Biblica® Open Punjabi Contemporary Version 2025
ਰਸੂਲਾਂ 7
ਸਟੀਫਨ ਦਾ ਮਹਾਂ ਸਭਾ ਵਿੱਚ ਪ੍ਰਚਾਰ ਕਰਨ
ਤਦ ਮਹਾਂ ਜਾਜਕ ਨੇ ਸਟੀਫਨ ਨੂੰ ਪੁੱਛਿਆ, “ਕੀ ਇਹ ਇਲਜ਼ਾਮ ਸੱਚੇ ਹਨ?”
ਇਸ ਬਾਰੇ ਉਸ ਨੇ ਜਵਾਬ ਦਿੱਤਾ, “ਹੇ ਭਰਾਵੋ ਅਤੇ ਬਜ਼ੁਰਗੋ, ਮੇਰੀ ਗੱਲ ਸੁਣੋ! ਅੱਤ ਮਹਾਨ ਪਰਮੇਸ਼ਵਰ ਸਾਡੇ ਅਬਰਾਹਾਮ ਉੱਤੇ ਉਸ ਸਮੇਂ ਪ੍ਰਗਟ ਹੋਇਆ ਜਦੋਂ ਉਹ ਮੈਸੋਪਟਾਮਿਆ ਦੇਸ਼ ਹਾਰਾਨ ਪਿੰਡ ਵਿੱਚ ਵੱਸ ਰਿਹਾ ਸੀ। ਪਰਮੇਸ਼ਵਰ ਨੇ ਕਿਹਾ, ‘ਤੂੰ ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ, ਅਤੇ ਉਸ ਭੂਮੀ ਵੱਲ ਜਾ ਜਿਹੜੀ ਮੈਂ ਤੈਨੂੰ ਵਿਖਾਵਾਂਗਾ।’1
“ਸੋ ਅਬਰਾਹਾਮ ਕਸਦੀਆਂ ਦੇ ਦੇਸ਼ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ। ਅਤੇ ਉਹ ਦੇ ਪਿਤਾ ਦੇ ਮਰਨ ਪਿੱਛੋਂ, ਪਰਮੇਸ਼ਵਰ ਨੇ ਉਹ ਨੂੰ ਉੱਥੋਂ ਲਿਆ ਕੇ ਇਸ ਦੇਸ਼ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ।2 ਉਸ ਨੇ ਉਸ ਨੂੰ ਇੱਥੇ ਕੋਈ ਵਿਰਾਸਤ ਨਹੀਂ ਦਿੱਤੀ, ਇੱਥੋਂ ਤੱਕ ਉਸ ਦੇ ਪੈਰ ਰੱਖਣ ਦੇ ਲਈ ਕਾਫ਼ੀ ਜ਼ਮੀਨ ਵੀ ਨਹੀਂ ਸੀ। ਪਰ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਅਤੇ ਉਸ ਦੇ ਬਾਅਦ ਉਸ ਦੀ ਅੰਸ ਜ਼ਮੀਨ ਉੱਤੇ ਕਬਜ਼ਾ ਕਰੇਗੀ, ਹਾਲਾਂਕਿ ਉਸ ਸਮੇਂ ਅਬਰਾਹਾਮ ਕੋਲ ਕੋਈ ਔਲਾਦ ਨਹੀਂ ਸੀ। ਪਰਮੇਸ਼ਵਰ ਨੇ ਉਸ ਨੂੰ ਇਸ ਤਰ੍ਹਾਂ ਬੋਲਿਆ: ‘ਕਿ ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ, ਅਤੇ ਉਹ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ। ਪਰ ਮੈਂ ਉਸ ਕੌਮ ਨੂੰ ਵੀ ਜਿਸ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ,’ ਪਰਮੇਸ਼ਵਰ ਨੇ ਆਖਿਆ, ‘ਅਤੇ ਉਸ ਤੋਂ ਬਾਅਦ ਤੇਰਾ ਵੰਸ਼ ਅਜ਼ਾਦ ਹੋ ਜਾਵੇਗਾ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ।’3 ਫਿਰ ਉਸ ਨੇ ਅਬਰਾਹਾਮ ਨੂੰ ਸੁੰਨਤ ਦਾ ਨੇਮ ਦਿੱਤਾ ਅਤੇ ਅਬਰਾਹਾਮ ਦੇ ਘਰ ਇਸਹਾਕ ਹੋਇਆ ਅਤੇ ਉਸ ਦੇ ਜਨਮ ਤੋਂ ਅੱਠ ਦਿਨਾਂ ਬਾਅਦ ਉਸ ਦੀ ਸੁੰਨਤ ਕੀਤੀ ਗਈ। ਬਾਅਦ ਵਿੱਚ ਇਸਹਾਕ ਦੇ ਘਰ ਯਾਕੋਬ ਜੰਮਿਆ, ਅਤੇ ਯਾਕੋਬ ਸਾਡੇ ਬਾਰ੍ਹਾਂ ਗੋਤਾਂ ਦੇ ਪੁਰਖਿਆਂ ਦਾ ਪਿਤਾ ਹੋਇਆ।
“ਕਿਉਂਕਿ ਯੋਸੇਫ਼ ਦੇ ਆਪਣੇ ਭਰਾਵਾਂ ਨੇ ਉਸ ਨਾਲ ਈਰਖਾ ਕੀਤੀ, ਇਸ ਲਈ ਉਨ੍ਹਾਂ ਨੇ ਉਸ ਨੂੰ ਮਿਸਰ ਵਿੱਚ ਇੱਕ ਗੁਲਾਮ ਵਜੋਂ ਵੇਚ ਦਿੱਤਾ। ਪਰ ਪਰਮੇਸ਼ਵਰ ਉਸ ਦੇ ਨਾਲ ਸੀ ਅਤੇ ਪਰਮੇਸ਼ਵਰ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾ ਲਿਆ। ਉਸ ਨੇ ਯੋਸੇਫ਼ ਨੂੰ ਬੁੱਧ ਦਿੱਤੀ ਅਤੇ ਉਸ ਨੂੰ ਮਿਸਰ ਦੇ ਰਾਜਾ ਫ਼ਿਰਾਊਨ ਦੀ ਸਦਭਾਵਨਾ ਪ੍ਰਾਪਤ ਕਰਨ ਦੇ ਯੋਗ ਬਣਾਇਆ। ਇਸ ਲਈ ਫ਼ਿਰ ਫ਼ਿਰਾਊਨ ਪਾਤਸ਼ਾਹ ਨੇ ਉਸ ਨੂੰ ਮਿਸਰ ਅਤੇ ਉਸ ਦੇ ਸਾਰੇ ਮਹਿਲ ਉੱਤੇ ਹਾਕਮ ਬਣਾਇਆ।
“ਫਿਰ ਸਾਰੇ ਮਿਸਰ ਅਤੇ ਕਨਾਨ ਦੇਸ਼ ਵਿੱਚ ਕਾਲ ਆਇਆ, ਬੜਾ ਵੱਡਾ ਕਸ਼ਟ ਹੋਇਆ, ਅਤੇ ਸਾਡੇ ਪੂਰਵਜਾਂ ਨੂੰ ਅਨਾਜ ਨਾ ਮਿਲਿਆ। ਜਦੋਂ ਯਾਕੋਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ, ਤਾਂ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਪਹਿਲੀ ਵਾਰ ਮਿਸਰ ਵਿੱਚ ਭੇਜਿਆ। ਆਪਣੇ ਦੂਸਰੇ ਦੌਰੇ ਤੇ, ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਉਹ ਕੌਣ ਹੈ, ਅਤੇ ਫ਼ਿਰਾਊਨ ਨੇ ਯੋਸੇਫ਼ ਦੇ ਪਰਿਵਾਰ ਬਾਰੇ ਜਾਣ ਲਿਆ। ਇਸ ਤੋਂ ਬਾਅਦ, ਯੋਸੇਫ਼ ਨੇ ਆਪਣੇ ਪਿਤਾ ਯਾਕੋਬ ਅਤੇ ਆਪਣੇ ਸਾਰੇ ਘਰਾਣੇ ਸਮੇਤ, ਜੋ ਪੰਝੱਤਰ ਜਣੇ ਸਨ ਮਿਸਰ ਆਉਣ ਲਈ ਬੁਲਾਇਆ। ਫਿਰ ਯਾਕੋਬ ਮਿਸਰ ਨੂੰ ਚਲਾ ਗਿਆ, ਅਤੇ ਉਸ ਦੀ ਮੌਤ ਹੋ ਗਈ ਜਿੱਥੇ ਸਾਡੇ ਪਿਉ-ਦਾਦਿਆਂ ਦੀ ਵੀ ਮੌਤ ਹੋਈ ਸੀ। ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਵਾਪਸ ਸ਼ਕਮ ਵਿੱਚ ਲਿਆਂਦਾ ਗਿਆ ਅਤੇ ਉਸ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਜੋ ਅਬਰਾਹਾਮ ਨੇ ਸ਼ਕਮ ਵਿਖੇ ਹਮੋਰ ਦੇ ਪੁੱਤਰਾਂ ਤੋਂ ਇੱਕ ਤੈਅ ਰਕਮ ਤੇ ਖਰੀਦੀ ਸੀ।
“ਜਦੋਂ ਪਰਮੇਸ਼ਵਰ ਦਾ ਅਬਰਾਹਾਮ ਨਾਲ ਕੀਤਾ ਆਪਣਾ ਵਾਇਦਾ ਪੂਰਾ ਕਰਨ ਦਾ ਸਮਾਂ ਨੇੜੇ ਆਇਆ, ਮਿਸਰ ਵਿੱਚ ਸਾਡੇ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਸੀ। ਤਦ ‘ਇੱਕ ਨਵਾਂ ਰਾਜਾ ਉੱਠਿਆ, ਜਿਹੜਾ ਯੋਸੇਫ਼ ਨੂੰ ਨਹੀਂ ਜਾਣਦਾ ਸੀ, ਉਹ ਮਿਸਰ ਵਿੱਚ ਰਾਜ ਕਰਨ ਲੱਗਾ।’4 ਉਹ ਨੇ ਸਾਡੀ ਕੌਮ ਨਾਲ ਚਲਾਕੀ ਕਰਕੇ ਸਾਡੇ ਪਿਉ-ਦਾਦਿਆਂ ਨੂੰ ਤੰਗ ਕੀਤਾ ਕਿ ਉਹ ਆਪਣੇ ਨਵ-ਜੰਮੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਤਾਂ ਜੋ ਉਹ ਜਿਉਂਦੇ ਨਾ ਰਹਿਣ।
“ਉਸ ਸਮੇਂ ਮੋਸ਼ੇਹ ਦਾ ਜਨਮ ਹੋਇਆ, ਅਤੇ ਉਹ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਬਹੁਤ ਸੋਹਣਾ ਸੀ। ਤਿੰਨ ਮਹੀਨਿਆਂ ਤੱਕ ਉਸ ਦੀ ਉਸ ਦੇ ਪਰਿਵਾਰ ਦੁਆਰਾ ਦੇਖਭਾਲ ਕੀਤੀ ਗਈ। ਜਦੋਂ ਮੋਸ਼ੇਹ ਨੂੰ ਉਸ ਦੇ ਘਰ ਤੋਂ ਬਾਹਰ ਰੱਖ ਦਿੱਤਾ ਗਿਆ ਸੀ, ਤਾਂ ਫ਼ਿਰਾਊਨ ਦੀ ਧੀ ਉਹ ਨੂੰ ਲੈ ਗਈ ਅਤੇ ਉਹ ਨੂੰ ਆਪਣਾ ਪੁੱਤਰ ਬਣਾ ਕੇ ਪਾਲਿਆ। ਮੋਸ਼ੇਹ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮ ਕਰਨ ਅਤੇ ਬੋਲਣ ਵਿੱਚ ਸ਼ਕਤੀਸ਼ਾਲੀ ਸੀ।
“ਜਦੋਂ ਮੋਸ਼ੇਹ ਚਾਲੀ ਸਾਲਾਂ ਦਾ ਹੋਇਆ ਸੀ, ਉਸ ਨੇ ਮਨ ਵਿੱਚ ਆਪਣੇ ਲੋਕ ਯਾਨੀ ਇਸਰਾਏਲੀਆਂ ਨੂੰ ਮਿਲਣ ਦਾ ਫ਼ੈਸਲਾ ਕੀਤਾ। ਇੱਕ ਦਿਨ ਉਸ ਨੇ ਇੱਕ ਮਿਸਰੀ ਨੂੰ ਉਨ੍ਹਾਂ ਵਿੱਚੋਂ ਇੱਕ ਨਾਲ ਬੇਇਨਸਾਫ਼ੀ ਕਰਦੇ ਵੇਖਿਆ, ਇਸ ਲਈ ਉਸ ਦੇ ਬਚਾਉਣ ਲਈ ਗਿਆ ਅਤੇ ਮਿਸਰੀ ਦਾ ਕਤਲ ਕਰਕੇ ਉਸ ਦਾ ਬਦਲਾ ਲਿਆ। ਮੋਸ਼ੇਹ ਨੇ ਸੋਚਿਆ ਕਿ ਉਸ ਦੇ ਆਪਣੇ ਭਾਈਬੰਦ-ਇਸਰਾਏਲੀ ਲੋਕ ਸਮਝ ਲੈਣਗੇ ਕਿ ਪਰਮੇਸ਼ਵਰ ਉਨ੍ਹਾਂ ਨੂੰ ਬਚਾਉਣ ਲਈ ਉਸ ਨੂੰ ਇਸਤੇਮਾਲ ਕਰ ਰਿਹਾ ਹੈ, ਪਰ ਉਹ ਅਜਿਹਾ ਨਾ ਸਮਝੇ। ਅਗਲੇ ਹੀ ਦਿਨ ਮੋਸ਼ੇਹ ਨੇ ਦੋ ਇਸਰਾਏਲੀਆਂ ਨੂੰ ਆਪਸ ਵਿੱਚ ਲੜਦੇ ਵੇਖਿਆ। ਅਤੇ ਉਨ੍ਹਾਂ ਵਿੱਚ ਮੇਲ-ਮਿਲਾਪ ਕਰਾਉਣਾ ਚਾਹਿਆ ਇਹ ਕਹਿ ਕੇ, ‘ਹੇ ਪੁਰਖੋ, ਤੁਸੀਂ ਤਾਂ ਆਪਸ ਵਿੱਚ ਭਰਾ ਹੋ; ਫਿਰ ਕਿਉਂ ਇੱਕ-ਦੂਜੇ ਨੂੰ ਨਸ਼ਟ ਕਰਨਾ ਚਾਉਦੇ ਹੋ?’
“ਪਰ ਦੂਸਰੇ ਨਾਲ ਬੇਇਨਸਾਫ਼ੀ ਕਰਨ ਵਾਲੇ ਆਦਮੀ ਨੇ ਮੋਸ਼ੇਹ ਨੂੰ ਇੱਕ ਪਾਸੇ ਧੱਕਾ ਮਾਰਿਆਂ ਅਤੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ? ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਕੱਲ ਉਸ ਮਿਸਰੀ ਨੂੰ ਮਾਰਿਆ ਸੀ?’5 ਜਦੋਂ ਮੋਸ਼ੇਹ ਨੇ ਇਹ ਸੁਣਿਆ, ਤਾਂ ਉਹ ਮਿਦਯਾਨ ਦੇਸ਼ ਵੱਲ ਨੂੰ ਭੱਜ ਗਿਆ, ਅਤੇ ਜਿੱਥੇ ਉਹ ਇੱਕ ਅਜਨਬੀ ਹੋ ਕੇ ਰਹਿਣ ਲੱਗਾ ਅਤੇ ਉੱਥੇ ਉਹ ਦੇ ਦੋ ਪੁੱਤਰ ਹੋਏ।
“ਅਤੇ ਜਦੋਂ ਚਾਲੀ ਸਾਲ ਬੀਤ ਗਏ, ਤਾਂ ਸੀਨਈ ਦੇ ਪਹਾੜ ਦੇ ਉਜਾੜ ਵਿੱਚ ਇੱਕ ਸਵਰਗਦੂਤ ਅੱਗ ਦੀ ਲਾਟ ਵਿੱਚ ਝਾੜੀ ਵਿੱਚ ਮੋਸ਼ੇਹ ਨੂੰ ਦਰਸ਼ਣ ਦਿੱਤਾ। ਜਦੋਂ ਮੋਸ਼ੇਹ ਨੇ ਇਹ ਵੇਖਿਆ, ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ। ਜਦੋਂ ਉਹ ਨੇੜਿਓਂ ਦੇਖਣ ਲਈ ਗਿਆ, ਉਸ ਨੇ ਪ੍ਰਭੂ ਨੂੰ ਇਹ ਕਹਿੰਦੇ ਸੁਣਿਆ: ‘ਕਿ ਮੈਂ ਤੇਰੇ ਪਿਉ-ਦਾਦਿਆਂ ਦਾ ਪਰਮੇਸ਼ਵਰ ਹਾਂ, ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ।’6 ਤਦ ਮੋਸ਼ੇਹ ਡਰ ਦੇ ਮਾਰੇ ਕੰਬ ਉੱਠਿਆ ਅਤੇ ਦੇਖਣ ਦਾ ਹੌਸਲਾ ਨਾ ਕਰ ਸਕਿਆ।
“ਤਦ ਪ੍ਰਭੂ ਨੇ ਉਹ ਨੂੰ ਆਖਿਆ, ‘ਤੂੰ ਆਪਣੀ ਜੁੱਤੀ ਲਾਹ ਦੇ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਇਹ ਪਵਿੱਤਰ ਜਗ੍ਹਾ ਹੈ। ਮੈਂ ਸੱਚ-ਮੁੱਚ ਮਿਸਰ ਵਿੱਚ ਆਪਣੇ ਲੋਕਾਂ ਉੱਤੇ ਜ਼ੁਲਮ ਵੇਖੇ ਹਨ। ਮੈਂ ਉਨ੍ਹਾਂ ਦੇ ਹੌਂਕੇ ਸੁਣੇ ਹਨ ਅਤੇ ਉਨ੍ਹਾਂ ਨੂੰ ਅਜ਼ਾਦ ਕਰਨ ਲਈ ਉਤਰ ਆਇਆ ਹਾਂ। ਸੋ ਹੁਣ ਤੂੰ ਆ, ਅਤੇ ਮੈਂ ਤੈਨੂੰ ਮਿਸਰ ਵਿੱਚ ਵਾਪਸ ਭੇਜਾਂਗਾ।’7
“ਇਹ ਉਹੀ ਮੋਸ਼ੇਹ ਹੈ ਜਿਸ ਦਾ ਇਸਰਾਏਲੀਆਂ ਨੇ ਇਨਕਾਰ ਕਰਕੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ?’ ਉਸ ਨੂੰ ਪਰਮੇਸ਼ਵਰ ਨੇ ਉਸ ਸਵਰਗਦੂਤ ਦੇ ਰਾਹੀ ਜੋ ਉਸ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ, ਅਧਿਕਾਰੀ ਅਤੇ ਅਜ਼ਾਦੀ ਦੇਣ ਵਾਲਾ ਕਰਕੇ ਭੇਜਿਆ। ਉਹ ਉਨ੍ਹਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਮਿਸਰ ਵਿੱਚ, ਲਾਲ ਸਾਗਰ ਵਿੱਚ ਅਤੇ ਚਾਲੀ ਸਾਲ ਜੰਗਲ ਵਿੱਚ ਅਚਰਜ਼ ਕੰਮ ਅਤੇ ਚਿੰਨ੍ਹ ਵੇਖੇ।
“ਇਹ ਮੋਸ਼ੇਹ ਹੈ ਜਿਸ ਨੇ ਇਸਰਾਏਲੀਆਂ ਨੂੰ ਕਿਹਾ, ‘ਪਰਮੇਸ਼ਵਰ ਤੁਹਾਡੇ ਲਈ ਮੇਰੇ ਵਰਗੇ ਨਬੀ ਨੂੰ ਤੁਹਾਡੇ ਆਪਣੇ ਲੋਕਾਂ ਵਿੱਚੋਂ ਖੜ੍ਹਾ ਕਰੇਗਾ।’8 ਇਹ ਉਹ ਹੀ ਹੈ ਜੋ ਉਜਾੜ ਦੀ ਸਭਾ ਵਿੱਚ, ਉਸ ਸਵਰਗਦੂਤ ਦੇ ਨਾਲ ਜਿਹੜਾ ਸੀਨਈ ਦੇ ਪਹਾੜ ਉੱਤੇ ਉਹ ਦੇ ਨਾਲ ਬੋਲਿਆ, ਅਤੇ ਸਾਡੇ ਪਿਉ-ਦਾਦਿਆਂ ਦੇ ਨਾਲ ਸੀ; ਅਤੇ ਉਸ ਨੇ ਪਰਮੇਸ਼ਵਰ ਦੇ ਜਿਉਂਦੇ ਬਚਨ ਪਾਏ ਕਿ ਸਾਨੂੰ ਦੇਵੇ।
“ਪਰ ਸਾਡੇ ਪਿਉ-ਦਾਦਿਆਂ ਨੇ ਉਹ ਦੇ ਅਧੀਨ ਹੋਣਾ ਨਾ ਚਾਹਿਆ। ਸਗੋਂ, ਉਹ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ। ਅਤੇ ਉਨ੍ਹਾਂ ਨੇ ਹਾਰੋਨ ਨੂੰ ਆਖਿਆ, ‘ਕਿ ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਇਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਤਾਂ ਕੱਢ ਲਿਆਇਆ ਪਰ ਸਾਨੂੰ ਨਹੀਂ ਪਤਾ ਕਿ ਉਸ ਨੂੰ ਕੀ ਹੋਇਆ ਹੈ!’9 ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਨੇ ਵੱਛੇ ਦੇ ਰੂਪ ਵਿੱਚ ਇੱਕ ਮੂਰਤੀ ਬਣਾਈ। ਅਤੇ ਉਸ ਮੂਰਤੀ ਅੱਗੇ ਬਲੀ ਚੜਾਈ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ। ਪਰ ਪਰਮੇਸ਼ਵਰ ਨੇ ਉਨ੍ਹਾਂ ਤੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਨੂੰ ਸੂਰਜ, ਚੰਦ ਅਤੇ ਤਾਰਿਆਂ ਦੀ ਪੂਜਾ ਕਰਨ ਲਈ ਦੇ ਦਿੱਤਾ। ਜਿਵੇਂ ਕਿ ਇਹ ਨਬੀਆਂ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਨਾਲ ਮੇਲ ਖਾਧੀ ਹੈ:
“ਹੇ ਇਸਰਾਏਲ ਦੇ ਘਰਾਣੇ,
ਕੀ ਤੁਸੀਂ ਉਜਾੜ ਵਿੱਚ ਚਾਲੀ ਸਾਲਾਂ ਤੱਕ ਭੇਟਾਂ ਅਤੇ ਬਲੀਦਾਨ ਮੈਨੂੰ ਹੀ ਚੜ੍ਹਾਏ?”
ਅਤੇ ਤੁਸੀਂ ਮੋਲੋਕ ਦੀ ਮੂਰਤੀ ਦੇ ਤੰਬੂ ਨੂੰ ਚੁੱਕ ਲਿਆ ਹੈ,
ਅਤੇ ਤੁਹਾਡਾ ਤਾਰੇ ਦਾ ਦੇਵਤਾ ਰਿਫ਼ਾਨ,
ਅਰਥਾਤ ਤੁਸੀਂ ਆਪਣੇ ਪੂਜਣ ਲਈ ਉਨ੍ਹਾਂ ਮੂਰਤਾਂ ਨੂੰ ਬਣਾਇਆ।
ਇਸ ਲਈ ਮੈਂ ਤੁਹਾਨੂੰ ਕੱਢ10 ਕੇ ਬਾਬੇਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ।11
“ਸਾਡੇ ਪੂਰਵਜਾਂ ਕੋਲ ਉਜਾੜ ਵਿੱਚ ਕਾਨੂੰਨ ਦੇ ਨੇਮ ਦਾ ਤੰਬੂ ਸੀ। ਇਹ ਉਸ ਰੂਪ ਵਿੱਚ ਬਣਾਇਆ ਗਿਆ ਜਿਵੇਂ ਪਰਮੇਸ਼ਵਰ ਨੇ ਮੋਸ਼ੇਹ ਨੂੰ ਨਿਰਦੇਸ਼ ਦਿੱਤੇ ਸੀ, ਉਸ ਨਮੂਨੇ ਦੇ ਅਨੁਸਾਰ ਜੋ ਉਸ ਨੇ ਵੇਖਿਆ ਸੀ। ਤੰਬੂ ਪ੍ਰਾਪਤ ਕਰਨ ਤੋਂ ਬਾਅਦ, ਸਾਡੇ ਪੂਰਵਜਾਂ ਤੋਂ ਲੈ ਕੇ ਯੇਹੋਸ਼ੁਆ ਦੇ ਨਾਲ ਇਸ ਜਗ੍ਹਾ ਤੇ ਲਿਆਏ, ਜਿਸ ਸਮੇਂ ਉਹਨਾਂ ਨੇ ਉਨ੍ਹਾਂ ਕੌਮਾਂ ਉੱਤੇ ਅਧਿਕਾਰ ਪਾਇਆ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਾਡੇ ਪਿਉ-ਦਾਦਿਆਂ ਦੇ ਅੱਗਿਓਂ ਕੱਢ ਦਿੱਤਾ। ਅਤੇ ਉਹ ਤੰਬੂ ਰਾਜਾ ਦਾਵੀਦ ਦੇ ਦਿਨਾਂ ਤੱਕ ਰਿਹਾ, ਦਾਵੀਦ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਤਾਂ ਦਾਵੀਦ ਨੇ ਪ੍ਰਾਰਥਨਾ ਕੀਤੀ ਕਿ ਉਹ ਯਾਕੋਬ ਦੇ ਲਈ ਇੱਕ ਨਿਵਾਸ ਸਥਾਨ ਬਣਾਵੇ। ਪਰ ਉਹ ਸ਼ਲੋਮੋਨ ਰਾਜਾ ਹੀ ਸੀ ਜਿਸ ਨੇ ਉਸ ਦੇ ਲਈ ਇੱਕ ਭਵਨ ਬਣਾਇਆ।
“ਪਰ, ਅੱਤ ਮਹਾਨ ਪਰਮੇਸ਼ਵਰ ਮਨੁੱਖਾਂ ਦੇ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ।” ਜਿਸ ਤਰ੍ਹਾਂ ਨਬੀ ਕਹਿੰਦਾ ਹੈ:
“ ‘ਸਵਰਗ ਮੇਰਾ ਸਿੰਘਾਸਣ ਹੈ,
ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।
ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ?
ਪ੍ਰਭੂ ਆਖਦਾ ਹੈ।
ਅਤੇ ਜਾਂ ਮੇਰਾ ਆਰਾਮ ਕਰਨ ਦਾ ਸਥਾਨ ਕਿੱਥੇ ਹੋਵੇਗਾ?
ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ?’12
“ਹੇ ਕਠੋਰ ਦਿਲ ਵਾਲੇ ਲੋਕੋ! ਤੁਸੀਂ ਜੋ ਪਰਮੇਸ਼ਵਰ ਦੇ ਸੰਦੇਸ਼ ਨੂੰ ਨਹੀਂ ਸੁਣਿਆ। ਤੁਸੀਂ ਵੀ ਉਸ ਤਰ੍ਹਾਂ ਕਰਦੇ ਹੋ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ: ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਆਏ ਹੋ! ਨਬੀਆਂ ਵਿੱਚੋਂ ਕਿਸਨੂੰ ਤੁਹਾਡੇ ਪਿਉ-ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦਾਸ13 ਦੇ ਆਉਣ ਦੀ ਖ਼ਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ। ਜਿਸ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ। ਤੁਸੀਂ ਬਿਵਸਥਾ ਨੂੰ ਜਿਹੜੀ ਸਵਰਗਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ।”
ਸਟੀਫਨ ਉੱਤੇ ਪਥਰਾਓ
ਜਦੋਂ ਮਹਾਂ ਸਭਾ ਦੇ ਮੈਂਬਰਾਂ ਨੇ ਇਹ ਸੁਣਿਆ, ਤਾਂ ਉਹ ਬੜੇ ਗੁੱਸੇ ਵਿੱਚ ਆਏ ਅਤੇ ਉਹ ਉਸ ਦੇ ਵਿਰੁੱਧ ਆਪਣੇ ਦੰਦ ਪੀਹਣ ਲੱਗੇ। ਪਰ ਸਟੀਫਨ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਅਕਾਸ਼ ਦੀ ਵੱਲ ਦੇਖਿਆ ਅਤੇ ਪਰਮੇਸ਼ਵਰ ਦੀ ਮਹਿਮਾ, ਅਤੇ ਯਿਸ਼ੂ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜ੍ਹਾ ਵੇਖਿਆ। “ਵੇਖੋ,” ਉਸ ਨੇ ਕਿਹਾ, “ਮੈਂ ਅਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜ੍ਹਾ ਵੇਖਦਾ ਹਾਂ।”
ਪਰ ਉਨ੍ਹਾਂ ਨੇ ਉੱਚੀ ਆਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕਰ ਲਏ, ਅਤੇ ਇੱਕ ਮਨ ਹੋ ਕੇ ਉਹ ਦੇ ਉੱਤੇ ਟੁੱਟ ਪਏ। ਅਤੇ ਉਸ ਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਉਸ ਉੱਤੇ ਪਥਰਾਹ ਕੀਤਾ। ਇਸ ਦੌਰਾਨ, ਗਵਾਹਾਂ ਨੇ ਆਪਣੇ ਕੱਪੜੇ ਸੌਲੁਸ ਨਾਮ ਦੇ ਇੱਕ ਜਵਾਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ।
ਜਦੋਂ ਉਹ ਉਸ ਨੂੰ ਪੱਥਰ ਮਾਰ ਰਹੇ ਸਨ, ਸਟੀਫਨ ਨੇ ਪ੍ਰਾਰਥਨਾ ਕੀਤੀ, “ਹੇ ਪ੍ਰਭੂ ਯਿਸ਼ੂ, ਮੇਰੀ ਆਤਮਾ ਨੂੰ ਆਪਣੇ ਕੋਲ ਲੈ ਲਵੋ।” ਫਿਰ ਉਹ ਗੋਡਿਆਂ ਤੇ ਆ ਕੇ ਉੱਚੀ ਆਵਾਜ਼ ਨਾਲ ਬੋਲਿਆ, “ਹੇ ਪ੍ਰਭੂ, ਇਹ ਪਾਪ ਉਨ੍ਹਾਂ ਦੇ ਉੱਪਰ ਨਾ ਆਵੇ।” ਅਤੇ ਇਹ ਕਹਿ ਕੇ, ਉਹ ਮਰ ਗਿਆ।
Source notes (13)
- Footnote ਉਤ 12:1
- Footnote ਉਤ 12:5
- Footnote ਉਤ 15:13,14
- Footnote ਕੂਚ 1:18
- Footnote ਕੂਚ 2:14
- Footnote ਕੂਚ 3:6
- Footnote ਕੂਚ 3:5,7,8,10
- Footnote ਬਿਵ 18:15
- Footnote ਕੂਚ 32:1
- Footnote ਆਮੋ 5:25-27 (ਸੈਪਟੁਜਿੰਟ ਦੇਖੋ)
- Footnote ਮੋਲੋਕ ਸੂਰਜ ਅਤੇ ਅਕਾਸ਼ ਦਾ ਕਨਾਨੀ ਦੇਵਤਾ ਸੀ, ਅਤੇ ਰਿਫ਼ਾਨ ਸ਼ਾਇਦ ਸ਼ਨੀਵਾਰ ਗ੍ਰਹਿ ਦਾ ਮਿਸਰੀ ਦੇਵਤਾ ਸੀ।
- Footnote ਯਸ਼ਾ 66:1,2
- Footnote ਯਿਸ਼ੂ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.