Biblica® Open Punjabi Contemporary Version 2025
ਹਿਜ਼ਕੀਏਲ 43
ਪਰਮੇਸ਼ਵਰ ਦੀ ਮਹਿਮਾ ਦਾ ਮੰਦਰ ਵਿੱਚ ਵਾਪਸ ਆਉਣਾ
ਤਦ ਉਹ ਆਦਮੀ ਮੈਨੂੰ ਪੂਰਬ ਵੱਲ ਦੇ ਦਰਵਾਜ਼ੇ ਕੋਲ ਲੈ ਆਇਆ, ਅਤੇ ਮੈਂ ਇਸਰਾਏਲ ਦੇ ਪਰਮੇਸ਼ਵਰ ਦਾ ਪਰਤਾਪ ਪੂਰਬ ਵੱਲੋਂ ਆਉਂਦਾ ਦੇਖਿਆ। ਉਸਦੀ ਆਵਾਜ਼ ਤੇਜ਼ ਪਾਣੀਆਂ ਦੀ ਗਰਜ ਵਰਗੀ ਸੀ, ਅਤੇ ਧਰਤੀ ਉਸਦੀ ਮਹਿਮਾ ਨਾਲ ਚਮਕ ਰਹੀ ਸੀ। ਜੋ ਦਰਸ਼ਨ ਮੈਂ ਦੇਖਿਆ ਉਹ ਉਸ ਦਰਸ਼ਨ ਵਰਗਾ ਸੀ ਜੋ ਮੈਂ ਉਦੋਂ ਦੇਖਿਆ ਸੀ ਜਦੋਂ ਉਹ ਸ਼ਹਿਰ ਨੂੰ ਤਬਾਹ ਕਰਨ ਲਈ ਆਇਆ ਸੀ ਅਤੇ ਉਹ ਦਰਸ਼ਨਾਂ ਵਰਗਾ ਸੀ ਜੋ ਮੈਂ ਕੇਬਰ ਨਦੀ ਦੇ ਕੋਲ ਦੇਖਿਆ ਸੀ, ਅਤੇ ਮੈਂ ਡਿੱਗ ਪਿਆ ਸੀ। ਯਾਹਵੇਹ ਦੀ ਮਹਿਮਾ ਉਸ ਦਰਵਾਜ਼ੇ ਰਾਹੀਂ ਮੰਦਰ ਵਿੱਚ ਦਾਖਲ ਹੋਈ ਜਿਸਦਾ ਮੂੰਹ ਪੂਰਬ ਵੱਲ ਸੀ। ਤਦ ਆਤਮਾ ਨੇ ਮੈਨੂੰ ਉੱਠਾ ਕੇ ਅੰਦਰਲੇ ਵੇਹੜੇ ਵਿੱਚ ਲਿਆਇਆ, ਅਤੇ ਯਾਹਵੇਹ ਦੀ ਮਹਿਮਾ ਨੇ ਮੰਦਰ ਨੂੰ ਭਰ ਦਿੱਤਾ।
ਜਦੋਂ ਉਹ ਆਦਮੀ ਮੇਰੇ ਕੋਲ ਖੜ੍ਹਾ ਸੀ, ਮੈਂ ਮੰਦਰ ਦੇ ਅੰਦਰੋਂ ਕਿਸੇ ਨੂੰ ਮੇਰੇ ਨਾਲ ਬੋਲਦਿਆਂ ਸੁਣਿਆ। ਉਸ ਨੇ ਕਿਹਾ: “ਹੇ ਆਦਮੀ ਦੇ ਪੁੱਤਰ, ਇਹ ਮੇਰੇ ਸਿੰਘਾਸਣ ਦਾ ਸਥਾਨ ਹੈ ਅਤੇ ਮੇਰੇ ਪੈਰਾਂ ਦੀਆਂ ਤਲੀਆਂ ਦਾ ਸਥਾਨ ਹੈ। ਇਹ ਉਹ ਥਾਂ ਹੈ ਜਿੱਥੇ ਮੈਂ ਇਸਰਾਏਲੀਆਂ ਵਿਚਕਾਰ ਸਦਾ ਲਈ ਰਹਾਂਗਾ। ਇਸਰਾਏਲ ਦੇ ਲੋਕ ਫਿਰ ਕਦੇ ਵੀ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਕਰਨਗੇ ਨਾ ਉਹ ਅਤੇ ਨਾ ਹੀ ਉਹਨਾਂ ਦੇ ਰਾਜੇ ਆਪਣੇ ਵਿਭਚਾਰ ਦੁਆਰਾ ਅਤੇ ਉਹਨਾਂ ਦੇ ਰਾਜਿਆਂ ਲਈ ਉਹਨਾਂ ਦੇ ਮਰਨ ਤੇ ਅੰਤਿਮ-ਸੰਸਕਾਰ ਦੀਆਂ ਭੇਟਾਂ1 ਦੁਆਰਾ। ਜਦੋਂ ਉਹਨਾਂ ਨੇ ਆਪਣੀ ਚੌਂਕੀ ਮੇਰੀ ਚੌਂਕੀ ਦੇ ਅੱਗੇ ਅਤੇ ਉਹਨਾਂ ਦੀ ਚੌਗਾਠ ਮੇਰੀ ਚੌਗਾਠ ਦੇ ਕੋਲ ਰੱਖੀ, ਮੇਰੇ ਅਤੇ ਉਹਨਾਂ ਦੇ ਵਿਚਕਾਰ ਸਿਰਫ ਇੱਕ ਕੰਧ ਸੀ, ਉਹਨਾਂ ਨੇ ਆਪਣੇ ਘਿਣਾਉਣੇ ਕੰਮਾਂ ਦੁਆਰਾ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕੀਤਾ। ਇਸ ਲਈ ਮੈਂ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਤਬਾਹ ਕਰ ਦਿੱਤਾ। ਹੁਣ ਉਹ ਆਪਣੇ ਵਿਭਚਾਰ ਨੂੰ ਅਤੇ ਆਪਣੇ ਰਾਜਿਆਂ ਦੇ ਸੰਸਕਾਰ ਦੀਆਂ ਭੇਟਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਅਤੇ ਮੈਂ ਉਹਨਾਂ ਵਿੱਚ ਸਦਾ ਲਈ ਰਹਾਂਗਾ।
“ਹੇ ਆਦਮੀ ਦੇ ਪੁੱਤਰ, ਇਸਰਾਏਲ ਦੇ ਲੋਕਾਂ ਨੂੰ ਮੰਦਰ ਦਾ ਵਰਣਨ ਕਰ, ਤਾਂ ਜੋ ਉਹ ਆਪਣੇ ਪਾਪਾਂ ਤੋਂ ਸ਼ਰਮਿੰਦਾ ਹੋਣ। ਉਹਨਾਂ ਨੂੰ ਇਸਦੀ ਸੰਪੂਰਨਤਾ ਬਾਰੇ ਵਿਚਾਰ ਕਰਨ ਦਿਓ, ਅਤੇ ਜੇ ਉਹ ਆਪਣੇ ਕੀਤੇ ਹੋਏ ਸਾਰੇ ਕੰਮਾਂ ਤੋਂ ਸ਼ਰਮਿੰਦਾ ਹਨ, ਤਾਂ ਉਹਨਾਂ ਨੂੰ ਮੰਦਰ ਦੇ ਨਕਸ਼ੇ ਬਾਰੇ ਦੱਸੋ ਇਸਦਾ ਪ੍ਰਬੰਧ, ਇਸਦੇ ਬਾਹਰ ਨਿਕਲਣ ਅਤੇ ਪ੍ਰਵੇਸ਼ ਦੁਆਰ ਅਤੇ ਇਸਦਾ ਸਾਰਾ ਨਕਸ਼ਾ ਅਤੇ ਇਸਦੇ ਸਾਰੇ ਨਿਯਮਾਂ ਅਤੇ ਕਾਨੂੰਨਾਂ ਬਾਰੇ। ਇਹਨਾਂ ਨੂੰ ਉਹਨਾਂ ਦੇ ਅੱਗੇ ਲਿਖੋ ਤਾਂ ਜੋ ਉਹ ਇਸਦੇ ਨਕਸ਼ੇ ਦੇ ਪ੍ਰਤੀ ਵਫ਼ਾਦਾਰ ਰਹਿਣ ਅਤੇ ਇਸਦੇ ਸਾਰੇ ਨਿਯਮਾਂ ਦੀ ਪਾਲਣਾ ਕਰ ਸਕਣ।
“ਇਹ ਭਵਨ ਦਾ ਨਿਯਮ ਹੈ: ਪਹਾੜ ਦੀ ਚੋਟੀ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਸਭ ਤੋਂ ਪਵਿੱਤਰ ਹੋਵੇਗਾ। ਇਹੀ ਇਸ ਭਵਨ ਦੀ ਬਿਵਸਥਾ ਹੈ।
ਵੇਦੀ ਦੀ ਬਣਾਵਟ
“ਹੱਥ ਦੇ ਮਾਪ ਅਨੁਸਾਰ ਜਗਵੇਦੀ ਦੀ ਇਹ ਮਿਣਤੀ ਹੈ ਅਤੇ ਇਸ ਹੱਥ ਦੀ ਲੰਬਾਈ ਇੱਕ ਹੱਥ ਚਾਰ ਉਂਗਲਾਂ ਹੈ। ਤਹਿ ਇੱਕ ਹੱਥ ਦੀ ਹੋਵੇਗੀ ਅਤੇ ਚੌੜਾਈ ਇੱਕ ਹੱਥ ਅਤੇ ਉਸ ਦੇ ਚੁਫ਼ੇਰੇ ਇੱਕ ਗਿੱਠ ਚੌੜਾ ਫੱਟਾ, ਅਤੇ ਜਗਵੇਦੀ ਦੀ ਨੀਂਹ ਇਹੀ ਹੈ: ਧਰਤੀ ਉੱਤੇ ਦੀ ਇਸ ਤਹਿ ਤੋਂ ਲੈ ਕੇ ਥੱਲੇ ਦੀ ਕੁਰਸੀ ਤੱਕ ਦੋ ਹੱਥ2 ਅਤੇ ਉਸ ਦੀ ਚੌੜਾਈ ਇੱਕ ਹੱਥ3 ਅਤੇ ਨਿੱਕੀ ਕੁਰਸੀ ਤੋਂ ਵੱਡੀ ਕੁਰਸੀ ਤੱਕ ਚਾਰ ਹੱਥ ਅਤੇ ਚੌੜਾਈ ਇੱਕ ਹੱਥ।4 ਜਗਵੇਦੀ ਦਾ ਸਿਖਰ, ਚੁੱਲ੍ਹਾ, ਚਾਰੇ ਕੋਨਿਆਂ ਵਿੱਚੋਂ ਇੱਕ ਸਿੰਗ ਦੇ ਨਾਲ, ਹੋਰ ਸੱਤ ਫੁੱਟ ਉੱਚਾ ਉੱਠਦਾ ਹੈ। ਜਗਵੇਦੀ ਬਾਰਾਂ ਹੱਥ ਲੰਮੀ ਹੋਵੇਗੀ ਅਤੇ ਬਾਰਾਂ ਹੱਥ ਚੌੜੀ,5 ਅਥਵਾ, ਵਰਗਾਕਾਰ ਹੋਵੇਗੀ। ਕੁਰਸੀ ਚੌਦਾਂ ਹੱਥ ਲੰਮੀ ਅਤੇ ਚੌਦਾਂ ਹੱਥ ਚੌੜੀ6 ਵਰਗਾਕਾਰ ਅਤੇ ਦੁਆਲੇ ਉਸ ਦਾ ਕੰਢਾ ਅੱਧਾ ਹੱਥ ਅਤੇ ਉਸ ਦੀ ਤਹਿ ਚੁਫ਼ੇਰੇ ਇੱਕ ਹੱਥ ਅਤੇ ਉਸ ਦੀ ਪੌੜੀ ਪੂਰਬ ਵੱਲ ਹੋਵੇਗੀ।”
ਤਦ ਉਸ ਨੇ ਮੈਨੂੰ ਆਖਿਆ, “ਹੇ ਆਦਮੀ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਗਵੇਦੀ ਦੇ ਬਣਨ ਵੇਲੇ ਹੋਮ ਦੀਆਂ ਭੇਟਾਂ ਚੜ੍ਹਾਉਣ ਅਤੇ ਲਹੂ ਦੇ ਛਿੜਕਾਅ ਕਰਨ ਲਈ ਇਹ ਨਿਯਮ ਹੋਣਗੇ: ਤੂੰ ਸਾਦੋਕ ਦੇ ਘਰਾਣੇ ਦੇ ਲੇਵੀ ਜਾਜਕਾਂ ਨੂੰ ਪਾਪ ਦੀ ਭੇਟ7 ਵਜੋਂ ਇੱਕ ਬਲਦ ਚੜ੍ਹਾਓ, ਜੋ ਮੇਰੇ ਅੱਗੇ ਸੇਵਾ ਕਰਨ ਲਈ ਆਉਂਦੇ ਹਨ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। ਤੁਸੀਂ ਉਸ ਦੇ ਲਹੂ ਵਿੱਚੋਂ ਕੁਝ ਲੈ ਕੇ ਜਗਵੇਦੀ ਦੇ ਚਾਰਾਂ ਸਿੰਗਾਂ ਉੱਤੇ ਅਤੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਕਿਨਾਰਿਆਂ ਦੇ ਚਾਰੇ ਪਾਸੇ ਲਗਾਓ ਅਤੇ ਇਸ ਤਰ੍ਹਾਂ ਜਗਵੇਦੀ ਨੂੰ ਸ਼ੁੱਧ ਕਰੋ ਅਤੇ ਉਸ ਦੇ ਲਈ ਪ੍ਰਾਸਚਿਤ ਕਰੋ। ਤੁਹਾਨੂੰ ਬਲਦ ਨੂੰ ਪਾਪ ਦੀ ਭੇਟ ਲਈ ਲੈ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਮੰਦਰ ਦੇ ਬਾਹਰ ਮੰਦਰ ਦੇ ਨਿਰਧਾਰਤ ਹਿੱਸੇ ਵਿੱਚ ਸਾੜ ਦੇਣਾ ਚਾਹੀਦਾ ਹੈ।
“ਦੂਜੇ ਦਿਨ ਤੁਹਾਨੂੰ ਪਾਪ ਦੀ ਭੇਟ ਲਈ ਇੱਕ ਨਿਰਦੋਸ਼ ਬੱਕਰਾ ਚੜ੍ਹਾਉਣਾ ਚਾਹੀਦਾ ਹੈ ਅਤੇ ਜਗਵੇਦੀ ਨੂੰ ਉਸੇ ਤਰ੍ਹਾਂ ਸ਼ੁੱਧ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਬਲਦ ਨਾਲ ਸ਼ੁੱਧ ਕੀਤਾ ਗਿਆ ਸੀ। ਜਦੋਂ ਤੁਸੀਂ ਇਸ ਨੂੰ ਸ਼ੁੱਧ ਕਰ ਲਓ, ਤੁਹਾਨੂੰ ਇੱਜੜ ਵਿੱਚੋਂ ਇੱਕ ਬਲਦ ਅਤੇ ਇੱਕ ਭੇਡੂ, ਦੋਵੇਂ ਬਿਨਾਂ ਕਿਸੇ ਨੁਕਸ ਦੇ ਚੜ੍ਹਾਉਣੇ ਚਾਹੀਦੇ ਹਨ। ਤੁਸੀਂ ਉਹਨਾਂ ਨੂੰ ਯਾਹਵੇਹ ਦੇ ਅੱਗੇ ਚੜ੍ਹਾਉਣਾ ਹੈ, ਅਤੇ ਜਾਜਕਾਂ ਨੂੰ ਉਹਨਾਂ ਤੇ ਲੂਣ ਛਿੜਕਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਉਣਾ ਹੈ।
“ਸੱਤ ਦਿਨਾਂ ਤੱਕ ਤੁਹਾਨੂੰ ਪਾਪ ਦੀ ਭੇਟ ਲਈ ਰੋਜ਼ਾਨਾ ਇੱਕ ਬੱਕਰਾ ਦੇਣਾ ਚਾਹੀਦਾ ਹੈ। ਤੁਹਾਨੂੰ ਇੱਜੜ ਵਿੱਚੋਂ ਇੱਕ ਬਲਦ ਅਤੇ ਇੱਕ ਭੇਡੂ ਵੀ ਦੇਣਾ ਚਾਹੀਦਾ ਹੈ, ਦੋਵੇਂ ਬਿਨਾਂ ਕਿਸੇ ਨੁਕਸ ਦੇ। ਸੱਤ ਦਿਨਾਂ ਤੱਕ ਉਹ ਜਗਵੇਦੀ ਲਈ ਪ੍ਰਾਸਚਿਤ ਕਰਨ ਅਤੇ ਇਸਨੂੰ ਸ਼ੁੱਧ ਕਰਨ। ਇਸ ਤਰ੍ਹਾਂ ਉਹ ਇਸਨੂੰ ਸਮਰਪਿਤ ਕਰਨਗੇ। ਇਨ੍ਹਾਂ ਦਿਨਾਂ ਦੇ ਅੰਤ ਵਿੱਚ, ਅੱਠਵੇਂ ਦਿਨ ਤੋਂ, ਜਾਜਕਾਂ ਨੂੰ ਤੁਹਾਡੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਜਗਵੇਦੀ ਉੱਤੇ ਚੜ੍ਹਾਉਣੀਆਂ ਚਾਹੀਦੀਆਂ ਹਨ। ਤਦ ਮੈਂ ਤੈਨੂੰ ਸਵੀਕਾਰ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।”
Source notes (7)
- Footnote ਅੰਤਿਮ-ਸੰਸਕਾਰ ਦੀਆਂ ਭੇਟਾਂ ਅਰਥਾਤ ਯਾਦਗਾਰ ਸਮਾਰਕ
- Footnote ਦੋ ਹੱਥ ਅਰਥਾਤ 3 ½ ਫੁੱਟ ਉਚਾਈ
- Footnote ਚੌੜਾਈ ਇੱਕ ਹੱਥ ਅਰਥਾਤ 1 ½ ਫੁੱਟ
- Footnote ਇਹ ਲਗਭਗ 7 ਫੁੱਟ ਉਚਾਈ ਅਤੇ 1 ½
- Footnote ਲਗਭਗ 21 ਫੁੱਟ ਲੰਬਾਈ ਅਤੇ 21 ਫੁੱਟ ਚੌੜਾਈ
- Footnote ਲਗਭਗ 25 ਫੁੱਟ ਲੰਬਾਈ ਅਤੇ 25 ਫੁੱਟ ਚੌੜਾਈ
- Footnote ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.