Skip to content
BibleKenya

Biblica® Open Punjabi Contemporary Version 2025

ਕੂਚ 35

ਸਬਤ ਦੇ ਨਿਯਮ

ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ, “ਇਹ ਉਹ ਗੱਲਾਂ ਹਨ ਜਿਨ੍ਹਾਂ ਦਾ ਯਾਹਵੇਹ ਨੇ ਤੁਹਾਨੂੰ ਹੁਕਮ ਦਿੱਤਾ ਹੈ। ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡੇ ਲਈ ਪਵਿੱਤਰ ਦਿਨ ਹੋਵੇ, ਸਬਤ ਦਾ ਦਿਨ ਯਾਹਵੇਹ ਲਈ ਆਰਾਮ ਦਾ ਦਿਨ ਹੈ। ਜੋ ਕੋਈ ਇਸ ਵਿੱਚ ਕੋਈ ਕੰਮ ਕਰੇ, ਉਹ ਮਾਰਿਆ ਜਾਵੇ। ਸਬਤ ਦੇ ਦਿਨ ਤੁਹਾਡੇ ਕਿਸੇ ਵੀ ਦੇ ਘਰ ਵਿੱਚ ਅੱਗ ਨਾ ਬਲੇ।”

ਡੇਰੇ ਲਈ ਸਮੱਗਰੀ

ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖਿਆ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ। ਤੁਹਾਡੇ ਕੋਲ ਜੋ ਕੁੱਝ ਵੀ ਹੈ, ਉਸ ਵਿੱਚੋਂ ਯਾਹਵੇਹ ਲਈ ਭੇਟ ਲਓ। ਹਰ ਕੋਈ ਜੋ ਤਿਆਰ ਹੈ, ਉਹ ਯਾਹਵੇਹ ਦੇ ਅੱਗੇ ਭੇਂਟਾਂ ਲਿਆਵੇ ਜਿਵੇਂ ਕਿ:

“ਸੋਨਾ, ਚਾਂਦੀ ਅਤੇ ਪਿੱਤਲ

ਨੀਲੇ, ਬੈਂਗਣੀ ਅਤੇ ਕਿਰਮਚੀ ਸੂਤ ਅਤੇ ਵਧੀਆ ਸੂਤੀ

ਬੱਕਰੀ ਦੇ ਵਾਲ,

ਅਤੇ ਲੇਲਿਆਂ ਦੀਆਂ ਲਾਲ ਰੰਗ ਨਾਲ ਰੰਗੀਆਂ ਹੋਈਆ ਖੱਲਾਂ

ਕਿੱਕਰ ਦੀ ਲੱਕੜ

ਦੀਵੇ ਲਈ ਜ਼ੈਤੂਨ ਦਾ ਤੇਲ

ਮਸਹ ਕਰਨ ਲਈ ਤੇਲ ਅਤੇ ਸੁਗੰਧਿਤ ਧੂਪ ਲਈ ਮਸਾਲੇ

ਅਤੇ ਸੁਲੇਮਾਨੀ ਪੱਥਰ ਅਤੇ ਹੋਰ ਰਤਨ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ।

“ਤੁਹਾਡੇ ਵਿੱਚੋਂ ਸਾਰੇ ਜੋ ਨਿਪੁੰਨ ਹਨ ਉਹ ਆਉਣ ਅਤੇ ਉਹ ਸਭ ਕੁਝ ਬਣਾਉਣ ਜਿਸਦਾ ਯਾਹਵੇਹ ਨੇ ਹੁਕਮ ਦਿੱਤਾ ਹੈ।

“ਡੇਰਾ ਅਤੇ ਉਸ ਦਾ ਤੰਬੂ ਅਤੇ ਉਸ ਦਾ ਢੱਕਣ ਅਤੇ ਉਸ ਦੀਆਂ ਕੁੰਡੀਆਂ ਅਤੇ ਉਸਦੇ ਤੱਖਤੇ ਅਤੇ ਉਸਦੇ ਕੜੇ ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ।

ਸੰਦੂਕ ਇਸਦੇ ਖੰਭਿਆਂ ਨਾਲ ਅਤੇ ਪ੍ਰਾਸਚਿਤ ਦਾ ਢੱਕਣ1 ਅਤੇ ਪਰਦਾ ਜੋ ਇਸਨੂੰ ਢਾਲਦਾ ਹੈ।

ਮੇਜ਼ ਇਸਦੇ ਖੰਭੇ ਅਤੇ ਉਸਦਾ ਸਾਰਾ ਸਮਾਨ ਅਤੇ ਹਜ਼ੂਰੀ ਦੀ ਰੋਟੀ।

ਸ਼ਮਾਦਾਨ ਜੋ ਰੋਸ਼ਨੀ ਲਈ ਹੈ, ਉਸਦਾ ਸਾਰਾ ਸਮਾਨ, ਦੀਵੇ ਅਤੇ ਰੋਸ਼ਨੀ ਲਈ ਤੇਲ,

ਧੂਪ ਦੀ ਜਗਵੇਦੀ ਇਸਦੇ ਖੰਭਿਆਂ ਨਾਲ ਮਸਹ ਕਰਨ ਵਾਲਾ ਤੇਲ ਅਤੇ ਸੁਗੰਧਿਤ ਧੂਪ

ਡੇਰੇ ਦੇ ਪ੍ਰਵੇਸ਼ ਦੁਆਰ ਦੇ ਦਰਵਾਜ਼ੇ ਲਈ ਪਰਦਾ।

ਹੋਮ ਦੀ ਬਲੀ ਦੀ ਜਗਵੇਦੀ ਇਸ ਦੀ ਪਿੱਤਲ ਦੀ ਝੰਜਰੀ, ਉਸ ਦੀਆਂ ਚੋਬਾਂ

ਅਤੇ ਪਿੱਤਲ ਦੀ ਹੌਦ ਅਤੇ ਸਾਰਾ ਸਮਾਨ।

ਵਿਹੜੇ ਦੇ ਪਰਦੇ ਇਸ ਦੀਆਂ ਚੌਂਕੀਆਂ ਅਤੇ ਨੀਹਾਂ ਸਮੇਤ ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ,

ਤੰਬੂ ਗੱਡਣ ਲਈ ਕੀਲੀਆਂ ਘੇਰੇ ਦੀਆਂ ਕਨਾਤਾ ਅਤੇ ਉਹਨਾਂ ਦੀਆਂ ਰੱਸੀਆਂ।

ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਹਿਨੇ ਜਾਣ ਵਾਲੇ ਬੁਣੇ ਹੋਏ ਕੱਪੜੇ। ਹਾਰੋਨ ਜਾਜਕ ਲਈ ਪਵਿੱਤਰ ਕੱਪੜੇ ਅਤੇ ਉਸਦੇ ਪੁੱਤਰਾਂ ਲਈ ਕੱਪੜੇ ਜਦੋਂ ਉਹ ਜਾਜਕ ਵਜੋਂ ਸੇਵਾ ਕਰਦੇ ਹਨ।”

ਤਦ ਇਸਰਾਏਲ ਦੀ ਸਾਰੀ ਕੌਮ ਮੋਸ਼ੇਹ ਦੀ ਹਾਜ਼ਰੀ ਤੋਂ ਬਾਹਰ ਚਲੀ ਗਈ। ਅਤੇ ਹਰ ਕੋਈ ਜੋ ਚਾਹੁੰਦਾ ਸੀ ਅਤੇ ਜਿਸਦਾ ਦਿਲ ਉਹਨਾਂ ਨੂੰ ਪ੍ਰੇਰਿਤ ਕਰਦਾ ਸੀ, ਉਹ ਆਇਆ ਅਤੇ ਮੰਡਲੀ ਵਾਲੇ ਤੰਬੂ ਦੇ ਕੰਮ ਲਈ, ਇਸਦੀ ਸਾਰੀ ਸੇਵਾ ਅਤੇ ਪਵਿੱਤਰ ਬਸਤਰਾਂ ਲਈ ਇੱਕ ਭੇਟ ਲੈ ਕੇ ਯਾਹਵੇਹ ਅੱਗੇ ਆਇਆ। ਸਾਰੇ ਜੋ ਚਾਹਵਾਨ ਸਨ, ਮਰਦ ਅਤੇ ਔਰਤਾਂ ਇੱਕੋ ਜਿਹੇ ਸਨ, ਆਏ ਅਤੇ ਹਰ ਕਿਸਮ ਦੇ ਸੋਨੇ ਦੇ ਗਹਿਣੇ ਲਿਆਏ ਜਿਵੇਂ ਕਿ ਨੱਥਾ, ਮੁੰਦਰੀਆਂ, ਛਾਪਾਂ ਅਤੇ ਗਹਿਣੇ। ਉਹਨਾਂ ਸਾਰਿਆਂ ਨੇ ਆਪਣਾ ਸੋਨਾ ਯਾਹਵੇਹ ਨੂੰ ਭੇਟ ਕੀਤਾ। ਹਰ ਕੋਈ ਜਿਸ ਕੋਲ ਨੀਲਾ, ਬੈਂਗਣੀ ਜਾਂ ਲਾਲ ਰੰਗ ਦਾ ਧਾਗਾ ਜਾਂ ਵੱਧੀਆ ਸੂਤੀ, ਬੱਕਰੀ ਦੀ ਖੱਲ, ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਜਾਂ ਹੋਰ ਚਮੜਾ ਸੀ, ਉਹ ਉਹਨਾਂ ਨੂੰ ਲਿਆਏ। ਜਿਹੜੇ ਚਾਂਦੀ ਜਾਂ ਪਿੱਤਲ ਦੀ ਭੇਟ ਚੜ੍ਹਾਉਂਦੇ ਸਨ, ਉਹ ਇਸ ਨੂੰ ਯਾਹਵੇਹ ਦੇ ਅੱਗੇ ਭੇਟ ਵਜੋਂ ਲਿਆਉਂਦੇ ਸਨ, ਅਤੇ ਹਰ ਕੋਈ ਜਿਸ ਕੋਲ ਕਿੱਕਰ ਦੀ ਲੱਕੜ ਸੀ, ਉਹ ਇਸ ਨੂੰ ਲੈ ਕੇ ਆਉਂਦੇ ਸਨ। ਹਰ ਇੱਕ ਨਿਪੁੰਨ ਔਰਤ ਆਪਣੇ ਹੱਥਾਂ ਨਾਲ ਕੱਤਦੀ ਸੀ ਅਤੇ ਉਹ ਲਿਆਉਂਦੀ ਸੀ ਜੋ ਉਸਨੇ ਕੱਤਿਆ ਸੀ, ਨੀਲਾ, ਬੈਂਗਣੀ ਜਾਂ ਲਾਲ ਧਾਗਾ ਜਾਂ ਵੱਧੀਆ ਸੂਤੀ। ਅਤੇ ਸਾਰੀਆਂ ਔਰਤਾਂ ਜਿਨ੍ਹਾ ਦੇ ਮਨਾ ਨੇ ਉਹਨਾਂ ਨੂੰ ਪ੍ਰੇਰਿਆ ਉਹਨਾਂ ਨੇ ਬੱਕਰੀ ਦੇ ਵਾਲ ਕੱਤਣ ਦਾ ਕੰਮ ਕੀਤਾ। ਆਗੂ ਏਫ਼ੋਦ ਅਤੇ ਸੀਨੇ ਦੇ ਟੁਕੜੇ ਉੱਤੇ ਚੜ੍ਹਾਉਣ ਲਈ ਸੁਲੇਮਾਨੀ ਪੱਥਰ ਅਤੇ ਹੋਰ ਨਗ ਲਿਆਏ। ਉਹ ਰੋਸ਼ਨੀ ਲਈ ਅਤੇ ਮਸਹ ਕਰਨ ਵਾਲੇ ਤੇਲ ਅਤੇ ਸੁਗੰਧਿਤ ਧੂਪ ਲਈ ਮਸਾਲੇ ਅਤੇ ਜ਼ੈਤੂਨ ਦਾ ਤੇਲ ਵੀ ਲਿਆਏ ਸਨ। ਅਤੇ ਇਸਰਾਏਲੀਆਂ ਦੇ ਸਾਰੇ ਮਨੁੱਖ ਅਤੇ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਹਨਾਂ ਨੂੰ ਪ੍ਰੇਰਿਆ ਕਿ ਉਸ ਸਾਰੇ ਕੰਮ ਲਈ ਲਿਆਉਣ ਜਿਹ ਦਾ ਯਾਹਵੇਹ ਨੇ ਮੋਸ਼ੇਹ ਰਾਹੀ ਬਣਾਉਂਣ ਦਾ ਹੁਕਮ ਦਿੱਤਾ ਸੀ ਉਹ ਯਾਹਵੇਹ ਲਈ ਖੁਸ਼ੀ ਦੀਆਂ ਭੇਟਾਂ ਲਿਆਏ।

ਬਸਲਏਲ ਅਤੇ ਆਹਾਲੀਆਬ

ਫਿਰ ਮੋਸ਼ੇਹ ਨੇ ਇਸਰਾਏਲੀਆਂ ਨੂੰ ਆਖਿਆ, “ਵੇਖੋ, ਯਾਹਵੇਹ ਨੇ ਯਹੂਦਾਹ ਦੇ ਗੋਤ ਵਿੱਚੋਂ ਊਰੀ ਦੇ ਪੁੱਤਰ, ਹੂਰ ਦੇ ਪੁੱਤਰ ਬਸਲਏਲ ਨੂੰ ਚੁਣਿਆ ਹੈ। ਅਤੇ ਉਸਨੇ ਉਸਨੂੰ ਪਰਮੇਸ਼ਵਰ ਦੇ ਆਤਮਾ ਨਾਲ, ਬੁੱਧੀ, ਸਮਝ, ਗਿਆਨ ਅਤੇ ਹਰ ਕਿਸਮ ਦੇ ਹੁਨਰ ਨਾਲ ਭਰ ਦਿੱਤਾ, ਸੋਨੇ, ਚਾਂਦੀ ਅਤੇ ਪਿੱਤਲ ਦੇ ਕੰਮ ਲਈ ਕਾਰੀਗਰੀ ਕਰੇ, ਪੱਥਰਾਂ ਨੂੰ ਕੱਟਣਾ ਅਤੇ ਜੜਨਾ, ਲੱਕੜ ਦਾ ਕੰਮ ਕਰਨਾ ਅਤੇ ਹਰ ਕਿਸਮ ਦੀ ਕਾਰੀਗਰੀ ਨਾਲ ਕੰਮ ਕਰੇ। ਅਤੇ ਉਸ ਨੇ ਸਿਖਾਉਣ ਦੀ ਬੁੱਧ ਉਸ ਨੂੰ ਨਾਲੇ ਦਾਨ ਦੇ ਗੋਤ ਦੇ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਦਿੱਤੀ। ਉਸ ਨੇ ਉਹਨਾਂ ਨੂੰ ਉੱਕਰੀ, ਕਾਰੀਗਰੀ, ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਵੱਧੀਆ ਸੂਤੀ ਦੀ ਕਢਾਈ ਕਰਨ ਵਾਲੇ, ਅਤੇ ਜੁਲਾਹੇ—ਇਹ ਸਾਰੇ ਹੁਨਰਮੰਦ ਕਾਮੇ ਅਤੇ ਕਾਰੀਗਰੀ ਵਜੋਂ ਹਰ ਕਿਸਮ ਦੇ ਕੰਮ ਕਰਨ ਲਈ ਹੁਨਰ ਨਾਲ ਭਰ ਦਿੱਤਾ ਹੈ।

Source notes (1)
  1. Footnote ਪ੍ਰਾਸਚਿਤ ਦਾ ਢੱਕਣ ਅਰਥਾਤ ਉਹ ਜਗ੍ਹਾਂ ਜਿੱਥੇ ਪਾਪਾਂ ਨੂੰ ਢੱਕਿਆ ਗਿਆ ਸੀ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.