Biblica® Open Punjabi Contemporary Version 2025
ਹਿਜ਼ਕੀਏਲ 24
ਯੇਰੂਸ਼ਲੇਮ ਨੂੰ ਖਾਣਾ ਪਕਾਉਣ ਦੇ ਬਰਤਨ ਵਜੋਂ
ਨੌਵੇਂ ਸਾਲ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਅੱਜ ਦੇ ਦਿਨ ਹਾਂ, ਇਸੇ ਦਿਨ ਦਾ ਨਾਮ ਲਿਖ ਲੈ ਕਿ ਬਾਬੇਲ ਦੇ ਰਾਜੇ ਨੇ ਠੀਕ ਇਸੇ ਦਿਨ ਯੇਰੂਸ਼ਲੇਮ ਉੱਤੇ ਘੇਰਾ ਪਾਇਆ। ਇਸ ਬਾਗ਼ੀ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਓ ਅਤੇ ਉਹਨਾਂ ਨੂੰ ਕਹੋ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਪਕਾਉਣ ਵਾਲੇ ਬਰਤਨ ਨੂੰ ਚੁੱਲ੍ਹੇ ਤੇ ਚੜ੍ਹਾ ਦੇ
ਅਤੇ ਉਸ ਵਿੱਚ ਪਾਣੀ ਭਰੋ।
ਉਸ ਵਿੱਚ ਮਾਸ ਦੇ ਟੁਕੜੇ ਪਾ,
ਸਾਰੇ ਪਸੰਦੀਦੇ ਟੁਕੜੇ ਪੱਟ ਅਤੇ ਮੋਢੇ।
ਹਰ ਇੱਕ ਚੰਗਾ ਟੁੱਕੜਾ ਅਤੇ ਚੁਣਵੀਆਂ ਹੱਡੀਆਂ ਉਸ ਵਿੱਚ ਭਰ ਦੇ;
ਅਤੇ ਇੱਜੜ ਵਿੱਚੋਂ ਚੁਣ-ਚੁਣ ਕੇ ਲੈ,
ਅਤੇ ਉਹ ਦੇ ਹੇਠਾਂ ਹੱਡੀਆਂ ਦਾ ਢੇਰ ਲਾ ਦੇ,
ਅਤੇ ਚੰਗੀ ਤਰ੍ਹਾਂ ਉਬਾਲ,
ਅਤੇ ਉਸ ਦੇ ਵਿੱਚ ਹੱਡੀਆਂ ਚੰਗੀ ਤਰ੍ਹਾਂ ਉਬਾਲ।
“ ‘ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਹਾਏ, ਖ਼ੂਨ ਖ਼ਰਾਬੇ ਵਾਲੇ ਸ਼ਹਿਰ ਉੱਤੇ,
ਉਸ ਕੜਾਹੇ ਉੱਤੇ ਜਿਸ ਤੇ ਜੰਗਾਲ ਲੱਗਾ ਹੈ,
ਉਸ ਦਾ ਜੰਗਾਲ ਅਜੇ ਲਾਹਿਆ ਨਹੀਂ ਗਿਆ!
ਜੋ ਵੀ ਕ੍ਰਮ ਵਿੱਚ ਆਵੇ
ਉਸ ਵਿੱਚੋਂ ਟੁਕੜੇ-ਟੁਕੜੇ ਕਰਕੇ ਮਾਸ ਬਾਹਰ ਕੱਢ।
“ ‘ਕਿਉਂ ਜੋ ਉਹ ਦਾ ਲਹੂ ਉਹ ਦੇ ਵਿੱਚ ਹੈ।
ਉਸ ਨੇ ਉਹ ਨੂੰ ਸੁੱਕੀ ਚੱਟਾਨ ਤੇ ਰੱਖਿਆ,
ਧਰਤੀ ਤੇ ਨਹੀਂ ਡੋਲ੍ਹਿਆ
ਕਿ ਮਿੱਟੀ ਵਿੱਚ ਢੱਕਿਆ ਜਾਏ।
ਕ੍ਰੋਧ ਭੜਕਾਉਣ ਅਤੇ ਬਦਲਾ ਲੈਣ ਲਈ
ਮੈਂ ਉਸ ਦਾ ਲਹੂ ਸੁੱਕੀ ਚੱਟਾਨ ਉੱਤੇ ਰੱਖਿਆ,
ਤਾਂ ਜੋ ਉਹ ਢੱਕਿਆ ਨਾ ਜਾਵੇ।
“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਖੂਨ ਦੇ ਸ਼ਹਿਰ ਉੱਤੇ ਹਾਏ!
ਮੈਂ ਵੀ ਉੱਚੀ ਲੱਕੜ ਦਾ ਢੇਰ ਲਾਵਾਂਗਾ।
ਲੱਕੜਾਂ ਦਾ ਢੇਰ ਲਾ ਅਤੇ ਅੱਗ ਭੜਕਾ,
ਮਾਸ ਨੂੰ ਚੰਗੀ ਤਰ੍ਹਾਂ ਉਬਾਲ,
ਤਰੀ ਨੂੰ ਸੰਘਣਾ ਕਰ
ਅਤੇ ਹੱਡੀਆਂ ਸਾੜੀਆਂ ਜਾਣ।
ਤਦ ਘੜੇ ਨੂੰ ਖਾਲੀ ਕਰਕੇ ਕੋਲਿਆਂ ਉੱਤੇ ਰੱਖ ਦਿਓ
ਤਾਂ ਜੋ ਉਹ ਦਾ ਪਿੱਤਲ ਗਰਮ ਹੋਵੇ
ਅਤੇ ਪਿਘਲ ਜਾਵੇ। ਉਸ ਦੇ ਅੰਦਰ ਦੀ ਮੈਲ਼ ਸੜ ਜਾਵੇ
ਅਤੇ ਉਹ ਦਾ ਜੰਗਾਲ ਸੜ ਜਾਵੇ।
ਉਹ ਸਖ਼ਤ ਮਿਹਨਤ ਤੋਂ ਥੱਕ ਗਈ,
ਪਰ ਉਹ ਦਾ ਬਹੁਤਾ ਜੰਗਾਲ ਉਸ ਵਿੱਚੋਂ ਦੂਰ ਨਹੀਂ ਹੋਇਆ।
ਅੱਗ ਨਾਲ ਵੀ ਉਹ ਦਾ ਜੰਗਾਲ ਦੂਰ ਨਹੀਂ ਹੁੰਦਾ।
“ ‘ਤੇਰੀ ਅਪਵਿੱਤਰਤਾ ਵਿੱਚ ਕਾਮ-ਵਾਸਨਾ ਹੈ। ਕਿਉਂਕਿ ਮੈਂ ਤੁਹਾਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੁਸੀਂ ਆਪਣੀ ਅਸ਼ੁੱਧਤਾ ਤੋਂ ਸ਼ੁੱਧ ਨਹੀਂ ਹੁੰਦੇ, ਤੁਸੀਂ ਉਦੋਂ ਤੱਕ ਦੁਬਾਰਾ ਸ਼ੁੱਧ ਨਹੀਂ ਹੋਵੋਗੇ ਜਦੋਂ ਤੱਕ ਤੁਹਾਡੇ ਵਿਰੁੱਧ ਮੇਰਾ ਕ੍ਰੋਧ ਘੱਟ ਨਹੀਂ ਹੁੰਦਾ।
“ ‘ਮੈਂ ਯਾਹਵੇਹ ਨੇ ਇਹ ਆਖਿਆ ਹੈ। ਅਜਿਹਾ ਹੋਵੇਗਾ ਅਤੇ ਮੈਂ ਇਹ ਨੂੰ ਕਰਾਂਗਾ, ਮੈਂ ਨਾ ਮੁੜਾਂਗਾ, ਮੈਂ ਨਾ ਛੱਡਾਂਗਾ, ਨਾ ਪਛਤਾਵਾਂਗਾ, ਤੇਰੇ ਮਾਰਗਾਂ ਅਤੇ ਤੇਰੇ ਕੰਮਾਂ ਦੇ ਅਨੁਸਾਰ ਉਹ ਤੇਰਾ ਨਿਆਂ ਕਰਨਗੇ, ਸਰਬਸ਼ਕਤੀਮਾਨ ਪ੍ਰਭੂ ਯਾਹਵੇਹ ਦਾ ਵਾਕ ਹੈ।’ ”
ਹਿਜ਼ਕੀਏਲ ਦੀ ਪਤਨੀ ਦੀ ਮੌਤ ਹੋ ਗਈ
ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਮੈਂ ਇੱਕ ਝਟਕੇ ਨਾਲ ਤੇਰੀਆਂ ਅੱਖਾਂ ਦੀ ਖੁਸ਼ੀ ਨੂੰ ਦੂਰ ਕਰਨ ਵਾਲਾ ਹਾਂ। ਫਿਰ ਵੀ ਤੂੰ ਵਿਰਲਾਪ ਨਾ ਕਰੀਂ, ਨਾ ਰੋਈਂ ਅਤੇ ਨਾ ਹੀ ਕੋਈ ਹੰਝੂ ਵਹਾਈਂ। ਚੁੱਪ-ਚਾਪ ਹਾਉਂਕੇ ਭਰੀਂ; ਮੁਰਦਿਆਂ ਲਈ ਸੋਗ ਨਾ ਕਰੀ। ਆਪਣੀ ਪੱਗ ਬੰਨ੍ਹੀ ਰੱਖੀ ਅਤੇ ਪੈਰਾਂ ਵਿੱਚ ਜੁੱਤੀ ਪਾਈ ਅਤੇ ਆਪਣੇ ਬੁੱਲ੍ਹਾਂ ਨੂੰ ਨਾ ਢੱਕੀਂ ਅਤੇ ਮਨੁੱਖਾਂ ਦੀ ਰੋਟੀ ਨਾ ਖਾਈਂ।”
ਇਸ ਲਈ ਮੈਂ ਸਵੇਰੇ ਲੋਕਾਂ ਨਾਲ ਗੱਲ ਕੀਤੀ ਅਤੇ ਸ਼ਾਮ ਨੂੰ ਮੇਰੀ ਪਤਨੀ ਦੀ ਮੌਤ ਹੋ ਗਈ। ਅਗਲੀ ਸਵੇਰ ਮੈਂ ਉਸੇ ਤਰ੍ਹਾਂ ਕੀਤਾ ਜਿਵੇਂ ਮੈਨੂੰ ਹੁਕਮ ਦਿੱਤਾ ਗਿਆ ਸੀ।
ਇਸ ਲਈ ਲੋਕਾਂ ਨੇ ਮੈਨੂੰ ਆਖਿਆ, “ਕਿ ਜੋ ਤੂੰ ਕਰਦਾ ਹੈ, ਸਾਨੂੰ ਨਹੀਂ ਦੱਸੇਂਗਾ? ਕਿ ਇਹਨਾਂ ਗੱਲਾਂ ਦਾ ਸਾਡੇ ਨਾਲ ਕੀ ਸੰਬੰਧ ਹੈ?”
ਇਸ ਲਈ ਮੈਂ ਉਹਨਾਂ ਨੂੰ ਕਿਹਾ, “ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: ਇਸਰਾਏਲ ਦੇ ਲੋਕਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਵੇਖੋ! ਮੈਂ ਆਪਣੇ ਪਵਿੱਤਰ ਸਥਾਨ ਨੂੰ ਜਿਹੜਾ ਤੁਹਾਡੀ ਸ਼ਕਤੀ ਦਾ ਮਾਣ ਅਤੇ ਤੁਹਾਡੀਆਂ ਅੱਖਾਂ ਲਈ ਪਿਆਰਾ ਹੈ, ਜਿਸ ਲਈ ਤੁਹਾਡੀ ਜਾਨ ਤਰਸਦੀ ਹੈ, ਭਰਿਸ਼ਟ ਕਰਾਂਗਾ ਅਤੇ ਤੁਹਾਡੇ ਪੁੱਤਰਾਂ ਤੇ ਧੀਆਂ ਜਿਹਨਾਂ ਨੂੰ ਤੁਸੀਂ ਪਿੱਛੇ ਛੱਡ ਆਏ ਹੋ, ਤਲਵਾਰ ਨਾਲ ਡਿੱਗਣਗੇ। ਅਤੇ ਤੁਸੀਂ ਉਹੀ ਕਰੋਗੇ ਜਿਵੇਂ ਮੈਂ ਕੀਤਾ ਹੈ। ਤੁਸੀਂ ਆਪਣੀਆਂ ਮੁੱਛਾਂ ਅਤੇ ਦਾੜ੍ਹੀ ਨੂੰ ਨਹੀਂ ਢੱਕੋਗੇ ਅਤੇ ਨਾ ਹੀ ਸੋਗ ਕਰਨ ਵਾਲਿਆਂ ਦਾ ਰਵਾਇਤੀ ਭੋਜਨ ਖਾਓਗੇ। ਤੁਹਾਡੀਆਂ ਪਗੜੀਆਂ ਤੁਹਾਡੇ ਸਿਰਾਂ ਉੱਤੇ ਅਤੇ ਤੁਹਾਡੀਆਂ ਜੁੱਤੀਆਂ ਤੁਹਾਡੇ ਪੈਰਾਂ ਵਿੱਚ ਹੋਣਗੀਆਂ ਅਤੇ ਨਾ ਤੁਸੀਂ ਸੋਗ ਕਰੋਗੇ, ਪਰ ਆਪਣੇ ਪਾਪਾਂ ਵਿੱਚ ਪਿਘਲਦੇ ਰਹੋਗੇ, ਅਤੇ ਇੱਕ-ਦੂਜੇ ਲਈ ਧਾਹਾਂ ਮਾਰੋਗੇ। ਹਿਜ਼ਕੀਏਲ ਤੁਹਾਡੇ ਲਈ ਇੱਕ ਨਿਸ਼ਾਨ ਹੋਵੇਗਾ; ਤੁਸੀਂ ਉਵੇਂ ਹੀ ਕਰੋਗੇ ਜਿਵੇਂ ਉਸਨੇ ਕੀਤਾ ਹੈ। ਜਦੋਂ ਇਹ ਵਾਪਰੇਗਾ, ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਹਾਂ।’
“ਅਤੇ ਹੇ ਮਨੁੱਖ ਦੇ ਪੁੱਤਰ, ਜਿਸ ਦਿਨ ਮੈਂ ਉਹਨਾਂ ਦਾ ਗੜ੍ਹ, ਉਹਨਾਂ ਦੀ ਖੁਸ਼ੀ ਅਤੇ ਮਹਿਮਾ, ਉਹਨਾਂ ਦੀਆਂ ਅੱਖਾਂ ਦੀ ਖੁਸ਼ੀ, ਉਹਨਾਂ ਦੇ ਦਿਲ ਦੀ ਇੱਛਾ, ਅਤੇ ਉਹਨਾਂ ਦੇ ਪੁੱਤਰ ਅਤੇ ਧੀਆਂ ਨੂੰ ਵੀ ਖੋਹ ਲਵਾਂਗਾ, ਉਸ ਦਿਨ ਜਿਹੜਾ ਬਚ ਗਿਆ, ਉਹ ਤੇਰੇ ਕੋਲ ਆਵੇਗਾ ਕਿ ਤੇਰੇ ਕੰਨ ਵਿੱਚ ਖ਼ਬਰ ਸੁਣਾਵੇ। ਉਸ ਸਮੇਂ ਤੇਰਾ ਮੂੰਹ ਖੁੱਲ ਜਾਵੇਗਾ; ਤੁਸੀਂ ਉਸ ਨਾਲ ਗੱਲ ਕਰੋਗੇ ਅਤੇ ਹੁਣ ਚੁੱਪ ਨਹੀਂ ਰਹੋਗੇ। ਇਸ ਲਈ ਤੁਸੀਂ ਉਹਨਾਂ ਲਈ ਇੱਕ ਨਿਸ਼ਾਨ ਹੋਵੋਗੇ, ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.