Biblica® Open Punjabi Contemporary Version 2025
ਆਮੋਸ 4
ਇਸਰਾਏਲ ਪਰਮੇਸ਼ਵਰ ਵੱਲ ਨਾ ਮੁੜਨਾ
ਹੇ ਸਾਮਰਿਯਾ ਪਰਬਤ ਦੀਆਂ ਬਾਸ਼ਾਨ ਦੀਆਂ ਗਾਵਾਂ,
ਹੇ ਗਰੀਬਾਂ ਉੱਤੇ ਜ਼ੁਲਮ ਕਰਨ ਵਾਲੀਆਂ ਅਤੇ ਲੋੜਵੰਦਾਂ ਨੂੰ ਕੁਚਲਣ ਵਾਲੀਆਂ ਔਰਤਾਂ
ਅਤੇ ਆਪਣੇ ਪਤੀਆਂ ਨੂੰ ਆਖਦੀਆਂ ਹੋ, “ਸਾਡੇ ਲਈ ਕੁਝ ਪੀਣ ਲਈ ਲਿਆਓ!”
ਸਰਬਸ਼ਕਤੀਮਾਨ ਯਾਹਵੇਹ ਨੇ ਆਪਣੀ ਪਵਿੱਤਰਤਾਈ ਦੀ ਸਹੁੰ ਖਾਧੀ ਹੈ:
“ਉਹ ਸਮਾਂ ਜ਼ਰੂਰ ਆਵੇਗਾ
ਕਿ ਉਹ ਤੁਹਾਨੂੰ ਕੁੰਡੀਆਂ ਨਾਲ ਲਿਜਾਇਆ ਜਾਵੇਗਾ,
ਸਗੋਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ ਖਿੱਚ ਕੇ ਲਿਜਾਇਆ ਜਾਵੇਗਾ।
ਤੁਹਾਡੇ ਵਿੱਚੋਂ ਹਰ ਇੱਕ ਕੰਧ ਵਿੱਚ ਦਰਾੜਾਂ ਵਿੱਚੋਂ
ਸਿੱਧਾ ਖਿਸਕ ਜਾਵੇਗਾ,
ਅਤੇ ਤੁਹਾਨੂੰ ਹਰਮੋਨ ਪਰਬਤ ਵੱਲ ਸੁੱਟ ਦਿੱਤਾ ਜਾਵੇਗਾ।”
ਇਹ ਯਾਹਵੇਹ ਦਾ ਵਾਕ ਹੈ।
“ਬੈਤਏਲ ਵਿੱਚ ਜਾਓ ਅਤੇ ਪਾਪ ਕਰੋ;
ਗਿਲਗਾਲ ਨੂੰ ਜਾਓ ਅਤੇ ਹੋਰ ਵੀ ਪਾਪ ਕਰੋ।
ਹਰ ਸਵੇਰ ਆਪਣੀਆਂ ਬਲੀਆਂ ਲਿਆਓ,
ਹਰ ਤਿੰਨ ਸਾਲਾਂ ਵਿੱਚ ਆਪਣਾ ਦਸਵੰਧ ਲਿਆਓ।
ਧੰਨਵਾਦ ਦੀ ਭੇਟ ਵਜੋਂ ਖਮੀਰ ਵਾਲੀ ਰੋਟੀ ਨੂੰ ਸਾੜੋ
ਅਤੇ ਆਪਣੀ ਮਰਜ਼ੀ ਦੀਆਂ ਭੇਟਾਂ ਦਾ ਹੋਕਾ ਦਿਓ
ਹੇ ਇਸਰਾਏਲੀਓ,
ਤੁਸੀਂ ਇਹ ਕਰਨਾ ਚਾਹੁੰਦੇ ਹੋ।
ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
“ਮੈਂ ਤੈਨੂੰ ਹਰ ਸ਼ਹਿਰ ਵਿੱਚ ਭੁੱਖਾ ਰੱਖਿਆ,
ਅਤੇ ਹਰ ਕਸਬੇ ਵਿੱਚ ਰੋਟੀ ਦੀ ਘਾਟ ਰੱਖੀ ਸੀ,
ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,”
ਇਹ ਯਾਹਵੇਹ ਦਾ ਵਾਕ ਹੈ।
“ਜਦੋਂ ਵਾਢੀ ਨੂੰ ਅਜੇ ਤਿੰਨ ਮਹੀਨੇ ਬਾਕੀ ਸਨ,
ਮੈਂ ਤੁਹਾਡੇ ਤੋਂ ਮੀਂਹ ਨੂੰ ਰੋਕਿਆ।
ਮੈਂ ਇੱਕ ਨਗਰ ਵਿੱਚ ਮੀਂਹ ਵਰ੍ਹਾਇਆ,
ਪਰ ਦੂਜੇ ਨਗਰ ਵਿੱਚ ਮੈਂ ਮੀਂਹ ਨੂੰ ਰੋਕ ਲਿਆ।
ਇੱਕ ਖੇਤ ਵਿੱਚ ਮੀਂਹ ਪਿਆ;
ਪਰ ਦੂਜੇ ਖੇਤ ਵਿੱਚ ਮੀਂਹ ਨਹੀਂ ਪਿਆ ਅਤੇ ਉਹ ਸੁੱਕ ਗਿਆ।
ਲੋਕ ਪਾਣੀ ਲਈ ਸ਼ਹਿਰੋਂ ਕਸਬੇ ਵਿੱਚ ਭਟਕਦੇ ਰਹੇ,
ਪਰ ਪਾਣੀ ਪੀਣ ਨੂੰ ਨਾ ਮਿਲਿਆ,
ਤਾਂ ਵੀ ਤੁਸੀਂ ਮੇਰੇ ਕੋਲ ਨਹੀਂ ਮੁੜੇ।”
ਇਹ ਯਾਹਵੇਹ ਦਾ ਵਾਕ ਹੈ।
“ਮੈਂ ਤੁਹਾਡੇ ਬਹੁਤ ਸਾਰੇ ਬਾਗ਼ਾਂ ਅਤੇ
ਤੁਹਾਡੇ ਅੰਗੂਰੀ ਬਾਗ਼ਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ।
ਅਤੇ ਟਿੱਡੀਆਂ ਨੇ ਤੁਹਾਡੇ ਹੰਜੀਰ ਅਤੇ ਜ਼ੈਤੂਨ ਦੇ ਰੁੱਖਾਂ ਨੂੰ ਖਾ ਲਿਆ,
ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,
ਯਾਹਵੇਹ ਦਾ ਐਲਾਨ ਕਰਦਾ ਹੈ।
“ਮੈਂ ਤੁਹਾਡੇ ਵਿੱਚ ਮੁਸੀਬਤਾਂ ਭੇਜੀਆਂ ਜਿਵੇਂ ਮੈਂ ਮਿਸਰ ਵਿੱਚ ਭੇਜੀਆਂ ਸੀ।
ਮੈਂ ਤੇਰੇ ਲੁੱਟੇ ਹੋਏ ਘੋੜਿਆਂ ਸਮੇਤ
ਤੇਰੇ ਸਿਪਾਹੀਆਂ ਨੂੰ ਤਲਵਾਰ ਨਾਲ ਮਾਰ ਦਿੱਤਾ।
ਮੈਂ ਤੁਹਾਡੇ ਡੇਰਿਆਂ ਦੀ ਬਦਬੂ ਨਾਲ ਤੁਹਾਡੀਆਂ ਨਾਸਾਂ ਨੂੰ ਭਰ ਦਿੱਤਾ,
ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,
ਇਹ ਯਾਹਵੇਹ ਦਾ ਵਾਕ ਹੈ।
“ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਜਾੜ ਦਿੱਤਾ
ਜਿਵੇਂ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਖਾੜ ਸੁੱਟਿਆ ਸੀ।
ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗ ਸੀ,
ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,
ਇਹ ਯਾਹਵੇਹ ਦਾ ਵਾਕ ਹੈ।
“ਇਸ ਲਈ ਹੇ ਇਸਰਾਏਲ, ਮੈਂ ਤੇਰੇ ਨਾਲ ਇਹ ਕਰਾਂਗਾ,
ਅਤੇ ਕਿਉਂਕਿ ਮੈਂ ਇਹ ਤੇਰੇ ਨਾਲ ਇਹ ਕਰਾਂਗਾ, ਹੇ ਇਸਰਾਏਲ,
ਆਪਣੇ ਪਰਮੇਸ਼ਵਰ ਨੂੰ ਮਿਲਣ ਲਈ ਤਿਆਰ ਰਹੋ।”
ਉਹ ਜਿਹੜਾ ਪਹਾੜਾਂ ਨੂੰ ਬਣਾਉਂਦਾ ਹੈ,
ਜੋ ਹਵਾ ਨੂੰ ਰਚਦਾ ਹੈ,
ਅਤੇ ਜੋ ਮਨੁੱਖਜਾਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਦਾ ਹੈ,
ਜੋ ਹਨੇਰੇ ਵੱਲ ਮੋੜਦਾ ਹੈ,
ਅਤੇ ਧਰਤੀ ਦੀਆਂ ਉਚਾਈਆਂ ਤੇ ਚੱਲਦਾ ਹੈ
ਉਹ ਯਾਹਵੇਹ ਪਰਮੇਸ਼ਵਰ ਸਰਬਸ਼ਕਤੀਮਾਨ ਹੈ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.