Biblica® Open Punjabi Contemporary Version 2025
ਕੂਚ 10
ਟਿੱਡੀਆਂ ਦੀ ਮਹਾਂਮਾਰੀ
ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਫ਼ਿਰਾਊਨ ਕੋਲ ਜਾ, ਕਿਉਂ ਜੋ ਮੈਂ ਉਸ ਦੇ ਦਿਲ ਅਤੇ ਉਸ ਦੇ ਅਧਿਕਾਰੀਆਂ ਦੇ ਦਿਲਾਂ ਨੂੰ ਕਠੋਰ ਕਰ ਦਿੱਤਾ ਹੈ ਤਾਂ ਜੋ ਮੈਂ ਆਪਣੇ ਇਨ੍ਹਾਂ ਚਮਤਕਾਰਾਂ ਨੂੰ ਉਹਨਾਂ ਵਿੱਚ ਕਰਾਂ। ਤਾਂ ਜੋ ਤੁਸੀਂ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਦੱਸ ਸਕੋ ਕਿ ਮੈਂ ਮਿਸਰੀਆਂ ਨਾਲ ਕਿਵੇਂ ਕਠੋਰਤਾ ਨਾਲ ਪੇਸ਼ ਆਇਆ ਅਤੇ ਕਿਵੇਂ ਮੈਂ ਉਹਨਾਂ ਵਿੱਚ ਆਪਣੇ ਚਮਤਕਾਰ ਵਿਖਾਏ ਸਨ ਅਤੇ ਤੁਸੀਂ ਜਾਣ ਸਕੋ ਕਿ ਮੈਂ ਯਾਹਵੇਹ ਹਾਂ।”
ਇਸ ਲਈ ਮੋਸ਼ੇਹ ਅਤੇ ਹਾਰੋਨ ਫ਼ਿਰਾਊਨ ਕੋਲ ਗਏ ਅਤੇ ਉਸਨੂੰ ਕਿਹਾ, “ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ, ਇਹ ਆਖਦਾ ਹੈ ਕਿ ‘ਤੂੰ ਕਦ ਤੱਕ ਮੇਰੇ ਅੱਗੇ ਨਿਮਰ ਹੋਣ ਤੋਂ ਇਨਕਾਰ ਕਰੇਂਗਾ? ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰਨ। ਜੇ ਤੂੰ ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਮੈਂ ਕੱਲ੍ਹ ਨੂੰ ਤੇਰੇ ਦੇਸ਼ ਵਿੱਚ ਟਿੱਡੀਆਂ ਲਿਆਵਾਂਗਾ। ਉਹ ਜ਼ਮੀਨ ਨੂੰ ਢੱਕ ਦੇਵੇਗੀ ਇੱਥੋਂ ਤੱਕ ਕੇ ਕੁਝ ਨਜ਼ਰ ਨਾ ਆ ਸਕੇ। ਗੜਿਆਂ ਤੋਂ ਬਾਅਦ ਤੁਹਾਡੇ ਕੋਲ ਜੋ ਕੁਝ ਬਚਿਆ ਹੈ, ਉਹ ਤੁਹਾਡੇ ਖੇਤਾਂ ਵਿੱਚ ਉੱਗ ਰਹੇ ਹਰ ਰੁੱਖ ਨੂੰ ਵੀ ਖਾ ਜਾਣਗੇ। ਉਹ ਤੁਹਾਡੇ ਘਰ, ਤੁਹਾਡੇ ਸਾਰੇ ਅਧਿਕਾਰੀਆਂ ਅਤੇ ਸਾਰੇ ਮਿਸਰੀ ਲੋਕਾਂ ਨੂੰ ਭਰ ਦੇਣਗੇ, ਇਸ ਤਰਾਂ ਦੀ ਮਹਾਂਮਾਰੀ ਨਾ ਤਾਂ ਤੁਹਾਡੇ ਮਾਤਾ ਪਿਤਾ ਨੇ ਅਤੇ ਨਾ ਹੀ ਤੁਹਾਡੇ ਪਿਉ-ਦਾਦਿਆਂ ਨੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਕਦੇ ਦੇਖਿਆ ਹੈ ਜਦੋਂ ਦੇ ਉਹ ਇਸ ਦੇਸ਼ ਵਿੱਚ ਵੱਸੇ ਹਨ।’ ” ਤਦ ਮੋਸ਼ੇਹ ਮੁੜਿਆ ਅਤੇ ਫ਼ਿਰਾਊਨ ਕੋਲੋ ਚਲਾ ਗਿਆ।
ਫ਼ਿਰਾਊਨ ਦੇ ਅਧਿਕਾਰੀਆਂ ਨੇ ਉਸਨੂੰ ਕਿਹਾ, “ਕਦ ਤੱਕ ਇਹ ਆਦਮੀ ਸਾਡੇ ਲਈ ਫਾਹੀ ਰਹੇਗਾ? ਲੋਕਾਂ ਨੂੰ ਜਾਣ ਦਿਓ, ਤਾਂ ਜੋ ਉਹ ਆਪਣੇ ਯਾਹਵੇਹ ਪਰਮੇਸ਼ਵਰ ਦੀ ਉਪਾਸਨਾ ਕਰਨ। ਕੀ ਤੁਸੀਂ ਅਜੇ ਤੱਕ ਨਹੀਂ ਜਾਣਦੇ ਕਿ ਮਿਸਰ ਬਰਬਾਦ ਹੋ ਗਿਆ ਹੈ?”
ਫਿਰ ਮੋਸ਼ੇਹ ਅਤੇ ਹਾਰੋਨ ਨੂੰ ਫ਼ਿਰਾਊਨ ਕੋਲ ਵਾਪਸ ਲਿਆਂਦਾ ਗਿਆ। ਉਸਨੇ ਕਿਹਾ “ਜਾਓ, ਆਪਣੇ ਯਾਹਵੇਹ ਪਰਮੇਸ਼ਵਰ ਦੀ ਅਰਾਧਨਾ ਕਰੋ। ਪਰ ਮੈਨੂੰ ਦੱਸੋ ਕੌਣ-ਕੌਣ ਜਾਵੇਗਾ।”
ਮੋਸ਼ੇਹ ਨੇ ਜਵਾਬ ਦਿੱਤਾ, “ਅਸੀਂ ਆਪਣੇ ਜਵਾਨਾਂ ਅਤੇ ਬੁੱਢਿਆਂ, ਆਪਣੇ ਪੁੱਤਰਾਂ ਅਤੇ ਧੀਆਂ ਅਤੇ ਆਪਣੇ ਇੱਜੜਾਂ ਅਤੇ ਝੁੰਡਾਂ ਨਾਲ ਜਾਵਾਂਗੇ ਕਿਉਂਕਿ ਅਸੀਂ ਯਾਹਵੇਹ ਦਾ ਤਿਉਹਾਰ ਮਨਾਉਣਾ ਹੈ।”
ਫ਼ਿਰਾਊਨ ਨੇ ਆਖਿਆ, “ਯਾਹਵੇਹ ਤੇਰੇ ਅੰਗ-ਸੰਗ ਹੋਵੇ, ਜੇ ਮੈਂ ਤੈਨੂੰ ਤੇਰੀਆਂ ਔਰਤਾਂ ਅਤੇ ਬੱਚਿਆਂ ਸਮੇਤ ਜਾਣ ਦੇਵਾਂ! ਸਪੱਸ਼ਟ ਹੈ ਕਿ ਤੁਹਾਡੇ ਮਨ ਵਿੱਚ ਕੋਈ ਹੋਰ ਬੁਰਾਈ ਛੁਪੀ ਹੈ। ਨਹੀਂ! ਸਿਰਫ ਆਦਮੀਆਂ ਨੂੰ ਹੀ ਲੈ ਜਾਵੋ ਅਤੇ ਯਾਹਵੇਹ ਦੀ ਉਪਾਸਨਾ ਕਰੋ, ਕਿਉਂਕਿ ਤੁਸੀਂ ਇਹੀ ਮੰਗ ਰਹੇ ਹੋ।” ਫਿਰ ਮੋਸ਼ੇਹ ਅਤੇ ਹਾਰੋਨ ਨੂੰ ਫ਼ਿਰਾਊਨ ਦੀ ਮੌਜੂਦਗੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ।
ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮਿਸਰ ਉੱਤੇ ਆਪਣਾ ਹੱਥ ਪਸਾਰ ਤਾਂ ਜੋ ਟਿੱਡੀਆਂ ਧਰਤੀ ਉੱਤੇ ਝੁਲਸ ਜਾਣ ਅਤੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼, ਗੜਿਆਂ ਦੁਆਰਾ ਬਚੀ ਹੋਈ ਹਰ ਚੀਜ਼ ਨੂੰ ਖਾ ਜਾਣ।”
ਇਸ ਲਈ ਮੋਸ਼ੇਹ ਨੇ ਆਪਣੀ ਸੋਟੀ ਮਿਸਰ ਉੱਤੇ ਫੈਲਾਈ, ਅਤੇ ਯਾਹਵੇਹ ਨੇ ਉਸ ਦਿਨ ਅਤੇ ਸਾਰੀ ਰਾਤ ਪੂਰੇ ਦੇਸ਼ ਵਿੱਚ ਪੂਰਬੀ ਹਵਾ ਚਲਾਈ। ਸਵੇਰ ਤੱਕ ਹਵਾ ਟਿੱਡੀਆਂ ਨੂੰ ਲੈ ਆਈ ਸੀ। ਉਹਨਾਂ ਨੇ ਸਾਰੇ ਮਿਸਰ ਉੱਤੇ ਹਮਲਾ ਕੀਤਾ ਅਤੇ ਦੇਸ਼ ਦੇ ਹਰ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਵੱਸ ਗਏ। ਟਿੱਡੀਆਂ ਦੀ ਅਜਿਹੀ ਮਹਾਂਮਾਰੀ ਪਹਿਲਾਂ ਕਦੇ ਨਹੀਂ ਹੋਈ ਸੀ ਅਤੇ ਨਾ ਹੀ ਕਦੇ ਹੋਵੇਗੀ। ਉਹਨਾਂ ਨੇ ਸਾਰੀ ਜ਼ਮੀਨ ਨੂੰ ਉਦੋਂ ਤੱਕ ਢੱਕ ਲਿਆ ਜਦੋਂ ਤੱਕ ਇਹ ਕਾਲਾ ਨਾ ਹੋ ਗਿਆ। ਉਹਨਾਂ ਨੇ ਗੜਿਆਂ ਦੇ ਬਾਅਦ ਬਚਿਆ ਹੋਇਆ ਸਭ ਕੁਝ ਖਾ ਲਿਆ, ਖੇਤਾਂ ਵਿੱਚ ਉੱਗ ਰਹੀ ਹਰ ਚੀਜ਼ ਅਤੇ ਰੁੱਖਾਂ ਉੱਤੇ ਫਲਾਂ ਨੂੰ ਵੀ। ਮਿਸਰ ਦੇ ਸਾਰੇ ਦੇਸ਼ ਵਿੱਚ ਬਿਰਛਾਂ ਅਤੇ ਖੇਤ ਦੇ ਸਾਗ ਪੱਤ ਉੱਤੇ ਕੋਈ ਹਰਿਆਲੀ ਨਾ ਰਹੀ।
ਫ਼ਿਰਾਊਨ ਨੇ ਤੁਰੰਤ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਮੈਂ ਤੁਹਾਡੇ ਪਰਮੇਸ਼ਵਰ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੇਰੇ ਪਾਪ ਨੂੰ ਇੱਕ ਵਾਰ ਫਿਰ ਮਾਫ਼ ਕਰ ਅਤੇ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਕਿ ਉਹ ਇਸ ਮਾਰੂ ਬਿਪਤਾ ਨੂੰ ਮੇਰੇ ਤੋਂ ਦੂਰ ਕਰ ਦੇਵੇ।”
ਮੋਸ਼ੇਹ ਫ਼ਿਰਾਊਨ ਕੋਲੋ ਨਿੱਕਲ ਗਿਆ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ। ਯਾਹਵੇਹ ਨੇ ਪੂਰਬ ਤੋਂ ਬਹੁਤ ਤੇਜ਼ ਹਵਾ ਮੋੜੀ ਜਿਸ ਨੇ ਟਿੱਡੀਆਂ ਨੂੰ ਚੁੱਕ ਕੇ ਲਾਲ ਸਾਗਰ ਵਿੱਚ ਸੁੱਟ ਦਿੱਤਾ। ਮਿਸਰ ਵਿੱਚ ਕਿਤੇ ਵੀ ਕੋਈ ਟਿੱਡੀ ਨਾ ਬਚੀ। ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ, ਨੂੰ ਕਠੋਰ ਕਰ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ।
ਹਨੇਰੇ ਦੀ ਮਹਾਂਮਾਰੀ
ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਮਿਸਰ ਵਿੱਚ ਹਨੇਰਾ ਫੈਲ ਜਾਵੇ, ਅਜਿਹਾ ਹਨੇਰਾ ਜਿਸ ਵਿੱਚ ਕੁਝ ਨਾ ਦੇਖਿਆ ਜਾ ਸਕੇ।” ਇਸ ਲਈ ਮੋਸ਼ੇਹ ਨੇ ਆਪਣਾ ਹੱਥ ਅਕਾਸ਼ ਵੱਲ ਵਧਾਇਆ ਅਤੇ ਤਿੰਨ ਦਿਨਾਂ ਤੱਕ ਸਾਰੇ ਮਿਸਰ ਵਿੱਚ ਹਨੇਰਾ ਛਾ ਗਿਆ। ਤਿੰਨ ਦਿਨਾਂ ਤੱਕ ਨਾ ਕੋਈ ਕਿਸੇ ਨੂੰ ਦੇਖ ਸਕਦਾ ਸੀ ਅਤੇ ਨਾ ਹੀ ਘੁੰਮ ਸਕਦਾ ਸੀ। ਫਿਰ ਵੀ ਸਾਰੇ ਇਸਰਾਏਲੀਆਂ ਕੋਲ ਉਹਨਾਂ ਥਾਵਾਂ ਤੇ ਰੌਸ਼ਨੀ ਸੀ ਜਿੱਥੇ ਉਹ ਰਹਿੰਦੇ ਸਨ।
ਫਿਰ ਫ਼ਿਰਾਊਨ ਨੇ ਮੋਸ਼ੇਹ ਨੂੰ ਬੁਲਾਇਆ ਅਤੇ ਕਿਹਾ, “ਜਾਓ, ਯਾਹਵੇਹ ਦੀ ਉਪਾਸਨਾ ਕਰੋ। ਤੁਹਾਡੀਆਂ ਔਰਤਾਂ ਅਤੇ ਬੱਚੇ ਵੀ ਤੁਹਾਡੇ ਨਾਲ ਜਾ ਸਕਦੇ ਹਨ, ਸਿਰਫ ਆਪਣੇ ਇੱਜੜਾਂ ਅਤੇ ਝੁੰਡਾਂ ਨੂੰ ਪਿੱਛੇ ਛੱਡ ਦਿਓ।”
ਪਰ ਮੋਸ਼ੇਹ ਨੇ ਕਿਹਾ, “ਸਾਡੇ ਲਈ ਬਲੀਆਂ ਅਤੇ ਹੋਮ ਦੀਆਂ ਭੇਂਟਾਂ ਲੈ ਕੇ ਜਾਣਾ ਜ਼ਰੂਰੀ ਹੈ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭੇਟ ਕਰ ਸਕੀਏ। ਸਾਡੇ ਪਸ਼ੂਆਂ ਨੇ ਵੀ ਸਾਡੇ ਨਾਲ ਜਾਣਾ ਹੈ; ਇੱਕ ਵੀ ਪਸ਼ੂ ਪਿੱਛੇ ਨਹੀਂ ਛੱਡਿਆ ਜਾਵੇਗਾ। ਕਿਉਂ ਉਹਨਾਂ ਦੇ ਵਿੱਚੋਂ ਹੀ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਲੀ ਲਈ ਲਵਾਂਗੇ, ਅਤੇ ਜਦੋਂ ਤੱਕ ਅਸੀਂ ਉੱਥੇ ਨਹੀਂ ਪਹੁੰਚਦੇ, ਅਸੀਂ ਨਹੀਂ ਜਾਣਦੇ ਕਿ ਕਿਸ ਵਿਚੋਂ ਯਾਹਵੇਹ ਲਈ ਬਲੀ ਭੇਟ ਕਰਾਂਗੇ।”
ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ, ਅਤੇ ਉਹ ਉਹਨਾਂ ਨੂੰ ਜਾਣ ਦੇਣ ਲਈ ਤਿਆਰ ਨਹੀਂ ਸੀ। ਫ਼ਿਰਾਊਨ ਨੇ ਮੋਸ਼ੇਹ ਨੂੰ ਆਖਿਆ, “ਮੇਰੀ ਨਜ਼ਰ ਤੋਂ ਦੂਰ ਹੋ ਜਾ! ਧਿਆਨ ਰੱਖ ਕਿ ਤੂੰ ਦੁਬਾਰਾ ਮੇਰੇ ਸਾਹਮਣੇ ਪੇਸ਼ ਨਾ ਹੋਈ! ਜਿਸ ਦਿਨ ਤੂੰ ਮੇਰਾ ਚਿਹਰਾ ਵੇਖੇਗਾ ਤੂੰ ਮਰ ਜਾਵੇਂਗਾ।”
ਮੋਸ਼ੇਹ ਨੇ ਜਵਾਬ ਦਿੱਤਾ, “ਜਿਵੇਂ ਤੂੰ ਕਹਿੰਦਾ ਹੈ, ਮੈਂ ਫਿਰ ਕਦੇ ਤੇਰੇ ਸਾਹਮਣੇ ਨਹੀਂ ਆਵਾਂਗਾ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.