Skip to content
BibleKenya

Biblica® Open Punjabi Contemporary Version 2025

ਬਿਵਸਥਾ 2

ਉਜਾੜ ਵਿੱਚ ਭਟਕਣਾ

ਫਿਰ ਅਸੀਂ ਵਾਪਸ ਮੁੜੇ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਚੱਲ ਪਏ, ਜਿਵੇਂ ਕਿ ਯਾਹਵੇਹ ਨੇ ਮੈਨੂੰ ਨਿਰਦੇਸ਼ ਦਿੱਤਾ ਸੀ ਅਤੇ ਬਹੁਤ ਦੇਰ ਤੱਕ ਅਸੀਂ ਸੇਈਰ ਦੇ ਪਹਾੜੀ ਦੇਸ਼ ਦੇ ਆਲੇ-ਦੁਆਲੇ ਆਪਣਾ ਰਸਤਾ ਬਣਾਇਆ।

ਤਦ ਯਾਹਵੇਹ ਨੇ ਮੈਨੂੰ ਆਖਿਆ, “ਤੁਸੀਂ ਇਸ ਪਹਾੜੀ ਦੇਸ਼ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ ਹੈ, ਹੁਣ ਉੱਤਰ ਵੱਲ ਮੁੜੋ। ਲੋਕਾਂ ਨੂੰ ਇਹ ਹੁਕਮ ਦਿਓ, ‘ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਇਲਾਕੇ ਵਿੱਚੋਂ ਦੀ ਲੰਘਣ ਵਾਲੇ ਹੋ ਜੋ ਏਸਾਓ ਦੇ ਉੱਤਰਾਧਿਕਾਰੀ ਸੇਈਰ ਵਿੱਚ ਰਹਿੰਦੇ ਹਨ ਅਤੇ ਉਹ ਤੁਹਾਡੇ ਤੋਂ ਡਰਨਗੇ, ਪਰ ਤੁਸੀਂ ਉਹਨਾਂ ਤੋਂ ਬਹੁਤ ਸਾਵਧਾਨ ਹੋਣਾ। ਉਹਨਾਂ ਨੂੰ ਯੁੱਧ ਲਈ ਨਾ ਉਕਸਾਓ ਕਿਉਂ ਜੋ ਮੈਂ ਤੁਹਾਨੂੰ ਉਹਨਾਂ ਦੀ ਧਰਤੀ ਵਿੱਚੋਂ ਕੁਝ ਵੀ ਨਹੀਂ ਦਿਆਂਗਾ, ਇੱਥੋਂ ਤੱਕ ਕਿ ਤੁਹਾਡੇ ਪੈਰ ਰੱਖਣ ਲਈ ਵੀ ਨਹੀਂ ਕਿਉਂ ਜੋ ਮੈਂ ਏਸਾਓ ਨੂੰ ਸੇਈਰ ਦਾ ਪਹਾੜੀ ਦੇਸ਼ ਉਸ ਦਾ ਆਪਣਾ ਨਿੱਜ ਹੋਣ ਲਈ ਦੇ ਦਿੱਤਾ ਹੈ। ਜੋ ਤੁਸੀਂ ਖਾਂਦੇ ਹੋ ਅਤੇ ਜੋ ਪਾਣੀ ਤੁਸੀਂ ਪੀਂਦੇ ਹੋ, ਤੁਸੀਂ ਉਹਨਾਂ ਨੂੰ ਚਾਂਦੀ ਦੇ ਕੇ ਮੁੱਲ ਲਓ।’ ”

ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦਿੱਤੀ ਹੈ ਅਤੇ ਉਸਨੇ ਇਸ ਵਿਸ਼ਾਲ ਉਜਾੜ ਵਿੱਚ ਤੁਹਾਡੀ ਯਾਤਰਾ ਨੂੰ ਦੇਖਿਆ ਹੈ। ਇਨ੍ਹਾਂ ਚਾਲੀ ਸਾਲਾਂ ਤੋਂ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਰਿਹਾ ਹੈ, ਅਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ।

ਸੋ ਅਸੀਂ ਏਸਾਓ ਦੇ ਉੱਤਰਾਧਿਕਾਰੀਆਂ ਤੋਂ ਜਿਹੜੇ ਸੇਈਰ ਵਿੱਚ ਰਹਿੰਦੇ ਹਨ, ਉੱਥੋਂ ਲੰਘੇ ਅਤੇ ਅਸੀਂ ਅਰਾਬਾਹ ਸੜਕ ਤੋਂ ਮੁੜੇ, ਜੋ ਏਲਾਥ ਅਤੇ ਏਸਯੋਨ ਗੇਬਰ ਤੋਂ ਆਉਂਦੀ ਹੈ ਅਤੇ ਮੋਆਬ ਦੀ ਮਾਰੂਥਲ ਸੜਕ ਦੇ ਨਾਲ-ਨਾਲ ਤੁਰ ਕੇ ਨਿਕਲ ਗਏ।

ਤਦ ਯਾਹਵੇਹ ਨੇ ਮੈਨੂੰ ਆਖਿਆ, “ਮੋਆਬੀਆਂ ਨੂੰ ਤੰਗ ਨਾ ਕਰਨਾ ਅਤੇ ਨਾ ਹੀ ਉਹਨਾਂ ਨੂੰ ਯੁੱਧ ਲਈ ਉਕਸਾਉਣਾ ਕਿਉਂ ਜੋ ਮੈਂ ਤੁਹਾਨੂੰ ਉਹਨਾਂ ਦੀ ਧਰਤੀ ਦਾ ਕੋਈ ਹਿੱਸਾ ਨਹੀਂ ਦਿਆਂਗਾ। ਮੈਂ ਆਰ ਨਗਰ ਲੂਤ ਦੇ ਉੱਤਰਾਧਿਕਾਰੀਆਂ ਨੂੰ ਮਲਕੀਅਤ ਵਜੋਂ ਦੇ ਦਿੱਤਾ ਹੈ।”

(ਉੱਥੇ ਏਮੀ ਲੋਕ ਰਹਿੰਦੇ ਸਨ, ਇਹ ਲੋਕ ਤਾਕਤਵਰ ਅਤੇ ਅਣਗਿਣਤ ਅਤੇ ਅਨਾਕੀਆਂ ਵਾਂਗ ਵੱਡੇ-ਵੱਡੇ ਅਤੇ ਉੱਚੇ-ਲੰਮੇ ਸਨ। ਅਨਾਕੀਆਂ ਵਾਂਗ, ਉਹ ਵੀ ਰਫ਼ਾਈਮ ਮੰਨੇ ਜਾਂਦੇ ਸਨ, ਪਰ ਮੋਆਬੀ ਲੋਕ ਉਹਨਾਂ ਨੂੰ ਏਮੀ ਕਹਿੰਦੇ ਸਨ। ਹੋਰੀ ਲੋਕ ਵੀ ਸੇਈਰ ਵਿੱਚ ਰਹਿੰਦੇ ਹੁੰਦੇ ਸਨ, ਪਰ ਏਸਾਓ ਦੇ ਉੱਤਰਾਧਿਕਾਰੀਆਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੇ ਆਪਣੇ ਅੱਗੋਂ ਹੋਰੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ, ਜਿਵੇਂ ਕਿ ਇਸਰਾਏਲ ਨੇ ਆਪਣੀ ਵਿਰਾਸਤ ਦੀ ਧਰਤੀ ਵਿੱਚ ਕੀਤਾ ਸੀ ਜੋ ਯਾਹਵੇਹ ਨੇ ਉਹਨਾਂ ਨੂੰ ਉਹਨਾਂ ਦੀ ਮਲਕੀਅਤ ਵਜੋਂ ਦਿੱਤਾ ਸੀ।)

ਅਤੇ ਯਾਹਵੇਹ ਨੇ ਆਖਿਆ, “ਹੁਣ ਉੱਠੋ ਅਤੇ ਜ਼ਰਦ ਘਾਟੀ ਨੂੰ ਪਾਰ ਕਰੋ।” ਇਸ ਲਈ ਅਸੀਂ ਘਾਟੀ ਨੂੰ ਪਾਰ ਕੀਤਾ।

ਕਾਦੇਸ਼ ਬਰਨੇਆ ਤੋਂ ਤੁਰ ਕੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਉਦੋਂ ਤੱਕ, ਲੜਨ ਵਾਲੇ ਆਦਮੀਆਂ ਦੀ ਉਹ ਪੂਰੀ ਪੀੜ੍ਹੀ ਡੇਰੇ ਤੋਂ ਖਤਮ ਹੋ ਗਈ ਸੀ, ਜਿਵੇਂ ਕਿ ਯਾਹਵੇਹ ਨੇ ਉਹਨਾਂ ਨਾਲ ਸਹੁੰ ਖਾਧੀ ਸੀ। ਯਾਹਵੇਹ ਦਾ ਹੱਥ ਉਹਨਾਂ ਦੇ ਵਿਰੁੱਧ ਸੀ ਜਦ ਤੱਕ ਉਹ ਸਾਰੇ ਦੇ ਸਾਰੇ ਡੇਰੇ ਵਿੱਚੋਂ ਪੂਰੀ ਤਰ੍ਹਾਂ ਮਿਟ ਨਾ ਜਾਂਦੇ।

ਹੁਣ ਜਦੋਂ ਇਨ੍ਹਾਂ ਲੋਕਾਂ ਵਿੱਚੋਂ ਸਾਰੇ ਲੜਾਕੂ ਮਰ ਗਏ। ਯਾਹਵੇਹ ਨੇ ਮੈਨੂੰ ਆਖਿਆ, “ਅੱਜ ਤੂੰ ਮੋਆਬ ਦੇ ਇਲਾਕੇ ਵਿੱਚੋਂ ਦੀ ਲੰਘਣਾ ਹੈ ਜੋ ਆਰ ਨਗਰ ਵਿੱਚ ਹੈ। ਜਦੋਂ ਤੁਸੀਂ ਅੰਮੋਨੀਆਂ ਦੇ ਕੋਲ ਆਓ ਤਾਂ ਉਹਨਾਂ ਨੂੰ ਨਾ ਸਤਾਉਣਾ ਅਤੇ ਨਾ ਹੀ ਉਹਨਾਂ ਨੂੰ ਯੁੱਧ ਲਈ ਉਕਸਾਉਣਾ ਕਿਉਂ ਜੋ ਮੈਂ ਤੁਹਾਨੂੰ ਅੰਮੋਨੀਆਂ ਦੀ ਕਿਸੇ ਵੀ ਧਰਤੀ ਉੱਤੇ ਕਬਜ਼ਾ ਕਰਨ ਨਹੀਂ ਦਿਆਂਗਾ ਕਿਉਂ ਜੋ ਮੈਂ ਇਸਨੂੰ ਲੂਤ ਦੇ ਉੱਤਰਾਧਿਕਾਰੀਆਂ ਨੂੰ ਮਲਕੀਅਤ ਵਜੋਂ ਦੇ ਦਿੱਤਾ ਹੈ।”

(ਉਸ ਨੂੰ ਵੀ ਰਫ਼ਾਈ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਸੀ, ਜੋ ਉੱਥੇ ਰਹਿੰਦੇ ਸਨ, ਪਰ ਅੰਮੋਨੀ ਲੋਕ ਉਹਨਾਂ ਨੂੰ ਜ਼ਮਜ਼ੂੰਮੀ ਆਖਦੇ ਸਨ) ਉਹ ਇੱਕ ਤਾਕਤਵਰ ਅਤੇ ਅਣਗਿਣਤ ਅਤੇ ਅਨਾਕੀਆਂ ਵਾਂਗ ਉੱਚੇ-ਲੰਮੇ ਲੋਕ ਸਨ। ਯਾਹਵੇਹ ਨੇ ਉਹਨਾਂ ਨੂੰ ਅੰਮੋਨੀਆਂ ਦੇ ਅੱਗਿਓਂ ਤਬਾਹ ਕਰ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹਨਾਂ ਦੇ ਸਥਾਨ ਉੱਤੇ ਵੱਸ ਗਏ। ਯਾਹਵੇਹ ਨੇ ਏਸਾਓ ਦੇ ਉੱਤਰਾਧਿਕਾਰੀਆਂ ਲਈ ਵੀ ਅਜਿਹਾ ਹੀ ਕੀਤਾ ਸੀ, ਜੋ ਸੇਈਰ ਵਿੱਚ ਰਹਿੰਦੇ ਸਨ, ਜਦੋਂ ਉਸਨੇ ਹੋਰੀਆਂ ਨੂੰ ਉਹਨਾਂ ਦੇ ਸਾਹਮਣੇ ਤੋਂ ਤਬਾਹ ਕੀਤਾ ਸੀ। ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਅੱਜ ਤੱਕ ਉਹਨਾਂ ਦੇ ਸਥਾਨ ਉੱਤੇ ਰਹਿੰਦੇ ਹਨ। ਅਤੇ ਅਵੀ ਜਿਹੜੇ ਗਾਜ਼ਾ ਤੱਕ ਦੇ ਪਿੰਡਾਂ ਵਿੱਚ ਰਹਿੰਦੇ ਸਨ, ਕਫ਼ਤੋਰਬ ਤੋਂ ਆਏ ਕਫ਼ਤੋਰੀਆਂ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ।

ਹੇਸ਼ਬੋਨ ਦੇ ਰਾਜੇ ਸੀਹੋਨ ਦੀ ਹਾਰ

“ਹੁਣ ਚੱਲੋ, ਅਰਨੋਨ ਘਾਟੀ ਨੂੰ ਪਾਰ ਕਰੋ ਅਤੇ ਵੇਖੋ, ਮੈਂ ਹੇਸ਼ਬੋਨ ਦਾ ਰਾਜਾ ਸੀਹੋਨ ਅਮੋਰੀ ਅਤੇ ਉਹ ਦਾ ਦੇਸ਼ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਇਸ ਉੱਤੇ ਕਬਜ਼ਾ ਕਰਨਾ ਸ਼ੁਰੂ ਕਰੋ ਅਤੇ ਉਸ ਨਾਲ ਲੜਾਈ ਛੇੜ ਦਿਓ। ਅੱਜ ਦੇ ਦਿਨ ਮੈਂ ਅਕਾਸ਼ ਹੇਠਲੀਆਂ ਸਾਰੀਆਂ ਕੌਮਾਂ ਉੱਤੇ ਤੇਰੇ ਭੈ ਅਤੇ ਡਰ ਨੂੰ ਪਾਉਣਾ ਸ਼ੁਰੂ ਕਰਾਂਗਾ। ਉਹ ਤੁਹਾਡੀਆਂ ਖਬਰਾਂ ਸੁਣਨਗੇ ਅਤੇ ਤੁਹਾਡੇ ਕਾਰਨ ਕੰਬਣਗੇ ਅਤੇ ਦੁਖੀ ਹੋਣਗੇ।”

ਕੇਦੇਮੋਥ ਦੇ ਮਾਰੂਥਲ ਤੋਂ ਮੈਂ ਹੇਸ਼ਬੋਨ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕਾਂ ਨੂੰ ਸ਼ਾਂਤੀ ਦੀਆਂ ਇਹ ਗੱਲਾਂ ਆਖਣ ਲਈ ਭੇਜਿਆ, “ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ। ਅਸੀਂ ਮੁੱਖ ਸੜਕ ਉੱਤੇ ਰਹਾਂਗੇ, ਅਸੀਂ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ। ਤੂੰ ਮੇਰੇ ਤੋਂ ਚਾਂਦੀ ਲੈ ਕੇ ਮੈਨੂੰ ਅੰਨ ਵੇਚੀਂ ਤਾਂ ਜੋ ਮੈਂ ਖਾਵਾਂ ਅਤੇ ਪਾਣੀ ਵੀ ਚਾਂਦੀ ਲੈ ਕੇ ਮੈਨੂੰ ਦੇਵੀਂ ਤਾਂ ਜੋ ਮੈਂ ਪੀਵਾਂ। ਸਿਰਫ ਮੈਨੂੰ ਪੈਦਲ ਪਾਰ ਲੰਘਣ ਦੇ, ਜਿਵੇਂ ਕਿ ਏਸਾਓ ਦੇ ਉੱਤਰਾਧਿਕਾਰੀਆਂ ਨੇ ਜੋ ਸੇਈਰ ਵਿੱਚ ਰਹਿੰਦੇ ਸਨ ਅਤੇ ਮੋਆਬੀਆਂ ਨੇ, ਜੋ ਆਰ ਵਿੱਚ ਰਹਿੰਦੇ ਸਨ, ਸਾਡੇ ਲਈ ਕੀਤਾ, ਜਦੋਂ ਤੱਕ ਅਸੀਂ ਯਰਦਨ ਪਾਰ ਕਰਕੇ ਯਾਹਵੇਹ ਦੀ ਧਰਤੀ ਵਿੱਚ ਨਹੀਂ ਜਾਂਦੇ, ਜਿਹੜਾ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।” ਪਰ ਹੇਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਉੱਥੋਂ ਲੰਘਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਉਸਦੀ ਆਤਮਾ ਨੂੰ ਜ਼ਿੱਦੀ ਅਤੇ ਉਸਦੇ ਦਿਲ ਨੂੰ ਕਠੋਰ ਬਣਾਇਆ ਸੀ, ਜਿਵੇਂ ਉਸਨੇ ਹੁਣ ਕੀਤਾ ਹੈ।

ਯਾਹਵੇਹ ਨੇ ਮੈਨੂੰ ਆਖਿਆ, “ਵੇਖ, ਮੈਂ ਸੀਹੋਨ ਅਤੇ ਉਸਦੇ ਦੇਸ਼ ਨੂੰ ਤੇਰੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਸ ਦੀ ਧਰਤੀ ਨੂੰ ਜਿੱਤਣ ਅਤੇ ਕਬਜ਼ਾ ਕਰਨਾ ਸ਼ੁਰੂ ਕਰੋ।”

ਜਦੋਂ ਸੀਹੋਨ ਅਤੇ ਉਸ ਦੀ ਸਾਰੀ ਫ਼ੌਜ ਯਹਾਜ਼ ਵਿੱਚ ਲੜਾਈ ਵਿੱਚ ਸਾਨੂੰ ਮਿਲਣ ਲਈ ਬਾਹਰ ਆਈ, ਤਾਂ ਸਾਡੇ ਪਰਮੇਸ਼ਵਰ ਨੇ ਉਸ ਨੂੰ ਸਾਡੇ ਹਵਾਲੇ ਕਰ ਦਿੱਤਾ ਅਤੇ ਅਸੀਂ ਉਸ ਨੂੰ ਉਸ ਦੇ ਪੁੱਤਰਾਂ ਅਤੇ ਉਸ ਦੇ ਲੋਕਾਂ ਅਤੇ ਉਸਦੀ ਸਾਰੀ ਫੌਜ਼ ਸਮੇਤ ਮਾਰ ਸੁੱਟਿਆ। ਉਸ ਸਮੇਂ ਅਸੀਂ ਉਸਦੇ ਸਾਰੇ ਨਗਰ ਲੈ ਲਏ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਰਥਾਤ ਆਦਮੀਆਂ, ਔਰਤਾਂ ਅਤੇ ਬੱਚਿਆਂ ਤੱਕ, ਅਸੀਂ ਇੱਕ ਵੀ ਨਹੀਂ ਛੱਡਿਆ। ਪਰ ਅਸੀਂ ਸਿਰਫ ਪਸ਼ੂਆਂ ਅਤੇ ਕਸਬਿਆਂ ਵਿੱਚੋਂ ਲੁੱਟ ਜੋ ਅਸੀਂ ਆਪਣੇ ਲਈ ਲੈ ਲਈ ਸੀ। ਅਰੋਏਰ ਤੋਂ ਜਿਹੜਾ ਅਰਨੋਨ ਦੇ ਨਾਲੇ ਦੀ ਹੱਦ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ, ਗਿਲਆਦ ਤੱਕ ਕੋਈ ਨਗਰ ਅਜਿਹਾ ਨਹੀਂ ਸੀ, ਜਿਹੜਾ ਸਾਡੇ ਸਾਹਮਣੇ ਠਹਿਰ ਸਕਦਾ ਸੀ। ਯਾਹਵੇਹ ਸਾਡੇ ਪਰਮੇਸ਼ਵਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ। ਪਰ ਯਾਹਵੇਹ ਸਾਡੇ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ, ਤੁਸੀਂ ਅੰਮੋਨੀਆਂ ਦੀ ਧਰਤੀ ਉੱਤੇ, ਨਾ ਯਬੋਕ ਨਦੀ ਦੇ ਕੰਢੇ ਦੀ ਧਰਤੀ ਉੱਤੇ ਅਤੇ ਨਾ ਹੀ ਪਹਾੜੀਆਂ ਦੇ ਕਸਬਿਆਂ ਦੇ ਆਲੇ-ਦੁਆਲੇ ਦੇ ਉੱਤੇ ਕਬਜ਼ਾ ਕੀਤਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.