Biblica® Open Punjabi Contemporary Version 2025
ਕੂਚ 13
ਪਹਿਲੇ ਜਨਮੇ ਨੂੰ ਪਵਿੱਤਰ ਕਰਨ
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ ਕਿ “ਹਰੇਕ ਪਹਿਲੌਠੇ ਨਰ ਨੂੰ ਮੇਰੇ ਲਈ ਪਵਿੱਤਰ ਕਰ ਕਿਉਂ ਜੋ ਇਸਰਾਏਲੀਆਂ ਵਿੱਚ ਹਰ ਕੁੱਖ ਦੀ ਪਹਿਲੀ ਔਲਾਦ ਭਾਵੇਂ ਮਨੁੱਖ ਦੀ ਹੋਵੇ ਜਾਂ ਜਾਨਵਰ ਦੀ ਹੋਵੇ, ਉਹ ਮੇਰੇ ਹਨ।”
ਫਿਰ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਇਸ ਦਿਨ ਨੂੰ ਯਾਦ ਰੱਖੋ, ਜਿਸ ਦਿਨ ਤੁਸੀਂ ਗੁਲਾਮੀ ਦੇ ਦੇਸ਼ ਮਿਸਰ ਵਿੱਚੋਂ ਬਾਹਰ ਆਏ ਸੀ, ਕਿਉਂਕਿ ਯਾਹਵੇਹ ਨੇ ਤੁਹਾਨੂੰ ਇੱਕ ਸ਼ਕਤੀਸ਼ਾਲੀ ਹੱਥ ਨਾਲ ਇਸ ਵਿੱਚੋਂ ਬਾਹਰ ਲਿਆਂਦਾ ਸੀ। ਖਮੀਰ ਵਾਲੀ ਕੋਈ ਵੀ ਚੀਜ਼ ਨਾ ਖਾਓ। ਅੱਜ ਅਵੀਵ ਦੇ ਮਹੀਨੇ ਵਿੱਚ, ਤੁਸੀਂ ਬਾਹਰ ਨਿੱਕਲ ਆਏ ਹੋ। ਜਦੋਂ ਯਾਹਵੇਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਵਿੱਚ ਲਿਆਉਂਦਾ ਹੈ, ਜਿਸ ਧਰਤੀ ਨੂੰ ਉਸ ਨੇ ਤੁਹਾਡੇ ਪੁਰਖਿਆਂ ਨਾਲ ਤੁਹਾਨੂੰ ਦੇਣ ਦੀ ਸਹੁੰ ਖਾਧੀ ਸੀ ਉਹ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ, ਤੁਸੀਂ ਇਸ ਰਸਮ ਨੂੰ ਇਸ ਮਹੀਨੇ ਵਿੱਚ ਮਨਾਉਣਾ ਹੈ। ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ ਅਤੇ ਸੱਤਵੇਂ ਦਿਨ ਯਾਹਵੇਹ ਲਈ ਇੱਕ ਤਿਉਹਾਰ ਮਨਾਓ। ਉਹਨਾਂ ਸੱਤਾਂ ਦਿਨਾਂ ਵਿੱਚ ਪਤੀਰੀ ਰੋਟੀ ਖਾਓ। ਇਸ ਵਿੱਚ ਖਮੀਰ ਵਾਲੀ ਕੋਈ ਚੀਜ਼ ਤੁਹਾਡੇ ਵਿੱਚ ਦਿਖਾਈ ਨਹੀਂ ਦੇਵੇ, ਨਾ ਹੀ ਕੋਈ ਖਮੀਰ ਤੁਹਾਡੀਆਂ ਹੱਦਾਂ ਵਿੱਚ ਕਿਤੇ ਵੀ ਦਿਖਾਈ ਦੇਵੇ। ਉਸ ਦਿਨ ਆਪਣੇ ਪੁੱਤਰਾਂ ਨੂੰ ਕਹੋ, ‘ਮੈਂ ਇਹ ਇਸ ਲਈ ਕਰਦਾ ਹਾਂ ਕਿਉਂਕਿ ਜਦੋਂ ਮੈਂ ਮਿਸਰ ਤੋਂ ਬਾਹਰ ਆਇਆ ਸੀ ਤਾਂ ਯਾਹਵੇਹ ਨੇ ਮੇਰੇ ਲਈ ਕੀ ਕੀਤਾ ਸੀ।’ ਯਾਹਵੇਹ ਦਾ ਇਹ ਨਿਯਮ ਤੁਹਾਡੇ ਲਈ ਤੁਹਾਡੇ ਹੱਥ ਤੇ ਨਿਸ਼ਾਨ ਅਤੇ ਤੁਹਾਡੇ ਨੇਤਰਾ ਦੇ ਵਿੱਚ ਯਾਦਗਿਰੀ, ਅਤੇ ਤੁਹਾਡੇ ਮੂੰਹ ਤੇ ਹੋਣ ਕਿਉਂਕਿ ਯਾਹਵੇਹ ਨੇ ਆਪਣੇ ਬਲਵਾਨ ਹੱਥ ਨਾਲ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਤੁਸੀਂ ਇਸ ਹੁਕਮ ਨੂੰ ਸਾਲ ਦਰ ਸਾਲ ਚੁਣੇ ਹੋਏ ਸਮੇਂ ਉੱਤੇ ਮਨਾਇਆ ਕਰੋ।
“ਜਦੋਂ ਯਾਹਵੇਹ ਤੁਹਾਨੂੰ ਕਨਾਨੀਆਂ ਦੇ ਦੇਸ਼ ਵਿੱਚ ਲਿਆਵੇਗਾ ਅਤੇ ਤੁਹਾਨੂੰ ਦੇ ਦੇਵੇਗਾ, ਜਿਵੇਂ ਉਸਨੇ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ। ਤੁਸੀਂ ਹਰ ਕੁੱਖ ਦੀ ਪਹਿਲੀ ਔਲਾਦ ਨੂੰ ਯਾਹਵੇਹ ਨੂੰ ਸੌਂਪਣਾ ਹੈ ਅਤੇ ਤੁਹਾਡੇ ਪਸ਼ੂਆਂ ਦੇ ਸਾਰੇ ਜੇਠੇ ਨਰ ਯਾਹਵੇਹ ਦੇ ਹਨ। ਹਰੇਕ ਪਹਿਲੌਠੇ ਗਧੇ ਨੂੰ ਲੇਲੇ ਨਾਲ ਛੁਡਾਓ, ਪਰ ਜੇ ਤੁਸੀਂ ਉਹ ਨੂੰ ਨਹੀਂ ਛੁਡਾਉਂਦੇ ਤਾਂ ਉਸਦੀ ਗਰਦਨ ਤੋੜ ਦਿਓ ਅਤੇ ਆਪਣੇ ਪੁੱਤਰਾਂ ਵਿੱਚੋਂ ਹਰੇਕ ਪਹਿਲੌਠੇ ਨੂੰ ਛੁਡਾ ਲਵੋ।
“ਆਉਣ ਵਾਲੇ ਦਿਨਾਂ ਵਿੱਚ, ਜਦੋਂ ਤੁਹਾਡਾ ਪੁੱਤਰ ਤੁਹਾਨੂੰ ਪੁੱਛੇ, ‘ਇਸਦਾ ਕੀ ਅਰਥ ਹੈ?’ ਉਹਨਾਂ ਨੂੰ ਕਹੋ, ‘ਯਾਹਵੇਹ ਨੇ ਇੱਕ ਸ਼ਕਤੀਸ਼ਾਲੀ ਹੱਥ ਨਾਲ ਸਾਨੂੰ ਗੁਲਾਮੀ ਦੇ ਦੇਸ਼ ਮਿਸਰ ਵਿਚੋਂ ਬਾਹਰ ਲਿਆਂਦਾ ਸੀ। ਜਦੋਂ ਫ਼ਿਰਾਊਨ ਨੇ ਜ਼ਿੱਦ ਨਾਲ ਸਾਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਯਾਹਵੇਹ ਨੇ ਮਿਸਰ ਵਿੱਚ ਲੋਕਾਂ ਅਤੇ ਜਾਨਵਰਾਂ ਦੋਵਾਂ ਦੇ ਪਹਿਲੌਠੇ ਨੂੰ ਮਾਰ ਦਿੱਤਾ। ਇਸ ਲਈ ਅਸੀਂ ਹਰ ਕੁੱਖ ਦੇ ਪਹਿਲੇ ਫਲ ਨਰ ਔਲਾਦ ਨੂੰ ਯਾਹਵੇਹ ਨੂੰ ਬਲੀਦਾਨ ਕਰਦੇ ਹਾਂ ਅਤੇ ਆਪਣੇ ਪਹਿਲੇ ਜਨਮੇ ਪੁੱਤਰਾਂ ਵਿੱਚੋਂ ਹਰੇਕ ਨੂੰ ਛੁਡਾ ਲੈਂਦੇ ਹਾਂ।’ ਅਤੇ ਇਹ ਤੁਹਾਡੇ ਹੱਥ ਉੱਤੇ ਇੱਕ ਨਿਸ਼ਾਨ ਅਤੇ ਤੁਹਾਡੇ ਮੱਥੇ ਉੱਤੇ ਇੱਕ ਚਿੰਨ੍ਹ ਵਰਗਾ ਹੋਵੇਗਾ ਕਿ ਯਾਹਵੇਹ ਨੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਹੈ।”
ਸਾਗਰ ਪਾਰ ਕਰਨਾ
ਜਦੋਂ ਫ਼ਿਰਾਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਫ਼ਲਿਸਤੀਆਂ ਦੇਸ਼ ਵਿੱਚੋਂ ਲੰਘਣ ਵਾਲੇ ਰਸਤੇ ਉੱਤੇ ਨਹੀਂ ਲਿਆਂਦਾ, ਹਾਲਾਂਕਿ ਇਹ ਛੋਟਾ ਸੀ ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ, “ਜੇਕਰ ਉਹਨਾਂ ਨੂੰ ਯੁੱਧ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਆਪਣਾ ਮਨ ਬਦਲ ਸਕਦੇ ਹਨ ਅਤੇ ਮਿਸਰ ਨੂੰ ਵਾਪਸ ਆ ਸਕਦੇ ਹਨ।” ਇਸ ਲਈ ਪਰਮੇਸ਼ਵਰ ਲੋਕਾਂ ਨੂੰ ਆਲੇ-ਦੁਆਲੇ ਦੇ ਮਾਰੂਥਲ ਦੇ ਰਾਸਤੇ ਲਾਲ ਸਾਗਰ ਵੱਲ ਲੈ ਗਿਆ, ਤਾਂ ਕਿ ਇਸਰਾਏਲੀ ਮਿਸਰ ਵਿੱਚੋਂ ਬਾਹਰ ਆ ਕੇ ਜੰਗ ਲਈ ਤਿਆਰ ਹੋ ਸਕਣ।
ਮੋਸ਼ੇਹ ਯੋਸੇਫ਼ ਦੀਆਂ ਹੱਡੀਆਂ ਆਪਣੇ ਨਾਲ ਲੈ ਗਿਆ ਕਿਉਂਕਿ ਯੋਸੇਫ਼ ਨੇ ਇਸਰਾਏਲੀਆਂ ਨੂੰ ਸਹੁੰ ਚੁਕਾਈ ਸੀ। ਉਸ ਨੇ ਕਿਹਾ ਸੀ, “ਪਰਮੇਸ਼ਵਰ ਤੁਹਾਡੀ ਮਦਦ ਲਈ ਜ਼ਰੂਰ ਆਵੇਗਾ, ਅਤੇ ਫਿਰ ਤੁਸੀਂ ਮੇਰੀਆਂ ਹੱਡੀਆਂ ਨੂੰ ਇਸ ਸਥਾਨ ਤੋਂ ਆਪਣੇ ਨਾਲ ਲੈ ਜਾਓ1।”
ਸੁੱਕੋਥ ਛੱਡਣ ਤੋਂ ਬਾਅਦ ਉਹਨਾਂ ਨੇ ਮਾਰੂਥਲ ਦੇ ਕਿਨਾਰੇ ਏਥਾਮ ਵਿੱਚ ਡੇਰਾ ਲਾਇਆ। ਦਿਨ ਵੇਲੇ ਯਾਹਵੇਹ ਉਹਨਾਂ ਦੇ ਰਾਹ ਵਿੱਚ ਅਗਵਾਈ ਕਰਨ ਲਈ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਉਹਨਾਂ ਨੂੰ ਰੌਸ਼ਨੀ ਦੇਣ ਲਈ ਅੱਗ ਦੇ ਥੰਮ੍ਹ ਵਿੱਚ ਉਹਨਾਂ ਦੇ ਅੱਗੇ-ਅੱਗੇ ਜਾਂਦਾ ਸੀ, ਤਾਂ ਜੋ ਉਹ ਦਿਨ ਅਤੇ ਰਾਤ ਨੂੰ ਸਫ਼ਰ ਕਰ ਸਕਣ। ਦਿਨ ਨੂੰ ਬੱਦਲ ਦਾ ਥੰਮ੍ਹ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਉਨ੍ਹਾਂ ਦੇ ਅੱਗੋਂ ਕਦੀ ਨਾ ਹਟਿਆ।
Source notes (1)
- Footnote ਉਤ 50:25
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.