Skip to content
BibleKenya

Biblica® Open Punjabi Contemporary Version 2025

ਰਸੂਲਾਂ 9

ਸੌਲੁਸ ਦਾ ਜੀਵਨ ਬਦਲਣਾ

ਇਸ ਦੌਰਾਨ, ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਵਿਰੁੱਧ ਕਤਲ ਕਰਨ ਦੀਆ ਧਮਕੀਆਂ ਦੇ ਰਿਹਾ ਸੀ। ਉਹ ਮਹਾਂ ਜਾਜਕ ਕੋਲ ਗਿਆ। ਅਤੇ ਉਸ ਦੇ ਕੋਲੋਂ ਦੰਮਿਸ਼ਕ ਵਿੱਚ ਪ੍ਰਾਰਥਨਾ ਸਥਾਨ ਦੇ ਨਾਮ ਤੇ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਕਿ, ਜੋ ਇਸ ਪੰਥ ਦੇ ਮੰਨਣ ਵਾਲੇ ਮੈਨੂੰ ਮਿਲਣ, ਚਾਹੇ ਆਦਮੀ ਜਾਂ ਔਰਤਾਂ ਹੋਣ ਤਾਂ ਉਹ ਉਨ੍ਹਾਂ ਨੂੰ ਯੇਰੂਸ਼ਲੇਮ ਵਿੱਚ ਕੈਦੀਆਂ ਵਜੋਂ ਲਿਆਵੇ। ਜਦੋਂ ਉਹ ਆਪਣੀ ਯਾਤਰਾ ਦੌਰਾਨ ਦੰਮਿਸ਼ਕ ਦੇ ਨਜ਼ਦੀਕ ਆਇਆ, ਤਾਂ ਅਚਾਨਕ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਉਸ ਦੇ ਆਲੇ-ਦੁਆਲੇ ਚਮਕੀ। ਅਤੇ ਉਹ ਜ਼ਮੀਨ ਤੇ ਡਿੱਗ ਪਿਆ ਅਤੇ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ, “ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈ?”

ਸੌਲੁਸ ਨੇ ਪੁੱਛਿਆ, “ਪ੍ਰਭੂ ਜੀ, ਤੁਸੀਂ ਕੌਣ ਹੋ?”

ਪ੍ਰਭੂ ਨੇ ਜਵਾਬ ਦਿੱਤਾ, “ਮੈਂ ਯਿਸ਼ੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ। ਹੁਣ ਉੱਠ ਅਤੇ ਦੰਮਿਸ਼ਕ ਸ਼ਹਿਰ ਵੱਲ ਜਾ ਅਤੇ ਜੋ ਤੇਰੇ ਕਰਨ ਲਈ ਠਹਿਰਾਇਆ ਹੋਇਆ ਹੈ, ਤੈਨੂੰ ਉਹ ਸਭ ਦੱਸਿਆ ਜਾਵੇਗਾ।”

ਜਿਹੜੇ ਆਦਮੀ ਉਹ ਦੇ ਨਾਲ ਤੁਰੇ ਜਾਂਦੇ ਸਨ ਉਹ ਚੁੱਪ-ਚਾਪ ਖੜੇ ਰਹੇ; ਕਿ ਉਨ੍ਹਾਂ ਆਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਹੀਂ ਸੀ। ਸੌਲੁਸ ਜ਼ਮੀਨ ਤੋਂ ਉੱਠਿਆ, ਪਰ ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਇਸ ਲਈ ਉਹ ਉਸ ਦਾ ਹੱਥ ਫੜ੍ਹ ਕੇ ਦੰਮਿਸ਼ਕ ਸ਼ਹਿਰ ਵਿੱਚ ਲੈ ਗਏ। ਅਤੇ ਉਹ ਤਿੰਨ ਦਿਨ ਤੱਕ ਕੁਝ ਵੀ ਵੇਖ ਨਾ ਸਕਿਆ, ਅਤੇ ਨਾ ਕੁਝ ਖਾਧਾ ਨਾ ਪੀਤਾ।

ਦੰਮਿਸ਼ਕ ਵਿੱਚ ਹਨਾਨਿਯਾਹ ਨਾਮ ਦਾ ਇੱਕ ਚੇਲਾ ਸੀ। ਉਹ ਨੂੰ ਪ੍ਰਭੂ ਨੇ ਦਰਸ਼ਣ ਦੇ ਕੇ ਕਿਹਾ, “ਹਨਾਨਿਯਾਹ!”

ਉਸ ਨੇ ਜਵਾਬ ਦਿੱਤਾ, “ਹਾਂ, ਪ੍ਰਭੂ ਜੀ।”

ਪ੍ਰਭੂ ਨੇ ਉਸ ਨੂੰ ਕਿਹਾ, “ਸਿੱਧੀ ਸੜਕ ਤੇ ਯਹੂਦਾ ਦੇ ਘਰ ਜਾ ਅਤੇ ਸੌਲੁਸ ਨਾਮ ਦਾ ਮਨੁੱਖ ਜੋ ਤਰਸੁਸ ਸ਼ਹਿਰ ਦਾ ਰਹਿਣ ਵਾਲਾ ਹੈ, ਉਸ ਬਾਰੇ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰ ਰਿਹਾ ਹੈ। ਦਰਸ਼ਨ ਵਿੱਚ ਉਸ ਨੇ ਹਨਾਨਿਯਾਹ ਨਾਮ ਦੇ ਇੱਕ ਆਦਮੀ ਨੂੰ ਆਉਂਦਾ ਵੇਖਿਆ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਵੇਖਿਆ ਤਾਂ ਜੋ ਫੇਰ ਸੁਜਾਖਾ ਹੋਵੇ।”

ਹਨਾਨਿਯਾਹ ਨੇ ਜਵਾਬ ਦਿੱਤਾ, “ਹੇ ਪ੍ਰਭੂ, ਮੈਂ ਇਸ ਆਦਮੀ ਬਾਰੇ ਅਤੇ ਯੇਰੂਸ਼ਲੇਮ ਵਿੱਚ ਤੁਹਾਡੇ ਪਵਿੱਤਰ ਲੋਕਾਂ ਨਾਲ ਹੋਣ ਵਾਲੇ ਸਾਰੇ ਨੁਕਸਾਨ ਬਾਰੇ ਬਹੁਤ ਸਾਰੀਆਂ ਖਬਰਾਂ ਸੁਣੀਆਂ ਹਨ। ਅਤੇ ਉਹ ਇੱਥੇ ਮੁੱਖ ਜਾਜਕਾਂ ਕੋਲੋਂ ਅਧਿਕਾਰ ਲੈ ਕੇ ਆਇਆ ਹੈ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਫੜ ਲਵੇ ਜੋ ਤੁਹਾਡਾ ਨਾਮ ਲੈ ਕੇ ਪੁਕਾਰਦੇ ਹਨ।”

ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਚੱਲਿਆ ਜਾ! ਕਿਉਂ ਜੋ ਇਹ ਆਦਮੀ ਗ਼ੈਰ-ਯਹੂਦੀਆਂ ਅਤੇ ਉਨ੍ਹਾਂ ਦੇ ਰਾਜਿਆਂ ਅਤੇ ਇਸਰਾਏਲ ਦੇ ਲੋਕਾਂ ਲਈ ਮੇਰੇ ਨਾਮ ਦਾ ਐਲਾਨ ਕਰਨ ਲਈ ਮੇਰਾ ਚੁਣਿਆ ਹੋਇਆ ਸੇਵਕ ਹੈ। ਮੈਂ ਉਸ ਨੂੰ ਦਿਖਾਵਾਂਗਾ ਕਿ ਉਸਨੂੰ ਮੇਰੇ ਨਾਮ ਲਈ ਕਿੰਨਾ ਦੁੱਖ ਝੱਲਣਾ ਪੈਣਾ ਹੈ।”

ਫਿਰ ਹਨਾਨਿਯਾਹ ਘਰ ਗਿਆ ਅਤੇ ਉਸ ਵਿੱਚ ਦਾਖਲ ਹੋਇਆ। ਉਸ ਨੇ ਸੌਲੁਸ ਤੇ ਆਪਣਾ ਹੱਥ ਰੱਖਦਿਆਂ ਹੋਏ, ਉਹ ਨੇ ਕਿਹਾ, “ਹੇ ਭਰਾ ਸੌਲੁਸ, ਪ੍ਰਭੂ ਅਰਥਾਤ ਯਿਸ਼ੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ, ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਕਿ ਤੂੰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ।” ਉਸੇ ਘੜੀ, ਉਸ ਦੀਆਂ ਅੱਖਾਂ ਤੋਂ ਛਿਲਕੇ ਡਿੱਗੇ ਅਤੇ ਉਹ ਵੇਖਣ ਲੱਗ ਗਿਆ, ਅਤੇ ਉੱਠ ਕੇ ਬਪਤਿਸਮਾ ਲਿਆ। ਅਤੇ ਕੁਝ ਖਾਣਾ ਖਾਣ ਤੋਂ ਬਾਅਦ, ਉਸ ਦੇ ਸਰੀਰ ਵਿੱਚ ਮੁੜ ਤਾਕਤ ਆ ਗਈ।

ਦੰਮਿਸ਼ਕ ਅਤੇ ਯੇਰੂਸ਼ਲੇਮ ਵਿੱਚ ਸੌਲੁਸ

ਫੇਰ ਸੌਲੁਸ ਕਈ ਦਿਨ ਦੰਮਿਸ਼ਕ ਵਿੱਚ ਚੇਲਿਆਂ ਦੇ ਨਾਲ ਰਿਹਾ। ਤੁਰੰਤ ਹੀ ਉਸ ਨੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ। ਸਾਰੇ ਲੋਕ ਉਸ ਨੂੰ ਸੁਣ ਕੇ ਹੈਰਾਨ ਹੋ ਗਏ ਅਤੇ ਪੁੱਛਿਆ, “ਕੀ ਇਹ ਉਹ ਆਦਮੀ ਨਹੀਂ ਜਿਸਨੇ ਯੇਰੂਸ਼ਲੇਮ ਵਿੱਚ ਇਸ ਨਾਮ ਨੂੰ ਪੁਕਾਰਨ ਵਾਲਿਆਂ ਵਿੱਚ ਤਬਾਹੀ ਮਚਾ ਦਿੱਤੀ ਸੀ? ਅਤੇ ਕੀ ਉਹ ਉਨ੍ਹਾਂ ਨੂੰ ਕੈਦੀਆਂ ਵਜੋਂ ਮੁੱਖ ਜਾਜਕਾਂ ਕੋਲ ਲਿਜਾਣ ਲਈ ਇੱਥੇ ਨਹੀਂ ਆਇਆ?” ਪਰ ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕੀਤਾ ਕਿ ਯਿਸ਼ੂ ਹੀ ਮਸੀਹ ਹੈ ਉਨ੍ਹਾਂ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ਜਿਹੜੇ ਦੰਮਿਸ਼ਕ ਵਿੱਚ ਰਹਿੰਦੇ ਸਨ।

ਜਦੋਂ ਬਹੁਤ ਦਿਨ ਬੀਤ ਗਏ, ਤਾਂ ਕੁਝ ਯਹੂਦੀਆਂ ਨੇ ਉਹ ਨੂੰ ਮਾਰਨ ਦੀ ਯੋਜਨਾ ਬਣਾਈ, ਪਰ ਉਨ੍ਹਾਂ ਦੀ ਯੋਜਨਾ ਸੌਲੁਸ ਨੂੰ ਪਤਾ ਲੱਗ ਗਈ। ਅਤੇ ਉਨਾਂ ਨੇ ਰਾਤ-ਦਿਨ ਸ਼ਹਿਰ ਦੇ ਦਰਵਾਜ਼ਿਆਂ ਦੀ ਵੀ ਰਾਖੀ ਕੀਤੀ ਕਿ ਉਹ ਨੂੰ ਮਾਰ ਸੁੱਟਣ। ਪਰ ਉਹ ਦੇ ਚੇਲਿਆਂ ਨੇ ਰਾਤ ਦੇ ਸਮੇਂ ਉਹ ਨੂੰ ਟੋਕਰੇ ਵਿੱਚ ਬਿਠਾ ਕੇ ਸ਼ਹਿਰਪਨਾਹ ਦੀ ਦੀਵਾਰ ਹੇਠਾਂ ਉਤਾਰ ਦਿੱਤਾ।

ਜਦੋਂ ਉਹ ਯੇਰੂਸ਼ਲੇਮ ਆਇਆ, ਤਾਂ ਉਸ ਨੇ ਹੋਰ ਚੇਲਿਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਉਸ ਤੋਂ ਡਰ ਦੇ ਸਨ, ਪਰ ਉਹ ਵਿਸ਼ਵਾਸ ਨਹੀਂ ਕਰਦੇ ਸੀ ਕਿ ਉਹ ਸੱਚ-ਮੁੱਚ ਚੇਲਾ ਹੈ। ਪਰ ਬਰਨਬਾਸ ਉਸ ਨੂੰ ਲੈ ਗਿਆ ਅਤੇ ਉਸ ਨੂੰ ਰਸੂਲਾਂ ਕੋਲ ਲੈ ਕੇ ਆਇਆ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਸੌਲੁਸ ਨੇ ਆਪਣੀ ਯਾਤਰਾ ਦੌਰਾਨ ਕਿਵੇਂ ਪ੍ਰਭੂ ਨੂੰ ਵੇਖਿਆ ਸੀ ਅਤੇ ਇਹ ਵੀ ਕਿ ਪ੍ਰਭੂ ਨੇ ਉਸ ਨਾਲ ਗੱਲ ਕੀਤੀ ਸੀ, ਅਤੇ ਦੰਮਿਸ਼ਕ ਵਿੱਚ ਉਸਨੇ ਯਿਸ਼ੂ ਦੇ ਨਾਮ ਉੱਤੇ ਨਿਡਰਤਾ ਨਾਲ ਪ੍ਰਚਾਰ ਕੀਤਾ ਸੀ। ਇਸ ਲਈ ਸੌਲੁਸ ਉਨ੍ਹਾਂ ਨਾਲ ਰਿਹਾ ਅਤੇ ਖੁਲ੍ਹੇ ਦਿਲ ਨਾਲ ਪ੍ਰਭੂ ਦੇ ਨਾਮ ਉੱਤੇ ਪ੍ਰਚਾਰ ਕਰਦਿਆਂ ਯੇਰੂਸ਼ਲੇਮ ਵਿੱਚ ਫਿਰਿਆ। ਉਹ ਯੂਨਾਨੀ ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ, ਪਰ ਉਨ੍ਹਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਵਿਸ਼ਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ, ਉਹ ਉਸ ਨੂੰ ਕੈਸਰਿਆ ਲੈ ਗਏ ਅਤੇ ਤਰਸੁਸ ਨੂੰ ਭੇਜ ਦਿੱਤਾ।

ਸਾਰੇ ਯਹੂਦਿਯਾ, ਗਲੀਲ, ਸਾਮਰਿਯਾ ਦੇ ਪ੍ਰਾਂਤਾਂ ਵਿੱਚ ਕਲੀਸਿਆ ਨੂੰ ਸ਼ਾਂਤੀ ਮਿਲੀ ਅਤੇ ਮੇਲ-ਮਿਲਾਪ ਦਾ ਆਨੰਦ ਲਿਆ ਅਤੇ ਕਲੀਸਿਆ ਵੱਧਦੀ ਗਈ ਅਤੇ ਪ੍ਰਭੂ ਦੇ ਡਰ ਅਤੇ ਪਵਿੱਤਰ ਆਤਮਾ ਦੇ ਹੌਸਲੇ ਵਿੱਚ ਵਧਦੀ ਗਈ।

ਐਨਿਯਾਸ ਅਤੇ ਡੌਰਕਸ

ਫਿਰ ਇਸ ਤਰ੍ਹਾਂ ਹੋਇਆ ਕਿ ਪਤਰਸ ਸਭ ਪਾਸੇ ਤੁਰਦਾ ਫਿਰਦਾ ਉਨ੍ਹਾਂ ਪਵਿੱਤਰ ਸੰਤਾਂ ਕੋਲ ਵੀ ਆਇਆ ਜਿਹੜੇ ਲੁੱਦਾ ਕਸਬੇ ਵਿੱਚ ਰਹਿੰਦੇ ਸਨ। ਅਤੇ ਉੱਥੇ ਐਨਿਯਾਸ ਨਾਮ ਦਾ ਇੱਕ ਮਨੁੱਖ ਉਹ ਨੂੰ ਮਿਲਿਆ ਜਿਹੜਾ ਅੱਠ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਕਰਕੇ ਮੰਜੇ ਉੱਤੇ ਪਿਆ ਹੋਇਆ ਸੀ। ਪਤਰਸ ਨੇ ਉਸ ਨੂੰ ਕਿਹਾ, “ਐਨਿਯਾਸ,” ਯਿਸ਼ੂ ਮਸੀਹ ਤੁਹਾਨੂੰ ਚੰਗਾ ਕਰਦਾ ਹੈ। “ਉੱਠ ਅਤੇ ਆਪਣੀ ਬਿਸਤਰੇ ਨੂੰ ਵਲ੍ਹੇਟ।” ਅਤੇ ਉਹ ਉਸੇ ਵੇਲੇ ਉੱਠ ਖੜ੍ਹਾ ਹੋਇਆ। ਤਾਂ ਲੁੱਦਾ ਅਤੇ ਸ਼ਰੋਨ ਦੇ ਸਾਰੇ ਕਸਬੇ ਦੇ ਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਪ੍ਰਭੂ ਦੀ ਵੱਲ ਫਿਰੇ।

ਯਾਪਾ ਵਿੱਚ ਤਬਿਥਾ ਨਾਮ ਦੀ ਇੱਕ ਚੇਲੀ ਸੀ ਯੂਨਾਨੀ ਵਿੱਚ ਉਸ ਦਾ ਨਾਮ ਡੌਰਕਸ ਸੀ; ਉਹ ਹਮੇਸ਼ਾ ਚੰਗੇ ਕੰਮ ਕਰਦੀ ਅਤੇ ਗਰੀਬਾਂ ਦੀ ਸਹਾਇਤਾ ਕਰਨ ਵਿੱਚ ਲੱਗੀ ਰਹਿੰਦੀ ਸੀ। ਤਕਰੀਬਨ ਉਸੇ ਸਮੇਂ ਦੌਰਾਨ ਉਹ ਬਿਮਾਰ ਹੋ ਗਈ ਅਤੇ ਮਰ ਗਈ, ਅਤੇ ਉਸ ਦੇ ਸਰੀਰ ਨੂੰ ਧੋ ਦਿੱਤਾ ਗਿਆ ਅਤੇ ਉੱਪਰਲੇ ਕਮਰੇ ਵਿੱਚ ਰੱਖਿਆ ਗਿਆ। ਲੁੱਦਾ ਯਾਪਾ ਦੇ ਨੇੜੇ ਸੀ, ਇਸ ਲਈ ਜਦੋਂ ਨਿਹਚਾਵਾਨਾਂ ਨੇ ਸੁਣਿਆ ਕਿ ਪਤਰਸ ਅਜੇ ਲੁੱਦਾ ਵਿੱਚ ਹੈ, ਤਾਂ ਉਨ੍ਹਾਂ ਨੇ ਪਤਰਸ ਕੋਲ ਦੋ ਆਦਮੀ ਭੇਜੇ। ਜਦੋਂ ਉਹ ਪਹੁੰਚੇ ਜਿੱਥੇ ਪਤਰਸ ਸੀ, ਉਨ੍ਹਾਂ ਨੇ ਵਾਰ-ਵਾਰ ਬੇਨਤੀ ਕੀਤੀ, “ਕਿਰਪਾ ਕਰਕੇ ਹੁਣੇ ਸਾਡੇ ਨਾਲ ਯਾਪਾ ਆਉ!”

ਤਾਂ ਉਸੇ ਵੇਲੇ ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਨਾਲ ਚਲਾ ਗਿਆ। ਜਦੋਂ ਉਹ ਯਾਪਾ ਵਿੱਚ ਉਸ ਦੇ ਘਰ ਪਹੁੰਚੇ, ਤਾਂ ਉਹ ਦੋਵੇਂ ਆਦਮੀ ਪਤਰਸ ਨੂੰ ਉੱਪਰਲੇ ਕਮਰੇ ਵਿੱਚ ਲੈ ਗਏ ਜਿੱਥੇ ਡੌਰਕਸ ਦੀ ਲਾਸ਼ ਪਈ ਸੀ। ਸਭ ਵਿਧਵਾਂ ਪਤਰਸ ਦੇ ਕੋਲ ਖੜ੍ਹੀਆਂ ਰੋਂਦੀਆਂ ਸਨ ਅਤੇ ਉਹ ਕੁੜਤੇ ਅਤੇ ਬਸਤਰ ਜੋ ਡੌਰਕਸ ਨੇ ਉਨ੍ਹਾਂ ਦੇ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ।

ਪਰ ਪਤਰਸ ਨੇ ਉਨ੍ਹਾਂ ਸਾਰਿਆਂ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ। ਤਦ ਉਹ ਆਪਣੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ। ਮਰੀ ਹੋਈ ਤਬਿਥਾ ਦੇ ਸਰੀਰ ਵੱਲ ਮੁੜਦਿਆਂ ਉਸ ਨੇ ਕਿਹਾ, “ਹੇ ਤਬਿਥਾ, ਉੱਠ!” ਝੱਟ ਪਟ ਹੀ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਜਦੋਂ ਉਸ ਨੇ ਪਤਰਸ ਨੂੰ ਵੇਖਿਆ ਤਾਂ ਉਹ ਖੜ੍ਹੀ ਹੋ ਗਈ। ਉਸ ਨੇ ਉਸ ਦਾ ਇੱਕ ਹੱਥ ਫੜ ਲਿਆ, ਅਤੇ ਉਸ ਦੀ ਉੱਠਣ ਵਿੱਚ ਸਹਾਇਤਾ ਕੀਤੀ, ਜਦੋਂ ਉਸ ਨੇ ਪਵਿੱਤਰ ਸੰਤਾਂ ਅਤੇ ਖ਼ਾਸ ਕਰ ਵਿਧਵਾਵਾਂ ਨੂੰ ਅੰਦਰ ਆਉਣ ਲਈ ਬੁਲਾਇਆ, ਤਾਂ ਉਸ ਨੇ ਉਨ੍ਹਾਂ ਦੇ ਅੱਗੇ ਫਿਰ ਤੋਂ ਤਬਿਥਾ ਨੂੰ ਜਿਉਂਦੀ ਹਾਜ਼ਰ ਕੀਤਾ। ਇਹ ਸਾਰੇ ਯਾਪਾ ਵਿੱਚ ਮਸ਼ਹੂਰ ਹੋ ਗਿਆ, ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ। ਪਤਰਸ ਕਾਫ਼ੀ ਦਿਨ ਯਾਪਾ ਸ਼ਹਿਰ ਵਿੱਚ ਸ਼ਿਮਓਨ ਨਾਮ ਇੱਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਰਿਹਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.