Biblica® Open Punjabi Contemporary Version 2025
ਕੂਚ 21
“ਇਹ ਉਹ ਕਾਨੂੰਨ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਗਾ।
ਇਬਰਾਨੀ ਦਾਸ
“ਜੇ ਤੁਸੀਂ ਇੱਕ ਇਬਰਾਨੀ ਨੌਕਰ ਨੂੰ ਖਰੀਦਦੇ ਹੋ, ਤਾਂ ਉਹ ਛੇ ਸਾਲ ਲਈ ਤੁਹਾਡੀ ਸੇਵਾ ਕਰੇਗਾ। ਪਰ ਸੱਤਵੇਂ ਸਾਲ ਵਿੱਚ, ਉਹ ਬਿਨਾਂ ਕਿਸੇ ਭੁਗਤਾਨ ਦੇ, ਅਜ਼ਾਦ ਹੋ ਕੇ ਚਲਿਆ ਜਾਵੇ। ਜੇ ਉਹ ਇਕੱਲਾ ਆਇਆ ਹੈ, ਤਾਂ ਉਸ ਨੂੰ ਇਕੱਲਾ ਜਾਣਾ ਚਾਹੀਦਾ ਹੈ ਅਤੇ ਜੇ ਉਹ ਕਿਸੇ ਔਰਤ ਦਾ ਪਤੀ ਹੈ, ਤਾਂ ਉਸਦੀ ਪਤਨੀ ਵੀ ਉਸਦੇ ਨਾਲ ਵਾਪਸ ਚਲੀ ਜਾਵੇ। ਜੇਕਰ ਉਸਦਾ ਮਾਲਕ ਉਸਨੂੰ ਇੱਕ ਪਤਨੀ ਦੇਵੇ ਅਤੇ ਉਹ ਉਸਦੇ ਪੁੱਤਰ ਜਾਂ ਧੀਆਂ ਨੂੰ ਜਨਮ ਦਿੰਦੀ ਹੈ, ਤਾਂ ਔਰਤ ਅਤੇ ਉਸਦੇ ਬੱਚੇ ਉਸਦੇ ਮਾਲਕ ਦੇ ਹੋਣਗੇ, ਅਤੇ ਸਿਰਫ ਆਦਮੀ ਅਜ਼ਾਦ ਹੋਵੇਗਾ।
“ਪਰ ਜੇ ਨੌਕਰ ਇਹ ਐਲਾਨ ਕਰਦਾ ਹੈ ਕਿ ਮੈਂ ਆਪਣੇ ਮਾਲਕ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿਆਰ ਕਰਦਾ ਹਾਂ ਅਤੇ ਅਜ਼ਾਦ ਨਹੀਂ ਹੋਣਾ ਚਾਹੁੰਦਾ। ਫਿਰ ਉਸਦੇ ਮਾਲਕ ਨੂੰ ਉਸ ਨੌਕਰ ਨੂੰ ਪਰਮੇਸ਼ਵਰ ਦੇ ਸਾਹਮਣੇ ਲੈ ਜਾਣਾ ਚਾਹੀਦਾ ਹੈ। ਉਹ ਉਸਨੂੰ ਦਰਵਾਜ਼ੇ ਜਾਂ ਦਰਵਾਜ਼ੇ ਦੀ ਚੌਂਕੀ ਤੇ ਲੈ ਜਾਵੇਗਾ ਅਤੇ ਉਸ ਦੇ ਕੰਨ ਸੂਏ ਨਾਲ ਵਿੰਨ੍ਹ ਦੇਵੇ। ਫਿਰ ਉਹ ਜੀਵਨ ਭਰ ਉਸਦਾ ਸੇਵਕ ਬਣਿਆ ਰਹੇਗਾ।
“ਜਦੋਂ ਕੋਈ ਆਦਮੀ ਆਪਣੀ ਧੀ ਨੂੰ ਗੁਲਾਮ ਵਜੋਂ ਵੇਚਦਾ ਹੈ, ਤਾਂ ਉਹ ਛੇ ਸਾਲਾਂ ਦੇ ਅੰਤ ਵਿੱਚ ਮਰਦਾਂ ਵਾਂਗ ਅਜ਼ਾਦ ਨਹੀਂ ਹੋਵੇਗੀ। ਜੇਕਰ ਉਸਨੂੰ ਖਰੀਦਣ ਵਾਲਾ ਮਾਲਕ ਉਸ ਤੋਂ ਖੁਸ਼ ਨਹੀਂ ਹੈ, ਤਾਂ ਉਹ ਕੀਮਤ ਦੇ ਕੇ ਉਸਨੂੰ ਛੱਡ ਸਕਦਾ ਹੈ। ਪਰ ਮਾਲਕ ਨੂੰ ਇਹ ਅਧਿਕਾਰ ਨਹੀਂ ਕਿ ਉਸ ਦਾਸੀ ਨੂੰ ਗੈਰ ਕੌਮ ਵਿੱਚ ਵੇਚ ਦੇਵੇ, ਕਿਉਂਕਿ ਉਸਨੇ ਉਸ ਨਾਲ ਛਲ ਕੀਤਾ ਹੈ। ਜੇ ਉਹ ਉਸ ਨੂੰ ਆਪਣੇ ਪੁੱਤਰ ਲਈ ਚੁਣਦਾ ਹੈ, ਤਾਂ ਉਹ ਉਸ ਨੂੰ ਧੀ ਦਾ ਹੱਕ ਦੇਵੇ। ਜੇਕਰ ਉਹ ਕਿਸੇ ਹੋਰ ਔਰਤ ਨਾਲ ਵਿਆਹ ਕਰਦਾ ਹੈ, ਤਾਂ ਪਹਿਲੀ ਔਰਤ ਨੂੰ ਉਸਦੇ ਭੋਜਨ, ਕੱਪੜੇ ਅਤੇ ਵਿਆਹੁਤਾ ਅਧਿਕਾਰਾਂ ਤੋਂ ਵਾਂਝਾ ਨਾ ਕਰੇ। ਜੇ ਉਹ ਉਸਨੂੰ ਇਹ ਤਿੰਨ ਚੀਜ਼ਾਂ ਪ੍ਰਦਾਨ ਨਹੀਂ ਕਰਦਾ, ਤਾਂ ਉਹ ਬਿਨਾਂ ਕਿਸੇ ਪੈਸੇ ਦੇ ਮੁਫ਼ਤ ਚਲੀ ਜਾਵੇ।
ਨਿੱਜੀ ਸੱਟਾਂ
“ਜੇ ਕੋਈ ਕਿਸੇ ਵਿਅਕਤੀ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ, ਤਾਂ ਉਹ ਜ਼ਰੂਰ ਮਾਰਿਆ ਜਾਵੇ। ਹਾਲਾਂਕਿ ਜੇ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ ਹੈ, ਪਰ ਇਹ ਮੌਤ ਪਰਮੇਸ਼ਵਰ ਦੀ ਮਰਜ਼ੀ ਨਾਲ ਹੋਈ ਹੈ ਤਾਂ ਮੈਂ ਤੁਹਾਡੇ ਲਈ ਇੱਕ ਜਗ੍ਹਾ ਬਣਾਵਾਂਗਾ ਜਿੱਥੇ ਤੁਸੀਂ ਭੱਜ ਸਕਦੇ ਹੋ। ਪਰ ਜੇ ਕੋਈ ਯੋਜਨਾ ਬਣਾਉਂਦਾ ਹੈ ਅਤੇ ਕਿਸੇ ਨੂੰ ਜਾਣਬੁੱਝ ਕੇ ਮਾਰਦਾ ਹੈ, ਤਾਂ ਉਸ ਵਿਅਕਤੀ ਨੂੰ ਮੇਰੀ ਜਗਵੇਦੀ ਤੋਂ ਚੁੱਕ ਕੇ ਮਾਰਿਆ ਜਾਣਾ ਚਾਹੀਦਾ ਹੈ।
“ਕੋਈ ਵੀ ਵਿਅਕਤੀ ਜੋ ਆਪਣੇ ਪਿਤਾ ਜਾਂ ਮਾਤਾ ਤੇ ਹਮਲਾ ਕਰਦਾ ਹੈ ਉਹ ਜ਼ਰੂਰ ਮਾਰਿਆ ਜਾਵੇਂ।
“ਕਿਸੇ ਵੀ ਵਿਅਕਤੀ ਨੂੰ ਅਗਵਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ, ਭਾਵੇਂ ਪੀੜਤ ਨੂੰ ਵੇਚ ਦਿੱਤਾ ਗਿਆ ਹੋਵੇ ਜਾਂ ਅਜੇ ਵੀ ਅਗਵਾਕਾਰ ਦੇ ਕਬਜ਼ੇ ਵਿੱਚ ਹੋਵੇ।
“ਕੋਈ ਵੀ ਵਿਅਕਤੀ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦਿੰਦਾ ਹੈ ਉਹ ਜ਼ਰੂਰ ਮਾਰਿਆ ਜਾਵੇ।
“ਜੇ ਲੋਕ ਝਗੜਾ ਕਰਦੇ ਹਨ ਅਤੇ ਇੱਕ ਵਿਅਕਤੀ ਦੂਜੇ ਨੂੰ ਪੱਥਰ ਜਾਂ ਮੁੱਕੀ ਨਾਲ ਮਾਰਦਾ ਹੈ ਅਤੇ ਪੀੜਤ ਮਰਦਾ ਨਹੀਂ ਹੈ ਪਰ ਮੰਜੇ ਉੱਤੇ ਪੈ ਜਾਵੇ, ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਘੁਮੇ ਫਿਰੇ ਤਾਂ ਉਸਦਾ ਮਾਰਨ ਵਾਲਾ ਬੇਦੋਸ਼ ਠਹਿਰੇ ਅਤੇ ਉਸਦੇ ਪੂਰੀ ਤਰ੍ਹਾਂ ਨਾਲ ਚੰਗਾ ਹੋਣ ਤੱਕ ਉਸਦੀ ਦੇਖਭਾਲ ਕਰੇ।
“ਕੋਈ ਵੀ ਵਿਅਕਤੀ ਜੋ ਆਪਣੇ ਨਰ ਜਾਂ ਨਾਰੀ ਗੁਲਾਮ ਨੂੰ ਡੰਡੇ ਨਾਲ ਕੁੱਟਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੇਕਰ ਗੁਲਾਮ ਮਰ ਜਾਂਦਾ ਹੈ, ਪਰ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਜੇਕਰ ਗੁਲਾਮ ਇੱਕ ਜਾਂ ਦੋ ਦਿਨਾਂ ਬਾਅਦ ਠੀਕ ਹੋ ਜਾਂਦਾ ਹੈ, ਕਿਉਂਕਿ ਗੁਲਾਮ ਉਹਨਾਂ ਦੀ ਜਾਇਦਾਦ ਹੈ।
“ਜੇਕਰ ਲੋਕ ਲੜਦੇ ਹਨ ਅਤੇ ਇੱਕ ਗਰਭਵਤੀ ਔਰਤ ਨੂੰ ਧੱਕਾ ਮਾਰਦੇ ਹਨ ਅਤੇ ਉਸਦਾ ਗਰਭ ਡਿੱਗ ਜਾਂਦਾ ਹੈ ਪਰ ਕੋਈ ਗੰਭੀਰ ਸੱਟ ਨਹੀਂ ਲੱਗੇ, ਤਾਂ ਅਪਰਾਧੀ ਨੂੰ ਔਰਤ ਦਾ ਪਤੀ ਜੋ ਵੀ ਮੰਗ ਕਰੇ ਅਤੇ ਨਿਆਂਈਆਂ ਦੇ ਅਨੁਸਾਰ ਦੇਵੇ। ਪਰ ਜੇ ਕੋਈ ਗੰਭੀਰ ਚੋਟ ਹੈ, ਤਾਂ ਤੁਹਾਨੂੰ ਜਾਨ ਦੇ ਬਦਲੇ ਜਾਨ ਲੈਣੀ ਚਾਹੀਦੀ ਹੈ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ, ਸੜ ਦੇ ਬਦਲੇ ਸਾੜ, ਜ਼ਖ਼ਮ ਦੇ ਬਦਲੇ ਜ਼ਖ਼ਮ, ਸੱਟ ਦੇ ਬਦਲੇ ਸੱਟ।
“ਇੱਕ ਮਾਲਕ ਜੋ ਆਪਣੇ ਗੁਲਾਮ ਦੀ ਅੱਖ ਉੱਤੇ ਮਾਰਦਾ ਹੈ ਅਤੇ ਉਸਦੀ ਦੀ ਅੱਖ ਖ਼ਰਾਬ ਹੋ ਜਾਵੇ ਭਾਵੇਂ ਉਹ ਨਰ ਹੋਵੇ ਜਾਂ ਨਾਰੀ, ਉਹ ਉਸਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰਕੇ ਜਾਣ ਦੇਵੇ। ਜੇਕਰ ਕਿਸੇ ਝਗੜੇ ਵਿੱਚ ਉਸਦੇ ਨੌਕਰ ਜਾਂ ਨੌਕਰਾਣੀ ਦਾ ਦੰਦ ਟੁੱਟ ਜਾਂਦਾ ਹੈ ਤਾਂ ਇਸ ਦਾ ਮੁਆਵਜ਼ਾ ਦੇਣ ਲਈ ਨੌਕਰ ਜਾਂ ਨੌਕਰਾਣੀ ਨੂੰ ਅਜ਼ਾਦ ਕਰ ਪਾਵੇਗਾ।
“ਜੇ ਕੋਈ ਬਲਦ ਕਿਸੇ ਆਦਮੀ ਜਾਂ ਔਰਤ ਨੂੰ ਮਾਰਦਾ ਹੈ ਤਾਂ ਬਲਦ ਨੂੰ ਪੱਥਰਾਂ ਨਾਲ ਮਾਰਿਆ ਜਾਵੇ ਅਤੇ ਉਸਦਾ ਮਾਸ ਨਾ ਖਾਧਾ ਜਾਵੇ, ਪਰ ਬਲਦ ਦਾ ਮਾਲਕ ਜ਼ਿੰਮੇਵਾਰ ਨਹੀਂ ਹੋਵੇਗਾ। ਪਰ ਜੇ ਬਲਦ ਨੂੰ ਗਲੇ ਮਾਰਨ ਦੀ ਆਦਤ ਹੈ ਅਤੇ ਮਾਲਕ ਨੂੰ ਚੇਤਾਵਨੀ ਦਿੱਤੀ ਗਈ ਹੈ ਪਰ ਉਸ ਨੇ ਇਸ ਨੂੰ ਬੰਦ ਨਹੀਂ ਕੀਤਾ ਅਤੇ ਇਹ ਕਿਸੇ ਮਰਦ ਜਾਂ ਔਰਤ ਨੂੰ ਮਾਰਦਾ ਹੈ, ਤਾਂ ਬਲਦ ਨੂੰ ਪੱਥਰ ਨਾਲ ਮਾਰਿਆ ਜਾਵੇ ਅਤੇ ਉਸ ਦੇ ਮਾਲਕ ਨੂੰ ਵੀ। ਹਾਲਾਂਕਿ, ਜੇਕਰ ਭੁਗਤਾਨ ਦੀ ਮੰਗ ਕੀਤੀ ਜਾਂਦੀ ਹੈ, ਤਾਂ ਮਾਲਕ ਜੋ ਵੀ ਮੰਗਿਆ ਜਾਂਦਾ ਹੈ ਉਸ ਦਾ ਭੁਗਤਾਨ ਕਰਕੇ ਆਪਣੀ ਜਾਨ ਛੁਡਾ ਸਕਦਾ ਹੈ। ਇਹ ਕਾਨੂੰਨ ਉਦੋਂ ਵੀ ਲਾਗੂ ਹੁੰਦਾ ਹੈ ਜਦੋਂ ਬਲਦ ਕਿਸੇ ਪੁੱਤਰ ਜਾਂ ਧੀ ਨੂੰ ਮਾਰਦਾ ਹੈ। ਜੇ ਬਲਦ ਕਿਸੇ ਨੌਕਰ ਜਾਂ ਗੋਲੀ ਨੂੰ ਮਾਰਦਾ ਹੈ, ਤਾਂ ਮਾਲਕ ਨੂੰ ਤੀਹ ਸ਼ੈਕੇਲ1 ਚਾਂਦੀ ਦਾਸ ਦੇ ਮਾਲਕ ਨੂੰ ਦੇਣੀ ਚਾਹੀਦੀ ਹੈ ਅਤੇ ਬਲਦ ਨੂੰ ਪੱਥਰਾਂ ਨਾਲ ਮਾਰਿਆ ਜਾਣਾ ਚਾਹੀਦਾ ਹੈ।
“ਜੇ ਕੋਈ ਟੋਏ ਨੂੰ ਖੋਲ੍ਹਦਾ ਹੈ ਜਾਂ ਪੁੱਟਦਾ ਹੈ ਅਤੇ ਉਸ ਨੂੰ ਨਾ ਢੱਕੇ ਅਤੇ ਇੱਕ ਬਲਦ ਜਾਂ ਗਧਾ ਉਸ ਵਿੱਚ ਡਿੱਗ ਪੈਂਦਾ ਹੈ, ਜਿਸ ਨੇ ਟੋਏ ਨੂੰ ਖੋਲ੍ਹਿਆ ਹੈ, ਉਸ ਨੂੰ ਨੁਕਸਾਨ ਲਈ ਮਾਲਕ ਨੂੰ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਬਦਲੇ ਵਿੱਚ ਮਰੇ ਹੋਏ ਜਾਨਵਰ ਨੂੰ ਲੈਣਾ ਚਾਹੀਦਾ ਹੈ।
“ਜੇਕਰ ਕਿਸੇ ਦਾ ਬਲਦ ਕਿਸੇ ਹੋਰ ਦੇ ਬਲਦ ਨੂੰ ਜ਼ਖਮੀ ਕਰਦਾ ਹੈ ਅਤੇ ਉਹ ਮਰ ਜਾਂਦਾ ਹੈ, ਤਾਂ ਦੋਵੇਂ ਧਿਰਾਂ ਜਿਉਂਦੇ ਨੂੰ ਵੇਚ ਦੇਣ ਅਤੇ ਪੈਸੇ ਅਤੇ ਮਰੇ ਹੋਏ ਜਾਨਵਰ ਨੂੰ ਬਰਾਬਰ ਵੰਡ ਦੇਣ। ਹਾਲਾਂਕਿ, ਜੇ ਇਹ ਜਾਣਿਆ ਜਾਂਦਾ ਸੀ ਕਿ ਬਲਦ ਨੂੰ ਮਰਨ ਦੀ ਆਦਤ ਹੈ, ਫਿਰ ਵੀ ਮਾਲਕ ਨੇ ਇਸ ਨੂੰ ਬੰਦ ਨਹੀਂ ਕੀਤਾ, ਤਾਂ ਮਾਲਕ ਨੂੰ ਪਸ਼ੂ ਦੇ ਬਦਲੇ ਪਸ਼ੂ ਦੇਣਾ ਚਾਹੀਦਾ ਹੈ ਅਤੇ ਬਦਲੇ ਵਿੱਚ ਮਰੇ ਹੋਏ ਜਾਨਵਰ ਨੂੰ ਲੈਣਾ ਚਾਹੀਦਾ ਹੈ।
Source notes (1)
- Footnote ਤੀਹ ਸ਼ੈਕੇਲ ਲਗਭਗ 345 ਗ੍ਰਾਮ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.