Biblica® Open Punjabi Contemporary Version 2025
ਹਿਜ਼ਕੀਏਲ 28
ਸੋਰ ਦੇ ਰਾਜੇ ਦੇ ਵਿਰੁੱਧ ਇੱਕ ਭਵਿੱਖਬਾਣੀ
ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਆਪਣੇ ਦਿਲ ਦੇ ਹੰਕਾਰ ਨਾਲ
ਤੂੰ ਕਹਿੰਦਾ ਹੈ, “ਮੈਂ ਇੱਕ ਦੇਵਤਾ ਹਾਂ;
ਮੈਂ ਸਮੁੰਦਰਾਂ ਦੇ ਵਿੱਚਕਾਰ
ਇੱਕ ਦੇਵਤੇ ਦੇ ਸਿੰਘਾਸਣ ਉੱਤੇ ਬੈਠਾ ਹਾਂ।”
ਪਰ ਤੂੰ ਇੱਕ ਮਰਨਹਾਰ ਪ੍ਰਾਣੀ ਹੈ, ਦੇਵਤਾ ਨਹੀਂ,
ਭਾਵੇਂ ਤੂੰ ਸਮਝਦਾ ਕਿ ਤੂੰ ਇੱਕ ਦੇਵਤੇ ਵਾਂਗ ਸਿਆਣੇ ਹੈ।
ਕੀ ਤੂੰ ਦਾਨੀਏਲ ਨਾਲੋਂ ਸਿਆਣਾ ਹੈ?
ਕੀ ਤੇਰੇ ਤੋਂ ਕੋਈ ਭੇਤ ਲੁਕਿਆ ਨਹੀਂ ਹੈ?
ਆਪਣੀ ਸਿਆਣਪ ਅਤੇ ਸਮਝ ਨਾਲ
ਤੂੰ ਆਪਣੇ ਲਈ ਧਨ ਕਮਾਇਆ ਹੈ
ਅਤੇ ਆਪਣੇ ਖ਼ਜ਼ਾਨਿਆਂ ਵਿੱਚ ਸੋਨਾ
ਅਤੇ ਚਾਂਦੀ ਇਕੱਠਾ ਕੀਤਾ ਹੈ।
ਵਪਾਰ ਵਿੱਚ ਆਪਣੀ ਮਹਾਨ ਕੁਸ਼ਲਤਾ ਨਾਲ
ਤੂੰ ਆਪਣਾ ਧਨ ਦੌਲਤ ਵਧਾ ਲਿਆ ਹੈ।
ਅਤੇ ਤੇਰੀ ਦੌਲਤ ਦੇ ਕਾਰਨ
ਤੇਰਾ ਦਿਲ ਹੰਕਾਰੀ ਹੋ ਗਿਆ ਹੈ।
“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਕਿਉਂਕਿ ਤੂੰ ਸਮਝਦਾ ਹੈ ਕਿ ਤੂੰ ਬੁੱਧਵਾਨ ਹੈ,
ਬੁੱਧਵਾਨ ਜਿਵੇਂ ਪਰਮੇਸ਼ਵਰ,
ਮੈਂ ਤੇਰੇ ਵਿਰੁੱਧ ਪਰਦੇਸੀਆਂ ਨੂੰ ਲਿਆਉਣ ਜਾ ਰਿਹਾ ਹਾਂ।
ਕੌਮਾਂ ਵਿੱਚੋਂ ਸਭ ਤੋਂ ਵੱਡੀ ਬੇਰਹਿਮ ਕੌਮ;
ਉਹ ਤੇਰੀ ਸੁੰਦਰਤਾ ਅਤੇ ਬੁੱਧੀ ਦੇ ਵਿਰੁੱਧ ਆਪਣੀਆਂ ਤਲਵਾਰਾਂ ਖਿੱਚਣਗੇ
ਅਤੇ ਤੇਰੀ ਚਮਕਦਾਰ ਸ਼ਾਨ ਨੂੰ ਭਰਿਸ਼ਟ ਕਰਨਗੇ।
ਉਹ ਤੈਨੂੰ ਪਤਾਲ ਵਿੱਚ ਲੈ ਜਾਣਗੇ,
ਅਤੇ ਤੂੰ ਉਹਨਾਂ ਦੀ ਮੌਤ ਮਰੇਗਾ
ਜਿਹੜੇ ਸਮੁੰਦਰ ਵਿੱਚ ਹਨ।
ਕੀ ਤੂੰ ਉਹਨਾਂ ਲੋਕਾਂ ਦੀ ਮੌਜੂਦਗੀ ਵਿੱਚ ਜਿਹੜੇ ਤੈਨੂੰ ਮਾਰਦੇ ਹਨ।
ਇਸ ਤਰ੍ਹਾਂ ਆਖੇਗਾ, “ਕਿ ਮੈਂ ਦੇਵਤਾ ਹਾਂ?”
ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵਤਾ ਨਹੀਂ,
ਸਗੋਂ ਮਨੁੱਖ ਹੈ।
ਤੂੰ ਪਰਦੇਸੀਆਂ ਦੇ ਹੱਥੋਂ ਬੇਸੁੰਨਤ ਦੀ ਮੌਤ ਮਰੇਂਗਾ।
ਕਿਉਂ ਜੋ ਮੈਂ ਬੋਲਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: “ਹੇ ਮਨੁੱਖ ਦੇ ਪੁੱਤਰ, ਸੂਰ ਦੇ ਰਾਜੇ ਲਈ ਇੱਕ ਵਿਰਲਾਪ ਕਰ ਅਤੇ ਉਸਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਤੁਸੀਂ ਸੰਪੂਰਨਤਾ ਦੀ ਮੋਹਰ ਸੀ,
ਬੁੱਧੀ ਨਾਲ ਭਰਪੂਰ ਅਤੇ ਸੁੰਦਰਤਾ ਵਿੱਚ ਸੰਪੂਰਨ ਸੀ।
ਤੂੰ ਅਦਨ ਵਿੱਚ
ਪਰਮੇਸ਼ਵਰ ਦੇ ਬਾਗ਼ ਵਿੱਚ ਸੀ,
ਹਰੇਕ ਕੀਮਤੀ ਪੱਥਰ ਤੇਰੇ ਢੱਕਣ ਲਈ ਸੀ,
ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਬਿਲੌਰ, ਪੁਖਰਾਜ,
ਬੈਰੂਜ਼, ਸੁਲੇਮਾਨੀ ਅਤੇ ਯਸ਼ਬ,
ਨੀਲਮ, ਪੰਨਾ ਅਤੇ ਜ਼ਬਰਜਦ ਅਤੇ ਸੋਨਾ।
ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ,
ਤੇਰੇ ਉਤਪਤ ਕੀਤੇ ਜਾਣ ਦੇ ਦਿਨ ਤੋਂ ਉਹ ਤਿਆਰ ਕੀਤੀਆਂ ਗਈਆਂ।
ਤੂੰ ਇੱਕ ਮਸਹ ਕੀਤੇ ਹੋਏ ਕਰੂਬੀ ਵਰਗਾ ਸੀ,
ਕਿਉਂ ਜੋ ਮੈਂ ਤੈਨੂੰ ਨਿਯੁਕਤ ਕੀਤਾ ਸੀ।
ਤੂੰ ਪਰਮੇਸ਼ਵਰ ਦੇ ਪਵਿੱਤਰ ਪਹਾੜ ਉੱਤੇ ਸੀ;
ਤੂੰ ਅੱਗ ਦੇ ਪੱਥਰਾਂ ਦੇ ਵਿਚਕਾਰ ਚੱਲਿਆ।
ਤੂੰ ਆਪਣੇ ਚਾਲ-ਚਲਣ ਵਿੱਚ ਨਿਰਦੋਸ਼ ਸੀ
ਜਿਸ ਦਿਨ ਤੋਂ ਤੈਨੂੰ ਬਣਾਇਆ ਗਿਆ ਸੀ।
ਇੱਥੋ ਤੱਕ ਤੇਰੇ ਵਿੱਚ ਬੁਰਾਈ ਨਾ ਪਾਈ ਗਈ।
ਤੇਰੇ ਵਪਾਰ ਦੇ ਵਾਧੇ ਦੇ ਕਾਰਨ
ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ
ਅਤੇ ਤੂੰ ਪਾਪ ਕੀਤਾ।
ਇਸ ਲਈ ਮੈਂ ਤੈਨੂੰ ਪਰਮੇਸ਼ਵਰ ਦੇ ਪਰਬਤ ਉੱਤੋਂ ਨਾਪਾਕੀ ਵਾਂਗੂੰ ਸੁੱਟ ਦਿੱਤਾ
ਅਤੇ ਤੇਰੇ ਢੱਕਣ ਵਾਲੇ ਕਰੂਬੀ ਨੂੰ
ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ।
ਤੇਰੀ ਸੁੰਦਰਤਾ ਦੇ ਕਾਰਨ
ਤੇਰਾ ਮਨ ਹੰਕਾਰੀ ਹੋ ਗਿਆ,
ਅਤੇ ਤੂੰ ਆਪਣੀ ਸ਼ਾਨ ਦੇ ਕਾਰਨ
ਆਪਣੀ ਬੁੱਧੀ ਨੂੰ ਭ੍ਰਿਸ਼ਟ ਕਰ ਲਿਆ।
ਇਸ ਲਈ ਮੈਂ ਤੁਹਾਨੂੰ ਧਰਤੀ ਉੱਤੇ ਸੁੱਟ ਦਿੱਤਾ;
ਮੈਂ ਰਾਜਿਆਂ ਦੇ ਸਾਮ੍ਹਣੇ ਤੇਰਾ ਤਮਾਸ਼ਾ ਬਣਾਇਆ।
ਆਪਣੇ ਬਹੁਤ ਸਾਰੇ ਪਾਪਾਂ ਅਤੇ ਬੇਈਮਾਨ ਵਪਾਰ ਨਾਲ
ਆਪਣੇ ਪਵਿੱਤਰ ਸਥਾਨਾਂ ਨੂੰ ਅਪਵਿੱਤਰ ਕੀਤਾ ਹੈ।
ਇਸ ਲਈ ਮੈਂ ਤੇਰੇ ਵਿੱਚੋਂ ਇੱਕ ਅੱਗ ਕੱਢੀ,
ਅਤੇ ਉਸ ਨੇ ਤੈਨੂੰ ਭਸਮ ਕਰ ਦਿੱਤਾ,
ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ,
ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ।
ਸਾਰੀਆਂ ਕੌਮਾਂ ਜੋ ਤੈਨੂੰ ਜਾਣਦੀਆਂ ਸਨ
ਤੇਰੇ ਤੋਂ ਹੈਰਾਨ ਹੋ ਗਈਆਂ ਹਨ;
ਤੇਰਾ ਭਿਆਨਕ ਅੰਤ ਹੋ ਗਿਆ ਹੈ
ਅਤੇ ਹੁਣ ਨਹੀਂ ਰਹੇਗਾ।’ ”
ਸੈਦਾ ਦੇ ਵਿਰੁੱਧ ਇੱਕ ਭਵਿੱਖਬਾਣੀ
ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਸੀਦੋਨ ਦੇ ਵਿਰੁੱਧ ਆਪਣਾ ਮੂੰਹ ਕਰ; ਉਸ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਹੇ ਸੀਦੋਨ, ਮੈਂ ਤੇਰੇ ਵਿਰੁੱਧ ਹਾਂ,
ਅਤੇ ਮੈਂ ਤੇਰੇ ਵਿੱਚ ਆਪਣੀ ਮਹਿਮਾ ਵਿਖਾਵਾਂਗਾ।
ਜਦੋਂ ਮੈਂ ਤੈਨੂੰ ਸਜ਼ਾ ਦੇਵਾਂਗਾ
ਤਾਂ ਤੂੰ ਜਾਣੇਗਾ ਕਿ ਮੈਂ ਯਾਹਵੇਹ ਹਾਂ,
ਅਤੇ ਤੇਰੇ ਅੰਦਰ ਪਵਿੱਤਰ ਸਾਬਤ ਹੋਵਾਂਗਾ।
ਮੈਂ ਤੁਹਾਡੇ ਉੱਤੇ ਬਵਾ ਭੇਜਾਂਗਾ
ਅਤੇ ਤੇਰੀਆਂ ਗਲੀਆਂ ਵਿੱਚ ਲਹੂ ਵਹਾਵਾਂਗਾ।
ਵੱਢੇ ਹੋਏ ਉਸ ਦੇ ਅੰਦਰ ਡਿੱਗਣਗੇ,
ਹਰ ਪਾਸਿਓਂ ਤੇਰੇ ਵਿਰੁੱਧ ਤਲਵਾਰ ਚੱਲੇਗੀ।
ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।
“ ‘ਇਸਰਾਏਲ ਦੇ ਲੋਕਾਂ ਕੋਲ ਹੁਣ ਕੋਈ ਵੀ ਭੈੜੇ ਗੁਆਂਢੀ ਨਹੀਂ ਹੋਣਗੇ ਜੋ ਦਰਦਨਾਕ ਝਾੜੀਆਂ ਅਤੇ ਤਿੱਖੇ ਕੰਡੇ ਹਨ। ਤਦ ਉਹ ਜਾਣ ਲੈਣਗੇ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।
“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਜਦੋਂ ਮੈਂ ਇਸਰਾਏਲ ਦੇ ਘਰਾਣੇ ਨੂੰ ਹੋਰਨਾਂ ਲੋਕਾਂ ਵਿੱਚੋਂ ਜਿਹਨਾਂ ਵਿੱਚ ਉਹ ਖਿੱਲਰ ਗਏ ਹਨ, ਇਕੱਠਾ ਕਰਾਂਗਾ, ਤਦ ਮੈਂ ਕੌਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਵਿੱਚ ਪਵਿੱਤਰ ਠਹਿਰਾਇਆ ਜਾਂਵਾਂਗਾ ਅਤੇ ਉਹ ਆਪਣੀ ਭੂਮੀ ਵਿੱਚ ਜਿਹੜੀ ਮੈਂ ਆਪਣੇ ਦਾਸ ਯਾਕੋਬ ਨੂੰ ਦਿੱਤੀ ਸੀ, ਵੱਸਣਗੇ। ਉਹ ਉੱਥੇ ਸੁਰੱਖਿਆ ਨਾਲ ਰਹਿਣਗੇ ਅਤੇ ਘਰ ਬਣਾਉਣਗੇ ਅਤੇ ਅੰਗੂਰੀ ਬਾਗ ਲਾਉਣਗੇ। ਉਹ ਸੁਰੱਖਿਆ ਵਿੱਚ ਰਹਿਣਗੇ ਜਦੋਂ ਮੈਂ ਉਹਨਾਂ ਦੇ ਸਾਰੇ ਗੁਆਂਢੀਆਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਉਹਨਾਂ ਨੂੰ ਬਦਨਾਮ ਕੀਤਾ ਹੈ। ਫਿਰ ਉਹ ਜਾਣ ਲੈਣਗੇ ਕਿ ਮੈਂ ਉਹਨਾਂ ਦਾ ਯਾਹਵੇਹ ਪਰਮੇਸ਼ਵਰ ਹਾਂ।’ ”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.