Skip to content
BibleKenya

Biblica® Open Punjabi Contemporary Version 2025

ਬਿਵਸਥਾ 27

ਏਬਾਲ ਪਰਬਤ ਉੱਤੇ ਜਗਵੇਦੀ

ਮੋਸ਼ੇਹ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਲੋਕਾਂ ਨੂੰ ਹੁਕਮ ਦਿੱਤਾ, “ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ। ਜਦੋਂ ਤੁਸੀਂ ਯਰਦਨ ਨਦੀ ਪਾਰ ਕਰਕੇ ਉਸ ਧਰਤੀ ਵਿੱਚ ਪਹੁੰਚ ਜਾਓ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ, ਤਾਂ ਕੁਝ ਵੱਡੇ-ਵੱਡੇ ਪੱਥਰ ਲਗਾਓ ਅਤੇ ਉਹਨਾਂ ਉੱਤੇ ਲਿਪਾਈ ਕਰੋ।” “ਉਹਨਾਂ ਉੱਤੇ ਇਸ ਬਿਵਸਥਾ ਦੇ ਸਾਰੇ ਸ਼ਬਦ ਲਿਖੋ ਜਦੋਂ ਤੁਸੀਂ ਉਸ ਧਰਤੀ ਵਿੱਚ ਪ੍ਰਵੇਸ਼ ਕਰਨ ਲਈ ਪਾਰ ਹੋਵੋ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ, ਇੱਕ ਧਰਤੀ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਜਿਵੇਂ ਯਾਹਵੇਹ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ। ਅਤੇ ਜਦੋਂ ਤੁਸੀਂ ਯਰਦਨ ਪਾਰ ਕਰੋਗੇ, ਤਾਂ ਜਿਵੇਂ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ, ਏਬਾਲ ਪਹਾੜ ਉੱਤੇ ਇਨ੍ਹਾਂ ਪੱਥਰਾਂ ਨੂੰ ਖੜ੍ਹਾ ਕਰੋ ਅਤੇ ਉਹਨਾਂ ਉੱਤੇ ਲਿਪਾਈ ਕਰੋ। ਉੱਥੇ ਆਪਣੇ ਯਾਹਵੇਹ ਲਈ ਇੱਕ ਜਗਵੇਦੀ ਬਣਾਓ, ਪੱਥਰਾਂ ਦੀ ਇੱਕ ਜਗਵੇਦੀ। ਇਨ੍ਹਾਂ ਉੱਤੇ ਲੋਹੇ ਦੇ ਕਿਸੇ ਸੰਦ ਦੀ ਵਰਤੋਂ ਨਾ ਕਰੋ। ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੀ ਜਗਵੇਦੀ ਨੂੰ ਖੇਤ ਦੇ ਪੱਥਰਾਂ ਨਾਲ ਬਣਾਓ ਅਤੇ ਇਸ ਉੱਤੇ ਆਪਣੇ ਯਾਹਵੇਹ ਨੂੰ ਹੋਮ ਬਲੀ ਦੀਆਂ ਭੇਟਾਂ ਚੜ੍ਹਾਓ। ਉੱਥੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਓ, ਉਹਨਾਂ ਨੂੰ ਖਾਓ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅਨੰਦ ਕਰਿਓ। ਅਤੇ ਤੁਸੀਂ ਇਨ੍ਹਾਂ ਪੱਥਰਾਂ ਉੱਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਸਾਫ਼-ਸਾਫ਼ ਲਿਖੋ।”

ਏਬਾਲ ਪਰਬਤ ਤੋਂ ਸਰਾਪ

ਤਦ ਮੋਸ਼ੇਹ ਅਤੇ ਲੇਵੀ ਜਾਜਕਾਂ ਨੇ ਸਾਰੇ ਇਸਰਾਏਲ ਨੂੰ ਆਖਿਆ, “ਇਸਰਾਏਲ, ਚੁੱਪ ਰਹੋ ਅਤੇ ਸੁਣੋ! ਤੁਸੀਂ ਹੁਣ ਆਪਣੇ ਪਰਮੇਸ਼ਵਰ ਦੇ ਲੋਕ ਬਣ ਗਏ ਹੋ। ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ, ਅਤੇ ਉਸਦੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ।”

ਉਸੇ ਦਿਨ ਮੋਸ਼ੇਹ ਨੇ ਲੋਕਾਂ ਨੂੰ ਹੁਕਮ ਦਿੱਤਾ:

ਜਦੋਂ ਤੁਸੀਂ ਯਰਦਨ ਪਾਰ ਕਰੋਗੇ, ਤਾਂ ਇਹ ਗੋਤ ਲੋਕਾਂ ਨੂੰ ਅਸੀਸ ਦੇਣ ਲਈ ਗਰਿੱਜ਼ੀਮ ਪਹਾੜ ਉੱਤੇ ਖੜ੍ਹੇ ਹੋਣਗੇ: ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਯੋਸੇਫ਼ ਅਤੇ ਬਿਨਯਾਮੀਨ। ਅਤੇ ਇਹ ਗੋਤ ਏਬਾਲ ਪਰਬਤ ਉੱਤੇ ਸਰਾਪ ਦੇਣ ਲਈ ਖੜ੍ਹੇ ਹੋਣਗੇ: ਰਊਬੇਨ, ਗਾਦ, ਆਸ਼ੇਰ, ਜ਼ਬੂਲੁਨ, ਦਾਨ ਅਤੇ ਨਫ਼ਤਾਲੀ।

ਲੇਵੀ ਇਸਰਾਏਲ ਦੇ ਸਾਰੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਆਖਣ:

“ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮੂਰਤੀ ਬਣਾਉਂਦਾ ਹੈ, ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਅਤੇ ਉਹਨਾਂ ਨੂੰ ਕਿਸੇ ਗੁਪਤ ਸਥਾਨ ਵਿੱਚ ਖੜ੍ਹਾ ਕਰੇ ਕਿਉਂ ਜੋ ਇਸ ਤੋਂ ਯਾਹਵੇਹ ਘਿਰਣਾ ਕਰਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪਿਆ ਹੋਇਆ ਹੈ ਉਹ ਵਿਅਕਤੀ ਜਿਹੜਾ ਆਪਣੇ ਪਿਤਾ ਜਾਂ ਮਾਤਾ ਦਾ ਨਿਰਾਦਰ ਕਰਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪਿਆ ਹੋਇਆ ਹੈ ਉਹ ਵਿਅਕਤੀ ਜਿਹੜਾ ਆਪਣੇ ਗੁਆਂਢੀ ਦੀ ਸੀਮਾ ਦੇ ਪੱਥਰ ਨੂੰ ਹਿਲਾਉਂਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪਿਆ ਹੋਇਆ ਹੈ ਉਹ ਜਿਹੜਾ ਅੰਨ੍ਹੇ ਨੂੰ ਰਾਹ ਵਿੱਚੋਂ ਕੁਰਾਹੇ ਪਾਉਂਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪਿਆ ਹੋਇਆ ਹੈ ਉਹ ਜਿਹੜਾ ਪਰਦੇਸੀ, ਯਤੀਮ ਜਾਂ ਵਿਧਵਾ ਦਾ ਨਿਆਂ ਰੋਕਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪਿਆ ਹੋਇਆ ਹੈ ਉਹ ਜਿਹੜਾ ਆਪਣੇ ਪਿਤਾ ਦੀ ਪਤਨੀ ਨਾਲ ਸੌਂਦਾ ਹੈ ਕਿਉਂ ਜੋ ਉਹ ਆਪਣੇ ਪਿਤਾ ਦੇ ਬਿਸਤਰੇ ਦਾ ਅਪਮਾਨ ਕਰਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪਿਆ ਹੋਇਆ ਕੋਈ ਵੀ ਵਿਅਕਤੀ ਜਿਹੜਾ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪਿਆ ਹੋਇਆ ਕੋਈ ਵੀ ਵਿਅਕਤੀ ਜਿਹੜਾ ਆਪਣੀ ਭੈਣ, ਆਪਣੇ ਪਿਤਾ ਦੀ ਧੀ ਜਾਂ ਆਪਣੀ ਮਾਂ ਦੀ ਧੀ ਨਾਲ ਸੌਂਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪਿਆ ਹੋਇਆ ਹੈ ਜਿਹੜਾ ਆਪਣੀ ਸੱਸ ਨਾਲ ਸੌਂਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪਿਆ ਹੋਇਆ ਹੈ ਉਹ ਜਿਹੜਾ ਆਪਣੇ ਗੁਆਂਢੀ ਨੂੰ ਗੁਪਤ ਰੂਪ ਵਿੱਚ ਮਾਰਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪਿਆ ਹੋਇਆ ਹੈ ਉਹ ਜਿਹੜਾ ਕਿਸੇ ਨਿਰਦੋਸ਼ ਨੂੰ ਮਾਰਨ ਲਈ ਰਿਸ਼ਵਤ ਲੈਂਦਾ ਹੈ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

“ਸਰਾਪੀ ਹੈ ਉਹ ਵਿਅਕਤੀ ਜਿਹੜਾ ਇਸ ਬਿਵਸਥਾ ਦੇ ਬਚਨਾਂ ਨੂੰ ਮੰਨ ਕੇ ਪੂਰਾ ਨਾ ਕਰੇ।”

ਤਦ ਸਾਰੇ ਲੋਕ ਆਖਣਗੇ, “ਆਮੀਨ!”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.