Biblica® Open Punjabi Contemporary Version 2025
ਕੂਚ 4
ਮੋਸ਼ੇਹ ਲਈ ਚਿੰਨ੍ਹ
ਮੋਸ਼ੇਹ ਨੇ ਜਵਾਬ ਦਿੱਤਾ, “ਕੀ ਹੋਵੇਗਾ ਜੇ ਇਸਰਾਏਲ ਨੇ ਮੇਰੇ ਤੇ ਵਿਸ਼ਵਾਸ ਨਾ ਕਰਨ, ਨਾ ਹੀ ਉਹ ਮੇਰੀ ਗੱਲ ਸੁਣ ਅਤੇ ਉਹ ਆਖਣ, ‘ਇਹ ਅਸੰਭਵ ਹੈ ਕਿ ਯਾਹਵੇਹ ਨੇ ਤੈਨੂੰ ਦਰਸ਼ਨ ਦਿੱਤਾ?’ ”
ਤਦ ਯਾਹਵੇਹ ਨੇ ਉਸਨੂੰ ਕਿਹਾ, “ਇਹ ਤੇਰੇ ਹੱਥ ਵਿੱਚ ਕੀ ਹੈ?”
ਉਸਨੇ ਜਵਾਬ ਦਿੱਤਾ, “ਇੱਕ ਸੋਟੀ।”
ਯਾਹਵੇਹ ਨੇ ਕਿਹਾ, “ਇਸ ਨੂੰ ਜ਼ਮੀਨ ਤੇ ਸੁੱਟ ਦੇ।”
ਮੋਸ਼ੇਹ ਨੇ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਉਹ ਸੱਪ ਬਣ ਗਿਆ ਅਤੇ ਉਹ ਉਸ ਤੋਂ ਭੱਜ ਗਿਆ। ਤਦ ਯਾਹਵੇਹ ਨੇ ਉਸਨੂੰ ਕਿਹਾ, “ਆਪਣਾ ਹੱਥ ਵਧਾ ਅਤੇ ਇਸਨੂੰ ਪੂਛ ਤੋਂ ਫੜ।” ਇਸ ਲਈ ਮੋਸ਼ੇਹ ਨੇ ਅੱਗੇ ਵੱਧ ਕੇ ਸੱਪ ਨੂੰ ਫੜ ਲਿਆ ਅਤੇ ਉਹ ਉਸਦੇ ਹੱਥ ਵਿੱਚ ਇੱਕ ਸੋਟੀ ਬਣ ਗਈ। ਯਾਹਵੇਹ ਇਹ ਕਹਿੰਦਾ ਹੈ, “ਇਹ ਇਸ ਲਈ ਹੈ ਤਾਂ ਜੋ ਉਹ ਵਿਸ਼ਵਾਸ ਕਰ ਸਕਣ ਕਿ ਯਾਹਵੇਹ, ਉਹਨਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ਵਰ, ਅਬਰਾਹਾਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਅਤੇ ਯਾਕੋਬ ਦੇ ਪਰਮੇਸ਼ਵਰ ਨੇ ਤੈਨੂੰ ਦਰਸ਼ਣ ਦਿੱਤਾ ਹੈ।”
ਤਦ ਯਾਹਵੇਹ ਨੇ ਕਿਹਾ, “ਆਪਣਾ ਹੱਥ ਆਪਣੇ ਚੋਗੇ ਦੇ ਅੰਦਰ ਰੱਖ।” ਇਸ ਲਈ ਮੋਸ਼ੇਹ ਨੇ ਆਪਣਾ ਹੱਥ ਆਪਣੇ ਚੋਗੇ ਵਿੱਚ ਪਾਇਆ ਅਤੇ ਜਦੋਂ ਉਸਨੇ ਇਸਨੂੰ ਬਾਹਰ ਕੱਢਿਆ, ਤਾਂ ਚਮੜੀ ਕੋੜ੍ਹ ਨਾਲ ਬਰਫ਼ ਵਾਂਗ ਚਿੱਟੀ ਹੋ ਗਈ ਸੀ।
ਉਸਨੇ ਕਿਹਾ, “ਹੁਣ ਇਸਨੂੰ ਵਾਪਸ ਆਪਣੇ ਚੋਗੇ ਵਿੱਚ ਪਾ।” ਇਸ ਲਈ ਮੋਸ਼ੇਹ ਨੇ ਆਪਣਾ ਹੱਥ ਵਾਪਸ ਆਪਣੇ ਚੋਗੇ ਵਿੱਚ ਪਾਇਆ ਅਤੇ ਜਦੋਂ ਉਸਨੇ ਇਸਨੂੰ ਬਾਹਰ ਕੱਢਿਆ, ਉਸਦੇ ਹੱਥ ਬਾਕੀ ਦੇ ਮਾਸ ਵਾਂਗ ਹੋ ਗਿਆ।
ਤਦ ਯਾਹਵੇਹ ਨੇ ਕਿਹਾ, “ਜੇਕਰ ਉਹ ਤੇਰੇ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਪਹਿਲੀ ਨਿਸ਼ਾਨੀ ਵੱਲ ਧਿਆਨ ਨਹੀਂ ਦਿੰਦੇ, ਤਾਂ ਉਹ ਦੂਸਰੀ ਤੇ ਵਿਸ਼ਵਾਸ ਕਰ ਸਕਦੇ ਹਨ। ਪਰ ਜੇ ਉਹ ਇਨ੍ਹਾਂ ਦੋਹਾਂ ਨਿਸ਼ਾਨੀਆਂ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਤੇਰੀ ਗੱਲ ਨਹੀਂ ਸੁਣਦੇ ਤਾਂ ਨੀਲ ਨਦੀ ਵਿੱਚੋਂ ਕੁਝ ਪਾਣੀ ਲੈ ਕੇ ਸੁੱਕੀ ਜ਼ਮੀਨ ਉੱਤੇ ਡੋਲ੍ਹ ਦੇਵੀਂ। ਜੋ ਪਾਣੀ ਤੂੰ ਉਸ ਨਦੀ ਤੋਂ ਲਵੇਂਗਾ, ਉਹ ਧਰਤੀ ਉੱਤੇ ਲਹੂ ਬਣ ਜਾਵੇਗਾ।”
ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰੋ। ਮੈਂ ਕਦੇ ਵੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਨਾ ਪਹਿਲਾਂ ਅਤੇ ਨਾ ਹੀ ਜਦੋਂ ਤੋਂ ਤੁਸੀਂ ਆਪਣੇ ਸੇਵਕ ਨਾਲ ਗੱਲ ਕੀਤੀ ਹੈ ਕਿਉਂ ਜੋ ਮੈਂ ਬੋਲਣ ਅਤੇ ਜ਼ੁਬਾਨ ਵਿੱਚ ਧੀਮਾ ਹਾਂ।”
ਯਾਹਵੇਹ ਨੇ ਉਸਨੂੰ ਕਿਹਾ, “ਕਿਸ ਨੇ ਮਨੁੱਖ ਨੂੰ ਆਪਣਾ ਮੂੰਹ ਦਿੱਤਾ? ਕੌਣ ਉਹਨਾਂ ਨੂੰ ਬੋਲਾ ਜਾਂ ਗੂੰਗਾ ਬਣਾਉਂਦਾ ਹੈ? ਕੌਣ ਉਹਨਾਂ ਨੂੰ ਦ੍ਰਿਸ਼ਟੀ ਦਿੰਦਾ ਹੈ ਜਾਂ ਉਹਨਾਂ ਨੂੰ ਅੰਨ੍ਹਾ ਬਣਾਉਂਦਾ ਹੈ? ਕੀ ਇਹ ਮੈਂ ਯਾਹਵੇਹ ਨਹੀਂ? ਹੁਣ ਜਾ, ਮੈਂ ਬੋਲਣ ਵਿੱਚ ਤੇਰੀ ਮਦਦ ਕਰਾਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੂੰ ਕੀ ਬੋਲਣਾ ਹੈ।”
ਪਰ ਮੋਸ਼ੇਹ ਨੇ ਆਖਿਆ, “ਹੇ ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰ, ਕਿਰਪਾ ਕਰਕੇ ਕਿਸੇ ਹੋਰ ਨੂੰ ਭੇਜ ਦੇ।”
ਤਦ ਯਾਹਵੇਹ ਦਾ ਕ੍ਰੋਧ ਮੋਸ਼ੇਹ ਉੱਤੇ ਭੜਕ ਉੱਠਿਆ ਅਤੇ ਉਸ ਨੇ ਆਖਿਆ, “ਤੇਰੇ ਭਰਾ ਹਾਰੋਨ ਲੇਵੀ ਬਾਰੇ ਕੀ? ਮੈਂ ਜਾਣਦਾ ਹਾਂ ਕਿ ਉਹ ਚੰਗੀ ਤਰ੍ਹਾਂ ਬੋਲ ਸਕਦਾ ਹੈ। ਉਹ ਪਹਿਲਾਂ ਹੀ ਤੈਨੂੰ ਮਿਲਣ ਲਈ ਆਪਣੇ ਰਸਤੇ ਤੇ ਹੈ ਅਤੇ ਉਹ ਤੈਨੂੰ ਦੇਖ ਕੇ ਖੁਸ਼ ਹੋਵੇਗਾ। ਤੂੰ ਉਸ ਨਾਲ ਗੱਲ ਕਰ ਅਤੇ ਉਸਦੇ ਮੂੰਹ ਵਿੱਚ ਸ਼ਬਦ ਪਾ ਅਤੇ ਮੈਂ ਤੁਹਾਨੂੰ ਦੋਨਾਂ ਨੂੰ ਬੋਲਣ ਵਿੱਚ ਮਦਦ ਕਰਾਂਗਾ ਅਤੇ ਜੋ ਤੁਸੀਂ ਕਰਨਾ ਹੈ ਮੈਂ ਤੁਹਾਨੂੰ ਸਿਖਾਵਾਂਗਾ। ਉਹ ਤੇਰੇ ਲਈ ਲੋਕਾਂ ਨਾਲ ਗੱਲ ਕਰੇਗਾ ਅਤੇ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਉਹ ਤੇਰਾ ਮੂੰਹ ਹੋਵੇ ਅਤੇ ਜਿਵੇਂ ਤੂੰ ਉਸ ਲਈ ਪਰਮੇਸ਼ਵਰ ਹੋਵੇ। ਪਰ ਇਸ ਸੋਟੀ ਨੂੰ ਆਪਣੇ ਹੱਥ ਵਿੱਚ ਲੈ, ਤਾਂ ਜੋ ਤੂੰ ਇਸ ਨਾਲ ਚਮਤਕਾਰ ਕਰ ਸਕੇ।”
ਮੋਸ਼ੇਹ ਮਿਸਰ ਵਾਪਸ ਪਰਤਿਆ
ਤਦ ਮੋਸ਼ੇਹ ਆਪਣੇ ਸਹੁਰੇ ਯਿਥਰੋ ਕੋਲ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੈਨੂੰ ਮਿਸਰ ਵਿੱਚ ਆਪਣੇ ਲੋਕਾਂ ਕੋਲ ਵਾਪਸ ਜਾਣ ਦਿਓ ਤਾਂ ਜੋ ਮੈਂ ਵੇਖ ਸਕਾਂ ਉਹਨਾਂ ਵਿੱਚੋਂ ਕੋਈ ਅਜੇ ਵੀ ਜਿਉਂਦਾ ਹੈ ਜਾਂ ਨਹੀਂ।”
ਯਿਥਰੋ ਨੇ ਮੋਸ਼ੇਹ ਨੂੰ ਕਿਹਾ, “ਤੂੰ ਸ਼ਾਂਤੀ ਨਾਲ ਜਾ।”
ਹੁਣ ਯਾਹਵੇਹ ਨੇ ਮਿਦਯਾਨ ਵਿੱਚ ਮੋਸ਼ੇਹ ਨੂੰ ਕਿਹਾ ਸੀ, “ਮਿਸਰ ਵਾਪਸ ਜਾ, ਕਿਉਂਕਿ ਉਹ ਸਾਰੇ ਜੋ ਤੈਨੂੰ ਮਾਰਨਾ ਚਾਹੁੰਦੇ ਸਨ ਮਰ ਚੁੱਕੇ ਹਨ।” ਇਸ ਲਈ ਮੋਸ਼ੇਹ ਨੇ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਲਿਆ, ਉਹਨਾਂ ਨੂੰ ਗਧੇ ਉੱਤੇ ਬਿਠਾ ਦਿੱਤਾ ਅਤੇ ਮਿਸਰ ਨੂੰ ਵਾਪਸ ਚਲਾ ਗਿਆ ਅਤੇ ਉਸਨੇ ਪਰਮੇਸ਼ਵਰ ਦੀ ਸੋਟੀ ਆਪਣੇ ਹੱਥ ਵਿੱਚ ਲਈ।
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਜਦੋਂ ਤੂੰ ਮਿਸਰ ਨੂੰ ਮੁੜੇਂਗਾ, ਤਾਂ ਦੇਖ ਕਿ ਤੂੰ ਫ਼ਿਰਾਊਨ ਦੇ ਸਾਹਮਣੇ ਉਹ ਸਾਰੇ ਅਚੰਭੇ ਕੰਮ ਕਰੇਂਗਾ ਜੋ ਮੈਂ ਤੈਨੂੰ ਕਰਨ ਦੀ ਸ਼ਕਤੀ ਦਿੱਤੀ ਹੈ, ਪਰ ਮੈਂ ਉਸਦਾ ਦਿਲ ਕਠੋਰ ਕਰ ਦਿਆਂਗਾ ਤਾਂ ਜੋ ਉਹ ਲੋਕਾਂ ਨੂੰ ਜਾਣ ਨਾ ਦੇਵੇ। ਫਿਰ ਫ਼ਿਰਾਊਨ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਇਸਰਾਏਲ ਮੇਰਾ ਜੇਠਾ ਪੁੱਤਰ ਹੈ, ਅਤੇ ਮੈਂ ਤੈਨੂੰ ਕਿਹਾ, ਮੇਰੇ ਪੁੱਤਰ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਪਰ ਤੂੰ ਉਸਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਮੈਂ ਤੇਰੇ ਜੇਠੇ ਪੁੱਤਰ ਨੂੰ ਮਾਰ ਦਿਆਂਗਾ।’ ”
ਰਸਤੇ ਵਿੱਚ ਇੱਕ ਨਿਵਾਸ ਸਥਾਨ ਤੇ ਜਿੱਥੇ ਉਹ ਠਹਿਰੇ ਸੀ ਉੱਥੇ ਯਾਹਵੇਹ ਮੋਸ਼ੇਹ ਨੂੰ ਮਿਲਿਆ ਅਤੇ ਉਸਨੂੰ ਮਾਰਨਾ ਚਾਹਿਆ। ਪਰ ਜ਼ਿਪੋਰਾਹ ਨੇ ਇੱਕ ਤਿੱਖਾ ਚਾਕੂ ਲਿਆ, ਆਪਣੇ ਪੁੱਤਰ ਦੀ ਖੱਲੜੀ1 ਵੱਢ ਦਿੱਤੀ ਅਤੇ ਇਸ ਨਾਲ ਮੋਸ਼ੇਹ ਦੇ ਪੈਰਾਂ ਨੂੰ ਛੂਹਿਆ ਅਤੇ ਕਿਹਾ, “ਯਕੀਨਨ ਤੂੰ ਮੇਰੇ ਲਈ ਲਹੂ ਦਾ ਲਾੜਾ ਹੈ।” ਇਸ ਲਈ ਯਾਹਵੇਹ ਨੇ ਉਸਨੂੰ ਇਕੱਲਾ ਛੱਡ ਦਿੱਤਾ। (ਉਸ ਸਮੇਂ ਉਸਨੇ ਸੁੰਨਤ ਦਾ ਹਵਾਲਾ ਦਿੰਦੇ ਹੋਏ “ਖੂਨ ਦਾ ਲਾੜਾ” ਕਿਹਾ।)
ਯਾਹਵੇਹ ਨੇ ਹਾਰੋਨ ਨੂੰ ਕਿਹਾ, “ਮੋਸ਼ੇਹ ਨੂੰ ਮਿਲਣ ਲਈ ਉਜਾੜ ਵਿੱਚ ਜਾ।” ਇਸ ਲਈ ਉਹ ਪਰਮੇਸ਼ਵਰ ਦੇ ਪਹਾੜ ਉੱਤੇ ਮੋਸ਼ੇਹ ਨੂੰ ਮਿਲਿਆ ਅਤੇ ਉਸਨੂੰ ਚੁੰਮਿਆ। ਤਦ ਮੋਸ਼ੇਹ ਨੇ ਹਾਰੋਨ ਨੂੰ ਉਹ ਸਭ ਕੁਝ ਦੱਸਿਆ ਜੋ ਯਾਹਵੇਹ ਨੇ ਉਸਨੂੰ ਕਹਿਣ ਲਈ ਭੇਜਿਆ ਸੀ ਅਤੇ ਉਹਨਾਂ ਸਾਰੀਆਂ ਨਿਸ਼ਾਨੀਆਂ ਬਾਰੇ ਵੀ ਜੋ ਉਸਨੇ ਉਸਨੂੰ ਕਰਨ ਦਾ ਹੁਕਮ ਦਿੱਤਾ ਸੀ।
ਅਤੇ ਮੋਸ਼ੇਹ ਅਤੇ ਹਾਰੋਨ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ। ਅਤੇ ਹਾਰੋਨ ਨੇ ਉਹਨਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ। ਉਸਨੇ ਲੋਕਾਂ ਅੱਗੇ ਚਮਤਕਾਰ ਵੀ ਕੀਤੇ, ਅਤੇ ਉਹਨਾਂ ਨੇ ਵਿਸ਼ਵਾਸ ਵੀ ਕੀਤਾ ਅਤੇ ਜਦੋਂ ਉਹਨਾਂ ਨੇ ਸੁਣਿਆ ਕਿ ਯਾਹਵੇਹ ਇਸਰਾਏਲ ਬਾਰੇ ਚਿੰਤਤ ਹੈ ਅਤੇ ਉਹਨਾਂ ਦੇ ਦੁੱਖ ਨੂੰ ਦੇਖਿਆ ਹੈ, ਤਾਂ ਉਹਨਾਂ ਨੇ ਮੱਥਾ ਟੇਕਿਆ ਅਤੇ ਅਰਾਧਨਾ ਕੀਤੀ।
Source notes (1)
- Footnote ਖੱਲੜੀ ਅਰਥ ਲਿੰਗ ਦੀ ਅਗਲੀ ਚਮੜੀ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.