਨਾਲ ਅਨਾਜ਼ ਦੀ ਭੇਟ ਜਿੰਨੀ ਉਹ ਚਾਹੇ, ਹਰ ਏਫਾਹ ਦੇ ਲਈ ਜ਼ੈਤੂਨ ਦੇ ਤੇਲ ਦੀ ਇੱਕ ਹੀਨ3 ਨਾਲ ਹੋਵੇ। ਨਵੇਂ ਚੰਦਰਮਾ ਦੇ ਦਿਨ, ਉਸਨੂੰ ਇੱਕ ਨਿਰਦੋਸ਼ ਬਲਦ, ਛੇ ਨਿਰਦੋਸ਼ ਲੇਲੇ ਅਤੇ ਇੱਕ ਨਿਰਦੋਸ਼ ਭੇਡੂ ਚੜ੍ਹਾਉਣਾ ਚਾਹੀਦਾ ਹੈ, ਇਹ ਸਾਰੇ ਬਿਨਾਂ ਕਿਸੇ ਨੁਕਸ ਦੇ ਹੋਣ। ਉਸ ਨੂੰ ਅਨਾਜ਼ ਦੀ ਭੇਟ ਵਜੋਂ ਬਲਦ ਦੇ ਨਾਲ ਇੱਕ ਏਫਾਹ, ਭੇਡੂ ਦੇ ਨਾਲ ਇੱਕ ਏਫਾਹ ਅਤੇ ਲੇਲੇ ਦੇ ਨਾਲ ਜਿੰਨਾ ਉਹ ਦੇਣਾ ਚਾਹੁੰਦਾ ਹੈ, ਹਰ ਏਫਾਹ ਦੇ ਲਈ ਇੱਕ ਹੀਨ ਤੇਲ ਨਾਲ ਦੇਵੇ। ਜਦੋਂ ਰਾਜਕੁਮਾਰ ਪ੍ਰਵੇਸ਼ ਕਰਦਾ ਹੈ, ਤਾਂ ਉਸ ਨੂੰ ਫਾਟਕ ਦੀ ਡਿਉੜ੍ਹੀ ਵਿੱਚੋਂ ਅੰਦਰ ਜਾਣਾ ਹੈ ਅਤੇ ਉਸੇ ਤਰ੍ਹਾਂ ਬਾਹਰ ਆਉਣਾ ਹੈ।
“ ‘ਜਦੋਂ ਦੇਸ਼ ਦੇ ਲੋਕ ਠਹਿਰਾਏ ਹੋਏ ਤਿਉਹਾਰਾਂ ਉੱਤੇ ਯਾਹਵੇਹ ਦੇ ਸਨਮੁਖ ਆਉਂਦੇ ਹਨ, ਤਾਂ ਜੋ ਕੋਈ ਉਪਾਸਨਾ ਕਰਨ ਲਈ ਉੱਤਰੀ ਦਰਵਾਜ਼ੇ ਤੋਂ ਪ੍ਰਵੇਸ਼ ਕਰਦਾ ਹੈ, ਉਸ ਨੂੰ ਦੱਖਣੀ ਫਾਟਕ ਤੋਂ ਬਾਹਰ ਜਾਣਾ ਚਾਹੀਦਾ ਹੈ ਅਤੇ ਜੋ ਕੋਈ ਦੱਖਣ ਦੇ ਫਾਟਕ ਤੋਂ ਪ੍ਰਵੇਸ਼ ਕਰਦਾ ਹੈ ਉਸਨੂੰ ਉੱਤਰੀ ਫਾਟਕ ਤੋਂ ਬਾਹਰ ਜਾਣਾ ਚਾਹੀਦਾ ਹੈ। ਜਿਸ ਫਾਟਕ ਤੋਂ ਉਹ ਵੜਿਆ ਸੀ, ਉਸ ਫਾਟਕ ਵਿੱਚੋਂ ਕਿਸੇ ਨੇ ਵੀ ਵਾਪਸ ਨਹੀਂ ਜਾਣਾ ਹੈ, ਪਰ ਹਰੇਕ ਨੇ ਉਲਟ ਫਾਟਕ ਤੋਂ ਬਾਹਰ ਜਾਣਾ ਹੈ। ਰਾਜਕੁਮਾਰ ਉਹਨਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ, ਜਦੋਂ ਉਹ ਅੰਦਰ ਜਾਂਦੇ ਹਨ ਤਾਂ ਅੰਦਰ ਜਾਣਾ ਅਤੇ ਜਦੋਂ ਉਹ ਬਾਹਰ ਜਾਂਦੇ ਹਨ ਤਾਂ ਬਾਹਰ ਜਾਣਾ ਚਾਹੀਦਾ ਹੈ। ਪਰਬਾਂ ਅਤੇ ਠਹਿਰਾਏ ਹੋਏ ਤਿਉਹਾਰਾਂ ਵਿੱਚ, ਅਨਾਜ ਦੀ ਭੇਟ ਬਲਦ ਦੇ ਨਾਲ ਇੱਕ ਏਫਾਹ, ਇੱਕ ਭੇਡੂ ਦੇ ਨਾਲ ਇੱਕ ਏਫਾਹ ਅਤੇ ਲੇਲੇ ਦੇ ਨਾਲ ਜਿੰਨਾ ਉਹ ਚਾਹੇ, ਅਤੇ ਹਰ ਏਫਾਹ ਲਈ ਇੱਕ ਹੀਨ ਤੇਲ ਹੋਵੇ।
“ ‘ਜਦੋਂ ਰਾਜਕੁਮਾਰ ਯਾਹਵੇਹ ਨੂੰ ਆਪਣੀ ਮਰਜ਼ੀ ਨਾਲ ਭੇਟ ਕਰਦਾ ਹੈ—ਭਾਵੇਂ ਹੋਮ ਦੀ ਭੇਟ ਹੋਵੇ ਜਾਂ ਸੰਗਤ ਦੀ ਭੇਟ—ਉਸ ਲਈ ਪੂਰਬ ਵੱਲ ਮੂੰਹ ਵਾਲਾ ਫਾਟਕ ਖੋਲ੍ਹਿਆ ਜਾਣਾ ਚਾਹੀਦਾ ਹੈ। ਉਸਨੂੰ ਆਪਣੀ ਹੋਮ ਦੀ ਭੇਟ ਜਾਂ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣੀਆਂ ਚਾਹੀਦੀਆਂ ਹਨ ਜਿਵੇਂ ਉਹ ਸਬਤ ਦੇ ਦਿਨ ਕਰਦਾ ਹੈ। ਤਦ ਉਹ ਬਾਹਰ ਚਲਾ ਜਾਵੇਗਾ ਅਤੇ ਬਾਹਰ ਜਾਣ ਤੋਂ ਬਾਅਦ, ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ।
“ ‘ਯਾਹਵੇਹ ਨੂੰ ਹੋਮ ਦੀ ਭੇਟ ਲਈ ਹਰ ਰੋਜ਼ ਇੱਕ ਸਾਲ ਦਾ ਲੇਲਾ, ਬਿਨਾਂ ਕਿਸੇ ਨੁਕਸ ਦੇ ਦੇਣਾ। ਸਵੇਰੇ-ਸਵੇਰੇ ਤੁਸੀਂ ਇਸਨੂੰ ਪ੍ਰਦਾਨ ਕਰੋ। ਤੁਸੀਂ ਇਸ ਦੇ ਨਾਲ ਸਵੇਰੇ-ਸਵੇਰੇ ਇੱਕ ਅਨਾਜ਼ ਦੀ ਭੇਟ ਵੀ ਦੇਣੀ ਹੈ, ਜਿਸ ਵਿੱਚ ਆਟੇ ਨੂੰ ਗਿੱਲਾ ਕਰਨ ਲਈ ਇੱਕ ਤਿਹਾਈ ਹੀਨ ਦੇ ਤੇਲ ਦੇ ਨਾਲ ਏਫਾਹ ਦਾ ਛੇਵਾਂ ਹਿੱਸਾ ਹੋਵੇ। ਇਸ ਅਨਾਜ ਦੀ ਭੇਟ ਨੂੰ ਯਾਹਵੇਹ ਨੂੰ ਭੇਂਟ ਕਰਨਾ ਇੱਕ ਸਥਾਈ ਨਿਯਮ ਹੈ। ਇਸ ਲਈ ਲੇਲਾ ਅਤੇ ਅਨਾਜ਼ ਦੀ ਭੇਟ ਅਤੇ ਤੇਲ ਨੂੰ ਰੋਜ਼ਾਨਾ ਹੋਮ ਬਲੀ ਲਈ ਸਵੇਰੇ-ਸਵੇਰੇ ਦਿੱਤਾ ਜਾਣਾ ਚਾਹੀਦਾ ਹੈ।
“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੇ ਰਾਜਕੁਮਾਰ ਆਪਣੀ ਵਿਰਾਸਤ ਵਿੱਚੋਂ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਤੋਹਫ਼ਾ ਦਿੰਦਾ ਹੈ, ਤਾਂ ਇਹ ਉਸਦੇ ਉੱਤਰਾਧਿਕਾਰੀਆਂ ਦਾ ਵੀ ਹੋਵੇਗਾ; ਇਹ ਵਿਰਾਸਤ ਦੁਆਰਾ ਉਹਨਾਂ ਦੀ ਜਾਇਦਾਦ ਹੋਣੀ ਚਾਹੀਦੀ ਹੈ। ਜੇ, ਹਾਲਾਂਕਿ, ਉਹ ਆਪਣੇ ਕਿਸੇ ਨੌਕਰ ਨੂੰ ਆਪਣੀ ਵਿਰਾਸਤ ਵਿੱਚੋਂ ਕੋਈ ਤੋਹਫ਼ਾ ਦਿੰਦਾ ਹੈ, ਤਾਂ ਨੌਕਰ ਇਸ ਨੂੰ ਅਜ਼ਾਦੀ ਦੇ ਸਾਲ ਤੱਕ ਰੱਖ ਸਕਦਾ ਹੈ; ਫਿਰ ਇਹ ਰਾਜਕੁਮਾਰ ਨੂੰ ਵਾਪਸ ਆ ਜਾਵੇਗਾ। ਉਸ ਦੀ ਵਿਰਾਸਤ ਉਸ ਦੇ ਪੁੱਤਰਾਂ ਦੀ ਹੀ ਹੈ; ਇਹ ਉਹਨਾਂ ਦਾ ਹੈ। ਰਾਜਕੁਮਾਰ ਨੂੰ ਲੋਕਾਂ ਦੀ ਵਿਰਾਸਤ ਵਿੱਚੋਂ ਕੋਈ ਵੀ ਨਹੀਂ ਲੈਣਾ ਚਾਹੀਦਾ, ਉਹਨਾਂ ਨੂੰ ਉਹਨਾਂ ਦੀ ਜਾਇਦਾਦ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵਿੱਚੋਂ ਉਹਨਾਂ ਦੀ ਵਿਰਾਸਤ ਦੇਵੇ, ਤਾਂ ਜੋ ਮੇਰੇ ਲੋਕਾਂ ਵਿੱਚੋਂ ਕੋਈ ਵੀ ਉਹਨਾਂ ਦੀ ਜਾਇਦਾਦ ਤੋਂ ਵੱਖ ਨਾ ਹੋਵੇ।’ ”
ਤਦ ਉਹ ਆਦਮੀ ਮੈਨੂੰ ਫਾਟਕ ਦੇ ਇੱਕ ਪਾਸੇ ਦੇ ਪ੍ਰਵੇਸ਼ ਦੁਆਰ ਤੋਂ ਉੱਤਰ ਵੱਲ ਮੂੰਹ ਵਾਲੇ ਪਵਿੱਤਰ ਕੋਠੜੀਆਂ ਵਿੱਚ ਲੈ ਗਿਆ, ਜੋ ਜਾਜਕਾਂ ਦੇ ਸਨ, ਅਤੇ ਮੈਨੂੰ ਪੱਛਮੀ ਸਿਰੇ ਉੱਤੇ ਇੱਕ ਜਗ੍ਹਾ ਵਿਖਾਈ। ਉਸਨੇ ਮੈਨੂੰ ਕਿਹਾ, “ਇਹ ਉਹ ਥਾਂ ਹੈ ਜਿੱਥੇ ਜਾਜਕ ਦੋਸ਼ ਦੀ ਭੇਟ ਅਤੇ ਪਾਪ ਦੀ ਭੇਟ ਨੂੰ ਪਕਾਉਣ ਅਤੇ ਅਨਾਜ ਦੀ ਭੇਟ ਨੂੰ ਪਕਾਉਣ, ਤਾਂ ਜੋ ਉਹਨਾਂ ਨੂੰ ਬਾਹਰਲੇ ਵੇਹੜੇ ਵਿੱਚ ਲਿਆਉਣ ਅਤੇ ਲੋਕਾਂ ਨੂੰ ਪਵਿੱਤਰ ਕਰਨ ਤੋਂ ਬਚਾਇਆ ਜਾ ਸਕੇ।”
ਫਿਰ ਉਹ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਗਿਆ ਅਤੇ ਮੈਨੂੰ ਇਸਦੇ ਚਾਰੇ ਕੋਨਿਆਂ ਵਿੱਚ ਲੈ ਗਿਆ, ਅਤੇ ਮੈਂ ਹਰ ਕੋਨੇ ਵਿੱਚ ਇੱਕ ਹੋਰ ਵਿਹੜਾ ਦੇਖਿਆ। ਬਾਹਰਲੇ ਵੇਹੜੇ ਦੇ ਚਾਰੇ ਕੋਨਿਆਂ ਵਿੱਚ ਚਾਲੀ ਹੱਥ ਲੰਬੇ ਅਤੇ ਤੀਹ ਹੱਥ ਚੌੜੇ ਗਜ਼ ਸਨ।4 ਚਾਰੇ ਕੋਨਿਆਂ ਵਿੱਚ ਹਰੇਕ ਵੇਹੜੇ ਦਾ ਆਕਾਰ ਇੱਕੋ ਜਿਹਾ ਸੀ। ਚਾਰੇ ਵਿਹੜਿਆਂ ਵਿੱਚੋਂ ਹਰੇਕ ਦੇ ਅੰਦਰਲੇ ਪਾਸੇ ਪੱਥਰ ਦੀ ਇੱਕ ਕਿਨਾਰੀ ਸੀ, ਜਿਸ ਦੇ ਹੇਠਾਂ ਚਾਰੇ ਪਾਸੇ ਅੱਗ ਲਈ ਥਾਂ ਬਣਾਈ ਗਈ ਸੀ। ਉਸ ਨੇ ਮੈਨੂੰ ਆਖਿਆ, ਇਹ ਉਹ ਰਸੋਈਆ ਹਨ ਜਿੱਥੇ ਮੰਦਰ ਵਿੱਚ ਸੇਵਾ ਕਰਨ ਵਾਲੇ ਲੋਕਾਂ ਦੀਆਂ ਬਲੀਆਂ ਪਕਾਉਂਦੇ ਹਨ।
Source notes (4)
- Footnote ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ
- Footnote ਏਫਾਹ ਲਗਭਗ 16 ਕਿੱਲੋ ਗ੍ਰਾਮ
- Footnote ਹੀਨ ਲਗਭਗ 3.8 ਲੀਟਰ
- Footnote ਅਰਥਾਤ 40 ਫੁੱਟ ਲੰਮਾ ਅਤੇ 53 ਫੁੱਟ ਚੌੜਾ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.