Biblica® Open Punjabi Contemporary Version 2025
ਕੂਚ 18
ਯਿਥਰੋ ਮੋਸ਼ੇਹ ਨੂੰ ਮਿਲਣ ਲਈ ਆਇਆ
ਹੁਣ ਮਿਦਯਾਨੀਆਂ ਦੇ ਜਾਜਕ ਅਤੇ ਮੋਸ਼ੇਹ ਦੇ ਸਹੁਰੇ ਯਿਥਰੋ ਨੇ ਸਭ ਕੁਝ ਸੁਣਿਆ ਜੋ ਪਰਮੇਸ਼ਵਰ ਨੇ ਮੋਸ਼ੇਹ ਅਤੇ ਉਸਦੀ ਪਰਜਾ ਇਸਰਾਏਲ ਲਈ ਕੀਤਾ ਸੀ ਅਤੇ ਕਿਵੇਂ ਯਾਹਵੇਹ ਨੇ ਇਸਰਾਏਲ ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।
ਮੋਸ਼ੇਹ ਨੇ ਆਪਣੀ ਪਤਨੀ ਜ਼ਿਪੋਰਾਹ ਨੂੰ ਉਸਦੇ ਸਹੁਰੇ ਯਿਥਰੋ ਕੋਲ ਛੱਡ ਕੇ ਆਇਆ ਸੀ, ਅਤੇ ਉਸਦੇ ਦੋ ਪੁੱਤਰ ਸਨ, ਇੱਕ ਪੁੱਤਰ ਦਾ ਨਾਮ ਗੇਰਸ਼ੋਮ1 ਸੀ, ਅਤੇ ਮੋਸ਼ੇਹ ਨੇ ਕਿਹਾ, “ਮੈਂ ਇੱਕ ਵਿਦੇਸ਼ੀ ਧਰਤੀ ਵਿੱਚ ਪਰਦੇਸੀ ਬਣ ਗਿਆ ਹਾਂ” ਅਤੇ ਦੂਜੇ ਦਾ ਨਾਮ ਅਲੀਅਜ਼ਰ2 ਸੀ, ਕਿਉਂਕਿ ਉਸਨੇ ਕਿਹਾ, “ਮੇਰੇ ਪਿਤਾ ਦਾ ਪਰਮੇਸ਼ਵਰ ਮੇਰਾ ਸਹਾਇਕ ਸੀ। ਉਸਨੇ ਮੈਨੂੰ ਫ਼ਿਰਾਊਨ ਦੀ ਤਲਵਾਰ ਤੋਂ ਬਚਾਇਆ।”
ਮੋਸ਼ੇਹ ਦਾ ਸਹੁਰਾ ਯਿਥਰੋ ਮੋਸ਼ੇਹ ਦੇ ਪੁੱਤਰਾਂ ਅਤੇ ਪਤਨੀ ਸਮੇਤ ਉਜਾੜ ਵਿੱਚ ਉਸਦੇ ਕੋਲ ਆਇਆ, ਜਿੱਥੇ ਉਸਨੇ ਪਰਮੇਸ਼ਵਰ ਦੇ ਪਹਾੜ ਦੇ ਕੋਲ ਡੇਰਾ ਲਾਇਆ ਹੋਇਆ ਸੀ। ਯਿਥਰੋ ਨੇ ਮੋਸ਼ੇਹ ਨੂੰ ਸੁਨੇਹਾ ਭੇਜਿਆ ਸੀ, “ਮੈਂ ਤੇਰਾ ਸਹੁਰਾ ਯਿਥਰੋ, ਤੇਰੀ ਪਤਨੀ ਅਤੇ ਉਸਦੇ ਦੋ ਪੁੱਤਰਾਂ ਨਾਲ ਤੇਰੇ ਕੋਲ ਆ ਰਿਹਾ ਹਾਂ।”
ਇਸ ਲਈ ਮੋਸ਼ੇਹ ਆਪਣੇ ਸਹੁਰੇ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸ ਨੂੰ ਮੱਥਾ ਟੇਕਿਆ ਅਤੇ ਉਸਨੂੰ ਚੁੰਮਿਆ। ਉਹਨਾਂ ਨੇ ਇੱਕ-ਦੂਜੇ ਦਾ ਹਾਲ ਪੁਛਿਆ ਅਤੇ ਫਿਰ ਤੰਬੂ ਵਿੱਚ ਚਲੇ ਗਏ। ਮੋਸ਼ੇਹ ਨੇ ਆਪਣੇ ਸਹੁਰੇ ਨੂੰ ਉਸ ਸਭ ਕੁਝ ਬਾਰੇ ਦੱਸਿਆ ਜੋ ਯਾਹਵੇਹ ਨੇ ਇਸਰਾਏਲੀਆਂ ਲਈ ਫ਼ਿਰਾਊਨ ਅਤੇ ਮਿਸਰੀ ਲੋਕਾਂ ਨਾਲ ਕੀਤਾ ਸੀ ਅਤੇ ਉਹਨਾਂ ਸਾਰੀਆਂ ਮੁਸ਼ਕਲਾਂ ਬਾਰੇ ਦੱਸਿਆ ਜੋ ਉਹਨਾਂ ਨੂੰ ਰਸਤੇ ਵਿੱਚ ਆਈਆਂ ਸਨ ਅਤੇ ਕਿਵੇਂ ਯਾਹਵੇਹ ਨੇ ਉਹਨਾਂ ਨੂੰ ਬਚਾਇਆ ਸੀ।
ਯਿਥਰੋ ਉਹਨਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸੁਣ ਕੇ ਬਹੁਤ ਖੁਸ਼ ਹੋਇਆ ਜੋ ਯਾਹਵੇਹ ਨੇ ਇਸਰਾਏਲ ਲਈ ਮਿਸਰੀਆਂ ਦੇ ਹੱਥੋਂ ਛੁਡਾਉਣ ਲਈ ਕੀਤੀਆਂ ਸਨ। ਯਿਥਰੋ ਨੇ ਕਿਹਾ, “ਯਾਹਵੇਹ ਮੁਬਾਰਕ ਹੈ, ਜਿਸ ਨੇ ਤੁਹਾਨੂੰ ਮਿਸਰੀਆਂ ਅਤੇ ਫ਼ਿਰਾਊਨ ਦੇ ਹੱਥੋਂ ਛੁਡਾਇਆ ਅਤੇ ਜਿਸ ਨੇ ਲੋਕਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਇਆ। ਹੁਣ ਮੈਂ ਜਾਣਦਾ ਹਾਂ ਕਿ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ ਕਿਉਂਕਿ ਉਸਨੇ ਅਜਿਹਾ ਉਹਨਾਂ ਲੋਕਾਂ ਨਾਲ ਕੀਤਾ ਜਿਨ੍ਹਾਂ ਨੇ ਇਸਰਾਏਲ ਉੱਤੇ ਘਮੰਡ ਦਿਖਾਇਆ ਸੀ।” ਤਦ ਯਿਥਰੋ, ਮੋਸ਼ੇਹ ਦਾ ਸਹੁਰਾ, ਪਰਮੇਸ਼ਵਰ ਲਈ ਹੋਮ ਦੀ ਭੇਟ ਅਤੇ ਹੋਰ ਬਲੀਆਂ ਲੈ ਕੇ ਆਇਆ ਅਤੇ ਹਾਰੋਨ ਇਸਰਾਏਲ ਦੇ ਸਾਰੇ ਬਜ਼ੁਰਗਾਂ ਦੇ ਨਾਲ ਮੋਸ਼ੇਹ ਦੇ ਸਹੁਰੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਭੋਜਨ ਖਾਣ ਲਈ ਆਏ।
ਅਗਲੇ ਦਿਨ ਮੋਸ਼ੇਹ ਲੋਕਾਂ ਲਈ ਨਿਆਂ ਕਰਨ ਲਈ ਬੈਠ ਗਿਆ ਅਤੇ ਉਹ ਸਵੇਰ ਤੋਂ ਸ਼ਾਮ ਤੱਕ ਉਸਦੇ ਆਲੇ-ਦੁਆਲੇ ਖੜੇ ਰਹੇ। ਜਦੋਂ ਉਸਦੇ ਸਹੁਰੇ ਨੇ ਇਹ ਸਭ ਕੁਝ ਦੇਖਿਆ ਜੋ ਕੁਝ ਮੋਸ਼ੇਹ ਲੋਕਾਂ ਲਈ ਕਰ ਰਿਹਾ ਸੀ, ਉਸਨੇ ਕਿਹਾ, “ਇਹ ਕੀ ਗੱਲ ਹੈ ਜੋ ਤੂੰ ਲੋਕਾਂ ਨਾਲ ਕਰ ਰਿਹਾ ਹੈ? ਤੂੰ ਇਕੱਲੇ ਨਿਆਈਂ ਵਜੋਂ ਕਿਉਂ ਬੈਠਾ ਹੈ, ਜਦੋਂ ਕਿ ਇਹ ਸਾਰੇ ਲੋਕ ਸਵੇਰ ਤੋਂ ਸ਼ਾਮ ਤੱਕ ਤੇਰੇ ਆਲੇ-ਦੁਆਲੇ ਖੜ੍ਹੇ ਹਨ?”
ਮੋਸ਼ੇਹ ਨੇ ਉਸਨੂੰ ਉੱਤਰ ਦਿੱਤਾ, “ਕਿਉਂਕਿ ਲੋਕ ਮੇਰੇ ਕੋਲ ਪਰਮੇਸ਼ਵਰ ਦੀ ਇੱਛਾ ਦੀ ਭਾਲ ਕਰਨ ਲਈ ਆਉਂਦੇ ਹਨ। ਜਦੋਂ ਵੀ ਉਹਨਾਂ ਦਾ ਝਗੜਾ ਹੁੰਦਾ ਹੈ ਇਹ ਮੇਰੇ ਕੋਲ ਲਿਆਇਆ ਜਾਂਦਾ ਹੈ, ਮੈਂ ਦੋਵਾਂ ਧਿਰਾਂ ਵਿਚਕਾਰ ਫੈਸਲਾ ਕਰਦਾ ਹਾਂ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਹੁਕਮਾਂ ਅਤੇ ਬਿਵਸਥਾ ਬਾਰੇ ਸੂਚਿਤ ਕਰਦਾ ਹਾਂ।”
ਮੋਸ਼ੇਹ ਦੇ ਸਹੁਰੇ ਨੇ ਜਵਾਬ ਦਿੱਤਾ, “ਤੂੰ ਜੋ ਕਰ ਰਹਿ ਹੈ, ਇਹ ਚੰਗਾ ਨਹੀਂ ਹੈ। ਤੂੰ ਅਤੇ ਇਹ ਲੋਕ ਜੋ ਤੇਰੇ ਕੋਲ ਆਉਂਦੇ ਹਨ, ਸਿਰਫ ਆਪਣੇ ਆਪ ਨੂੰ ਥਕਾਓਗੇ। ਕੰਮ ਤੁਹਾਡੇ ਲਈ ਬਹੁਤ ਭਾਰੀ ਹੈ; ਤੂੰ ਇਕੱਲਾ ਇਸ ਨੂੰ ਨਹੀਂ ਸੰਭਾਲ ਸਕਦਾ। ਹੁਣ ਮੇਰੀ ਗੱਲ ਸੁਣ ਅਤੇ ਮੈਂ ਤੈਨੂੰ ਕੁਝ ਸਲਾਹ ਦੇਵਾਂਗਾ, ਅਤੇ ਪਰਮੇਸ਼ਵਰ ਤੇਰੇ ਨਾਲ ਹੋਵੇ। ਤੈਨੂੰ ਪਰਮੇਸ਼ਵਰ ਦੇ ਸਾਹਮਣੇ ਲੋਕਾਂ ਦੇ ਪ੍ਰਤੀਨਿਧੀ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਝਗੜਿਆਂ ਨੂੰ ਉਸ ਕੋਲ ਲਿਆਉਣਾ ਚਾਹੀਦਾ ਹੈ। ਉਹਨਾਂ ਨੂੰ ਉਸਦੇ ਫ਼ਰਮਾਨ ਅਤੇ ਹੁਕਮ ਸਿਖਾ, ਅਤੇ ਉਹਨਾਂ ਨੂੰ ਦਿਖਾ ਕਿ ਉਹਨਾਂ ਨੇ ਕਿਵੇਂ ਜੀਉਂਣਾ ਹੈ ਅਤੇ ਵਿਵਹਾਰ ਕਿਵੇਂ ਦਾ ਕਰਨਾ ਹੈ। ਪਰ ਸਾਰੇ ਲੋਕਾਂ ਵਿੱਚੋਂ ਵਫ਼ਾਦਾਰ ਆਦਮੀਆਂ ਨੂੰ ਚੁਣੋ, ਪਰਮੇਸ਼ਵਰ ਤੋਂ ਡਰਨ ਵਾਲੇ ਆਦਮੀ, ਭਰੋਸੇਮੰਦ ਆਦਮੀ ਜੋ ਬੇਈਮਾਨੀ ਨਾਲ ਨਫ਼ਰਤ ਕਰਦੇ ਹਨ, ਅਤੇ ਉਹਨਾਂ ਨੂੰ ਹਜ਼ਾਰਾਂ, ਸੈਂਕੜੇ, ਪੰਜਾਹ ਅਤੇ ਦਸਾਂ ਦੇ ਅਧਿਕਾਰੀਆਂ ਵਜੋਂ ਨਿਯੁਕਤ ਕਰ। ਉਹਨਾਂ ਨੂੰ ਹਰ ਸਮੇਂ ਲੋਕਾਂ ਲਈ ਨਿਆਈਂ ਵਜੋਂ ਕੰਮ ਕਰਨ ਦਿਓ, ਪਰ ਉਹ ਹਰ ਮੁਸ਼ਕਲ ਮੁਕੱਦਮਾ ਤੇਰੇ ਕੋਲ ਲਿਆਉਣ; ਸਧਾਰਨ ਮੁਕੱਦਮਾ ਦਾ ਫੈਸਲਾ ਉਹ ਖੁਦ ਕਰ ਸਕਦੇ ਹਨ। ਇਹ ਤੇਰੇ ਭਾਰ ਨੂੰ ਹਲਕਾ ਕਰ ਦੇਵੇਗਾ, ਕਿਉਂਕਿ ਉਹ ਇਸਨੂੰ ਤੁਹਾਡੇ ਨਾਲ ਸਾਂਝਾ ਕਰਨਗੇ। ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਪਰਮੇਸ਼ਵਰ ਨੇ ਅਜਿਹਾ ਹੁਕਮ ਦਿੱਤਾ ਹੈ, ਤਾਂ ਤੂੰ ਝੱਲ ਸਕੇਗਾ, ਅਤੇ ਇਹ ਸਾਰੇ ਲੋਕ ਸ਼ਾਂਤੀ ਨਾਲ ਘਰ ਚਲੇ ਜਾਣਗੇ।”
ਮੋਸ਼ੇਹ ਨੇ ਆਪਣੇ ਸਹੁਰੇ ਦੀ ਗੱਲ ਸੁਣੀ ਅਤੇ ਉਹ ਸਭ ਕੁਝ ਕੀਤਾ ਜੋ ਉਸਨੇ ਕਿਹਾ। ਮੋਸ਼ੇਹ ਨੇ ਸਾਰੇ ਇਸਰਾਏਲ ਵਿੱਚੋਂ ਯੋਗ ਆਦਮੀਆਂ ਨੂੰ ਚੁਣਿਆ ਅਤੇ ਉਹਨਾਂ ਨੂੰ ਲੋਕਾਂ ਦੇ ਆਗੂ, ਹਜ਼ਾਰਾਂ, ਸੈਂਕੜੇ, ਪੰਜਾਹਾਂ ਅਤੇ ਦਸਾਂ ਉੱਤੇ ਅਧਿਕਾਰੀ ਬਣਾਇਆ। ਉਹ ਨੇ ਹਰ ਸਮੇਂ ਲੋਕਾਂ ਲਈ ਨਿਆਂ ਕਰਨ ਵਜੋਂ ਸੇਵਾ ਕਰਦੇ ਸਨ। ਔਖੇ ਮੁਕੱਦਮੇ ਨੂੰ ਉਹ ਮੋਸ਼ੇਹ ਕੋਲ ਲਿਆਏ, ਪਰ ਸਧਾਰਨ ਗੱਲਾਂ ਦਾ ਫੈਸਲਾ ਉਹਨਾਂ ਨੇ ਖੁਦ ਕੀਤਾ।
ਤਦ ਮੋਸ਼ੇਹ ਨੇ ਆਪਣੇ ਸਹੁਰੇ ਨੂੰ ਵਿਦਿਆ ਕੀਤਾ ਅਤੇ ਯਿਥਰੋ ਆਪਣੇ ਦੇਸ਼ ਨੂੰ ਮੁੜ ਗਿਆ।
Source notes (2)
- Footnote ਗੇਰਸ਼ੋਮ ਅਰਥ ਪਰਦੇਸੀ
- Footnote ਅਲੀਅਜ਼ਰ ਮਤਲਬ ਪਰਮੇਸ਼ਵਰ ਮੇਰੀ ਸਹਾਇਤਾ ਹੈ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.