Skip to content
BibleKenya

Biblica® Open Punjabi Contemporary Version 2025

ਦਾਨੀਏਲ 5

ਕੰਧ ਤੇ ਲਿਖਤ

ਰਾਜਾ ਬੇਲਸ਼ੱਸਰ ਨੇ ਆਪਣੇ ਇੱਕ ਹਜ਼ਾਰ ਅਹਿਲਕਾਰਾਂ ਲਈ ਇੱਕ ਵੱਡੀ ਦਾਅਵਤ ਦਿੱਤੀ ਅਤੇ ਉਹਨਾਂ ਨਾਲ ਸ਼ਰਾਬ ਪੀਤੀ। ਜਦੋਂ ਬੇਲਸ਼ੱਸਰ ਆਪਣੀ ਦਾਖਰਸ ਪੀ ਰਿਹਾ ਸੀ, ਉਸਨੇ ਹੁਕਮ ਦਿੱਤਾ ਕਿ ਉਹ ਸੋਨੇ ਅਤੇ ਚਾਂਦੀ ਦੇ ਭਾਂਡੇ ਲਿਆਉਣ ਜੋ ਉਸਦੇ ਪਿਤਾ ਨਬੂਕਦਨੱਸਰ ਨੇ ਯੇਰੂਸ਼ਲੇਮ ਦੇ ਮੰਦਰ ਵਿੱਚੋਂ ਲਿਆਏ ਸਨ, ਤਾਂ ਜੋ ਰਾਜਾ ਅਤੇ ਉਸ ਦੇ ਅਹਿਲਕਾਰ, ਉਸ ਦੀਆਂ ਪਤਨੀਆਂ ਅਤੇ ਉਸ ਦੀਆਂ ਰਖੇਲਾਂ ਉਹਨਾਂ ਵਿੱਚੋਂ ਪੀਣ। ਇਸ ਲਈ ਉਹਨਾਂ ਨੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਮੰਦਰ ਵਿੱਚੋਂ ਸੋਨੇ ਦੇ ਭਾਂਡੇ ਲਿਆਂਦੇ ਗਏ ਅਤੇ ਰਾਜਾ ਅਤੇ ਉਸ ਦੇ ਅਹਿਲਕਾਰਾਂ, ਉਸ ਦੀਆਂ ਪਤਨੀਆਂ ਅਤੇ ਉਸ ਦੀਆਂ ਰਖੇਲਾਂ ਨੇ ਉਹਨਾਂ ਵਿੱਚੋਂ ਪੀਤਾ। ਜਦੋਂ ਉਹ ਸ਼ਰਾਬ ਪੀਂਦੇ ਸਨ, ਉਹਨਾਂ ਨੇ ਸੋਨੇ ਅਤੇ ਚਾਂਦੀ, ਪਿੱਤਲ, ਲੋਹੇ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ।

ਅਚਾਨਕ ਇੱਕ ਮਨੁੱਖ ਦੇ ਹੱਥ ਦੀਆਂ ਉਂਗਲਾਂ ਪਰਗਟ ਹੋਈਆਂ ਅਤੇ ਸ਼ਾਹੀ ਮਹਿਲ ਵਿੱਚ ਸ਼ਮਾਦਾਨ ਦੇ ਕੋਲ ਕੰਧ ਉੱਤੇ ਲਿਖਿਆ ਹੋਇਆ ਅਤੇ ਰਾਜੇ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਵੇਖਿਆ। ਤਦ ਰਾਜਾ ਘਬਰਾ ਗਿਆ ਅਤੇ ਉਹ ਦੀਆਂ ਚਿੰਤਾਂ ਨੇ ਉਹ ਨੂੰ ਪਰੇਸ਼ਾਨ ਕੀਤਾ ਐਥੋਂ ਤੱਕ ਕਿ ਉਹ ਦੇ ਲੱਕ ਦੇ ਜੋੜ ਢਿੱਲੇ ਪੈ ਗਏ ਤੇ ਉਹ ਦੇ ਗੋਡੇ ਇੱਕ-ਦੂਜੇ ਨਾਲ ਟਕਰਾਉਣ ਲੱਗ ਪਏ।

ਰਾਜੇ ਨੇ ਉੱਚੀ ਆਵਾਜ਼ ਨਾਲ ਚਿੱਲਾ ਕੇ ਆਖਿਆ ਕਿ ਜੋਤਸ਼ੀਆਂ, ਕਸਦੀਆਂ ਤੇ ਅਗੰਮ ਵਿਦਵਾਨਾਂ ਨੂੰ ਲਿਆਓ! ਰਾਜੇ ਨੇ ਬਾਬੇਲ ਦੇ ਵਿਦਵਾਨਾਂ ਨੂੰ ਆਖਿਆ, “ਕਿ ਜੋ ਕੋਈ ਇਸ ਲਿਖਤ ਨੂੰ ਪੜ੍ਹੇ ਅਤੇ ਇਹ ਦਾ ਅਰਥ ਮੈਨੂੰ ਦੱਸੇ ਉਹ ਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ, ਉਹ ਦੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਰਾਜ ਵਿੱਚ ਤੀਜੇ ਹਿੱਸੇ ਦਾ ਹਾਕਮ ਬਣੇਗਾ।”

ਤਦ ਰਾਜੇ ਦੇ ਸਾਰੇ ਬੁੱਧੀਮਾਨ ਲੋਕ ਅੰਦਰ ਆਏ, ਪਰ ਉਹ ਲਿਖਤ ਨੂੰ ਨਾ ਪੜ੍ਹ ਸਕੇ ਅਤੇ ਨਾ ਹੀ ਰਾਜੇ ਨੂੰ ਦੱਸ ਸਕੇ ਕਿ ਇਸਦਾ ਕੀ ਅਰਥ ਹੈ। ਤਾਂ ਰਾਜਾ ਬੇਲਸ਼ੱਸਰ ਹੋਰ ਵੀ ਘਬਰਾ ਗਿਆ ਅਤੇ ਉਸ ਦਾ ਚਿਹਰਾ ਹੋਰ ਵੀ ਪੀਲਾ ਹੋ ਗਿਆ। ਉਸ ਦੇ ਪ੍ਰਧਾਨ ਵੀ ਹੋਰ ਹੈਰਾਨ ਸਨ।

ਰਾਣੀ, ਰਾਜੇ ਅਤੇ ਉਸਦੇ ਪ੍ਰਧਾਨਾਂ ਦੀਆਂ ਆਵਾਜ਼ਾਂ ਸੁਣ ਕੇ, ਰਾਣੀ ਦਾਅਵਤ ਘਰ ਵਿੱਚ ਆਈ। ਉਸਨੇ ਕਿਹਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਚਿੰਤਾ ਨਾ ਕਰ! ਨਾ ਤੇਰਾ ਚਿਹਰਾ ਇੰਨਾ ਫਿੱਕਾ ਪਵੇ! ਤੇਰੇ ਰਾਜ ਵਿੱਚ ਇੱਕ ਆਦਮੀ ਹੈ ਜਿਸ ਵਿੱਚ ਪਵਿੱਤਰ ਦੇਵਤਿਆਂ ਦੀ ਆਤਮਾ ਹੈ। ਤੇਰੇ ਪਿਤਾ ਜੀ ਦੇ ਸਮੇਂ ਉਸ ਵਿੱਚ ਦੇਵਤਿਆਂ ਵਰਗੀ ਸਮਝ, ਗਿਆਨ ਅਤੇ ਬੁੱਧ ਪਾਈ ਗਈ ਸੀ। ਤੇਰੇ ਪਿਤਾ, ਰਾਜਾ ਨਬੂਕਦਨੱਸਰ ਨੇ ਉਸਨੂੰ ਜਾਦੂਗਰਾਂ, ਜੋਤਸ਼ੀਆਂ, ਕਸਦੀਆਂ ਅਤੇ ਅਗੰਮ ਵਿਦਵਾਨਾਂ ਦਾ ਮੁਖੀ ਨਿਯੁਕਤ ਕੀਤਾ ਸੀ। ਕਿਉਂ ਜੋ ਉਸ ਵਿੱਚ ਇੱਕ ਚੰਗਾ ਆਤਮਾ, ਗਿਆਨ ਤੇ ਸਮਝ ਅਤੇ ਸੁਫ਼ਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਤੇ ਔਖੀਆਂ ਗੱਲਾਂ ਦਾ ਭੇਤ ਖੋਲ੍ਹਣ ਤੇ ਵਹਿਮਾਂ ਨੂੰ ਹੱਲ ਕਰਨ ਦੀ ਸਮਰੱਥਾ ਸੀ, ਉਸੇ ਦਾਨੀਏਲ ਜਿਸ ਦਾ ਨਾਮ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ। ਹੁਣ ਦਾਨੀਏਲ ਨੂੰ ਸਦਵਾ ਲੈ ਉਹ ਅਰਥ ਦੱਸੇਗਾ।”

ਤਦ ਦਾਨੀਏਲ ਰਾਜੇ ਦੇ ਅੱਗੇ ਲਿਆਂਦਾ ਗਿਆ। ਤਦ ਰਾਜੇ ਨੇ ਦਾਨੀਏਲ ਨੂੰ ਇਸ ਤਰ੍ਹਾਂ ਆਖਿਆ, “ਕੀ ਤੂੰ ਉਹੀ ਦਾਨੀਏਲ ਹੈਂ ਜੋ ਯਹੂਦਾਹ ਦੇ ਕੈਦੀਆਂ ਵਿੱਚੋਂ ਹੈਂ ਜਿਹਨਾਂ ਨੂੰ ਮੇਰਾ ਪਿਤਾ ਯਹੂਦਾਹ ਤੋਂ ਲਿਆਇਆ ਸੀ? ਮੈਂ ਸੁਣਿਆ ਹੈ ਕਿ ਦੇਵਤਿਆਂ ਦੀ ਆਤਮਾ ਤੇਰੇ ਵਿੱਚ ਹੈ ਅਤੇ ਤੇਰੇ ਕੋਲ ਚਾਨਣ, ਸਮਝ ਅਤੇ ਚੰਗੀ ਬੁੱਧ ਹੈ। ਇਸ ਲਿਖਤ ਨੂੰ ਪੜ੍ਹਨ ਅਤੇ ਇਸ ਦਾ ਅਰਥ ਦੱਸਣ ਲਈ ਮੇਰੇ ਅੱਗੇ ਸਿਆਣੇ ਬੰਦਿਆਂ ਅਤੇ ਜਾਦੂਗਰਾਂ ਨੂੰ ਲਿਆਂਦਾ ਗਿਆ, ਪਰ ਉਹ ਇਸ ਦੀ ਵਿਆਖਿਆ ਨਹੀਂ ਕਰ ਸਕੇ। ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਜੋ ਤੂੰ ਅਰਥ ਦੱਸ ਸਕਦਾ ਹੈਂ ਅਤੇ ਭਰਮ ਹਟਾ ਦਿੰਦਾ ਹੈਂ। ਹੁਣ ਜੇ ਤੂੰ ਉਸ ਲਿਖਤ ਨੂੰ ਪੜ੍ਹੇ ਅਤੇ ਉਹ ਦਾ ਅਰਥ ਮੈਨੂੰ ਦੱਸੇ ਤਾਂ ਤੈਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ ਅਤੇ ਤੇਰੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਏਗਾ।”

ਤਦ ਦਾਨੀਏਲ ਨੇ ਰਾਜੇ ਨੂੰ ਉੱਤਰ ਦਿੱਤਾ, “ਤੁਸੀਂ ਆਪਣੇ ਤੋਹਫ਼ੇ ਆਪਣੇ ਲਈ ਰੱਖ ਸਕਦੇ ਹੋ ਅਤੇ ਆਪਣਾ ਇਨਾਮ ਕਿਸੇ ਹੋਰ ਨੂੰ ਦੇ ਸਕਦੇ ਹੋ। ਫਿਰ ਵੀ, ਮੈਂ ਰਾਜੇ ਲਈ ਲਿਖਤ ਪੜ੍ਹਾਂਗਾ ਅਤੇ ਉਸਨੂੰ ਦੱਸਾਂਗਾ ਕਿ ਇਸਦਾ ਕੀ ਅਰਥ ਹੈ।

“ਹੇ ਮਹਾਰਾਜ, ਅੱਤ ਮਹਾਨ ਪਰਮੇਸ਼ਵਰ ਨੇ ਤੇਰੇ ਪਿਤਾ ਨਬੂਕਦਨੱਸਰ ਨੂੰ ਪ੍ਰਭੂਤਾ ਅਤੇ ਮਹਾਨਤਾ ਅਤੇ ਮਹਿਮਾ ਅਤੇ ਸ਼ਾਨ ਦਿੱਤੀ ਹੈ। ਉਸ ਨੇ ਉਸ ਨੂੰ ਦਿੱਤੀ ਉੱਚ ਪਦਵੀ ਦੇ ਕਾਰਨ, ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਦੇ ਲੋਕ ਉਸ ਤੋਂ ਕੰਬਦੇ ਅਤੇ ਡਰਦੇ ਸਨ। ਜਿਨ੍ਹਾਂ ਨੂੰ ਰਾਜਾ ਮਾਰਨਾ ਚਾਹੁੰਦਾ ਸੀ, ਉਸ ਨੇ ਮਾਰ ਦਿੱਤਾ; ਜਿਨ੍ਹਾਂ ਨੂੰ ਉਹ ਬਖਸ਼ਣਾ ਚਾਹੁੰਦਾ ਸੀ, ਉਸ ਨੇ ਬਖਸ਼ਿਆ; ਜਿਨ੍ਹਾਂ ਨੂੰ ਉਹ ਅੱਗੇ ਵਧਾਉਣਾ ਚਾਹੁੰਦਾ ਸੀ, ਉਹਨਾਂ ਵਧਾਇਆ; ਅਤੇ ਜਿਨ੍ਹਾਂ ਨੂੰ ਉਹ ਨਿਮਰ ਕਰਨਾ ਚਾਹੁੰਦਾ ਸੀ, ਉਸਨੇ ਨਿਮਰ ਕੀਤਾ। ਪਰ ਜਦੋਂ ਉਸ ਦਾ ਸੁਭਾਅ ਹੰਕਾਰੀ ਹੋ ਗਿਆ ਅਤੇ ਉਸ ਦਾ ਆਤਮਾ ਕਠੋਰ ਹੋਇਆ ਐਥੋਂ ਤੱਕ ਕਿ ਉਹ ਘਮੰਡ ਕਰਨ ਲੱਗਾ ਤਦ ਉਹ ਆਪਣੇ ਰਾਜ ਸਿੰਘਾਸਣ ਤੋਂ ਹਟਾਇਆ ਗਿਆ ਅਤੇ ਉਹ ਦੀ ਮਹਿਮਾ ਉਸ ਤੋਂ ਲੈ ਲਈ ਗਈ। ਉਹ ਮਨੁੱਖ ਲੋਕਾਂ ਵਿੱਚੋਂ ਛੇਕਿਆ ਗਿਆ ਅਤੇ ਉਸ ਦਾ ਮਨ ਪਸ਼ੂਆਂ ਜਿਹਾ ਬਣਿਆ ਅਤੇ ਉਜਾੜ ਦੇ ਗਧਿਆਂ ਨਾਲ ਵੱਸਦਾ ਸੀ ਅਤੇ ਉਹ ਨੂੰ ਬਲਦਾਂ ਵਾਂਗੂੰ ਘਾਹ ਚਰਾਉਂਦੇ ਸਨ ਅਤੇ ਉਹ ਦਾ ਸਰੀਰ ਅਕਾਸ਼ ਦੀ ਤ੍ਰੇਲ ਨਾਲ ਗਿੱਲਾ ਹੋਇਆ ਐਥੋਂ ਤੱਕ ਜੋ ਉਹ ਨੇ ਨਹੀਂ ਜਾਣਿਆ ਜੋ ਅੱਤ ਮਹਾਨ ਪਰਮੇਸ਼ਵਰ ਮਨੁੱਖਾਂ ਦੇ ਰਾਜ ਉੱਤੇ ਪ੍ਰਭੂਤਾ ਕਰਦਾ ਹੈ ਅਤੇ ਜਿਸ ਨੂੰ ਚਾਹੇ ਉਹ ਨੂੰ ਉਸ ਦੇ ਉੱਤੇ ਅਟੱਲ ਕਰਦਾ ਹੈ।

“ਪਰ ਤੁਸੀਂ, ਬੇਲਸ਼ੱਸਰ, ਉਸਦੇ ਪੁੱਤਰ, ਨੇ ਆਪਣੇ ਆਪ ਨੂੰ ਨਿਮਰ ਨਹੀਂ ਕੀਤਾ, ਭਾਵੇਂ ਤੁਸੀਂ ਇਹ ਸਭ ਜਾਣਦੇ ਹੋ। ਸਗੋਂ ਅਕਾਸ਼ਾਂ ਦੇ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਅਕੜਾਇਆ ਅਤੇ ਉਹ ਦੇ ਘਰ ਦੇ ਭਾਂਡੇ ਓਹ ਤੇਰੇ ਅੱਗੇ ਲਿਆਏ ਅਤੇ ਤੂੰ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਅਤੇ ਆਪਣੀਆਂ ਰਖੇਲਾਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ ਅਤੇ ਤੂੰ ਚਾਂਦੀ ਅਤੇ ਸੋਨੇ ਅਤੇ ਪਿੱਤਲ, ਲੋਹੇ ਅਤੇ ਲੱਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਜੋ ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਜਾਣਦੇ ਹਨ ਉਹਨਾਂ ਦੀ ਵਡਿਆਈ ਕੀਤੀ ਅਤੇ ਉਸ ਪਰਮੇਸ਼ਵਰ ਦਾ ਜਿਹ ਦੇ ਹੱਥ ਵਿੱਚ ਤੇਰਾ ਦਮ ਅਤੇ ਤੇਰੇ ਸਾਰੇ ਰਾਹ ਹਨ ਉਹ ਦਾ ਆਦਰ ਨਾ ਕੀਤਾ। ਇਸ ਲਈ ਉਸਨੇ ਉਹ ਹੱਥ ਭੇਜਿਆ ਅਤੇ ਇਹ ਲਿਖਤ ਲਿਖੀ ਗਈ।

“ਇਹ ਉਹ ਲਿਖਤ ਹੈ ਜੋ ਲਿਖਿਆ ਗਿਆ ਸੀ:

ਮਨੇ, ਮਨੇ, ਤਕੇਲ, ਊਫਰਸੀਨ

“ਇੱਥੇ ਇਹਨਾਂ ਸ਼ਬਦਾਂ ਦਾ ਅਰਥ ਹੈ:

“ਮਨੇ1: ਪਰਮੇਸ਼ਵਰ ਨੇ ਤੇਰੇ ਰਾਜ ਦੇ ਦਿਨਾਂ ਦੀ ਗਿਣਤੀ ਕੀਤੀ ਹੈ ਅਤੇ ਇਸ ਨੂੰ ਖਤਮ ਕਰ ਦਿੱਤਾ।

“ਤਕੇਲ2: ਤੂੰ ਤੱਕੜੀ ਵਿੱਚ ਤੋਲਿਆ ਗਿਆ ਹੈ ਅਤੇ ਘੱਟ ਨਿੱਕਲਿਆ ਹੈ।

“ਪੇਰੇਸ3: ਤੇਰਾ ਰਾਜ ਵੰਡਿਆ ਗਿਆ ਹੈ ਅਤੇ ਮਾਦੀਆਂ ਅਤੇ ਫ਼ਾਰਸੀਆਂ ਨੂੰ ਦਿੱਤਾ ਗਿਆ ਹੈ।”

ਤਦ ਬੇਲਸ਼ੱਸਰ ਨੇ ਆਗਿਆ ਦਿੱਤੀ ਅਤੇ ਉਹਨਾਂ ਨੇ ਦਾਨੀਏਲ ਨੂੰ ਕਿਰਮਚੀ ਚੋਗਾ ਪਹਿਨਾਇਆ ਅਤੇ ਸੋਨੇ ਦਾ ਕੈਂਠਾ ਉਸ ਦੇ ਗਲ਼ ਵਿੱਚ ਪਾਇਆ ਅਤੇ ਉਸ ਦੇ ਲਈ ਢੰਡੋਰਾ ਫਿਰਾਇਆ ਕਿ ਉਹ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਗਿਆ ਹੈ।

ਉਸੇ ਰਾਤ ਨੂੰ ਬੇਲਸ਼ੱਸਰ ਜੋ ਕਸਦੀਆਂ ਦਾ ਰਾਜਾ ਸੀ ਵੱਢਿਆ ਗਿਆ, ਅਤੇ ਦਾਰਾ ਮਾਦੀ ਨੇ ਬਾਹਠ ਸਾਲ ਦੀ ਉਮਰ ਵਿੱਚ ਰਾਜ ਲੈ ਲਿਆ।

Source notes (3)
  1. Footnote ਮਨੇ ਅਰਥ ਗਿਣਤੀ
  2. Footnote ਤਕੇਲ ਅਰਥ ਤੋਲਿਆ
  3. Footnote ਪੇਰੇਸ ਅਰਥ ਵੰਡਿਆ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.